ਸੜਕ ਸੁਰੱਖਿਆ ਨਿਯਮਾਂ 'ਚ ਗਲਤੀ ਪਾਏ ਜਾਣ 'ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ। ਨਾਲ ਹੀ ਤੁਹਾਨੂੰ 10 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਗਲਤੀਆਂ ਕਾਰਨ ਤੁਹਾਡਾ ਲਾਇਸੈਂਸ ਮੁਅੱਤਲ ਹੋ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਹੁਣ ਤਕ ਸੜਕ 'ਤੇ ਨਿਯਮ ਤੋੜਨ 'ਤੇ ਤੁਸੀਂ ਸਿਰਫ਼ ਜੁਰਮਾਨਾ ਜਾਂ ਚਲਾਨ ਭਰ ਕੇ ਛੁੱਟ ਜਾਂਦੇ ਸੀ। ਪਰ ਆਉਣ ਵਾਲੇ ਸਮੇਂ 'ਚ ਸੜਕ ਸੁਰੱਖਿਆ ਨਿਯਮਾਂ 'ਚ ਗਲਤੀ ਪਾਏ ਜਾਣ 'ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ। ਨਾਲ ਹੀ ਤੁਹਾਨੂੰ 10 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਗਲਤੀਆਂ ਕਾਰਨ ਤੁਹਾਡਾ ਲਾਇਸੈਂਸ ਮੁਅੱਤਲ ਹੋ ਸਕਦਾ ਹੈ।
ਜੇਕਰ ਤੁਸੀਂ ਸ਼ਰਾਬ ਪੀ ਕੇ ਜਾਂ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਂਦੇ ਫੜੇ ਜਾਂਦੇ ਹੋ ਤਾਂ ਮੋਟਰ ਵਾਹਨ ਐਕਟ ਤਹਿਤ ਪੁਲਿਸ ਤੁਰੰਤ ਤੁਹਾਡਾ ਲਾਇਸੈਂਸ ਜ਼ਬਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਪੁਲਿਸ ਇਸ ਨੂੰ ਰੱਦ ਜਾਂ ਮੁਅੱਤਲ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਭੇਜ ਸਕਦੀ ਹੈ। ਨਾਲ ਹੀ, ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ 'ਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਨਿਰਧਾਰਤ ਸਪੀਡ ਲਿਮਟ ਤੋਂ ਤੇਜ਼ ਗੱਡੀ ਚਲਾਉਣ 'ਤੇ ਤੁਹਾਡਾ ਲਾਇਸੈਂਸ ਸਸਪੈਂਡ ਹੋ ਸਕਦਾ ਹੈ। ਨਵੇਂ ਨਿਯਮਾਂ ਅਨੁਸਾਰ, ਜੇਕਰ ਤੁਸੀਂ ਸਾਲ ਵਿਚ 5 ਜਾਂ ਇਸ ਤੋਂ ਵੱਧ ਵਾਰ ਇਸ ਦੀ ਉਲੰਘਣਾ ਕਰਦੇ ਹੋ ਅਤੇ ਵਾਰ-ਵਾਰ ਤੇਜ਼ ਸਪੀਡ 'ਚ ਗੱਡੀ ਚਲਾਉਂਦੇ ਫੜੇ ਜਾਂਦੇ ਹੋ ਤਾਂ ਟ੍ਰੈਫਿਕ ਵਿਭਾਗ ਤੁਹਾਡੇ ਲਾਇਸੈਂਸ ਨੂੰ 3 ਤੋਂ 6 ਮਹੀਨਿਆਂ ਲਈ ਸਸਪੈਂਡ ਕਰ ਸਕਦਾ ਹੈ।
ਡਰਾਈਵਿੰਗ ਕਰਦੇ ਸਮੇਂ ਫ਼ੋਨ 'ਤੇ ਗੱਲ ਕਰਨ ਜਾਂ ਮੈਸੇਜ ਕਰਨ ਨਾਲ ਧਿਆਨ ਭਟਕ ਸਕਦਾ ਹੈ। ਸੜਕ ਸੁਰੱਖਿਆ ਨਿਯਮਾਂ ਅਨੁਸਾਰ, ਜੇਕਰ ਤੁਸੀਂ ਪਹਿਲੀ ਵਾਰ ਵੀ ਮੋਬਾਈਲ ਦੀ ਵਰਤੋਂ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡਾ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ। ਮੋਟਰ ਵਾਹਨ ਐਕਟ 2019 (ਧਾਰਾ 184) ਤਹਿਤ ਤੁਹਾਡੇ 'ਤੇ 1 ਹਜ਼ਾਰ ਤੋਂ 5 ਹਜ਼ਾਰ ਤਕ ਦਾ ਜੁਰਮਾਨਾ ਤੇ ਲਾਇਸੈਂਸ ਮੁਅੱਤਲ ਹੋ ਸਕਦਾ ਹੈ।
ਚੌਕ 'ਚ ਲਾਲ ਬੱਤੀ ਜਾਂ ਰੈੱਡ ਲਾਈਟ ਤੋੜਨਾ ਵੱਡਾ ਅਪਰਾਧ ਹੈ। ਇਸ ਲਈ ਤੁਹਾਡੇ 'ਤੇ 1 ਹਜ਼ਾਰ ਤੋਂ 5 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਲੱਗ ਸਕਦਾ ਹੈ। ਸੁਪਰੀਮ ਕੋਰਟ ਦੀ ਕਮੇਟੀ ਦੇ ਨਿਯਮਾਂ ਮੁਤਾਬਕ, ਰੈੱਡ ਲਾਈਟ ਜੰਪ ਕਰਨ 'ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਘੱਟੋ-ਘੱਟ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਮਾਲ ਢੋਹਣ ਵਾਲੀ ਗੱਡੀ 'ਚ ਸਮਰੱਥਾ ਤੋਂ ਵੱਧ ਸਾਮਾਨ ਭਰਦੇ ਹੋ ਜਾਂ ਸਵਾਰੀ ਵਾਲੀ ਗੱਡੀ 'ਚ ਤੈਅ ਸੀਮਾ ਤੋਂ ਵੱਧ ਲੋਕਾਂ ਨੂੰ ਬਿਠਾਉਂਦੇ ਹੋ ਤਾਂ ਇਸ ਕਾਰਨ ਵੀ ਤੁਹਾਡਾ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ ਹੈ। ਓਵਰਲੋਡਿੰਗ ਨਾਲ ਗੱਡੀ ਦਾ ਸੰਤੁਲਨ ਵਿਗੜਦਾ ਹੈ, ਬ੍ਰੇਕਿੰਗ ਸਿਸਟਮ ਕਮਜ਼ੋਰ ਹੁੰਦਾ ਹੈ ਅਤੇ ਗੰਭੀਰ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ।
'ਜਨ ਵਿਸ਼ਵਾਸ ਬਿੱਲ' 'ਚ ਮੋਟਰ ਵਾਹਨ ਕਾਨੂੰਨ ਦੇ ਵੀ ਕਈ ਨਿਯਮਾਂ 'ਚ ਬਦਲਾਅ ਕੀਤਾ ਜਾ ਰਿਹਾ ਹੈ। ਲਾਇਸੈਂਸ ਦੇ ਐਕਸਪਾਇਰ ਹੋਣ ਤੋਂ ਬਾਅਦ 30 ਦਿਨਾਂ ਤਕ ਉਸ ਨੂੰ ਵੈਲਿਡ ਮੰਨਿਆ ਜਾਵੇਗਾ। ਨਾਲ ਹੀ, ਜੇਕਰ ਤੁਹਾਡਾ ਲਾਇਸੈਂਸ 10 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ਤੇ ਤੁਸੀਂ 10 ਮਾਰਚ ਨੂੰ ਹੀ ਉਸ ਨੂੰ ਰਿਨਿਊ ਕਰਵਾ ਲੈਂਦੇ ਹੋ ਤਾਂ ਵੀ ਲਾਇਸੈਂਸ 10 ਮਾਰਚ ਦੀ ਬਜਾਏ 10 ਅਪ੍ਰੈਲ ਤੋਂ ਹੀ ਰਿਨਿਊ ਮੰਨਿਆ ਜਾਵੇਗਾ।