ਇਜ਼ਰਾਇਲੀ ਹਮਲਿਆਂ ’ਚ ਛੇ ਬੱਚਿਆਂ ਸਣੇ 30 ਫ਼ਲਸਤੀਨੀਆਂ ਦੀ ਮੌਤ, ਹਮਲੇ ’ਚ ਪੁਲਿਸ ਸਟੇਸ਼ਨ ਨੂੰ ਉਡਾਇਆ
ਫ਼ਲਸਤੀਨੀ ਸਿਹਤ ਅਧਿਕਾਰੀਆਂ ਦੇ ਮੁਤਾਬਕ, ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ ’ਚ ਪਿਛਲੇ ਕਈ ਹਫ਼ਤਿਆਂ ’ਚ ਸਭ ਤੋਂ ਭਿਆਨਕ ਹਵਾਈ ਹਮਲੇ ਕੀਤੇ, ਜਿਨ੍ਹਾਂ ’ਚ ਪੁਲਿਸ ਸਟੇਸ਼ਨ, ਘਰਾਂ ਤੇ ਤੰਬੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ’ਚ ਛੇ ਬੱਚਿਆਂ ਤੇ ਤਿੰਨ ਔਰਤਾਂ ਸਮੇਤ 30 ਲੋਕ ਮਾਰੇ ਗਏ।
Publish Date: Sat, 31 Jan 2026 08:29 PM (IST)
Updated Date: Sat, 31 Jan 2026 08:31 PM (IST)
ਯੇਰੂਸ਼ਲਮ (ਰਾਇਟਰ) : ਫ਼ਲਸਤੀਨੀ ਸਿਹਤ ਅਧਿਕਾਰੀਆਂ ਦੇ ਮੁਤਾਬਕ, ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ ’ਚ ਪਿਛਲੇ ਕਈ ਹਫ਼ਤਿਆਂ ’ਚ ਸਭ ਤੋਂ ਭਿਆਨਕ ਹਵਾਈ ਹਮਲੇ ਕੀਤੇ, ਜਿਨ੍ਹਾਂ ’ਚ ਪੁਲਿਸ ਸਟੇਸ਼ਨ, ਘਰਾਂ ਤੇ ਤੰਬੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ’ਚ ਛੇ ਬੱਚਿਆਂ ਤੇ ਤਿੰਨ ਔਰਤਾਂ ਸਮੇਤ 30 ਲੋਕ ਮਾਰੇ ਗਏ।
ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਸ ਨੇ ਹਮਾਸ ਤੇ ਉਸ ਦੇ ਸਹਿਯੋਗੀ ਇਸਲਾਮਿਕ ਜਿਹਾਦ ਨਾਲ ਸਬੰਧਤ ਕਮਾਂਡਰਾਂ ਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ ਗਾਜ਼ਾ ’ਚ ਦੋ ਸਾਲ ਦੀ ਜੰਗ ਤੋਂ ਬਾਅਦ ਪਿਛਲੇ ਸਾਲ ਅਕਤੂਬਰ ’ਚ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਦੀ ਉਲੰਘਣਾ ਦੇ ਜਵਾਬ ’ਚ ਕੀਤੀ ਗਈ। ਗਾਜ਼ਾ ਦੇ ਲਗਪਗ ਅੱਧੇ ਹਿੱਸੇ ’ਚ ਕੰਟਰੋਲ ਰੱਖਣ ਵਾਲੇ ਹਮਾਸ ਨੇ ਕਿਹਾ ਕਿ ਇਜ਼ਰਾਈਲ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਸ਼ਨਿਚਰਵਾਰ ਦੇ ਹਮਲਿਆਂ ’ਚ ਉਸ ਦੇ ਕਿਸੇ ਮੈਂਬਰ ਜਾਂ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਜਾਂ ਨਹੀਂ।
ਇਜ਼ਰਾਈਲ ਨੇ ਇਹ ਹਮਲੇ ਗਾਜ਼ਾ ਪੱਟੀ ਤੇ ਮਿਸਰ ਦਰਮਿਆਨ ਰਫਾ ਸਰਹੱਦੀ ਚੌਕੀ ਦੇ ਮੁੜ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਕੀਤੇ। ਇਹ ਚੌਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਯੋਜਨਾ ਦੇ ਤਹਿਤ ਖੋਲ੍ਹੀ ਜਾਣੀ ਹੈ, ਜਿਸ ਤਹਿਤ ਗਾਜ਼ਾ ਦੇ ਜ਼ਿਆਦਾਤਰ ਹਿੱਸੇ ਨੂੰ ਤਬਾਹ ਕਰ ਦੇਣ ਵਾਲੀ ਜੰਗ ਨੂੰ ਖ਼ਤਮ ਕੀਤਾ ਜਾਏਗਾ। ਸਿਹਤ ਅਧਿਕਾਰੀਆਂ ਦੇ ਮੁਤਾਬਕ, ਗਾਜ਼ਾ ਸ਼ਹਿਰ ਦੇ ਪੱਛਮ ’ਚ ਸਥਿਤ ਸ਼ੇਖ ਰਾਦਵਾਨ ਪੁਲਿਸ ਸਟੇਸ਼ਨ ’ਤੇ ਇਜ਼ਰਾਇਲੀ ਜਹਾਜ਼ਾਂ ਨੇ ਬੰਬਾਰੀ ਕੀਤੀ, ਜਿਸ ਵਿਚ 10 ਅਧਿਕਾਰੀ ਤੇ ਕੈਦੀ ਮਾਰੇ ਗਏ। ਹਮਾਸ ਵਲੋਂ ਆਪ੍ਰੇਟ ਹੋਣ ਵਾਲੀ ਪੁਲਿਸ ਨੇ ਕਿਹਾ ਕਿ ਬਚਾਅ ਦਲ ਘਟਨਾ ਵਾਲੀ ਥਾਂ ’ਤੇ ਹੋਰ ਮਿ੍ਰਤਕਾਂ ਦੀ ਭਾਲ ਕਰ ਰਹੇ ਹਨ। ਹੋਰ ਹਵਾਈ ਹਮਲਿਆਂ ’ਚ ਉੱਤਰ-ਮੱਧ ਗਾਜ਼ਾ ’ਚ ਘੱਟੋ-ਘੱਟ ਦੋ ਘਰ ਤੇ ਦੱਖਣ ’ਚ ਖਾਨ ਯੂਨਿਸ ’ਚ ਫ਼ਲਸਤੀਨੀਆਂ ਨੂੰ ਸ਼ਰਨ ਦੇਣ ਵਾਲੇ ਇਕ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ।