ਕੈਨੇਡਾ ਦੇ ਓਨਟਾਰੀਓ ’ਚ ਰਚਿਆ ਜਾਵੇਗਾ ਇਤਿਹਾਸ, ਪਹਿਲੀ ਵਾਰ ਹੋਣਗੀਆਂ 'ਸਿੱਖ ਖੇਡਾਂ'
ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਾਣਮੱਤਾ ਪਲ ਆਉਣ ਵਾਲਾ ਹੈ। ਓਨਟਾਰੀਓ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਕ 'ਸਿੱਖ ਖੇਡਾਂ' ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੋਣਗੀਆਂ, ਸਗੋਂ ਸਿੱਖ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਵੀ ਦਰਸਾਉਣਗੀਆਂ।
Publish Date: Thu, 02 Apr 2026 03:21 PM (IST)
Updated Date: Thu, 02 Apr 2026 03:28 PM (IST)
ਬਲਜਿੰਦਰ ਸੇਖਾ, ਟੋਰਾਂਟੋ। ਕੈਨੇਡਾ ਵਿੱਚ ਸਿੱਖ ਭਾਈਚਾਰੇ ਲਈ ਇੱਕ ਮਾਣਮੱਤਾ ਪਲ ਆਉਣ ਵਾਲਾ ਹੈ। ਓਨਟਾਰੀਓ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਕ 'ਸਿੱਖ ਖੇਡਾਂ' ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੋਣਗੀਆਂ, ਸਗੋਂ ਸਿੱਖ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਵੀ ਦਰਸਾਉਣਗੀਆਂ।
ਪ੍ਰਬੰਧਕਾਂ ਅਨੁਸਾਰ, ਇਨ੍ਹਾਂ ਖੇਡਾਂ ਦਾ ਮੁੱਖ ਮਕਸਦ ਕੈਨੇਡਾ ਵਿੱਚ ਵੱਸਦੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਖੇਡਾਂ ਨਾਲ ਜੋੜਨਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੋਵੇਗਾ ਜਿੱਥੇ ਸਿੱਖ ਖਿਡਾਰੀ ਆਪਣੀ ਕਲਾ ਅਤੇ ਜੌਹਰ ਦਿਖਾ ਸਕਣਗੇ। ਇਸ ਦੇ ਨਾਲ ਹੀ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਵੀ ਦਿੱਤਾ ਜਾਵੇਗਾ।
ਓਨਟਾਰੀਓ ਸਿੱਖ ਖੇਡਾਂ ਵਿੱਚ ਰਵਾਇਤੀ ਅਤੇ ਆਧੁਨਿਕ ਦੋਵੇਂ ਤਰ੍ਹਾਂ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ:
ਕਬੱਡੀ: ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਇਨ੍ਹਾਂ ਖੇਡਾਂ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ।
ਗਤਕਾ: ਸਿੱਖ ਮਾਰਸ਼ਲ ਆਰਟ 'ਗਤਕਾ' ਦੇ ਜੌਹਰ ਵੀ ਦਿਖਾਏ ਜਾਣਗੇ।
ਹੋਰ ਖੇਡਾਂ : ਵਾਲੀਬਾਲ, ਸੋਕਰ, ਹਾਕੀ, ਬਾਸਕਟਬਾਲ, ਵੈਟਲਿਫਟਿੰਗ ਵਰਗੇ ਮੁਕਾਬਲੇ ਵੀ ਕਰਵਾਏ ਜਾਣਗੇ।
ਕਦੋਂ ਤੋਂ ਸ਼ੁਰੂ ਹੋਣਗੀਆਂ ਖੇਡਾਂ
ਓਨਟਾਰੀਓ ਸੂਬੇ ਵਿੱਚ ਕਰਵਾਈਆਂ ਜਾਣ ਵਾਲੀਆਂ 'ਸਿੱਖ ਖੇਡਾਂ' 31 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ ਇਹ ਸਿੱਖ ਖੇਡਾਂ 3 ਅਗਸਤ ਤੱਕ ਸੰਪੰਨ ਹੋਣਗੀਆਂ।