ਡਿਜੀਟਲ ਡਸਟ ਉਹ ਸਾਰਾ ਡਾਟਾ ਹੈ, ਜੋ ਅਸੀਂ ਅਣਜਾਣੇ ਜਾਂ ਜਾਣਬੁੱਝ ਕੇ ਇੰਟਰਨੈੱਟ ’ਤੇ ਛੱਡ ਜਾਂਦੇ ਹਾਂ। ਡਿਜੀਟਲ ਡਸਟ ਸਾਡੀ ਡਿਜੀਟਲ ਜ਼ਿੰਦਗੀ ਦਾ ਹਿੱਸਾ ਹੈ। ਅੱਜ-ਕੱਲ੍ਹ ਅਸੀਂ ਸਾਰੇ ਹੀ ਡਿਜੀਟਲ ਡਿਵਾਈਸਾਂ ਦੀ ਵਰਤੋਂ ਕਰਦੇ ਹਾਂ ਅਤੇ ਵੱਖ-ਵੱਖ ਵੈੱਬਸਾਈਟਾਂ ਵਿਚ ਲਾਗਇਨ ਹੁੰਦੇ ਹਾਂ। ਅਸੀਂ ਸੋਸ਼ਲ ਮੀਡੀਆ ਸਾਈਟਾਂ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ, ਟਵੀਟਰ, ਸ਼ੇਅਰਚੈਟ ਆਦਿ ’ਤੇ ਆਪਣੀਆਂ ਨਿੱਜੀ ਯਾਦਾਂ ਨੂੰ ਪੋਸਟ ਕਰਦੇ ਹਾਂ।

ਡਿਜੀਟਲ ਡਸਟ ਉਹ ਸਾਰਾ ਡਾਟਾ ਹੈ, ਜੋ ਅਸੀਂ ਅਣਜਾਣੇ ਜਾਂ ਜਾਣਬੁੱਝ ਕੇ ਇੰਟਰਨੈੱਟ ’ਤੇ ਛੱਡ ਜਾਂਦੇ ਹਾਂ। ਡਿਜੀਟਲ ਡਸਟ ਸਾਡੀ ਡਿਜੀਟਲ ਜ਼ਿੰਦਗੀ ਦਾ ਹਿੱਸਾ ਹੈ। ਅੱਜ-ਕੱਲ੍ਹ ਅਸੀਂ ਸਾਰੇ ਹੀ ਡਿਜੀਟਲ ਡਿਵਾਈਸਾਂ ਦੀ ਵਰਤੋਂ ਕਰਦੇ ਹਾਂ ਅਤੇ ਵੱਖ-ਵੱਖ ਵੈੱਬਸਾਈਟਾਂ ਵਿਚ ਲਾਗਇਨ ਹੁੰਦੇ ਹਾਂ। ਅਸੀਂ ਸੋਸ਼ਲ ਮੀਡੀਆ ਸਾਈਟਾਂ, ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ, ਟਵੀਟਰ, ਸ਼ੇਅਰਚੈਟ ਆਦਿ ’ਤੇ ਆਪਣੀਆਂ ਨਿੱਜੀ ਯਾਦਾਂ ਨੂੰ ਪੋਸਟ ਕਰਦੇ ਹਾਂ। ਅਸੀਂ ਆਨਲਾਈਨ ਖ਼ਰੀਦਦਾਰੀ ਕਰਦੇ ਹਾਂ, ਕੁਝ ਵੇਚਦੇ ਹਾਂ, ਵੈੱਬ ਬ੍ਰਾਊਜ਼ਿੰਗ ਆਦਿ ਕਰਦੇ ਹਾਂ। ਇਹ ਸਾਰੀਆਂ ਗਤੀਵਿਧੀਆਂ ਸਾਡੇ ਬਾਰੇ ਡਾਟਾ ਅਤੇ ਜਾਣਕਾਰੀ ਇਕੱਠੀ ਕਰਦੀਆਂ ਹਨ, ਜਿਸ ਨੂੰ ਡਿਜੀਟਲ ਡਸਟ ਕਿਹਾ ਜਾਂਦਾ ਹੈ। ਅੱਜ ਦੇ ਡਿਜੀਟਲ ਯੁੱਗ ਵਿਚ ਸਾਡੀ ਜ਼ਿੰਦਗੀ ਸਿਰਫ਼ ਹਕੀਕਤ ਤਕ ਸੀਮਤ ਨਹੀਂ ਹੈ। ਸਾਡੀਆਂ ਯਾਦਾਂ, ਗੱਲਬਾਤਾਂ, ਫੋਟੋਆਂ, ਵੀਡੀਓਜ਼, ਬੈਂਕ ਖਾਤੇ ਅਤੇ ਇੰਟਰਨੈੱਟ ’ਤੇ ਛੱਡੇ ਨਿਸ਼ਾਨ ਸਭ ‘ਡਿਜੀਟਲ ਵਿਰਾਸਤ’ ਬਣ ਜਾਂਦੇ ਹਨ। ਹੁਣ ਸਵਾਲ ਇਹ ਹੈ ਕਿ ਮੌਤ ਤੋਂ ਬਾਅਦ ਸਾਡੀ ਆਨਲਾਈਨ ਜ਼ਿੰਦਗੀ ਦਾ ਕੀ ਹੁੰਦਾ ਹੈ?
ਡਿਜੀਟਲ ਪਛਾਣ ਦਾ ਉਭਾਰ
ਭੌਤਿਕ ਸੰਸਾਰ ਵਿਚ ਵਸਤਾਂ ਵਾਰਸਾਂ ਨੂੰ ਮਿਲ ਜਾਂਦੀਆਂ ਹਨ ਜਾਂ ਨਸ਼ਟ ਕੀਤੀਆਂ ਜਾ ਸਕਦੀਆਂ ਹਨ ਪਰ ਸਾਡੀ ਡਿਜੀਟਲ ਮੌਜੂਦਗੀ ਕਦੇ ਵੀ ਅਚਾਨਕ ਗਾਇਬ ਨਹੀਂ ਹੁੰਦੀ। ਸੋਸ਼ਲ ਮੀਡੀਆ ਅਕਾਊਂਟ ਦਾ ਡਾਟਾ ਦੂਜੇ ਵਿਅਕਤੀਆਂ ਨੂੰ ਦਿਸਦਾ ਰਹਿੰਦਾ ਹੈ। ਈਮੇਲ ਇਨਬਾਕਸ ਵਿਚ ਹੀ ਰਹਿ ਜਾਂਦੇ ਹਨ ਤੇ ਡਾਟਾ ਸਰਵਰਾਂ ਵਿਚ ਮੌਜੂਦ ਰਹਿੰਦਾ ਹੈ। ਕਿਸੇ ਲਈ ਇਹ ਯਾਦਾਂ ਬਣ ਜਾਂਦੀਆਂ ਹਨ ਪਰ ਕਿਸੇ ਲਈ ਇਹ ਪ੍ਰਾਈਵੇਸੀ ਅਤੇ ਸੁਰੱਖਿਆ ਦਾ ਮੁੱਦਾ ਬਣ ਸਕਦਾ ਹੈ।
ਯਾਦਗਾਰ ਜਾਂ ਯਾਦਾਂ ਦਾ ਜਾਲ
ਟੈੱਕ ਕੰਪਨੀਆਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀਆਂ ਹਨ। ਜਿਵੇਂ ਫੇਸਬੁੱਕ ਮੈਮੋਰੀਅਲਾਈਜ਼ਡ ਪ੍ਰੋਫ਼ਾਈਲ ਬਣਾਉਣ ਦੀ ਸਹੂਲਤ ਦਿੰਦਾ ਹੈ, ਤਾਂ ਜੋ ਪਰਿਵਾਰ ਤੇ ਦੋਸਤ ਮਰਨ ਵਾਲੇ ਦੀਆਂ ਯਾਦਾਂ ਸੰਭਾਲ ਸਕਣ। ਗੂਗਲ ‘ਇਨਐਕਟਿਵ ਅਕਾਊਂਟ ਮੈਨੇਜਰ’ ਦਿੰਦਾ ਹੈ, ਜਿਸ ਨਾਲ ਯੂਜ਼ਰ ਆਪਣਾ ਡਾਟਾ ਮੌਤ ਤੋਂ ਬਾਅਦ ਕਿਵੇਂ ਸੰਭਾਲਿਆ ਜਾਵੇ, ਇਹ ਨਿਰਧਾਰਤ ਕਰ ਸਕਦੇ ਹਨ ਪਰ ਬਹੁਤ ਸਾਰੇ ਲੋਕ ਇਹ ਜਾਣਕਾਰੀ ਨਹੀਂ ਜਾਣਦੇ, ਜਿਸ ਨਾਲ ਉਨ੍ਹਾਂ ਦੀ ਡਿਜੀਟਲ ਮੌਜੂਦਗੀ ਅਧੂਰੀ ਰਹਿ ਜਾਂਦੀ ਹੈ।
ਕਾਨੂੰਨੀ ਗੁੰਝਲਦਾਰੀ
ਡਿਜੀਟਲ ਡਾਟਾ ਵਾਰਸ ਕਿਵੇਂ ਵਰਤਣਗੇ ਜਾਂ ਦੇਖਣਗੇ ਇਸ ਦੇ ਸਬੰਧ ਵਿਚ ਕਨੂੰਨ ਅਜੇ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਜਿਵੇਂ ਜਾਇਦਾਦ ਜਾਂ ਧਨ ਦੀ ਵੰਡ ਲਈ ਕਾਨੂੰਨੀ ਨਿਯਮ ਬਣੇ ਹੋਏ ਹਨ, ਉਸੇ ਤਰ੍ਹਾਂ ਹਰ ਦੇਸ਼ ਵਿਚ ਆਨਲਾਈਨ ਅਕਾਊਂਟਾਂ ਲਈ ਸਪਸ਼ਟ ਕਾਨੂੰਨ ਨਹੀਂ ਹਨ। ਕਈ ਵਾਰ ਪਰਿਵਾਰਾਂ ਨੂੰ ਫੋਟੋਆਂ, ਦਸਤਾਵੇਜ਼ਾਂ, ਨਿੱਜੀ ਜਾਂ ਵਿੱਤੀ ਜਾਣਕਾਰੀ ਤਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਇਹ ਅਕਾਊਂਟ ਹੈਕਿੰਗ ਦਾ ਸ਼ਿਕਾਰ ਵੀ ਬਣ ਸਕਦੇ ਹਨ।
ਡਿਜੀਟਲ ਡਸਟ ਦਾ ਮਨੁੱਖੀ ਪੱਖ
ਆਪਣਿਆਂ ਦੀਆਂ ਪੁਰਾਣੀਆਂ ਫੋਟੋਆਂ, ਚੈਟਾਂ ਦੇਖਣਾ ਜਾਂ ਆਵਾਜ਼ੀ ਸੁਨੇਹੇ ਸੁਣਨਾ ਕਈ ਵਾਰ ਸਹਾਰਾ ਦੇ ਸਕਦਾ ਹੈ ਪਰ ਵਾਰ-ਵਾਰ ਇਹ ਸਭ ਦੇਖਣਾ ਜਾਂ ਸੁਣਨਾ ਦੁੱਖ ਨੂੰ ਹੋਰ ਗਹਿਰਾ ਕਰ ਸਕਦਾ ਹੈ। ਡਿਜੀਟਲ ਦੁਨੀਆ ਯਾਦਾਂ ਨੂੰ ਹਮੇਸ਼ਾ ਲਈ ਸੰਭਾਲ ਸਕਦੀ ਹੈ ਪਰ ਇਹ ਮ੍ਰਿਤਕ ਨੂੰ ਅਲਵਿਦਾ ਕਹਿਣਾ ਔਖਾ ਵੀ ਬਣਾ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੀ ‘ਡਿਜੀਟਲ ਵਸੀਅਤ’ ਵੀ ਲਿਖਾਉਣੀ ਚਾਹੀਦੀ ਹੈ। ਜਿਵੇਂ ਭੌਤਿਕ ਵਸਤੂਆਂ ਦੀ ਵਸੀਅਤਾਂ ਵਿਚ ਧਨ-ਜਾਇਦਾਦ ਦੀ ਗੱਲ ਹੁੰਦੀ ਹੈ, ਉਸੇ ਤਰ੍ਹਾਂ ਡਿਜੀਟਲ ਵਸੀਅਤ ਵਿਚ ਪਾਸਵਰਡ, ਅਕਾਊਂਟ ਅਤੇ ਡਾਟਾ ਬਾਰੇ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਹਨ। ਕੁਝ ਕੰਪਨੀਆਂ ਸੀਮਤ ਸਹੂਲਤਾਂ ਦਿੰਦੀਆਂ ਹਨ ਪਰ ਇਕ ਪੂਰੀ ਅਤੇ ਇਕਸਾਰ ‘ਡਿਜੀਟਲ ਆਫ਼ਟਰਲਾਈਫ ਮੈਨੇਜਮੈਂਟ’ ਪ੍ਰਣਾਲੀ ਅਜੇ ਵੀ ਵਿਆਪਕ ਤੌਰ ’ਤੇ ਮੌਜੂਦ ਨਹੀਂ ਹੈ। ਜੇ ਕੋਈ ਕੰਪਨੀ ਇਹ ਸਭ ਸਹੂਲਤਾਂ ਦੇ ਵੀ ਰਹੀ ਹੈ ਤਾਂ ਵੀ ਜ਼ਿਆਦਾ ਲੋਕ ਇਹ ਸਭ ਤੋਂ ਅਨਜਾਣ ਹੀ ਹਨ।
ਡਿਜੀਟਲ ਡਸਟ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਕਨਾਲੋਜੀ ਸਾਡੇ ਤੋਂ ਬਾਅਦ ਵੀ ਬਚੀ ਰਹਿੰਦੀ ਹੈ। ਡਿਜੀਟਲ ਡਸਟ ਸਾਡੀ ਆਨਲਾਈਨ ਜ਼ਿੰਦਗੀ ਦਾ ਹਿੱਸਾ ਹੈ। ਸਾਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਕਦਮ ਚੁੱਕਣੇ ਚਾਹੀਦੇ ਹਨ।
- ਪਵਨ ਕੁਮਾਰ ਅੱਤਰੀ