ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਦੇ ਬਿਹੇਵੀਅਰਲ ਐਡਿਕਸ਼ਨ ਕਲੀਨਿਕ (ਬੀਏਸੀ) ਨਾਲ ਜੁੜੇ ਸੀਨੀਅਰ ਡਾਕਟਰ ਡਾ. ਯਤਨ ਪਾਲ ਸਿੰਘ ਬਲਹਾਰਾ ਅਨੁਸਾਰ ਮੋਬਾਈਲ ਗੇਮ ਬੱਚਿਆਂ ਦੇ ਦਿਮਾਗ਼ ਦੇ ਰਿਵਾਰਡ ਸਿਸਟਮ (ਇਨਾਮ ਪ੍ਰਣਾਲੀ) ਨੂੰ ਆਪਣੇ ਕੰਟਰੋਲ ’ਚ ਲੈ ਲੈਂਦੇ ਹਨ।

ਅਨੂਪ ਕੁਮਾਰ ਸਿੰਘ, ਜਾਗਰਣ, ਨਵੀਂ ਦਿੱਲੀ : ਮੋਬਾਈਲ ਗੇਮ ਹੁਣ ਬੱਚਿਆਂ ਲਈ ਸਿਰਫ ਮਨੋਰੰਜਨ ਨਹੀਂ ਰਹਿ ਗਏ ਹਨ। ਇਹ ਗੇਮ ਬੱਚਿਆਂ ਦੇ ਦਿਮਾਗ਼ ਨੂੰ ਪ੍ਰਭਾਵਿਤ ਕਰ ਕੇ ਉਸ ਨੂੰ ‘ਹਾਈਜੈਕ’ ਕਰ ਰਹੇ ਹਨ। ਦਿਮਾਗ਼ ਵਿਗਿਆਨ ਦੇ ਮਾਹਿਰਾਂ ਅਨੁਸਾਰ, ਗੇਮ ਖੇਡਣ ਨਾਲ ਮਿਲਣ ਵਾਲੀ ਤੁਰੰਤ ਖ਼ੁਸ਼ੀ ਦਿਮਾਗ਼ ’ਚ ਡੋਪਾਮਾਈਨ (ਇਕ ਤਰ੍ਹਾਂ ਦਾ ਹਾਰਮੋਨ) ਦਾ ਤੇਜ਼ ਰਿਸਾਵ ਕਰਦੀ ਹੈ, ਜਿਸ ਨਾਲ ਮਿਹਨਤ, ਹੌਸਲੇ ਤੇ ਸਮੇਂ ਤੋਂ ਬਾਅਦ ਮਿਲਣ ਵਾਲੀਆਂ ਅਸਲ ਉਪਲੱਬਧੀਆਂ ਬੱਚਿਆਂ ਨੂੰ ਫਿੱਕੀਆਂ ਲੱਗਦੀਆਂ ਹਨ।
ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਦੇ ਬਿਹੇਵੀਅਰਲ ਐਡਿਕਸ਼ਨ ਕਲੀਨਿਕ (ਬੀਏਸੀ) ਨਾਲ ਜੁੜੇ ਸੀਨੀਅਰ ਡਾਕਟਰ ਡਾ. ਯਤਨ ਪਾਲ ਸਿੰਘ ਬਲਹਾਰਾ ਅਨੁਸਾਰ ਮੋਬਾਈਲ ਗੇਮ ਬੱਚਿਆਂ ਦੇ ਦਿਮਾਗ਼ ਦੇ ਰਿਵਾਰਡ ਸਿਸਟਮ (ਇਨਾਮ ਪ੍ਰਣਾਲੀ) ਨੂੰ ਆਪਣੇ ਕੰਟਰੋਲ ’ਚ ਲੈ ਲੈਂਦੇ ਹਨ। ਹਰ ਲੈਵਲ ਪੂਰਾ ਹੋਣ, ਅੰਕ ਮਿਲਣ ਜਾਂ ਵਰਚੂਅਲ ਇਨਾਮ ’ਤੇ ਡੋਪਾਮਾਈਨ ਦਾ ਰਿਸਾਵ ਹੁੰਦਾ ਹੈ, ਜੋ ਦਿਮਾਗ਼ ਨੂੰ ਵਾਰ-ਵਾਰ ਉਸੇ ਉਤੇਜਨਾ ਦੀ ਮੰਗ ਕਰਨਾ ਸਿਖਾ ਦਿੰਦਾ ਹੈ।
ਡਾ. ਬਲਹਾਰਾ ਦੱਸਦੇ ਹਨ ਕਿ ਅਸਲ ਜੀਵਨ ’ਚ ਖ਼ੁਸ਼ੀ ਪਾਉਣ ਦੀ ਪ੍ਰਕਿਰਿਆ ਹੌਲੀ ਪਰ ਟਿਕਾਊ ਹੁੰਦੀ ਹੈ, ਜਿਵੇਂ ਕਿ ਲੰਬਾ ਸਮਾਂ ਪੜ੍ਹਾਈ ਤੋਂ ਬਾਅਦ ਸਫਲਤਾ ਜਾਂ ਅਭਿਆਸ ਤੋਂ ਬਾਅਦ ਖੇਡ ’ਚ ਜਿੱਤ। ਇਸਦੇ ਉਲਟ, ਮੋਬਾਈਲ ਗੇਮ ਕੁਝ ਹੀ ਮਿੰਟਾਂ ’ਚ ਬਿਨਾਂ ਮਿਹਨਤ ਉਹੀ ਇਨਾਮ ਦੇ ਦਿੰਦੇ ਹਨ, ਇਹ ਅਸਥਾਈ ਹੁੰਦੇ ਹਨ। ਵਾਰ-ਵਾਰ ਇਸਦੀ ਚਾਹਤ ਹੁੰਦੀ ਹੈ। ਇਸ ਨਾਲ ਦਿਮਾਗ਼ ਸਿੱਖ ਲੈਂਦਾ ਹੈ ਕਿ ਘੱਟ ਕੋਸ਼ਿਸ਼ ’ਚ ਵੱਧ ਖ਼ੁਸ਼ੀ ਕਿੱਥੇ ਮਿਲ ਰਹੀ ਹੈ। ਦਿਮਾਗ਼ ਵਿਗਿਆਨ ਦੇ ਮਾਹਿਰਾਂ ਅਨੁਸਾਰ, ਜਿਹੜੇ ਬੱਚਿਆਂ ਦੇ ਜੀਵਨ ’ਚ ਇਕੱਲਾਪਣ, ਭਾਵਨਾਤਮਕ ਗੱਲਬਾਤ ਦੀ ਕਮੀ ਜਾਂ ਪਰਿਵਾਰਕ ਤਣਾਅ ਹੁੰਦਾ ਹੈ, ਉਹ ਇਸ ਤੁਰੰਤ ਰਾਹਤ ਵੱਲ ਜ਼ਿਆਦਾ ਤੇਜ਼ੀ ਨਾਲ ਆਕਰਸ਼ਿਤ ਹੁੰਦੇ ਹਨ। ਹੌਲੀ-ਹੌਲੀ ਗੇਮਿੰਗ ਦਾ ਸਮਾਂ ਵਧਦਾ ਜਾਂਦਾ ਹੈ ਤੇ ਪੜ੍ਹਾਈ, ਖੇਡਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਕਾਰ ਲੱਗਣ ਲੱਗਦਾ ਹੈ। ਸਟੈਨਫੋਰਡ ਯੂਨੀਵਰਸਿਟੀ ਦੀ ਮਸ਼ਹੂਰ ਮਨੋਵਿਗਿਆਨੀ ਡਾ. ਅੰਨਾ ਲੈਂਬਕੇ ਨੇ ਆਪਣੀ ਕਿਤਾਬ ‘ਡੋਪਾਮਾਈਨ ਨੇਸ਼ਨ’ ’ਚ ਚੌਕਸ ਕੀਤਾ ਹੈ ਕਿ ਸਕ੍ਰੀਨ ਤੇ ਗੇਮ ਤੋਂ ਅਚਾਨਕ ਦੂਰੀ ਬਣਾਉਣ ’ਤੇ ਬੱਚਿਆਂ ’ਚ ਚਿੜਚਿੜਾਪਣ, ਗੁੱਸਾ ਤੇ ਉਦਾਸੀ ਵਰਗੇ ਲੱਛਣ ਉੱਭਰ ਸਕਦੇ ਹਨ, ਜੋ ਗੰਭੀਰ ਮਾਨਸਿਕ ਖ਼ਤਰੇ ਦੇ ਸੰਕੇਤ ਹਨ।
ਇਕੱਲਾਪਣ ਤੇ ਡਿਜੀਟਲ ਆਦਤ ਦਾ ਖ਼ਤਰਨਾਕ ਸੁਮੇਲ
ਕੋਵਿਡ ਦੇ ਦੌਰ ਤੋਂ ਬਾਅਦ ਬੱਚਿਆਂ ’ਚ ਵਧਦੇ ਸਮਾਜਿਕ ਵਖਰੇਵੇਂ ’ਤੇ ਪ੍ਰਕਾਸ਼ਿਤ ਅਧਿਐਨਾਂ ਤੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜੇ ਦੱਸਦੇ ਹਨ ਕਿ ਡਿਜੀਟਲ ਆਦਤ, ਆਨਲਾਈਨ ਗੇਮਿੰਗ ਤੇ ਪਰਿਵਾਰਕ ਗੱਲਬਾਤ ਦੀ ਕਮੀ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਅਸੁਰੱਖਿਅਤ ਬਣਾ ਰਹੀ ਹੈ। ਮਾਹਿਰਾਂ ਅਨੁਸਾਰ, ਜਦੋਂ ਇਕੱਲਾਪਣ ਤੇ ਗੇਮਿੰਗ ਆਦਤ ਨਾਲ-ਨਾਲ ਵਧਦੀਆਂ ਹਨ ਤਾਂ ਮਾਨਸਿਕ ਪ੍ਰਤੀਕਿਰਿਆ ਕਿਤੇ ਵੱਧ ਤੇਜ਼ ਹੋ ਜਾਂਦੀ ਹੈ।
ਬੱਚਿਆਂ ਨੂੰ ਕਿਵੇਂ ਬਚਾਈਏ
-ਅਚਾਨਕ ਪਾਬੰਦੀ ਨਾ ਲਗਾਓ, ਸਕ੍ਰੀਨ ਸਮਾਂ ਹੌਲੀ-ਹੌਲੀ ਘੱਟ ਕਰੋ
-ਬੱਚੇ ਨਾਲ ਗੱਲਬਾਤ ਕਰੋ, ਸਮਝੋ ਕਿ ਗੇਮ ’ਚ ਕੀ ਆਕਰਸ਼ਿਤ ਕਰਦਾ ਹੈ
-ਅਸਲ ਜੀਵਨ ਦੇ ਇਨਾਮ ਦਿਓ ਤੇ ਪਰਿਵਾਰ ਨਾਲ ਸਮਾਂ ਬਿਤਾਓ
-ਖਾਣਾ ਖਾਣ ਸਮੇਂ ਫੋਨ-ਮੁਕਤ ਗੱਲਬਾਤ ਦੀ ਆਦਤ ਬਣਾਓ
-ਚਿੜਚਿੜਾਪਣ, ਨੀਂਦ ਖ਼ਰਾਬ ਹੋਣ ਜਾਂ ਪੜ੍ਹਾਈ ’ਚ ਗਿਰਾਵਟ ਦਿਸੇ ਤਾਂ ਮਾਹਿਰ ਤੋਂ ਸਲਾਹ ਲਓ।