ਸਾਲ 2026 ਦੇ ਸ਼ੁਰੂਆਤੀ 4 ਮਹੀਨਿਆਂ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਲੋਕਪ੍ਰਿਯਤਾ ਅਤੇ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਸ ਦੌਰਾਨ ਕੁੱਲ 79,063 ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਹੋਈ। ਆਓ ਜਾਣਦੇ ਹਾਂ ਕਿ ਕਿਹੜੀਆਂ ਕੰਪਨੀਆਂ ਇਸ ਦੌੜ ਵਿੱਚ ਅੱਗੇ ਰਹੀਆਂ।

ਇਲੈਕਟ੍ਰਿਕ ਕਾਰ ਮਾਰਕੀਟ ਵਿੱਚ TATA Motors ਅਜੇ ਵੀ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਜਨਵਰੀ ਤੋਂ ਅਪ੍ਰੈਲ ਤੱਕ ਟਾਟਾ ਨੇ ਕੁੱਲ 31,604 ਗੱਡੀਆਂ ਵੇਚੀਆਂ। ਹਾਲਾਂਕਿ, ਫਰਵਰੀ ਵਿੱਚ ਇਨ੍ਹਾਂ ਦੀ ਵਿਕਰੀ ਥੋੜ੍ਹੀ ਗਿਰ ਕੇ 6,002 'ਤੇ ਆ ਗਈ ਸੀ, ਪਰ ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਕੰਪਨੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਹਰ ਮਹੀਨੇ 8,500 ਤੋਂ ਵੱਧ ਗੱਡੀਆਂ ਦੀ ਵਿਕਰੀ ਕੀਤੀ।
ਇਸ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ ਲਈ Mahindra ਅਤੇ MG ਵਿਚਾਲੇ ਕਾਫੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ ਹੈ। MG Motors ਨੇ ਕੁੱਲ 19,036 ਗੱਡੀਆਂ ਵੇਚ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਦੌਰਾਨ Mahindra ਨੇ ਵੀ ਮਾਰਚ ਤੋਂ ਬਾਅਦ ਆਪਣੀ ਰਫ਼ਤਾਰ ਵਧਾਈ ਅਤੇ ਕੁੱਲ 18,153 ਗੱਡੀਆਂ ਦੀ ਵਿਕਰੀ ਨਾਲ ਤੀਜੇ ਨੰਬਰ 'ਤੇ ਰਹੀ।
ਇਨ੍ਹਾਂ ਅੰਕੜਿਆਂ ਵਿੱਚ ਜੋ ਸਭ ਤੋਂ ਹੈਰਾਨ ਕਰਨ ਵਾਲੀਆਂ ਕੰਪਨੀਆਂ ਰਹੀਆਂ, ਉਹ ਹਨ Vinfast ਅਤੇ Maruti Suzuki ਦੀ ਗਰੋਥ। ਵਿਅਤਨਾਮ ਦੀ ਕਾਰ ਕੰਪਨੀ Vinfast ਨੇ ਜਨਵਰੀ ਵਿੱਚ ਸਿਰਫ਼ 448 ਗੱਡੀਆਂ ਵੇਚੀਆਂ ਸਨ, ਜੋ ਅਪ੍ਰੈਲ ਤੱਕ ਵਧ ਕੇ 1,231 ਹੋ ਗਈਆਂ। Maruti Suzuki ਨੇ ਵੀ ਮਾਰਚ ਵਿੱਚ 999 ਯੂਨਿਟਸ ਅਤੇ ਅਪ੍ਰੈਲ ਵਿੱਚ 1,222 ਯੂਨਿਟਸ ਵੇਚ ਕੇ ਆਪਣੀ ਵਿਕਰੀ ਵਿੱਚ ਭਾਰੀ ਉਛਾਲ ਦੇਖਿਆ ਹੈ।
Hyundai, BYD ਅਤੇ Kia ਵਰਗੀਆਂ ਕੰਪਨੀਆਂ ਦੀ ਵਿਕਰੀ ਸਥਿਰ ਰਹੀ। Hyundai ਨੇ ਚਾਰ ਮਹੀਨਿਆਂ ਵਿੱਚ ਕੁੱਲ 1,707 ਗੱਡੀਆਂ ਵੇਚੀਆਂ, ਜਦਕਿ BYD ਨੇ 1,502 ਅਤੇ Kia ਨੇ 1,443 ਗੱਡੀਆਂ ਦਾ ਅੰਕੜਾ ਛੂਹਿਆ। ਸਭ ਤੋਂ ਘੱਟ ਵਿਕਰੀ PCA ਦੀ ਰਹੀ, ਜਿਸ ਨੇ ਸਿਰਫ਼ 111 ਗੱਡੀਆਂ ਵੇਚੀਆਂ। ਕੁੱਲ ਮਿਲਾ ਕੇ, ਮਾਰਚ 2026 ਦਾ ਮਹੀਨਾ EV ਬਾਜ਼ਾਰ ਲਈ ਬਹੁਤ ਵਧੀਆ ਰਿਹਾ, ਜਿਸ ਵਿੱਚ ਰਿਕਾਰਡ 23,097 ਗੱਡੀਆਂ ਵਿਕੀਆਂ।
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਗਾਹਕ ਹੁਣ ਹੌਲੀ-ਹੌਲੀ ਪੈਟਰੋਲ-ਡੀਜ਼ਲ ਦੀ ਬਜਾਏ ਇਲੈਕਟ੍ਰਿਕ ਗੱਡੀਆਂ 'ਤੇ ਭਰੋਸਾ ਜਤਾ ਰਹੇ ਹਨ। TATA Motors ਨੂੰ ਟੱਕਰ ਦੇਣ ਲਈ ਹੁਣ Mahindra ਅਤੇ MG ਵਰਗੀਆਂ ਕੰਪਨੀਆਂ ਵੀ ਪੂਰਾ ਜ਼ੋਰ ਲਗਾ ਰਹੀਆਂ ਹਨ।