ਮੌਜੂਦਾ ਸਮੇਂ ਸਮਾਜ ’ਚ ਡਿਜੀਟਲ ਲੈਣ-ਦੇਣ ਤੇ ਸੋਸ਼ਲ ਮੀਡੀਆ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਜਦੋਂ ਸਾਡੇ ਰੋਜ਼ਾਨਾਂ ਦੇ ਹਰ ਕੰਮ ’ਚ ਤਕਰੀਬਨ ਇੰਟਰਨੈੱਟ ਤੇ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈ ਤਾਂ ਉਸ ਸਮੇਂ ਇਸ ਦੀ ਵਰਤੋਂ ਕਰਦਿਆਂ ਸਾਈਬਰ ਅਪਰਾਧੀਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਸਾਈਬਰ ਅਪਰਾਧ ਦੀਆਂ ਘਟਨਾਵਾਂ ਦਾ ਰੁਝਾਨ ਦਿਨ-ਬ-ਦਿਨ ਵੱਧ ਰਿਹਾ ਹੈ।

ਮੌਜੂਦਾ ਸਮੇਂ ਸਮਾਜ ’ਚ ਡਿਜੀਟਲ ਲੈਣ-ਦੇਣ ਤੇ ਸੋਸ਼ਲ ਮੀਡੀਆ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਜਦੋਂ ਸਾਡੇ ਰੋਜ਼ਾਨਾਂ ਦੇ ਹਰ ਕੰਮ ’ਚ ਤਕਰੀਬਨ ਇੰਟਰਨੈੱਟ ਤੇ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈ ਤਾਂ ਉਸ ਸਮੇਂ ਇਸ ਦੀ ਵਰਤੋਂ ਕਰਦਿਆਂ ਸਾਈਬਰ ਅਪਰਾਧੀਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਸਾਈਬਰ ਅਪਰਾਧ ਦੀਆਂ ਘਟਨਾਵਾਂ ਦਾ ਰੁਝਾਨ ਦਿਨ-ਬ-ਦਿਨ ਵੱਧ ਰਿਹਾ ਹੈ। ਵਿੱਤੀ ਤੇ ਨਿੱਜੀ ਜਾਣਕਾਰੀ ਲੀਕ ਹੋਣ ਤੇ ਵਿੱਤੀ ਧੋਖਾਧੜੀ ਦੀਆਂ ਘਟਨਾਵਾਂ ਵਿਚ ਵੱਡੀ ਗਿਣਤੀ ’ਚ ਵਾਧਾ ਹੋਇਆ ਹੈ। ਬੈਂਕਿੰਗ ਤੋਂ ਲੈ ਕੇ ਕਾਰੋਬਾਰ ਤਕ, ਸੋਸ਼ਲ ਮੀਡੀਆ ਤੋਂ ਲੈ ਕੇ ਖ਼ਰੀਦਦਾਰੀ ਤਕ ਸਭ ਕੁਝ ਆਨਲਾਈਨ ਹੋ ਗਿਆ ਹੈ। ਕੰਮ ਸੌਖਾ ਹੋ ਗਿਆ ਹੈ, ਨਤੀਜਨ ਸਾਈਬਰ ਅਪਰਾਧ ’ਚ ਵੀ ਚੋਖਾ ਵਾਧਾ ਹੋਇਆ ਹੈ। ਇਸੇ ਹੀ ਸੰਦਰਭ ’ਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਮੈਂ ਅਜਿਹੇ ਡਿਜੀਟਲ ਇੰਡੀਆ ਦਾ ਸੁਪਨਾ ਦੇਖਦਾ ਹਾਂ, ਜਿੱਥੇ ਸਾਈਬਰ ਸੁਰੱਖਿਆ ਸਾਡੀ ਰਾਸ਼ਟਰੀ ਸੁਰੱਖਿਆ ਦਾ ਅਨਿੱਖੜਵਾਂ ਅੰਗ ਬਣ ਜਾਵੇ। ਇਸ ਲਈ ਕਦਮ ਵੀ ਉਠਾਏ ਜਾ ਰਹੇ ਹਨ ਪ੍ਰੰਤੂ ਇਨ੍ਹਾਂ ਦਾ ਵਿਆਪਕ ਅਸਰ ਹੁੰਦਾ ਨਹੀਂ ਜਾਪਦਾ। ਸਰਕਾਰ ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਬਾਰੇ ਸੁਚੇਤ ਕਰਨ ਲਈ ਅਖ਼ਬਾਰਾਂ, ਰੇਡੀਓ, ਟੀਵੀ ਆਦਿ ਰਾਹੀਂ ਨਾਗਰਿਕ-ਕੇਂਦਰਿਤ ਪਹੁੰਚ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਭਾਵੇਂ ਸਾਡੇ ਦੇਸ਼ ਵਿਚ ਸਾਈਬਰ ਕ੍ਰਾਈਮ ਸੈੱਲ ਮੌਜੂਦ ਹਨ ਪ੍ਰੰਤੂ ਪ੍ਰਸ਼ਾਸਨ ਤੇ ਬੈਂਕਾਂ ਵਿਚਕਾਰ ਤਾਲਮੇਲ ਦੀ ਘਾਟ ਤੇ ਖਾਤਿਆਂ ਨੂੰ ਤੁਰੰਤ ਫਰੀਜ਼ ਕਰਨ ’ਚ ਦੇਰੀ ਧੋਖਾਧੜੀ ਦੀ ਰਿਕਵਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਵਰਤਣੀ ਚਾਹੀਦੀ ਸਾਵਧਾਨੀ
ਅਜਿਹੇ ਸਮੇਂ ਜਿੱਥੇ ਸਾਨੂੰ ਇਨ੍ਹਾਂ ਸਾਈਬਰ ਠੱਗਾਂ ਤੋਂ ਬਚਣ ਲਈ ਸਾਈਬਰ ਸਪੇਸ ਉਪਰ ਵਿਚਰਦੇ ਮਾਹਿਰਾਂ ਦੁਆਰਾ ਜਾਰੀ ਕੀਤੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਉੱਥੇ ਹੀ ਹੁਣ ਬੀਮਾ ਸੈਕਟਰ ਤੁਹਾਡੇ ਲਈ ਸਾਈਬਰ ਨੁਕਸਾਨ ਦੀ ਭਰਪਾਈ ਕਰਨ ਲਈ ਸਾਈਬਰ ਬੀਮਾ ਲੈ ਕੇ ਆਇਆ ਹੈ। ਸਿਹਤ ਦੇ ਬਾਰੇ ’ਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਵੇਂ ਅਸੀਂ ਆਪਣਾ ਸਿਹਤ ਬੀਮਾ ਕਰਵਾਉਂਦੇ ਹਾਂ, ਵਾਹਨ ਇੰਸ਼ੋਰੈਂਸ ਵੀ ਤਕਰੀਬਨ ਸਾਰੇ ਹੀ ਲੈਂਦੇ ਹਨ, ਉਸੇ ਤਰ੍ਹਾਂ ਡਿਜੀਟਲ ਦੌਰ ’ਚ ਵਧਦੇ ਸਾਈਬਰ ਧੋਖੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਈਬਰ ਬੀਮਾ ਵੀ ਜ਼ਰੂਰੀ ਹੋ ਗਿਆ ਹੈ। ਜਿਵੇਂ ਕੋਈ ਬਿਮਾਰੀ ਸਾਨੂੰ ਬਿਨਾਂ ਦੱਸੇ ਨਹੀਂ ਆਉਂਦੀ, ਉਸੇ ਤਰ੍ਹਾਂ ਅਸੀਂ ਨਹੀਂ ਜਾਣਦੇ ਕਿ ਕਦੋਂ ਕਿਸ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਈਏ। ਜੇ ਸਾਡੇ ਬੈਂਕ ਖਾਤੇ ਤੋਂ ਧੋਖੇ ਨਾਲ ਪੈਸੇ ਨਿਕਲ ਜਾਣ, ਮੋਬਾਈਲ ਜਾਂ ਕੰਪਿਊਟਰ ਹੈਕ ਹੋ ਜਾਵੇ, ਸਾਡੀ ਨਿੱਜੀ ਜਾਣਕਾਰੀ ਲੀਕ ਹੋ ਜਾਵੇ ਜਾਂ ਤੁਹਾਨੂੰ ਕੋਈ ਆਨਲਾਈਨ ਬਲੈਕਮੈਲ ਕਰੇ ਤਾਂ ਸਾਈਬਰ ਇੰਸ਼ੋਰੈਂਸ ਇਨ੍ਹਾਂ ਹਾਲਤਾਂ ’ਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਦਾ ਹੈ।
ਬੀਮਾਕਰਤਾ ਤੇ ਕੰਪਨੀ ਵਿਚਕਾਰ ਇਕਰਾਰਨਾਮਾ
ਸਾਈਬਰ ਕ੍ਰਾਈਮ ਨੂੰ ਗ਼ੈਰ-ਕਾਨੂੰਨੀ ਵਿਹਾਰ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ, ਜਿਸ ਵਿਚ ਕੰਪਿਊਟਰ, ਕੰਪਿਊਟਰ ਨੈੱਟਵਰਕ ਜਾਂ ਨੈੱਟਵਰਕ ਡਿਵਾਈਸ ਸ਼ਾਮਿਲ ਹੁੰਦੇ ਹਨ। ਮੁੱਖ ਤੌਰ ’ਤੇ ਸਾਰੇ ਨਹੀਂ, ਸਾਈਬਰ ਕ੍ਰਾਈਮ ਮੁਨਾਫ਼ੇ ਨਾਲ ਚੱਲਣ ਵਾਲੇ ਸਾਈਬਰ ਅਪਰਾਧੀਆਂ ਜਾਂ ਹੈਕਰਾਂ ਦੁਆਰਾ ਕੀਤੇ ਜਾਂਦੇ ਹਨ। ਸਾਈਬਰ ਅਪਰਾਧੀ ਕਈ ਤਰੀਕਿਆਂ ਨਾਲ ਤੁਹਾਡੇ ਕੀਮਤੀ ਡਾਟਾ, ਪਛਾਣ ਤੇ ਪੈਸੇ ਆਦਿ ਨੂੰ ਚੋਰੀ ਜਾਂ ਨੁਕਸਾਨ ਪਹੁੰਚਾ ਸਕਦੇ ਹਨ। ਸਾਈਬਰ ਇੰਸ਼ੋਰੈਂਸ ਵਿਚ ਪਾਲਿਸੀ ਧਾਰਕ ਨੂੰ ਕਈ ਤਰ੍ਹਾਂ ਦੇ ਸਾਈਬਰ ਅਪਰਾਧ ਤੇ ਧੋਖਾਧੜੀ ਦੇ ਵਿਰੁੱਧ ਕਵਰ ਦਿੱਤਾ ਜਾਂਦਾ ਹੈ। ਸਾਈਬਰ ਬੀਮਾ ਨੈੱਟਵਰਕ-ਆਧਾਰਿਤ ਘਟਨਾ ਦੇ ਕਾਰਨ ਕਿਸੇ ਵੀ ਨੁਕਸਾਨ ਤੋਂ ਬਚਾਉਣ ਲਈ ਬੀਮਾਕਰਤਾ ਅਤੇ ਕੰਪਨੀ ਵਿਚਕਾਰ ਇਕ ਇਕਰਾਰਨਾਮਾ ਹੈ। ਦੂਜੇ ਸ਼ਬਦਾਂ ਵਿਚ ਸਾਈਬਰ ਬੀਮਾ ਸਾਈਬਰ ਉਲੰਘਣਾਵਾਂ ਨਾਲ ਜੁੜੇ ਖ਼ਰਚਿਆਂ ਤੇ ਕਾਨੂੰਨੀ ਖ਼ਰਚਿਆਂ ਨੂੰ ਕਵਰ ਕਰਦਾ ਹੈ, ਜਿਸ ਵਿਚ ਸਿਸਟਮ ਦੀ ਹੈਕਿੰਗ, ਡਾਟਾ ਚੋਰੀ ਅਤੇ ਸੰਸਥਾ ’ਚ ਮਹੱਤਵਪੂਰਨ ਜਾਣਕਾਰੀ ਦਾ ਨੁਕਸਾਨ ਸ਼ਾਮਿਲ ਹੋ ਸਕਦਾ ਹੈ। ਇਹ ਅਜਿਹਾ ਬੀਮਾ ਹੈ, ਜੋ ਸਾਈਬਰ ਹਮਲਿਆਂ, ਡਾਟਾ ਚੋਰੀ ਤੇ ਧੋਖਾਧੜੀ ਵਰਗੀਆਂ ਆਨਲਾਈਨ ਗਤੀਵਿਧੀਆਂ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਅਤੇ ਮਾਨਸਿਕ ਤਣਾਅ ਤੋਂ ਬਚਾਉਂਦਾ ਹੈ।
ਸਮਝ ਹੋਣੀ ਜ਼ਰੂਰੀ
ਸਾਈਬਰ ਬੀਮਾ ਲੈਂਦੇ ਸਮੇਂ ਪਾਲਿਸੀ ਦੀ ਚੰਗੀ ਸਮਝ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪਾਲਿਸੀ ਤੋਂ ਕਿਹੜੀ ਸੁਰੱਖਿਆ ਮਿਲੇਗੀ ਤੇ ਲੋੜ ਪੈਣ ’ਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਬੀਮਾ ਪਾਲਿਸੀ ਵੱਖ-ਵੱਖ ਕਿਸਮਾਂ ਦੇ ਸਾਈਬਰ ਖ਼ਤਰਿਆਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਸਾਈਬਰ ਇੰਸ਼ੋਰੈਂਸ ਲੈਂਦੇ ਸਮੇਂ ਇਹ ਧਿਆਨ ’ਚ ਰੱਖੋ ਕਿ ਭਾਵੇਂ ਤੁਹਾਨੂੰ ਜ਼ਿਆਦਾ ਪ੍ਰੀਮੀਅਮ ਅਦਾ ਕਰਨਾ ਪਵੇ ਪ੍ਰੰਤੂ ਕਟੌਤੀਯੋਗ ਰਕਮ ਘੱਟ ਰੱਖੀ ਗਈ ਹੋਵੇ। ਸਾਈਬਰ ਖ਼ਤਰਿਆਂ ਦੇ ਕਿਸੇ ਵੀ ਰੂਪ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਪਾਲਿਸੀ ਖ਼ਰੀਦ ਸਕਦੇ ਹਨ। ਪਰਿਵਾਰ ਵਿਚ ਸਵੈ, ਜੀਵਨ ਸਾਥੀ ਤੇ 2 ਨਿਰਭਰ ਬੱਚੇ (18 ਸਾਲ ਦੀ ਉਮਰ ਤਕ) ਸ਼ਾਮਿਲ ਹਨ। ਸਾਈਬਰ ਇੰਸ਼ੋਰੈਂਸ ਦੀ ਸ਼ੁਰੂਆਤ 199 ਰੁਪਏ ਸਾਲਾਨਾ ਤੋਂ ਹੁੰਦੀ ਹੈ, ਜਿਸ ਵਿਚ 10 ਹਜ਼ਾਰ ਰੁਪਏ ਤੱਕ ਦੇ ਫਰਾਡ ਤੋਂ ਕਵਰ ਮਿਲਦਾ ਹੈ। ਵੱਖ-ਵੱਖ ਕੰਪਨੀਆਂ ਵੱਖ-ਵੱਖ ਰੇਟ ’ਤੇ ਕਵਰ ਦਿੰਦੇ ਹਨ। ਇਸ ਵਿੱਚ ਅਸੀਂ 10 ਹਜ਼ਾਰ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਫਰਾਡ ਤੋਂ ਬਚਣ ਲਈ ਪਾਲਿਸੀ ਲੈ ਸਕਦੇ ਹਾਂ।
ਇਸ ਤਰ੍ਹਾਂ ਦੀ ਪਾਲਿਸੀ ਸਾਈਬਰ ਜੋਖ਼ਮਾਂ ਨੂੰ ਪੂਰਾ ਕਰਨ ਲਈ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦੀ ਹੈ, ਜਿਨ੍ਹਾਂ ਦਾ ਤੁਸੀਂ ਡਿਜੀਟਲ ਸੰਸਾਰ ਵਿਚ ਸਾਹਮਣਾ ਕਰ ਸਕਦੇ ਹੋ। ਇਹ ਹਨ ਫੰਡਾਂ ਦੀ ਚੋਰੀ (ਅਣਅਧਿਕਾਰਤ ਡਿਜੀਟਲ ਲੈਣ-ਦੇਣ), ਪਛਾਣ ਦੀ ਚੋਰੀ, ਡਾਟਾ ਰੀਸਟੋਰੇਸ਼ਨ/ਮਾਲਵੇਅਰ, ਸਾਈਬਰ ਧੱਕੇਸ਼ਾਹੀ, ਸਾਈਬਰ ਸਟਾਕਿੰਗ ਤੇ ਸਾਖ਼ ਦਾ ਨੁਕਸਾਨ, ਆਨਲਾਈਨ ਖ਼ਰੀਦਦਾਰੀ, ਸੋਸ਼ਲ ਮੀਡਿਆ ਸਕੈਮ, ਸਾਈਬਰ ਜਬਰੀ ਵਸੂਲੀ, ਨੈੱਟਵਰਕ ਸੁਰੱਖਿਆ ਦੇਣਦਾਰੀ, ਗੋਪਨੀਯਤਾ ਦੀ ਉਲੰਘਣਾ, ਸਮਾਰਟ ਹੋਮ ਕਵਰ, ਘੱਟ ਉਮਰ ਦੇ ਨਿਰਭਰ ਬੱਚਿਆਂ ਕਾਰਨ ਪੈਦਾ ਹੋਣ ਵਾਲੀ ਦੇਣਦਾਰੀ ਆਦਿ।
ਖ਼ਰਿਚਆਂ ਦਾ ਰੱਖਿਆ ਜਾਂਦਾ ਧਿਆਨ
ਇਹ ਪਾਲਿਸੀ ਕਿਸੇ ਤੀਜੀ-ਧਿਰ ਦੇ ਖ਼ਿਲਾਫ਼/ਵਿਰੁੱਧ ਕਾਨੂੰਨੀ ਕਾਰਵਾਈ ਕਰਨ ਜਾਂ ਬਚਾਅ ਕਰਨ ਲਈ ਕੀਤੇ ਗਏ ਕਾਨੂੰਨੀ ਖ਼ਰਚਿਆਂ ਅਤੇ ਖ਼ਰਚਿਆਂ ਦਾ ਧਿਆਨ ਰੱਖਦੀ ਹੈ। ਕਈ ਵਾਰੀ ਸਾਈਬਰ ਘਟਨਾ ਦਾ ਅਸਰ ਸਿਰਫ਼ ਸਾਡੇ ਨਾਲ-ਨਾਲ ਕਿਸੇ ਹੋਰ ਦੇ ਸਿਸਟਮ ’ਤੇ ਵੀ ਪੈ ਸਕਦਾ ਹੈ, ਜਿਵੇਂ ਸਾਡੇ ਮੋਬਾਈਲ ਜਾਂ ਲੈਪਟਾਪ ਵਿਚ ਵਾਇਰਸ ਹੋਵੇ ਤੇ ਅਸੀਂ ਉਸ ਤੋਂ ਕੋਈ ਈਮੇਲ ਜਾਂ ਫਾਇਲ ਕਿਸੇ ਨੂੰ ਭੇਜਦੇ ਹਾਂ ਅਤੇ ਇਸ ਕਾਰਨ ਦੂਜੇ ਵਿਅਕਤੀ ਦੇ ਕੰਪਿਊਟਰ ਜਾਂ ਮੋਬਾਈਲ ਨੂੰ ਨੁਕਸਾਨ ਪਹੁੰਚਦਾ ਹੈ, ਉਸ ਦਾ ਡਾਟਾ ਡਿਲੀਟ ਹੋ ਜਾਵੇ, ਚੋਰੀ ਹੋ ਜਾਵੇ ਜਾਂ ਸਿਸਟਮ ਠੱਪ ਹੋ ਜਾਵੇ। ਇਸ ਤਰ੍ਹਾਂ ਦੂਜਾ ਵਿਅਕਤੀ ਵੀ ਕਹਿ ਸਕਦਾ ਹੈ ਕਿ ਸਾਡੀ ਲਾਪਰਵਾਹੀ ਕਾਰਨ ਉਸ ਨੂੰ ਨੁਕਸਾਨ ਹੋਇਆ ਹੈ। ਜੇ ਸਾਡੇ ਗ਼ਲਤੀ ਨਾਲ ਤੀਸਰੇ ਵਿਅਕਤੀ (ਥਰਡ ਪਾਰਟੀ) ਨੂੰ ਸਾਈਬਰ ਨੁਕਸਾਨ ਹੋਇਆ ਹੋਵੇ ਤਾਂ ਬੀਮਾ ਪਾਲਿਸੀ ਉਸ ਦੀ ਭਰਪਾਈ ਕਰਦੀ ਹੈ। ਜੇ ਉਹ ਵਿਅਕਤੀ ਸਾਡੇ ’ਤੇ ਕਾਨੂੰਨੀ ਕਾਰਵਾਈ ਕਰੇ ਤਾਂ ਵਕੀਲ ਦੀ ਫ਼ੀਸ, ਕਾਨੂੰਨੀ ਖ਼ਰਚ ਆਦਿ ਵੀ ਕਵਰ ਹੁੰਦੇ ਹਨ।
ਇਸ ਤੋਂ ਇਲਾਵਾ ਪਾਲਿਸੀ ਕਿਸੇ ਆਈਟੀ ਮਾਹਿਰ ਦੀਆਂ ਸੇਵਾਵਾਂ ਲਈ ਜਾਂ ਡਾਟਾ ਨੂੰ ਬਹਾਲ ਕਰਨ ਲਈ ਕੀਤੇ ਗਏ ਖ਼ਰਚਿਆਂ ਦੀ ਅਦਾਇਗੀ ਕਰਦੀ ਹੈ। ਸਾਈਬਰ ਨੁਕਸਾਨ ਦੀ ਭਰਪਾਈ ਲਈ .ਪੂਰੀ ਤਰ੍ਹਾਂ ਭਰਿਆ ਹੋਇਆ ਅਤੇ ਹਸਤਾਖ਼ਰਤ ਦਾਅਵਾ ਫਾਰਮ ਜਮ੍ਹਾ ਕਰਨਾ, ਪੁਲਿਸ ਅਥਾਰਟੀਆਂ/ਸਾਈਬਰ ਸੈੱਲ ਕੋਲ ਦਰਜ ਐੱਫਆਈਆਰ ਦੀ ਕਾਪੀ, ਕਿਸੇ ਵੀ ਪ੍ਰਭਾਵਿਤ ਵਿਅਕਤੀ/ਇਕਾਈ ਤੋਂ ਪ੍ਰਾਪਤ ਕਾਨੂੰਨੀ ਨੋਟਿਸ ਦੀਆਂ ਕਾਪੀਆਂ, ਪ੍ਰਭਾਵਿਤ ਧਿਰ/ਹਸਤੀ ਦੁਆਰਾ ਦਾਇਰ ਮੁਕੱਦਮੇ ਦੇ ਸਬੰਧ ਵਿੱਚ ਕਿਸੇ ਵੀ ਅਦਾਲਤ ਤੋਂ ਪ੍ਰਾਪਤ ਸੰਮਨ ਦੀਆਂ ਕਾਪੀਆਂ, ਉਨ੍ਹਾਂ ਖ਼ਰਚਿਆਂ ਲਈ ਚਲਾਨ ਦੀਆਂ ਕਾਪੀਆਂ ਜੋ ਤੁਸੀਂ ਮਾਹਿਰ ਦੀਆਂ ਸੇਵਾਵਾਂ ਲਈ ਕੀਤੇ ਹਨ, ਮਨੋਵਿਗਿਆਨੀ ਨਾਲ ਤੁਹਾਡੀ ਸਲਾਹ ਦਾ ਸਬੂਤ, ਅਦਾਇਗੀ ਨਾ ਹੋਣ ਦਾ ਸਬੂਤ, ਤੁਹਾਡੀ ਆਖ਼ਰੀ ਮਹੀਨਾਵਾਰ ਤਨਖਾਹ ਦੀ ਕਾਪੀ, ਤੁਹਾਡੀ ਪਛਾਣ ਸੰਬੰਧੀ ਰਿਕਾਰਡਾਂ ਨੂੰ ਠੀਕ ਕਰਨ ਲਈ ਬੀਮਾ ਕੰਪਨੀ ਦੁਆਰਾ ਕੀਤੇ ਗਏ ਖ਼ਰਚਿਆਂ ਦਾ ਸਬੂਤ, ਬੈਂਕ ਨਾਲ ਪੱਤਰ ਵਿਹਾਰ ਦੀਆਂ ਕਾਪੀਆਂ ਜੋ ਇਹ ਸਾਬਿਤ ਕਰਦੀਆਂ ਹਨ ਕਿ ਬੈਂਕ ਬੀਮੇ ਦੀ ਅਦਾਇਗੀ ਨਹੀਂ ਕਰ ਰਿਹਾ, ਆਦਿ ਦਸਤਾਵੇਜ਼ ਲੋੜੀਂਦੇ ਹੁੰਦੇ ਹਨ
ਸਾਈਬਰ ਜਾਗਰੂਕਤਾ
ਇਕ ਲੇਖਕ ਅਤੇ ਸੁਰੱਖਿਆ ਖੋਜਕਾਰ ਬੇਨੀਲਡ ਜੋਸੇਫ ਨੇ ਕਿਹਾ, ‘ਇਹ ਇਸ ਤਰ੍ਹਾਂ ਹੈ, ਜਿਵੇਂ ਤੁਸੀਂ ਆਪਣੇ ਘਰ ਨੂੰ ਤਾਲਾ ਲਗਾ ਰਹੇ ਹੋ ਅਤੇ ਮੈਂ (ਇਕ ਧੋਖੇਬਾਜ਼) ਅਸਲ ਵਿਚ ਇਸ ਨੂੰ ਨਹੀਂ ਤੋੜ ਰਿਹਾ। ਮੈਂ ਤੁਹਾਡੇ ਦਿਮਾਗ ਨਾਲ ਛੇੜਛਾੜ ਕਰ ਰਿਹਾ ਹਾਂ ਤੇ ਤੁਹਾਨੂੰ ਇਹ ਕਰਨ ਲਈ ਮਜਬੂਰ ਕਰ ਰਿਹਾ ਹਾਂ। ਤਾਲੇ ਨਾਲ ਕੋਈ ਫ਼ਰਕ ਨਹੀਂ ਪੈਂਦਾ, ਇਸ ਦਾ ਮੁਕਾਬਲਾ ਕਰਨ ਦਾ ਇੱਕੋ ਇਕ ਤਰੀਕਾ ਹੈ ਸਾਈਬਰ ਜਾਗਰੂਕਤਾ।’ ਅਜਿਹੇ ਵਿਚ ਜੇ ਤੁਸੀਂ ਕਿਸੇ ਅਜਿਹੀ ਅਣਸੁਖਾਵੀਂ ਠੱਗੀ ਦਾ ਸ਼ਿਕਾਰ ਹੋ ਗਏ ਹੋ ਤਾਂ ਸਭ ਤੋਂ ਪਹਿਲਾ ਤੁਹਾਨੂੰ https://www.cybercrime.gov.in/ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਜ਼ਿਆਦਾ ਸੰਕਟਕਾਲੀਨ ਹਾਲਾਤਾਂ ਵਿਚ ਤੁਸੀਂ 1930 ਹੈਲਪਲਾਈਨ ਨੰਬਰ ’ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਇਹ ਸੇਵਾ 24*7 ਸਮਾਂ ਕੰਮ ਕਾਰਜ ਕਰਦੀ ਹੈ। ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿਚ ਕਿਤੇ ਵੀ ਸਾਈਬਰ ਅਪਰਾਧਾਂ ਦੀ ਰਿਪੋਰਟ ਕਰਨ ਲਈ ਉਪਰੋਕਤ ਪਲੇਟਫਾਰਮ ਸਥਾਪਿਤ ਕੀਤਾ ਸਾਈਬਰ ਅਪਰਾਧਾਂ ਸਬੰਧੀ ਸ਼ਿਕਾਇਤ ਕਰਨ ਲਈ ਇਹ ਸਬੂਤ ਆਪਣੀ ਸ਼ਿਕਾਇਤ ਲਈ ਲੋੜੀਦੇ ਹਨ, ਜਿਵੇਂ ਡੈਬਿਟ/ਕ੍ਰੈਡਿਟ ਕਾਰਡ ਦੀ ਰਸੀਦ, ਬੈਂਕ ਸਟੇਟਮੈਂਟ, ਬਰੋਸ਼ਰ, ਪੰਫਲੈੱਟ, ਆਨਲਾਈਨ ਪੈਸੇ ਟ੍ਰਾਂਸਫਰ ਦੀ ਰਸੀਦ, ਈਮੇਲ ਦੀ ਕਾਪੀ, ਵੈੱਬਪੰਨੇ ਦਾ ਯੂਆਰਐੱਲ, ਚੈਟ ਦੀਆ ਤਸਵੀਰਾਂ, ਸ਼ੱਕੀ ਮੋਬਾਈਲ ਨੰਬਰ ਦਾ ਸਕਰੀਨਸ਼ਾਟ, ਵੀਡੀਓਜ਼, ਚਿੱਤਰ ਆਦਿ।
ਸੋ ਸਭ ਤੋਂ ਪਹਿਲਾ ਸਾਨੂੰ ਸਾਈਬਰ ਸਪੇਸ ਉਪਰ ਬਹੁਤ ਹੀ ਸੁਚੇਤ ਹੋ ਕੇ ਇਸ ਦੀ ਵਰਤੋਂ ਕਰਨ ਦੀ ਲੋੜ ਹੈ ਅਤੇ ਨਾਲ ਹੀ ਆਪਣੇ ਵਿੱਤੀ ਨੁਕਸਾਨ ਦੀ ਭਰਪਾਈ ਜਾਂ ਕਹਿ ਲਓ ਕਿ ਸੁਰੱਖਿਆ ਵਿੱਤੀ ਭਵਿੱਖ ਲਈ ਸਾਈਬਰ ਬੀਮਾ ਜ਼ਰੂਰ ਲੈ ਲੈਣਾ ਚਾਹੀਦਾ ਹੈ, ਜੋ ਮੌਜੂਦਾ ਸਾਈਬਰ ਅਪਰਾਧਾਂ ਦੇ ਰੁਝਾਨਾਂ ਨੂੰ ਵੇਖਦੇ ਹੋਏ ਸਾਡੀ ਮੁੱਖ ਲੋੜ ਪ੍ਰਤੀਤ ਹੋ ਰਿਹਾ ਹੈ।
- ਜਗਜੀਤ ਸਿੰਘ ਗਣੇਸ਼ਪੁਰ