- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਸਮਾਦਜਾ ਐਂਡ ਸਮਾਦਜਾ ਸਟ੍ਰੈਟਜਿਕ ਐਡਵਾਈਜ਼ਰੀ ਵੱਲੋਂ ਕਰਵਾਏ ਗਏ ਇੰਡੀਆ ਗਲੋਬਲ ਇਨੋਵੇਸ਼ਨ ਕਨੈਕਟ-2026 ਪ੍ਰੋਗਰਾਮ ਵਿਚ ਸਾਨਿਆਲ ਨੇ ਕਿਹਾ ਕਿ ਏਆਈ ਅਨਿਸ਼ਚਿਤ ਤੇ ਗੁੰਝਲਦਾਰ ਪ੍ਰਣਾਲੀ ਹੈ, ਸਾਨੂੰ ਇਸ ਨੂੰ ਉਸੇ ਤਰ੍ਹਾਂ ਕਾਬੂ ਹੇਠ ਕਰਨਾ ਚਾਹੀਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੁਨੀਆ ਭਰ ਵਿਚ ਏਆਈ ਦੀ ਨਿਗਰਾਨੀ ਤੇ ਨਿਯਮਾਂ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਭਾਰਤ ਵਿਚ ਵੀ ਇਸ ਮਾਮਲੇ ’ਤੇ ਗੰਭੀਰ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਦੀ ਮੰਸ਼ਾ ਏਆਈ ’ਤੇ ਸਿੱਧੇ ਤੌਰ ’ਤੇ ਸਖ਼ਤ ਨਿਗਰਾਨੀ ਲਾਗੂ ਕਰਨ ਦੀ ਨਹੀਂ ਹੈ, ਸੰਕੇਤ ਸਾਫ਼ ਹਨ ਕਿ ਇਹੋ ਜਿਹਾ ਈਕੋਸਿਸਟਮ ਵਿਕਸਤ ਕੀਤਾ ਜਾ ਸਕਦਾ ਹੈ, ਜੋ ਏਆਈ ਦੀ ਦੁਰਵਰਤੋਂ ’ਤੇ ਅਸਰਦਾਰ ਰੋਕ ਲਗਾਉਣ ਵਿਚ ਸਮਰੱਥ ਹੋਵੇ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ (ਪੀਐੱਮਈਏਸੀ) ਦੇ ਮੈਂਬਰ ਸੰਜੀਵ ਸਾਨਿਆਲ ਨੇ ਦਿੱਲੀ ਵਿਚ ਪ੍ਰੋਗਰਾਮ ਦੌਰਾਨ ਕਹੀ।
ਇੱਥੇ ਸਮਾਦਜਾ ਐਂਡ ਸਮਾਦਜਾ ਸਟ੍ਰੈਟਜਿਕ ਐਡਵਾਈਜ਼ਰੀ ਵੱਲੋਂ ਕਰਵਾਏ ਗਏ ਇੰਡੀਆ ਗਲੋਬਲ ਇਨੋਵੇਸ਼ਨ ਕਨੈਕਟ-2026 ਪ੍ਰੋਗਰਾਮ ਵਿਚ ਸਾਨਿਆਲ ਨੇ ਕਿਹਾ ਕਿ ਏਆਈ ਅਨਿਸ਼ਚਿਤ ਤੇ ਗੁੰਝਲਦਾਰ ਪ੍ਰਣਾਲੀ ਹੈ, ਸਾਨੂੰ ਇਸ ਨੂੰ ਉਸੇ ਤਰ੍ਹਾਂ ਕਾਬੂ ਹੇਠ ਕਰਨਾ ਚਾਹੀਦਾ ਹੈ। ਇੱਥੇ ਸਭ ਤੋਂ ਵਧੀਆ ਕੰਮ ਜੋ ਕੀਤਾ ਜਾ ਸਕਦਾ ਹੈ, ਉਹ ਹੈ- ‘ਸਕਿਨ ਇਨ ਦ ਗੇਮ’ ਯਾਨੀ ਆਪਣੀ ਜ਼ਿੰਮੇਵਾਰੀ ਖ਼ੁਦ ਲੈਣ ਦੀ ਵਿਵਸਥਾ। ਇਸ ਵਿਚ ਸਪਸ਼ਟ ਜਵਾਬਦੇਹੀ ਹੋਣੀ ਚਾਹੀਦੀ ਹੈ ਅਤੇ ਜੋ ਲੋਕ ਜਾਂ ਸੰਸਥਾਵਾਂ ਇਸ ਸੰਦਰਭ ਵਿਚ ਗ਼ਲਤੀ ਕਰਨਗੇ, ਉਨ੍ਹਾਂ ਨੂੰ ਇਸ ਦੀ ਕੀਮਤ ਭੁਗਤਣੀ ਪਵੇਗੀ। ਜੇ ਇੰਝ ਨਾ ਹੋਇਆ ਤਾਂ ਇਸ ਖੇਤਰ ਵਿਚ ਮਹਾਮਾਰੀ ਵਾਂਗ ਗ਼ਲਤ ਕੰਮ ਹੋਣ ਲੱਗਣਗੇ। ਆਖ਼ਰਕਾਰ, ਏਆਈ ਲਈ ਸਾਨੂੰ ਸੰਸਾਰ ਪੱਧਰੀ ਕੰਟਰੋਲ ਸਿਸਟਮ ਦੀ ਲੋੜ ਪਵੇਗੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਵਿੱਤੀ ਬਾਜ਼ਾਰਾਂ ਵਿਚ ਸਵਿਫਟ (ਬੈਂਕਿੰਗ ਲੇਣ-ਦੇਣ ਦਾ ਕੌਮਾਂਤਰੀ ਪ੍ਰਬੰਧ) ਕੰਮ ਕਰਦਾ ਹੈ ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਏਨੀ ਗੁੰਝਲਦਾਰ ਪ੍ਰਣਾਲੀ ਨੂੰ ਸਿਰਫ਼ ਸਖ਼ਤ ਨਿਯਮਾਂ ਨਾਲ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ।
ਭਾਰਤ ਵਿਚ ਵਰਤਮਾਨ ਸਮੇਂ ਏਆਈ ’ਤੇ ਕੋਈ ਵੱਡਾ ਕਾਨੂੰਨ ਨਹੀਂ ਹੈ। ਸਰਕਾਰ ਦਾ ਰੁਖ਼ ਨਵੀਆਂ ਖੋਜਾਂ ਤੇ ਨਵੀਨਤਾਕਾਰੀ ਨੂੰ ਉਤਸ਼ਾਹਤ ਕਰਨ ਵਾਲਾ ਹੈ। ਨਵੰਬਰ 2025 ਵਿਚ ਕੇਂਦਰ ਸਰਕਾਰ ਨੇ ਏਆਈ ਵਿਚ ਗਵਰਨੈਂਸ ਨੂੰ ਲੈ ਕੇ 7 ਸੂਤਰਾਂ ਦੀ ਸਲਾਹ ਜਾਰੀ ਕੀਤੀ ਸੀ, ਜਿਸ ਵਿਚ ਇਖ਼ਲਾਕ, ਜਵਾਬਦੇਹੀ, ਪਾਰਦਰਸ਼ਤਾ ਅਤੇ ਨਿਰੰਤਰਤਾ ’ਤੇ ਜ਼ੋਰ ਦਿੱਤਾ ਗਿਆ ਹੈ। ਇੰਡੀਆ ਏਆਈ ਮਿਸ਼ਨ ਤਹਿਤ ਵੀ ਸੁਰੱਖਿਆ ਅਤੇ ਗਵਰਨੈਂਸ ਲਈ ਵੱਖ-ਵੱਖ ਸਮੂਹ ਸਥਾਪਤ ਕੀਤੇ ਗਏ ਹਨ। ਦੇਸ਼ ਦੀਆਂ ਪ੍ਰਮੁੱਖ ਰੈਗੂਲੇਟਰੀ ਏਜੰਸੀਆਂ ਜਿਵੇਂ ਆਰਬੀਆਈ, ਸੇਬੀ ਆਦਿ ਵੀ ਡੀਪਫੇਕ ਤੇ ਗ਼ਲਤ ਜਾਣਕਾਰੀ ਆਦਿ ਫੈਲਾਉਣ ਵਿਚ ਏਆਈ ਦੀ ਵਰਤੋਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਪ੍ਰੋਗਰਾਮ ਵਿਚ ਸਮਾਦਜਾ ਐਂਡ ਸਮਾਦਜਾ ਦੇ ਮੁਖੀ ਕਲਾਡ ਸਮਾਦਜਾ ਨੇ ਜ਼ੋਰ ਦੇ ਕੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਇਹ ਮੰਨਦਾ ਹੈ ਕਿ ਏਆਈ ਇਨੋਵੇਸ਼ਨ ਵਿਚ ਭਾਰਤ ਵੱਲੋਂ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਭਾਰਤ ਦੀਆਂ ਪ੍ਰਤਿਭਾਵਾਂ ਘੱਟ ਸਮਰੱਥਾ ਵਿਚ ਬਹੁਤ ਜ਼ਿਆਦਾ ਪ੍ਰਾਪਤ ਕਰਨ ਦੀ ਖ਼ਾਸੀਅਤ ਰੱਖਦੀਆਂ ਹਨ, ਜੋ ਏਆਈ ਕ੍ਰਾਂਤੀ ਵਿਚ ਕੰਮ ਆਵੇਗੀ। ਸੰਮੇਲਨ ਵਿਚ ਆਈਆਈਟੀ ਮਦਰਾਸ ਦੇ ਨਿਰਦੇਸ਼ਕ ਵੀ. ਕਾਮਕੋਟੀ ਨੇ ਏਆਈ ਵਿਕਾਸ ਨੂੰ ਇਖ਼ਲਾਕ, ਜਵਾਬਦੇਹੀ ਅਤੇ ਟਿਕਾਊਪਣ ਨਾਲ ਜੋੜਣ ਦੀ ਗੱਲ ਕਹੀ ਹੈ।