Honda ਨੇ ਅਧਿਕਾਰਤ ਤੌਰ 'ਤੇ ਭਾਰਤ 'ਚ Honda 0 α ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ 16 ਮਾਰਚ ਨੂੰ ਇਸ ਐਸਯੂਵੀ (SUV) ਨੂੰ ਹਰੀ ਝੰਡੀ ਦਿਖਾ ਕੇ ਟੈਸਟਿੰਗ ਲਈ ਰਵਾਨਾ ਕੀਤਾ ਗਿਆ ਹੈ।

ਆਟੋ ਡੈਸਕ, ਨਵੀਂ ਦਿੱਲੀ: ਵਾਹਨ ਨਿਰਮਾਤਾ ਕੰਪਨੀ ਹੌਂਡਾ ਵੱਲੋਂ ਭਾਰਤ 'ਚ ਕਈ ਸੈਗਮੈਂਟਸ 'ਚ ਕਾਰਾਂ ਦੀ ਵਿਕਰੀ ਕੀਤੀ ਜਾਂਦੀ ਹੈ। ਹੁਣ ਕੰਪਨੀ ਆਪਣੀ ਪਹਿਲੀ ਇਲੈਕਟ੍ਰਿਕ ਗੱਡੀ ਦੇ ਰੂਪ 'ਚ Honda 0 α ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਨਿਰਮਾਤਾ ਨੇ ਭਾਰਤ 'ਚ ਇਸ ਕਾਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਹੌਂਡਾ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਹੌਂਡਾ ਨੇ ਅਧਿਕਾਰਤ ਤੌਰ 'ਤੇ ਭਾਰਤ 'ਚ Honda 0 α ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ 16 ਮਾਰਚ ਨੂੰ ਇਸ ਐਸਯੂਵੀ (SUV) ਨੂੰ ਹਰੀ ਝੰਡੀ ਦਿਖਾ ਕੇ ਟੈਸਟਿੰਗ ਲਈ ਰਵਾਨਾ ਕੀਤਾ ਗਿਆ ਹੈ।
ਹੌਂਡਾ ਮੁਤਾਬਕ, ਇਸ ਟੈਸਟਿੰਗ ਪ੍ਰੋਗਰਾਮ ਤਹਿਤ ਇਲੈਕਟ੍ਰਿਕ ਐਸਯੂਵੀ ਨੂੰ ਭਾਰਤੀ ਹਾਈਵੇਅ, ਸ਼ਹਿਰੀ ਸੜਕਾਂ ਤੇ ਚੁਣੌਤੀਪੂਰਨ ਇਲਾਕਿਆਂ ਸਮੇਤ ਕਈ ਤਰ੍ਹਾਂ ਦੀਆਂ ਡਰਾਈਵਿੰਗ ਸਥਿਤੀਆਂ 'ਚ ਚਲਾਇਆ ਜਾਵੇਗਾ ਅਤੇ ਉਸ ਦਾ ਮੁਲਾਂਕਣ ਕੀਤਾ ਜਾਵੇਗਾ। ਟੈਸਟਿੰਗ ਦੌਰਾਨ ਮੁੱਖ ਤੌਰ 'ਤੇ ਈਵੀ (EV) ਦੀ ਮਜ਼ਬੂਤੀ, ਸੰਚਾਲਨ, ਆਰਾਮਦਾਇਕ ਸਵਾਰੀ ਅਤੇ ਕੁਸ਼ਲਤਾ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਵਾਹਨ ਦੀ ਟੈਸਟਿੰਗ ਅੱਤ ਦੀ ਗਰਮੀ ਅਤੇ ਮਾਨਸੂਨ ਦੀਆਂ ਸਥਿਤੀਆਂ ਵਿੱਚ ਵੀ ਕੀਤੀ ਜਾਵੇਗੀ।
ਹੌਂਡਾ ਕਾਰਸ ਇੰਡੀਆ ਦੇ ਪ੍ਰਧਾਨ ਅਤੇ ਸੀਈਓ ਤਾਕਾਸ਼ੀ ਨਾਕਾਜੀਮਾ ਨੇ ਕਿਹਾ ਕਿ ਪੂਰੇ ਭਾਰਤ 'ਚ ਸੜਕਾਂ 'ਤੇ ਟੈਸਟਿੰਗ ਦੀ ਸ਼ੁਰੂਆਤ ਸਾਡੀ ਇਲੈਕਟ੍ਰੀਫਿਕੇਸ਼ਨ ਯਾਤਰਾ 'ਚ ਇਕ ਮਹੱਤਵਪੂਰਨ ਪੜਾਅ ਹੈ। ਭਾਰਤ 'ਚ ਡਰਾਈਵਿੰਗ ਅਤੇ ਜਲਵਾਯੂ ਹਾਲਾਤ ਵਿਲੱਖਣ ਹਨ, ਇਸ ਲਈ ਸਾਡੇ ਲਈ ਅਸਲ ਵਾਤਾਵਰਣ 'ਚ ਆਪਣੇ ਇਲੈਕਟ੍ਰਿਕ ਵਾਹਨ ਦੀ ਪੂਰੀ ਤਰ੍ਹਾਂ ਟੈਸਟਿੰਗ ਕਰਨਾ ਬਹੁਤ ਜ਼ਰੂਰੀ ਹੈ। ਇਹ ਪ੍ਰੋਗਰਾਮ ਹੌਂਡਾ ਦੀ ਵਿਸ਼ਵ ਪੱਧਰੀ ਇੰਜੀਨੀਅਰਿੰਗ ਸਮਰੱਥਾ ਅਤੇ ਸਥਾਨਕ ਗਾਹਕਾਂ ਦੀਆਂ ਲੋੜਾਂ 'ਤੇ ਵਿਸ਼ੇਸ਼ ਧਿਆਨ ਦੇਣ ਦਾ ਪ੍ਰਤੀਕ ਹੈ।
ਜਾਣਕਾਰੀ ਮੁਤਾਬਕ, ਹੌਂਡਾ ਵੱਲੋਂ ਇਸ ਇਲੈਕਟ੍ਰਿਕ ਐਸਯੂਵੀ ਨੂੰ ਵਿੱਤੀ ਸਾਲ 2026-27 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਜੇ ਲਾਂਚ ਦੀ ਸਹੀ ਤਰੀਕ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਿਰਮਾਤਾ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਐਸਯੂਵੀ ਨੂੰ ਭਾਰਤ 'ਚ ਹੀ ਬਣਾਇਆ ਜਾਵੇਗਾ। ਭਾਰਤ ਤੋਂ ਹੀ ਇਸ ਐਸਯੂਵੀ ਨੂੰ ਜਾਪਾਨ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਵਿੱਚ ਵੀ ਬਰਾਮਦ (Export) ਕੀਤਾ ਜਾਵੇਗਾ।