ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਪਾਕਿਸਤਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਨੇ ਦੱਖਣੀ ਅਫ਼ਗਾਨਿਸਤਾਨ ਵਿੱਚ ਕਈ ਫ਼ੌਜੀ ਟਿਕਾਣਿਆਂ ਅਤੇ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਪਾਕਿਸਤਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਨੇ ਦੱਖਣੀ ਅਫ਼ਗਾਨਿਸਤਾਨ ਵਿੱਚ ਕਈ ਫ਼ੌਜੀ ਟਿਕਾਣਿਆਂ ਅਤੇ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ।
ਪਾਕਿਸਤਾਨੀ ਸੁਰੱਖਿਆ ਸੂਤਰਾਂ ਅਨੁਸਾਰ, ਇਹਨਾਂ ਹਮਲਿਆਂ ਵਿੱਚ ਕੰਧਾਰ ਵਿੱਚ ਮੌਜੂਦ ਤਕਨੀਕੀ ਸਹਾਇਤਾ ਢਾਂਚੇ ਅਤੇ ਹਥਿਆਰਾਂ ਦੇ ਉਪਕਰਨ ਰੱਖਣ ਵਾਲੀ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸਨੂੰ ਤਬਾਹ ਕਰ ਦਿੱਤਾ ਗਿਆ। ਕੰਧਾਰ ਅਫ਼ਗਾਨਿਸਤਾਨ ਦਾ ਉਹੀ ਸ਼ਹਿਰ ਹੈ ਜਿੱਥੇ ਤਾਲਿਬਾਨ ਦੇ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਦਾ ਪ੍ਰਸ਼ਾਸਨਿਕ ਮੁੱਖ ਦਫ਼ਤਰ ਮੰਨਿਆ ਜਾਂਦਾ ਹੈ।
ਕੰਧਾਰ ਵਿੱਚ ਸੁਰੰਗ ਨੂੰ ਵੀ ਬਣਾਇਆ ਨਿਸ਼ਾਨਾ
ਰਿਪੋਰਟ ਅਨੁਸਾਰ, ਇੱਕ ਹੋਰ ਹਮਲੇ ਵਿੱਚ ਕੰਧਾਰ ਦੀ ਇੱਕ ਸੁਰੰਗ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦਾ ਦਾਅਵਾ ਹੈ ਕਿ ਇਸ ਸੁਰੰਗ ਦੀ ਵਰਤੋਂ ਅਫ਼ਗਾਨ ਤਾਲਿਬਾਨ ਅਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ ਦੋਵੇਂ ਕਰਦੇ ਸਨ। ਇਸ ਸੰਗਠਨ ਨੂੰ ਪਾਕਿਸਤਾਨ ਦੇ ਅੰਦਰ ਹਾਲ ਹੀ ਵਿੱਚ ਹੋਏ ਕਈ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਕੰਧਾਰ ’ਚ ਦਹਿਸ਼ਤ ਦਾ ਮਾਹੌਲ
ਕੰਧਾਰ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਸ਼ਹਿਰ ਦੇ ਉੱਪਰ ਫ਼ੌਜੀ ਜਹਾਜ਼ ਉੱਡਦੇ ਦਿਖਾਈ ਦਿੱਤੇ ਅਤੇ ਉਸ ਤੋਂ ਬਾਅਦ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ। ਇੱਕ ਸਥਾਨਕ ਨਿਵਾਸੀ ਅਨੁਸਾਰ, ਪਹਾੜ ਕੋਲ ਸਥਿਤ ਫ਼ੌਜੀ ਟਿਕਾਣੇ ਦੇ ਉੱਪਰ ਜਹਾਜ਼ ਮੰਡਰਾ ਰਹੇ ਸਨ ਅਤੇ ਫਿਰ ਵਿਸਫੋਟ ਹੋਇਆ, ਜਿਸ ਤੋਂ ਬਾਅਦ ਉੱਥੇ ਅੱਗ ਦੀਆਂ ਲਪਟਾਂ ਵੀ ਦਿਖਾਈ ਦਿੱਤੀਆਂ। ਲੋਕਾਂ ਨੇ ਇਹ ਵੀ ਦੱਸਿਆ ਕਿ ਕੰਧਾਰ ਦੇ ਦੱਖਣ-ਪੂਰਬ ਵਿੱਚ ਸਥਿਤ ਸਰਹੱਦੀ ਸ਼ਹਿਰ ਸਪਿਨ ਬੋਲਡਕ ਵਿੱਚ ਵੀ ਹਵਾਈ ਹਮਲੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਤਾਲਿਬਾਨ ਦਾ ਬਿਆਨ
ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਇਹਨਾਂ ਹਮਲਿਆਂ ਨਾਲ ਨਾਗਰਿਕ ਟਿਕਾਣਿਆਂ ਨੂੰ ਸੀਮਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਦੱਸੇ ਗਏ ਇਲਾਕਿਆਂ ਤੋਂ ਕਾਫ਼ੀ ਦੂਰ ਹਨ। ਹਾਲਾਂਕਿ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਕਿ ਕੰਧਾਰ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਅਤੇ ਇੱਕ ਖਾਲੀ ਕੰਟੇਨਰ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਹਮਲੇ ਉਸ ਸਮੇਂ ਹੋਏ ਜਦੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੇ ਅਫ਼ਗਾਨਿਸਤਾਨ ਤੋਂ ਆਏ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਘੱਟੋ-ਘੱਟ ਤਿੰਨ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਵਿੱਚ ਰਾਵਲਪਿੰਡੀ ਫ਼ੌਜੀ ਹੈੱਡਕੁਆਰਟਰ ਵੀ ਸ਼ਾਮਲ ਸੀ।
ਪਾਕਿਸਤਾਨ ਦੀ ਚਿਤਾਵਨੀ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਦਫ਼ਤਰ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ "ਲਾਲ ਲਕੀਰ" ਪਾਰ ਕਰ ਦਿੱਤੀ ਹੈ ਅਤੇ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।
ਸਰਹੱਦ 'ਤੇ ਵਧਦਾ ਸੰਘਰਸ਼
ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਅਨੁਸਾਰ 26 ਫਰਵਰੀ ਤੋਂ ਹੁਣ ਤੱਕ ਇਹਨਾਂ ਝੜਪਾਂ ਵਿੱਚ ਘੱਟੋ-ਘੱਟ 75 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 193 ਲੋਕ ਜ਼ਖ਼ਮੀ ਹੋਏ ਹਨ।