ਰਿਪੋਰਟ ਮੁਤਾਬਕ ਦਿੱਲੀ, ਮੁੰਬਈ ਤੇ ਬੈਂਗਲੁਰੂ ਜਿਹੇ ਮਹਾਨਗਰਾਂ ਵਿਚ ਇਮਾਰਤਾਂ ਦੀਆਂ ਛੱਤਾਂ ’ਤੇ ਵਰਟੀਪੋਰਟ ਵਿਕਸਤ ਕਰਨਾ ਕਿਫ਼ਾਇਤੀ ਤੇ ਤੇਜ਼ ਹੱਲ ਸਾਬਿਤ ਹੋ ਸਕਦਾ ਹੈ। ਅਜਿਹੇ ਵਰਟੀਪੋਰਟ ਵਪਾਰਕ ਕੇਂਦਰਾਂ, ਹਸਪਤਾਲਾਂ, ਟੈੱਕ ਪਾਰਕਾਂ ਤੇ ਰਿਹਾਇਸ਼ੀ ਟਾਵਰਾਂ ਲਾਗੇ ਬਣਾਏ ਜਾ ਸਕਦੇ ਹਨ, ਜਿਸ ਨਾਲ ਯਾਤਰੀਆਂ ਨੂੰ ਆਪਣੇ ਘਰ ਜਾਂ ਕੰਮ ਵਾਲੀ ਥਾਂ ਲਾਗੇ ਹਵਾਈ ਸਹੂਲਤ ਮਿਲ ਸਕੇਗੀ।

ਨਵੀਂ ਦਿੱਲੀ (ਪੀਟੀਆਈ) : ਮੁਲਕ ਦੇ ਵੱਡੇ ਸ਼ਹਿਰਾਂ ਵਿਚ ਵੱਧਦੀ ਟ੍ਰੈਫਿਕ ਦੀ ਸਮੱਸਿਆ ਤੇ ਲੰਮੇਂ ਸਮੇਂ ਦੇ ਸਫ਼ਰ ਤੋਂ ਨਿਜਾਤ ਲਈ ਏਅਰ ਟੈਕਸੀ ਸੇਵਾ ਅਸਰਦਾਰ ਹੱਲ ਬਣ ਸਕਦੀ ਹੈ। ਸਨਅਤੀ ਸੰਗਠਨ ਸੀਆਈਆਈ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਾਰਤਾਂ ਦੀਆਂ ਛੱਤਾਂ ਦੀ ਵਰਤੋਂ ਏਅਰ ਟੈਕਸੀ ਦੇ ਟੈਕ-ਆਫ ਤੇ ਲੈਂਡਿੰਗ ਲਈ ਕੀਤੀ ਜਾਵੇ ਤਾਂ ਸ਼ਹਿਰੀ ਆਵਾਜਾਈ ਵਿਚ ਮੌਜੂਦ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਘੱਟ ਹੋਣਗੀਆਂ ਤੇ ਲੋਕਾਂ ਦਾ ਸਮਾਂ ਕਾਫ਼ੀ ਹੱਦ ਤੱਕ ਬੱਚ ਸਕੇਗਾ।
ਰਿਪੋਰਟ ਵਿਚ ਦਿੱਲੀ-ਐੱਨਸੀਆਰ ਦੇ ਗੁਰੂਗ੍ਰਾਮ, ਕਨਾਟ ਪਲੇਸ ਤੇ ਜੇਵਰ ਏਅਰਪੋਰਟ ਵਿਚਾਲੇ 65-75 ਕਿੱਲੋਮੀਟਰ ਦੇ ਸੰਭਾਵਤ ਹਵਾਈ ਕੋਰੀਡੋਰ ਦਾ ਮਾਡਲ ਵੀ ਪੇਸ਼ ਕੀਤਾ ਗਿਆ ਹੈ।
‘ਨੇਵੀਗੇਟਿੰਗ ਦਿ ਫਿਊਚਰ ਆਫ ਅਡਵਾਂਸਡ ਏਅਰ ਮੋਬੀਲਿਟੀ ਇਨ ਇੰਡੀਆ’ ਸਿਰਲੇਖ ਤਹਿਤ ਇਸ ਰਿਪੋਰਟ ਵਿਚ ਇਲੈਟ੍ਰਿਕ ਵਰਟੀਕਲ ਟੇਕ-ਆਫ ਐਂਡ ਲੈਂਡਿੰਗ (ਈ-ਵੀਟੀਓਐੱਲ) ਜਹਾਜ਼ਾਂ, ਯਾਨੀ ਏਅਰ ਟੈਕਸੀਆਂ ਨੂੰ ਭਵਿੱਖ ਦੀ ਸ਼ਹਿਰੀ ਆਵਾਜਾਈ ਪ੍ਰਣਾਲੀ ਦਾ ਅਹਿਮ ਹਿੱਸਾ ਦੱਸਿਆ ਗਿਆ ਹੈ। ਹਾਲਾਂਕਿ ਇਹ ਤਕਨੀਕ ਹਾਲੇ ਸ਼ੁਰੂਆਤੀ ਗੇੜ ਵਿਚ ਹੈ ਤੇ ਇਸ ਦੇ ਲਈ ਖ਼ਾਸ ਵਰਟੀਪੋਰਟ ਢਾਂਚੇ ਦੀ ਲੋੜ ਪਵੇਗੀ, ਜਿੱਥੋਂ ਇਹ ਜਹਾਜ਼ ਉਡਾਣ ਭਰ ਸਕਣ ਤੇ ਫਿਰ ਲੈਂਡਿੰਗ ਕਰ ਸਕਣ।
ਰਿਪੋਰਟ ਮੁਤਾਬਕ ਦਿੱਲੀ, ਮੁੰਬਈ ਤੇ ਬੈਂਗਲੁਰੂ ਜਿਹੇ ਮਹਾਨਗਰਾਂ ਵਿਚ ਇਮਾਰਤਾਂ ਦੀਆਂ ਛੱਤਾਂ ’ਤੇ ਵਰਟੀਪੋਰਟ ਵਿਕਸਤ ਕਰਨਾ ਕਿਫ਼ਾਇਤੀ ਤੇ ਤੇਜ਼ ਹੱਲ ਸਾਬਿਤ ਹੋ ਸਕਦਾ ਹੈ। ਅਜਿਹੇ ਵਰਟੀਪੋਰਟ ਵਪਾਰਕ ਕੇਂਦਰਾਂ, ਹਸਪਤਾਲਾਂ, ਟੈੱਕ ਪਾਰਕਾਂ ਤੇ ਰਿਹਾਇਸ਼ੀ ਟਾਵਰਾਂ ਲਾਗੇ ਬਣਾਏ ਜਾ ਸਕਦੇ ਹਨ, ਜਿਸ ਨਾਲ ਯਾਤਰੀਆਂ ਨੂੰ ਆਪਣੇ ਘਰ ਜਾਂ ਕੰਮ ਵਾਲੀ ਥਾਂ ਲਾਗੇ ਹਵਾਈ ਸਹੂਲਤ ਮਿਲ ਸਕੇਗੀ। ਹਾਲਾਂਕਿ ਮੌਜੂਦਾ ਨਿਯਮਾਂ ਤਹਿਤ ਛੱਤਾਂ ਤੋਂ ਨਿਯਮਤ ਵਪਾਰਕ ਟੇਕ-ਆਫ ਤੇ ਲੈਂਡਿੰਗ ਦੀ ਪ੍ਰਵਾਨਗੀ ਨਹੀਂ ਹੈ। ਸੀਆਈਆਈ ਨੇ ਸੁਝਾਅ ਦਿੱਤਾ ਹੈ ਕਿ ਅਡਵਾਂਸਡ ਏਅਰ ਮੋਬੀਲਿਟੀ ਖੇਤਰ ਲਈ ਖ਼ਾਸ ਵਿੱਤੀ ਵਸੀਲੇ ਜਿਵੇਂ ਵੈਂਚਰ ਲੀਜਿੰਗ ਸਿਸਟਮ ਤੇ ਸੈਕਟਰ-ਵਿਸ਼ੇਸ਼ ਇੰਫ੍ਰਾਸਟ੍ਰਕਚਰ ਫੰਡ ਵਿਕਸਤ ਕੀਤੇ ਜਾਣ ਤਾਂ ਜੋ ਇਸ ਉੱਭਰਦੀ ਤਕਨੀਕ ਨੂੰ ਨਿਵੇਸ਼ ਪੱਖੋਂ ਮਦਦ ਮਿਲ ਸਕੇ। ਪ੍ਰੀਖਣ ਲਈ ਪੜਾਅਵਾਰ ਰਣਨੀਤੀ ਅਪਨਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਵਿਚ ਪਹਿਲਾਂ ਡ੍ਰੋਨ ਡਿਲੀਵਰੀ, ਫਿਰ ਮੈਡੀਕਲ ਲਾਜਿਸਟਿਕਸ, ਆਰਗਨ (ਅੰਗ) ਟ੍ਰਾਂਸਪੋਰਟ ਤੇ ਏਅਰ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਦੇਸ਼ ’ਚ ਏਅਰ ਟੈਕਸੀ ਦੀ ਸਥਿਤੀ
ਭਾਰਤ ਵਿਚ ਏਅਰ ਟੈਕਸੀ ਜਾਂ ਅਡਵਾਂਸਡ ਏਅਰ ਮੋਬੀਲਿਟੀ (ਏਏਐੱਮ) ਹਾਲੇ ਸ਼ੁਰੂਆਤੀ ਗੇੜ ਵਿਚ ਹੈ। ਦਿੱਲੀ-ਐੱਨਸੀਆਰ, ਮੁੰਬਈ ਤੇ ਬੈਂਗਲੁਰੂ ਜਿਹੇ ਸ਼ਹਿਰਾਂ ਨੂੰ ਸੰਭਾਵਤ ਮੋਹਰੀ ਸ਼ਹਿਰਾਂ ਵਜੋਂ ਦੇਖਿਆ ਜਾ ਰਿਹਾ ਹੈ। ਉਮੀਦ ਹੈ ਕਿ ਭਾਰਤ ਵਿਚ 2028 ਤੱਕ ਏਅਰ ਟੈਕਸੀ ਉਡਾਣ ਭਰਨ ਲੱਗੇਗੀ। ਇਹ ਹੈਲੀਕਾਪਟਰ ਵਾਂਗ ਕਿਤੋਂ ਵੀ ਸਿੱਧੀ ਉਡਾਣ ਭਰ ਸਕਦੀ ਹੈ ਤੇ ਕਿਤੇ ਵੀ ਲੈਂਡਿੰਗ ਕਰ ਸਕਦੀ ਹੈ। ਸਰਲਾ ਏਵੀਏਸ਼ਨ, ਬੈਂਗਲੁਰੂ ਵਿਚ ਇਸ ਦਾ ਅਭਿਆਸ ਕਰ ਰਹੀ ਹੈ।
ਦੁਨੀਆ ’ਚ ਏਅਰ ਟੈਕਸੀ ਸੇਵਾ ਦੇ ਹਾਲਾਤ
ਏਅਰ ਟੈਕਸੀ ਦੇ ਮਾਮਲੇ ਵਿਚ ਚੀਨ ਸਭ ਤੋਂ ਅੱਗੇ ਹੈ। ਉਥੇ ਕੁਝ ਸ਼ਹਿਰਾਂ ਵਿਚ ਏਅਰ ਟੈਕਸੀ ਸੇਵਾ ਸ਼ੁਰੂ ਹੋ ਗਈ ਹੈ। ਸ਼ੇਨਝੇਨ ਤੇ ਝੂਹਾਈ ਵਿਚਾਲੇ ਇੰਟਰਸਿਟੀ ਏਅਰ ਟੈਕਸੀ ਸ਼ੁਰੂ ਕੀਤੀ ਜਾ ਰਹੀ ਹੈ। ਨਾਲ ਹੀ ਏਅਰ ਟੈਕਸੀਆਂ ਦੀ ਰੇਂਜ ਵਧਾ ਕੇ 200 ਕਿੱਲੋਮੀਟਰ ਤੱਕ ਕੀਤੀ ਜਾ ਰਹੀ ਹੈ। ਅਮਰੀਕਾ, ਯੂਏਈ, ਜਾਪਾਨ, ਦੱਖਣੀ ਕੋਰੀਆ ਤੇ ਯੂਰਪ ਦੇ ਕਈ ਮੁਲਕਾਂ ਵਿਚ ਈ-ਵੀਟੀਓਐੱਲ ਕੰਪਨੀਆਂ ਉਡਾਣਾਂ ਦਾ ਅਭਿਆਸ ਕਰ ਰਹੀਆਂ ਹਨ। ਦੁਬਈ ਤੇ ਲਾਸ ਏਂਜਲਸ ਜਿਹੇ ਸ਼ਹਿਰਾਂ ਨੇ ਵਰਟੀਪੋਰਟ ਇੰਫ੍ਰਾਸਟ੍ਰਕਚਰ ਦੀ ਯੋਜਨਾ ਬਣਾਈ ਹੈ ਜਦਕਿ ਪੈਰਿਸ ਤੇ ਟੋਕੀਓ ਵਿਚ ਓਲੰਪਿਕ ਤੇ ਵੱਡੇ ਸਮਾਗਮਾਂ ਦੌਰਾਨ ਡੈਮੋ ਉਡਾਣਾਂ ਦੀ ਤਿਆਰੀ ਕੀਤੀ ਗਈ ਹੈ।
ਏਅਰ ਟੈਕਸੀ ਦੇ ਰਾਹ ’ਚ ਅੜਿੱਕੇ
ਭਾਰਤ ਵਿਚ ਛੱਤਾਂ ’ਤੇ ਵਰਟੀਪੋਰਟ ਬਣਾਉਣ ਦੀ ਸਪੱਸ਼ਟ ਪ੍ਰਵਾਨਗੀ ਨਹੀਂ ਹੈ ਤੇ ਮਾਪਦੰਡਾਂ ਤਹਿਤ ਵਰਟੀਪੋਰਟ ਬਣਾਉਣ ਵਿਚ ਲਾਗਤ ਵੱਧ ਆਵੇਗੀ। ਨਵੇਂ ਏਅਰ ਟ੍ਰੈਫਿਕ ਮੈਨੇਜਮੈਂਟ ਨਿਯਮਾਂ ਦੀ ਜ਼ਰੂਰਤ ਹੈ ਕਿਉੰਜੋ ਸ਼ਹਿਰਾਂ ਵਿਚ ਘੱਟ ਉਚਾਈ ’ਤੇ ਉਡਾਣਾਂ ਸੁਰੱਖਿਆ ਜੋਖਮ ਵਧਾ ਸਕਦੀਆਂ ਹਨ। ਇਸ ਤੋਂ ਇਲਾਵਾ ਚਾਰਜਿੰਗ ਸਟੇਸ਼ਨ, ਬੈਟਰੀ ਸਵੈਪਿੰਗ ਤੇ ਮੇਂਟੇਨੈਂਸ ਸਹੂਲਤਾਂ ਵਿਕਸਤ ਕਰਨਾ ਮਹਿੰਗਾ ਤੇ ਵੱਧ ਸਮੇਂ ਵਾਲਾ ਕੰਮ ਹੈ। ਇਸ ਤੋਂ ਇਲਾਵਾ ਖ਼ਰਾਬ ਮੌਸਮ, ਤੇਜ਼ ਹਵਾ ਤੇ ਬਾਰਿਸ਼ ਵਿਚ ਉਡਾਣ ਸੁਰੱਖਿਆ ਪੱਖੋਂ ਵੱਡੀ ਚਿੰਤਾ ਤੋਂ ਇਲਾਵਾ ਆਵਾਜ਼ ਪ੍ਰਦੂਸ਼ਣ ਵੀ ਵੱਧ ਸਕਦਾ ਹੈ। ਸ਼ਹਿਰਾਂ ਦੀਆਂ ਮੌਜੂਦਾ ਇਮਾਰਤਾਂ ਦੀ ਬਣਤਰ ਤੇ ਹਵਾਈ ਮਾਰਗਾਂ ਦੇ ਨਾਲ ਤਾਲਮੇਲ ਬਿਠਾਉਣਾ ਵੀ ਆਸਾਨ ਨਹੀਂ।