ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸਕਾਟਲੈਂਡ, ਕੈਨੇਡਾ, ਇਟਲੀ, ਨੀਦਰਲੈਂਡ, ਨਾਬੀਮੀਆ, ਜ਼ਿੰਬਾਬਵੇ, ਨੇਪਾਲ, ਓਮਾਨ ਤੇ ਯੂਏਈ ਸ਼ਾਮਲ ਹਨ। ਹਰੇਕ ਦੇਸ਼ ਦੀ ਟੀਮ ਵਿਚ 15 ਖਿਡਾਰੀ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 300 ਬਣਦੀ ਹੈ। ਟੀ-20 ਕ੍ਰਿਕਟ ਦੇ ਇਸ ਮਹਾਕੁੰਭ ’ਚ ਜਿੱਥੇ ਟੀਮਾਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ, ਉਥੇ ਹੀ ਇਨ੍ਹਾਂ ਟੀਮਾਂ ਦੇ ਖਿਡਾਰੀਆ ਨੇ ਵੀ ਵਿਅਕਤੀਗਤ ਤੌਰ ’ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।

7 ਫਰਵਰੀ ਤੋਂ 8 ਮਾਰਚ ਤੱਕ ਭਾਰਤ ਤੇ ਸ੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ’ਚ ਖੇਡੇ ਗਏ ਟੀ-20 ਵਿਸ਼ਵ ਕ੍ਰਿਕਟ ਕੱਪ ਦਾ ਖ਼ਿਤਾਬ ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਆਪਣੇ ਨਾਂ ਕੀਤਾ ਹੈ। ਇਸ ਟੂਰਨਾਮੈਂਟ ਦੌਰਾਨ ਵਿਸ਼ਵ ਦੇ 20 ਦੇਸ਼ਾਂ ਦੀਆ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚ ਭਾਰਤ ਤੋਂ ਇਲਾਵਾ ਸ੍ਰੀਲੰਕਾ, ਅਫਗਾਨਿਸਤਾਨ, ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫ਼ਰੀਕਾ, ਯੂਐੱਸਏ, ਵੈਸਟ ਇੰਡੀਜ਼, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸਕਾਟਲੈਂਡ, ਕੈਨੇਡਾ, ਇਟਲੀ, ਨੀਦਰਲੈਂਡ, ਨਾਬੀਮੀਆ, ਜ਼ਿੰਬਾਬਵੇ, ਨੇਪਾਲ, ਓਮਾਨ ਤੇ ਯੂਏਈ ਸ਼ਾਮਲ ਹਨ। ਹਰੇਕ ਦੇਸ਼ ਦੀ ਟੀਮ ਵਿਚ 15 ਖਿਡਾਰੀ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਗਿਣਤੀ 300 ਬਣਦੀ ਹੈ। ਟੀ-20 ਕ੍ਰਿਕਟ ਦੇ ਇਸ ਮਹਾਕੁੰਭ ’ਚ ਜਿੱਥੇ ਟੀਮਾਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ, ਉਥੇ ਹੀ ਇਨ੍ਹਾਂ ਟੀਮਾਂ ਦੇ ਖਿਡਾਰੀਆ ਨੇ ਵੀ ਵਿਅਕਤੀਗਤ ਤੌਰ ’ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਵਾਰ ਵਿਸ਼ਵ ਕ੍ਰਿਕਟ ਕੱਪ ਦੀ ਇਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਵਿਸ਼ਵ ਦੇ 20 ਦੇਸ਼ਾਂ ਦੀਆ ਬਹੁਤ ਸਾਰੀਆ ਟੀਮਾਂ ਅਜਿਹੀਆ ਸਨ, ਜਿਨ੍ਹਾਂ ’ਚ ਪੰਜਾਬੀ ਮੂੂਲ ਦੇ ਖਿਡਾਰੀਆ ਨੇ ਸ਼ਮੂਲੀਅਤ ਕਰਕੇ ਆਪਣੀ ਖੇਡ ਪ੍ਰਤਿਭਾ ਨਾਲ ਕ੍ਰਿਕਟ ਪ੍ਰੇਮੀਆ ਦਾ ਮਨ ਮੋਹ ਲਿਆ। ਇਸ ਟੂਰਨਾਮੈਂਟ ’ਚ ਖੇਡ ਰਹੇ ਪੰਜਾਬੀ ਮੂਲ ਦੇ ਖਿਡਾਰੀਆ ਦੀ ਗਿਣਤੀ 15 ਤੋਂ ਵੀ ਵੱਧ ਸੀ, ਜਿਨ੍ਹਾਂ ਨੇ ਆਪਣੀ ਖੇਡ ਸਦਕਾ ਆਪਣਾ ਤੇ ਪੰਜਾਬੀਆ ਦਾ ਨਾਂ ਰੌਸ਼ਨ ਕਰਨ ਦੇ ਨਾਲ਼ ਹੀ ਵਿਸ਼ਵ ਪੱਧਰ ’ਤੇ ਇਹ ਛਾਪ ਛੱਡੀ ਹੈ ਕਿ ਜੇਕਰ ਪੰਜਾਬੀਆ ਨੂੰ ਮੌਕਾ ਮਿਲੇ ਤਾਂ ਉਹ ਖੇਡਾਂ ਦੇ ਨਾਲ ਹੀ ਕਿਸੇ ਵੀ ਖੇਤਰ ’ਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਸਕਦੇ ਹਨ। ਇਸ ਵਿਸ਼ਵ ਕ੍ਰਿਕਟ ਕੱਪ ’ਚ ਖੇਡਣ ਵਾਲੇ ਪੰਜਾਬੀਆ ਦੀ ਗੱਲ ਕਰੀਏ ਤਾਂ ਭਾਰਤੀ ਟੀਮ ’ਚ ਤਿੰਨ ਖਿਡਾਰੀ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਸ਼ਾਮਲ ਸਨ। ਭਾਰਤ ਨੂੰ ਇਹ ਵਿਸ਼ਵ ਕੱਪ ਜਿਤਾਉਣ ’ਚ ਇਨ੍ਹਾਂ ਖਿਡਾਰੀਆ ਦਾ ਅਹਿਮ ਯੋਗਦਾਨ ਰਿਹਾ ਹੈ। ਖਾਸ ਕਰਕੇ ਜਸਪ੍ਰੀਤ ਬੁਮਰਾਹ ਨੇ ਆਪਣੀ ਗੇਂਦਬਾਜ਼ੀ ਨਾਲ ਵਿਸ਼ਵ ਭਰ ’ਚ ਵਾਹ-ਵਾਹ ਖੱਟੀ ਹੈ। ਕੈਨੇਡਾ ਦੀ ਟੀਮ ’ਚ 7 ਪੰਜਾਬੀ ਮੂਲ ਦੇ ਖਿਡਾਰੀ ਸ਼ਾਮਲ ਸਨ, ਜਿਨ੍ਹਾਂ ’ਚ ਜਸਕਰਨਦੀਪ ਸਿੰਘ, ਨਵਨੀਤ ਧਾਲੀਵਾਲ, ਰਵਿੰਦਰਪਾਲ ਸਿੰਘ, ਕੰਵਰਪਾਲ ਠੱਠਗੜ੍ਹ, ਦਿਲਪ੍ਰੀਤ ਬਾਜਵਾ, ਯੁਵਰਾਜ ਸਮਰਾ, ਅਜੇਵੀਰ ਸਿੰਘ ਹੁੰਦਲ ਹਨ। ਨੀਦਰਲੈਂਡ ਦੀ ਟੀਮ ’ਚ ਸ਼ਾਮਲ ਆਰੀਅਨ ਦੱਤ ਤੇ ਨਿਊਜ਼ੀਲੈਂਡ ਟੀਮ ’ਚ ਇੰਦਰਬੀਰ ਸਿੰਘ ਈਸ਼ ਸੋਢੀ ਵੀ ਪੰਜਾਬੀ ਮੂਲ ਦੇ ਹਨ। ਓਮਾਨ ਦੀ ਟੀਮ ’ਚ ਜਤਿੰਦਰ ਸਿੰਘ, ਯੂਐੱਸਏ ਦੀ ਟੀਮ ’ਚ ਹਰਮੀਤ ਸਿੰਘ ਅਤੇ ਯੂਏਈ ’ਚ ਸ਼ਾਮਲ ਸਿਮਰਨਜੀਤ ਸਿੰਘ ਵੀ ਪੰਜਾਬੀ ਮੂਲ ਦੇ ਕ੍ਰਿਕਟਰ ਹਨ। ਕਿਸੇ ਵੀ ਵਿਦੇਸ਼ੀ ਟੀਮ ’ਚ ਸਭ ਤੋਂ ਵੱਧ ਪੰਜਾਬੀ ਖਿਡਾਰੀ ਕੈਨੇਡਾ ਦੀ ਟੀਮ ਸ਼ਾਮਲ ਸਨ, ਜਿੱਥੇ ਪੰਜਾਬੀ ਵੱਡੀ ਗਿਣਤੀ ’ਚ ਵੱਸੇ ਹੋਏ ਹਨ। ਹਾਲਾਂਕਿ ਇਸ ਵਿਸ਼ਵ ਕ੍ਰਿਕਟ ਕੱਪ ਦੀਆ ਟੀਮਾਂ ਤੋਂ ਇਲਾਵਾ ਵੀ ਵੱਖ-ਵੱਖ ਦੇਸ਼ਾਂ ਦੀਆ ਟੀਮਾਂ ਵਿਚ ਵੀ ਪੰਜਾਬੀ ਮੂਲ ਦੇ ਖਿਡਾਰੀ ਖੇਡਦੇ ਆ ਰਹੇ ਹਨ।
ਜਸਪ੍ਰੀਤ ਬੁਮਰਾਹ
ਭਾਰਤੀ ਟੀਮ ’ਚ ਸ਼ਾਮਲ 32 ਸਾਲਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਜਨਮ ਬੇਸ਼ੱਕ ਅਹਿਮਦਾਬਾਦ, ਗੁਜਰਾਤ ’ਚ 6 ਦਸੰਬਰ 1993 ਨੂੰ ਹੋਇਆ ਪਰ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਪੰਜਾਬ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਫਗਵਾੜਾ ਦੇ ਰਹਿਣ ਵਾਲੇ ਸਨ। ਜਸਪ੍ਰੀਤ ਬੁਮਰਾਹ ਦਾ ਪਾਲਣ ਪੋਸ਼ਣ ਮਾਤਾ ਦਲਜੀਤ ਬੁਮਰਾਹ ਨੇ ਕੀਤਾ ਕਿਉਂਕਿ ਜਦੋਂ ਉਹ 5 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜਸਬੀਰ ਬੁਮਰਾਹ ਅਕਾਲ ਚਲਾਣਾ ਕਰ ਗਏ। ਉਨ੍ਹਾਂ ਸਕੂਲੀ ਵਿੱਦਿਆ ਨਿਰਮਾਨ ਹਾਈ ਸਕੂਲ ਵਸਤਰਾਪੁਰ ਤੋਂ ਕੀਤੀ ਅਤੇ ਉਦੋਂ ਹੀ ਕ੍ਰਿਕਟ ’ਚ ਰੁਚੀ ਲੈਣ ਲੱਗੇ ਪਏ ਸਨ। 2010 ’ਚ ਬੁਮਰਾਹ ਨੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-19 ਜ਼ਿਲ੍ਹਾ ਟੀਮ ਲਈ ਟਰਾਇਲ ਦਿੱਤੇ ਪਰ ਚੋਣਕਾਰਾਂ ਨੇ ਉਨ੍ਹਾਂ ਦੇ ਗੇਂਦਬਾਜ਼ੀ ਦੇ ਅਨੋਖੇ ਅੰਦਾਜ਼ ਨੂੰ ਦੇਖਦੇ ਹੋਏ 15 ਖਿਡਾਰੀਆ ’ਚ ਸ਼ਾਮਲ ਨਾ ਕਰਕੇ ਰਾਖਵੇਂ ਖਿਡਾਰੀ ਵਜੋਂ ਚੁਣ ਲਿਆ। ਇਸ ਟੀਮ ਨੇ ਆਪਣੇ ਪਹਿਲੇ ਤਿੰਨ ਮੈਚ ਜਿੱਤ ਲਏ ਤਾਂ ਚੌਥੇ ਮੈਚ ’ਚ ਉਸ ਸਮੇਤ ਤਿੰਨਾਂ ਰਾਖਵੇਂ ਖਿਡਾਰੀਆ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ ਕਰਦਿਆ 7 ਵਿਕਟਾਂ ਝਟਕਾਈਆ। ਇਥੋਂ ਹੀ ਉਨ੍ਹਾਂ ਦੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਹੋਈ। 2012-13 ’ਚ ਸਈਅਦ ਮੁਸ਼ਤਾਕ ਅਲੀ ਟ੍ਰਾਫੀ ਦੌਰਾਨ ਉਨ੍ਹਾਂ ਨੇ ਡੈਬਿਊ ਕੀਤਾ। ਬੁਮਰਾਹ ਨੇ ਇਕ ਦਿਨਾ ਕ੍ਰਿਕਟ ਦਾ ਡੈਬਿਊ 23 ਜਨਵਰੀ 2016 ਤੇ ਟੀ-20 ਦਾ ਡੈਬਿਊ ਤਿੰਨ ਦਿਨਾਂ ਬਾਅਦ 26 ਜਨਵਰੀ ਨੂੰ ਕੀਤਾ ਜਦੋਂਕਿ ਟੈਸਟ ਕ੍ਰਿਕਟ ਦੀ ਸ਼ੁਰੂਆਤ 5 ਜਨਵਰੀ 2018 ’ਚ ਕੀਤੀ ਸੀ। ਉਹ ਹੁਣ ਤਕ 80 ਫਸਟ ਕਲਾਸ ਮੈਚਾਂ ’ਚ 326 ਵਿਕਟਾਂ ਲੈਣ ਤੋਂ ਇਲਾਵਾ 52 ਟੈਸਟ ਮੈਚਾਂ ’ਚ 234 ਵਿਕਟਾਂ, 89 ਇਕ ਦਿਨਾ ਮੈਚਾਂ ’ਚ 148 ਅਤੇ 94 ਟੀ-20 ਮੈਚਾਂ ’ਚ 117 ਵਿਕਟਾਂ ਲੈ ਚੁੱਕੇ ਹਨ। ਆਪਣੇ ਹੁਣ ਤਕ ਦੇ ਖੇਡ ਕਰੀਅਰ ਦੌਰਾਨ ਬੁਮਰਾਹ ਨੇ ਇਕ ਪਾਰੀ ਦੌਰਾਨ 16 ਵਾਰ 5 ਵਿਕਟਾਂ ਲਈਆ ਹਨ ਅਤੇ ਉਹ ਵਿਸ਼ਵ ਦੇ ਉੱਚ ਦਰਜੇ ਦੇ ਗੇਂਦਬਾਜ਼ਾਂ ’ਚ ਸ਼ਾਮਲ ਹਨ। ਆਪਣੇ ਖੇਡ ਕਰੀਅਰ ਦੌਰਾਨ ਉਹ ਕਈ ਵਾਰ ਭਾਰਤ ਨੂੰ ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ ਚੁੱਕੇ ਹਨ ਅਤੇ 8 ਮਾਰਚ ਨੂੰ ਖੇਡੇ ਗਏ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੈਚ ਦੌਰਾਨ ਉਨ੍ਹਾਂ ਨੇ 15 ਦੌੜਾਂ ਦੇ ਕੇ ਨਿਊਜ਼ੀਲੈਂਡ ਦੀਆ 4 ਵਿਕਟਾਂ ਝਟਕਾਈਆ, ਜਿਸ ਕਰਕੇ ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ ਸੀ।
ਅਰਸ਼ਦੀਪ ਸਿੰਘ
ਭਾਰਤੀ ਟੀਮ ਦੇ ਖੱਬੇ ਹੱਥ ਦੇ ਮੀਡੀਅਮ-ਫਾਸਟ ਗੇਂਦਬਾਜ਼ 27 ਸਾਲਾ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਮੱਧ ਪ੍ਰਦੇਸ਼ ਦੇ ਗੁਨਾ ’ਚ ਹੋਇਆ ਕਿਉਂਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਸੀਆਈਐੱਸਐੱਫ ’ਚ ਇੰਸਪੈਕਟਰ ਵਜੋਂ ਉਥੇ ਤਾਇਨਾਤ ਸਨ ਤੇ ਮਾਤਾ ਬਲਜੀਤ ਕੌਰ ਘਰੇਲੂ ਔਰਤ ਹਨ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੜ ਖਰੜ ਆ ਕੇ ਵੱਸ ਗਿਆ। ਅਰਸ਼ਦੀਪ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ ਗਿਆਨ ਜੋਤੀ ਪਬਲਿਕ ਸਕੂਲ ਖਰੜ ਤੋਂ ਕੀਤੀ। ਉਸ ਅੰਦਰ ਕ੍ਰਿਕਟ ਪ੍ਰਤੀ ਚਿਣਗ ਦੇਖ ਕੇ ਉਨ੍ਹਾਂ ਦੇ ਪਿਤਾ ਤੇ ਮਾਤਾ ਨੇ ਹਰ ਤਰ੍ਹਾਂ ਦਾ ਸਹਿਯੋਗ ਤੇ ਹੌਸਲਾ ਅਫਜ਼ਾਈ ਦਿੱਤੀ ਪਰ 2017 ਤਕ ਉਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਢੁੱਕਵਾਂ ਮੌਕਾ ਨਾ ਮਿਲਿਆ। ਇਸ ਲਈ ਉਸ ਨੇ ਕੈਨੇਡਾ ਰਹਿੰਦੇ ਆਪਣੇ ਵੱਡੇ ਭਰਾ ਅਕਾਸ਼ਦੀਪ ਸਿੰਘ ਕੋਲ ਜਾਣ ਦਾ ਮਨ ਬਣਾ ਲਿਆ। ਫਿਰ ਉਸ ਨੂੰ ਕਟੋਚ ਸ਼ੀਲਡ ਟੂਰਨਾਮੈਂਟ ’ਚ ਖੇਡਣ ਦਾ ਮੌਕਾ ਮਿਲਿਆ ਅਤੇ 2018 ’ਚ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਉਸ ਦੀ ਚੋਣ ਹੋ ਗਈ। ਉਸੇ ਸਾਲ ਹੀ ਸੀਕੇ ਨਾਇਡੂ ਟਰਾਫੀ ਲਈ ਅੰਡਰ-23 ਪੰਜਾਬ ਟੀਮ ਵੱਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੇ ਰਾਜਸਥਾਨ ਖ਼ਿਲਾਫ਼ ਖੇਡੇ ਗਏ ਮੈਚ ਦੀ ਦੂਜੀ ਪਾਰੀ ’ਚ ਹੈਟ੍ਰਿਕ ਬਣਾਉਣ ਦੇ ਨਾਲ ਹੀ 8 ਵਿਕਟਾਂ ਝਟਕਾਈਆ। ਉਸ ਮੈਚ ’ਚ ਅਰਸ਼ਦੀਪ ਸਿੰਘ ਨੇ 10 ਵਿਕਟਾਂ ਹਾਸਲ ਕੀਤੀਆ। ਉਸੇ ਸਾਲ ਹੀ ਉਸ ਨੂੰ ਵਿਜੇ ਹਜ਼ਾਰੇ ਟਰਾਫੀ ਤੇ 2019 ’ਚ ਰਣਜੀ ਟ੍ਰਾਫੀ ’ਚ ਖੇਡਣ ਦਾ ਮੌਕਾ ਮਿਲ ਗਿਆ। 2018 ’ਚ ਉਸ ਨੂੰ 2019 ਦੇ ਆਈਪੀਐੱਲ ਵਾਸਤੇ ਪੰਜਾਬ ਕਿੰਗਜ਼ ਇਲੈਵਨ ਟੀਮ ਲਈ ਖਰੀਦਿਆ ਗਿਆ ਅਤੇ 16 ਅਪ੍ਰੈਲ 2019 ਨੂੰ ਉਸ ਦੇ ਟੀ-20 ਕਰੀਅਰ ਦੀ ਸ਼ੁਰੂਆਤ ਹੋਈ। ਨਵੰਬਰ 2019 ’ਚ ਅਰਸ਼ਦੀਪ ਸਿੰਘ ਨੂੰ ਏਸੀਸੀ ਇਮਰਜਿੰਗ ਟੀਮਜ਼ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ। ਉਸ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਗਾਜ਼ 2022 ’ਚ ਟੀ-20 ਲਈ 7 ਜੁਲਾਈ ਨੂੰ ਅਤੇ ਇਕ ਦਿਨਾ ਕ੍ਰਿਕਟ ਲਈ 25 ਨਵੰਬਰ ਨੂੰ ਕੀਤਾ। ਉਹ ਹੁਣ ਤਕ 15 ਇਕ ਦਿਨਾ ਮੈਚਾਂ ਦੌਰਾਨ 25 ਵਿਕਟਾਂ, 80 ਤੋਂ ਵੱਧ ਟੀ-20 ਮੈਚਾਂ ਦੌਰਾਨ 127 ਅਤੇ 22 ਫਸਟ ਕਲਾਸ ਮੈਚਾਂ ਦੌਰਾਨ 67 ਵਿਕਟਾਂ ਲੈ ਚੁੱਕੇ ਹਨ।
ਅਭਿਸ਼ੇਕ ਸ਼ਰਮਾ
ਟੀ-20 ਕ੍ਰਿਕਟ ਦੇ ਵਿਸ਼ਵ ਦੇ ਨੰਬਰ ਇਕ ਖਿਡਾਰੀ 25 ਸਾਲਾ ਅਭਿਸ਼ੇਕ ਸ਼ਰਮਾ ਦਾ ਜਨਮ 4 ਸਤੰਬਰ 2000 ਵਿਚ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਿਤਾ ਰਾਜ ਕੁਮਾਰ ਤੇ ਮਾਤਾ ਮੰਜੂ ਸ਼ਰਮਾ ਦੇ ਘਰ ਹੋਇਆ। ਅਭਿਸ਼ੇਕ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਕੀਤੀ। ਕ੍ਰਿਕਟ ਖੇਡਣ ਦਾ ਸ਼ੌਕ ਉਸ ਨੇ ਸਕੂਲ ’ਚ ਪੜ੍ਹਨ ਦੌਰਾਨ ਹੀ ਪੈ ਗਿਆ। ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਦੋਵੇਂ ਬਚਪਨ ਦੇ ਦੋਸਤ ਹਨ ਤੇ ਦੋਵੇਂ ਪੰਜਾਬ ਦੀ ਅੰਡਰ-14 ਟੀਮ ’ਚ ਓਪਨਿੰਗ ਕਰਦੇ ਰਹੇ ਹਨ। ਕੋਵਿਡ-19 ਦੇ ਲਾਕ ਡਾਊਨ ਦੌਰਾਨ ਸਾਬਕਾ ਕ੍ਰਿਕਟ ਸਿਤਾਰੇ ਯੁਵਰਾਜ ਸਿੰਘ ਨੇ ਅਭਿਸ਼ੇਕ ਨੂੰ ਕੋਚਿੰਗ ਦੇਣ ’ਚ ਅਹਿਮ ਭੂਮਿਕਾ ਨਿਭਾਈ। ਘਰੇਲੂ ਕਰੀਅਰ ਦੌਰਾਨ ਉਸ ਨੇ ਅੰਡਰ-16 ਟੀਮ ’ਚ ਖੇਡਦਿਆ 2015-16 ਦੀ ਵਿਜੇ ਮਰਚੈਂਟ ਟਰਾਫੀ ਵਿਚ ਸੈਂਕੜਾ ਮਾਰਿਆ। ਉਸੇ ਸਾਲ ਹੀ ਅਭਿਸ਼ੇਕ ਨੇ ਪੰਜਾਬ ਅੰਡਰ-19 ਟੀਮ ਵੱਲੋਂ ਵੀਨੂ ਮਾਂਕਡ ਟ੍ਰਾਫੀ ’ਚ ਹਿੱਸਾ ਲਿਆ। 2016 ’ਚ ਅੰਡਰ-19 ਏਸ਼ੀਆ ਕੱਪ ’ਚ ਉਸ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 2017 ’ਚ ਇੰਗਲੈਂਡ ਦੇ ਖਿਲਾਫ਼ ਅੰਡਰ-19 ਇਕ ਦਿਨਾ ਸੀਰੀਜ਼ ਦੌਰਾਨ ਵੀ ਉਸ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਅਤੇ 2018 ’ਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਫਸਟ ਕਲਾਸ ਕ੍ਰਿਕਟ ਦਾ ਡੈਬਿਊ 2017-18 ਦੀ ਰਣਜੀ ਟ੍ਰਾਫੀ ਦੌਰਾਨ 6 ਅਕਤੂਬਰ 2017 ਨੂੰ ਕੀਤਾ। 2023-24 ਦੀ ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਉਸ ਨੇ ਪੰਜਾਬ ਦੀ ਅਗਵਾਈ ਕੀਤੀ ਅਤੇ ਜਿੱਤ ਦਿਵਾਈ। 28 ਫਰਵਰੀ 2021 ਨੂੰ ਵਿਜੇ ਹਜ਼ਾਰੇ ਟਰਾਫੀ ਵਿਚ ਪੰਜਾਬ ਵੱਲੋਂ ਮੱਧ ਪ੍ਰਦੇਸ਼ ਖ਼ਿਲਾਫ਼ ਖੇਡਦਿਆ ਅਭਿਸ਼ੇਕ ਸ਼ਰਮਾ ਨੇ 42 ਗੇਂਦਾਂ ’ਚ ਸਭ ਤੋਂ ਤੇਜ਼ ਸੈਂਕੜਾ ਮਾਰਨ ਦਾ ਰਿਕਾਰਡ ਬਣਾਇਆ। ਉਸ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਟੀ-20 ’ਚ ਜ਼ਿੰਬਾਬਵੇ ਖ਼ਿਲਾਫ਼ ਖੇਡਦਿਆ 6 ਜੁਲਾਈ 2024 ਨੂੰ ਕੀਤੀ। ਅਭਿਸ਼ੇਕ ਸ਼ਰਮਾ ਹੁਣ ਤਕ ਟੀ-20 ਇੰਟਰਨੈਸ਼ਨਲ ਦੇ 36 ਮੈਚਾਂ ’ਚ 1267, ਫਸਟ ਕਲਾਸ ਦੇ 24 ਮੈਚਾਂ ’ਚ 1071, ਲਿਸਟ ਏ ਦੇ 69 ਮੈਚਾਂ ’ਚ 2196 ਅਤੇ ਘਰੇਲੂ ਟੀ-20 ਦੇ 171 ਮੈਚਾਂ ’ਚ 5070 ਦੌੜਾਂ ਬਣਾਈਆ ਹਨ। ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਨਿਊਜ਼ੀਲੈਂਡ ਖ਼ਿਲਾਫ਼ ਉਸ ਨੇ 21 ਗੇਂਦਾਂ ’ਚ 52 ਦੌੜਾਂ ਬਣਾ ਕੇ ਅਹਿਮ ਯੋਗਦਾਨ ਦਿੱਤਾ।
ਆਰੀਅਨ ਦੱਤ
ਨੀਦਰਲੈਂਡ ਦੀ ਟੀਮ ਵੱਲੋਂ ਖੇਡਣ ਵਾਲੇ 22 ਸਾਲਾ ਗੇਂਦਬਾਜ਼ ਆਰੀਅਨ ਦੱਤ ਦਾ ਜਨਮ ਉਥੋਂ ਦੇ ਦੀ ਹੈਗਿਊ ਸ਼ਹਿਰ ’ਚ 12 ਮਈ 2003 ਨੂੰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ 1980ਵਿਆ ’ਚ ਪੰਜਾਬ ਤੋਂ ਨੀਦਰਲੈਂਡ ਪਰਵਾਸ ਕਰ ਗਏ ਸਨ। ਦੱਤ ਨੂੰ ਕ੍ਰਿਕਟ ਖੇਡਣ ਦਾ ਸ਼ੌਕ 2011 ’ਚ ਭਾਰਤ ਦੀ ਟੀ-20 ਵਿਸ਼ਵ ਕੱਪ ਦੌਰਾਨ ਜਿੱਤ ਨੂੰ ਦੇਖ ਕੇ ਪਿਆ। ਇਸ ਉਪਰੰਤ ਉਸ ਨੇ 8 ਸਾਲ ਦੀ ਉਮਰ ਨੀਦਰਲੈਂਡ ਤੇ ਫਿਰ 13 ਸਾਲ ਦੀ ਉਮਰ ਚੰਡੀਗੜ੍ਹ ਤੋਂ ਕ੍ਰਿਕਟ ਦੇ ਗੁਰ ਸਿੱਖੇ। ਉਸ ਨੇ 2021 ’ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਦੌਰਾਨ ਨੀਦਰਲੈਂਡ ਟੀਮ ਵੱਲੋਂ ਪ੍ਰਤੀਨਿਧਤਾ ਕੀਤੀ। ਆਰੀਅਨ ਦੱਤ ਨੇ ਨੀਦਰਲੈਂਡ ਵੱਲੋਂ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਟੀ-20 ਕ੍ਰਿਕਟ ਰਾਹੀਂ 17 ਅਪ੍ਰੈਲ 2021 ਨੂੰ ਨੇਪਾਲ ਖ਼ਿਲਾਫ਼ ਮੈਚ ’ਚ ਕੀਤੀ। ਅਤੇ ਇਕ ਦਿਨਾ ਕ੍ਰਿਕਟ ਦੇ ਡੈਬਿਊ 19 ਮਈ 2021 ’ਚ ਸਕਾਟਲੈਂਡ ਖ਼ਿਲਾਫ਼ ਮੈਚ ਦੌਰਾਨ ਕੀਤਾ। ਆਰੀਅਨ ਦੱਤ ਹੁਣ ਤਕ 53 ਇਕ ਦਿਨਾ ਮੈਚਾਂ ਦੌਰਾਨ 62 ਤੇ ਟੀ-20 ਮੈਚਾਂ ਦੌਰਾਨ 30 ਵਿਕਟਾਂ ਲੈ ਚੁੱਕਾ ਹੈ।
ਹਰਮੀਤ ਸਿੰਘ
ਯੂਐੱਸਏ ਦੇ ਸਪਿੰਨਰ 33 ਸਾਲਾ ਹਰਮੀਤ ਸਿੰਘ ਬੱਧਣ ਦਾ ਜਨਮ 7 ਸਤੰਬਰ 1992 ਨੂੰ ਮੁੰਬਈ ’ਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ। ਉਸ ਨੇ ਆਪਣੇ ਘਰੇਲੂ ਕ੍ਰਿਕਟ ਕਰੀਅਰ ਦੀ ਸ਼ੁਰੂਆਤ 2012 ’ਚ ਭਾਰਤ ਦੀ ਅੰਡਰ-19 ਟੀਮ ਵੱਲੋਂ 2012 ਦੇ ਅੰਡਰ-19 ਵਿਸ਼ਵ ਕ੍ਰਿਕਟ ਕੱਪ ਰਾਹੀਂ ਕੀਤੀ। 2013 ’ਚ ਉਸ ਨੇ ਆਈਪੀਐੱਲ ਲਈ ਰਾਜਸਥਾਨ ਰਾਇਲਜ਼ ਵੱਲੋਂ ਹਿੱਸਾ ਲਿਆ। 2018-19 ਦੀ ਵਿਜੇ ਹਜ਼ਾਰੇ ਟਰਾਫੀ ਦੌਰਾਨ ਉਸ ਨੇ ਤ੍ਰਿਪਰਾ ਵੱਲੋਂ ਖੇਡਦਿਆ ਸਭ ਤੋਂ ਵੱਧ ਵਿਕਟਾਂ ਲੈਣ ਦਾ ਮਾਣ ਹਾਸਲ ਕੀਤਾ। ਅਗਸਤ 2021 ’ਚ ਉਹ ਅਮਰੀਕਾ ਦੇ ਸਿਆਟਲ ਸ਼ਹਿਰ ’ਚ ਪਰਵਾਸ ਕਰਕੇ ਚਲਾ ਗਿਆ। ਉਥੇ ਉਸ ਨੇ ਵੱਖ-ਵੱਖ ਟੀਮਾਂ ’ਚ ਖੇਡਦਿਆ ਆਪਣੀ ਖੇਡ ਪ੍ਰਤਿਭਾ ਦਾ ਦਿਖਾਵਾ ਕੀਤਾ। ਹਰਮੀਤ ਸਿੰਘ ਨੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਟੀ-20 ਕ੍ਰਿਕਟ ਰਾਹੀਂ 7 ਅਪ੍ਰੈਲ 2024 ਨੂੰ ਕੈਨੇਡਾ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਕੀਤੀ। ਇਕ ਦਿਨਾ ਕ੍ਰਿਕਟ ’ਚ ਡੈਬਿਊ 13 ਅਗਸਤ 2024 ਨੂੰ ਵੀ ਕੈਨੇਡਾ ਵਿਰੁੱਧ ਖੇਡਦਿਆ ਕੀਤਾ। ਜਨਵਰੀ 2026 ’ਚ ਉਸ ਦੀ ਚੋਣ ਯੂਐੱਸਏ ਦੀ ਟੀ-20 ਵਿਸ਼ਵ ਕੱਪ ਖੇਡਣ ਵਾਲੀ ਟੀਮ ਵਿਚ ਹੋਈ। ਹਰਮੀਤ ਸਿੰਘ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਦੌਰਾਨ 22 ਇਕ ਦਿਨਾ ਮੈਚਾਂ ਦੌਰਾਨ 31 ਅਤੇ 29 ਟੀ-20 ਮੈਚਾਂ ਦੌਰਾਨ ਵੀ 31 ਵਿਕਟਾਂ ਝਟਕਾਈਆ ਹਨ।
ਜਤਿੰਦਰ ਸਿੰਘ
ਓਮਾਨ ਟੀਮ ਦੇ ਕਪਤਾਨ ਤੇ ਬੱਲੇਬਾਜ਼ 37 ਸਾਲਾ ਜਤਿੰਦਰ ਸਿੰਘ ਜਨਮ 5 ਮਾਰਚ 1989 ਨੂੰ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਗੁਰਮੇਲ ਸਿੰਘ 1975 ’ਚ ਓਮਾਨ ਚਲੇ ਗਏ ਸਨ ਅਤੇ ਰੌਇਲ ਓਮਾਨ ਪੁਲਿਸ ’ਚ ਨੌਕਰੀ ਕਰਦੇ ਸਨ। 2003 ’ਚ ਜਤਿੰਦਰ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਤੇ ਤਿੰਨ ਹੋਰ ਭੈਣ-ਭਰਾਵਾਂ ਨਾਲ ਓਮਾਨ ਚਲੇ ਗਏ। ਉਸ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਅਤੇ 2007 ’ਚ ਉਸ ਨੂੰ ਏਸੀਸੀ ਅੰਡਰ-19 ਇਲੀਟ ਕੱਪ ਲਈ ਓਮਾਨ ਦੀ ਟੀਮ ’ਚ ਚੁਣਿਆ ਗਿਆ। ਜਤਿੰਦਰ ਸਿੰਘ ਨੇ ਸੀਨੀਅਰ ਡਵੀਜ਼ਨ ਕ੍ਰਿਕਟ ਦੀ ਸ਼ੁਰੂਆਤ ਜਨਵਰੀ 2011 ’ਚ 20 ਸਾਲ ਦੀ ਉਮਰ ਵਿਚ ਕੀਤੀ ਅਤੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਰੰਭ ਟੀ-20 ਕ੍ਰਿਕਟ ਰਾਹੀਂ 25 ਜੁਲਾਈ 2015 ਨੂੰ ਅਫਗਾਨਿਸਤਾਨ ਮੈਚ ’ਚ ਕੀਤਾ।
ਇਕ ਦਿਨਾ ਕ੍ਰਿਕਟ ’ਚ ਕੌਮਾਂਤਰੀ ਕਰੀਅਰ 27 ਅਪ੍ਰੈਲ 2019 ਨੂੰ ਨਾਬੀਮੀਆ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਕੀਤਾ। ਜਤਿੰਦਰ ਸਿੰਘ ਨੇ ਹੁਣ ਤਕ ਦੇ ਆਪਣੇ ਕ੍ਰਿਕਟ ਕਰੀਅਰ ਦੌਰਾਨ 33 ਇਕ ਦਿਨਾ ਮੈਚਾਂ ’ਚ 985 ਅਤੇ ਟੀ-20 ਆਈ ਦੇ 39 ਮੈਚਾਂ ਦੌਰਾਨ 875 ਦੌੜਾਂ ਬਣਾਈਆ ਹਨ। ਇਕ ਦਿਨਾ ਮੈਚਾਂ ਦੌਰਾਨ ਉਸ ਨੇ 3 ਸੈਂਕੜੇ ਤੇ 5 ਅਰਧ ਸੈਂਕੜੇ ਲਾਏ ਹਨ।
ਇੰਦਰਬੀਰ ਸਿੰਘ ਈਸ਼ ਸੋਢੀ
ਮੌਜੂਦਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਣ ਵਾਲੀ ਨਿਊਜ਼ੀਲੈਂਡ ਦੀ ਟੀਮ ’ਚ ਸ਼ਾਮਲ ਗੇਂਦਬਾਜ਼ 33 ਸਾਲਾ ਇੰਦਰਬੀਰ ਸਿੰਘ ਈਸ਼ ਸੋਢੀ ਦਾ ਜਨਮ 31 ਅਕਤੂਬਰ 1992 ਨੂੰ ਲੁਧਿਆਣਾ ਵਿਖੇ ਹੋਇਆ। ਜਦੋਂ ਉਹ 4 ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਨਿਊਜ਼ੀਲੈਂਡ ਪਰਵਾਸ ਕਰਕੇ ਚਲਾ ਗਿਆ। ਇਸ ਤਰ੍ਹਾਂ ਈਸ਼ ਸੋਢੀ ਦਾ ਪਾਲਣ ਤੇ ਪੜ੍ਹਾਈ ਉਥੇ ਹੀ ਹੋਈ। ਉਸ ਨੇ ਆਪਣਾ ਘਰੇਲੂ ਕ੍ਰਿਕਟ ਕਰੀਅਰ 2012-13 ’ਚ ਸ਼ੁਰੂ ਕੀਤਾ ਅਤੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਟੈਸਟ ਕ੍ਰਿਕਟ ਰਾਹੀਂ ਬੰਗਲਾਦੇਸ਼ ਦੇ ਖ਼ਿਲਾਫ਼ ਖੇਡੇ ਗਏ ਟੈਸਟ ਮੈਚ ਦੌਰਾਨ 9 ਅਕਤੂਬਰ 2013 ’ਚ ਕੀਤੀ। ਟੀ-20 ਇੰਟਰਨੈਸ਼ਨਲ ਕਰੀਅਰ ਜੁਲਾਈ 2014 ’ਚ ਵੈਸਟ ਇੰਡੀਜ਼ ਖ਼ਿਲਾਫ਼ ਸ਼ੁਰੂ ਕੀਤਾ ਜਦੋਂਕਿ ਇਕ ਦਿਨਾ ਡੈਬਿਊ 2 ਅਗਸਤ 2015 ’ਚ ਜ਼ਿੰਬਾਬਵੇ ਵਿਰੁੱਧ ਖੇਡੇ ਮੈਚ ਰਾਹੀਂ ਕੀਤਾ। ਇੰਦਰਬੀਰ ਸਿੰਘ ਸੋਢੀ ਨੇ ਆਪਣੇ ਹੁਣ ਤਕ ਦੇ ਕਰੀਅਰ ਦੌਰਾਨ ਖੇੇਡੇ ਗਏ 21 ਟੈਸਟ ਮੈਚਾਂ ’ਚ 58 ਵਿਕਟਾਂ, 54 ਇਕ ਦਿਨਾ ਮੈਚਾਂ ਦੌਰਾਨ 64 ਵਿਕਟਾਂ ਅਤੇ 140 ਟੀ-20 ਮੈਚਾਂ ਦੌਰਾਨ 162 ਵਿਕਟਾਂ ਝਟਕਾਈਆ ਹਨ।
ਜਸਪ੍ਰੀਤ ਸਿੰਘ
ਇਟਲੀ ਵੱਲੋਂ ਖੇਡਣ ਵਾਲੇ ਆਲ ਰਾਊਂਡਰ 32 ਸਾਲਾ ਜਸਪ੍ਰੀਤ ਸਿੰਘ ਦਾ ਜਨਮ 9 ਜੂਨ 1993 ਨੂੰ ਕਪੂਰਥਲਾ ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਫਗਵਾੜਾ ਵਿਖੇ ਪਿਤਾ ਤੀਰਥ ਸਿੰਘ ਦੇ ਘਰ ਹੋਇਆ। 2006 ’ਚ ਉਹ ਆਪਣੇ ਪਰਿਵਾਰ ਨਾਲ ਇਟਲੀ ਦੇ ਸ਼ਹਿਰ ਲੋਮਬਾਰਡੀ ’ਚ ਪਰਵਾਸ ਕਰਕੇ ਚਲਾ ਗਿਆ। ਉਥੇ ਜਾ ਕੇ ਜਸਪ੍ਰੀਤ ਨੇ 13 ਸਾਲ ਦੀ ਉਮਰ ’ਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਟੇਪ ਬਾਲ ਕ੍ਰਿਕਟ ਰਾਹੀਂ ਕੀਤੀ। ਬਾਅਦ ’ਚ ਉਹ ਬੈਰਗਾਮੋ ਕ੍ਰਿਕਟ ਕਲੱਬ ਵੱਲੋਂ ਖੇਡਿਆ। ਇਸ ਉਪਰੰਤ ਉਸ ਨੇ ਲੈਦਰ ਬਾਲ ਨਾਲ ਕ੍ਰਿਕਟ ਖੇਡਣੀ ਸੁਰੂ ਕੀਤੀ। ਉਸ ਦੀ ਇਟਲੀ ਟੀਮ ਲਈ ਚੋਣ 2017 ’ਚ ਹੋਈ ਅਤੇ 2018 ’ਚ ਉਸ ਨੇ ਟੀ-20 ਵਰਲਡ ਕੱਪ ਕੁਆਲੀਫਾਇਰਜ਼ ਰਾਹੀਂ ਟੀ-20 ਕ੍ਰਿਕਟ ’ਚ ਡੈਬਿਊ ਕੀਤਾ। ਇਸ ਤੋਂ ਬਾਅਦ ਜਸਪ੍ਰੀਤ ਸਿੰਘ ਨੇ ਇੰਗਲੈਂਡ ਜਾ ਕੇ ਬਰਮਿੰਘਮ ਲੀਗ ’ਚ ਖੇਡਣਾ ਸ਼ੁਰੂ ਕੀਤਾ ਅਤੇ ਰਹਿਣ-ਸਹਿਣ ਲਈ ਉਬਰ ਕਰਨੀ ਸ਼ੁਰੂ ਕੀਤੀ। 15 ਜੂਨ 2019 ’ਚ ਉਸ ਨੇ ਟੀ-20 ’ਚ ਇਟਲੀ ਵੱਲੋਂ ਨਾਰਵੇ ਖ਼ਿਲਾਫ਼ ਖੇਡੇ ਗਏ ਮੈਚ ਰਾਹੀਂ ਡੈਬਿਊ ਕੀਤਾ। ਨਵੰਬਰ-19 ’ਚ ਜਸਪ੍ਰੀਤ ਨੇ ਇਟਲੀ ਵੱਲੋਂ ਓਮਾਨ ’ਚ ਹੋਏ ਕ੍ਰਿਕਟ ਵਰਲਡ ਕੱਪ ਚੈਲੰਜ ਲੀਗ ਬੀ ਟੂਰਨਾਮੈਂਟ ’ਚ ਹਿੱਸਾ ਲਿਆ। ਉਸ ਨੇ ਲਿਸਟ ਏ ਡੈਬਿਊ ਬਰਮੂਡਾ ਖ਼ਿਲਾਫ਼ 12 ਦਸੰਬਰ 2019 ’ਚ ਖੇਡੇ ਗਏ ਮੈਚ ਰਾਹੀਂ ਕੀਤਾ। ਸਤੰਬਰ 2021 ’ਚ ਉਸ ਦੀ ਇਟਲੀ ਦੀ ਟੀ-20 ਟੀਮ ਲਈ ਚੋਣ ਹੋਈ, ਜਿਸ ਨੇ 2021 ਆਈਸੀਸੀ ਮੈਨਜ਼ ਟੀ-20 ਵਰਲਡ ਕੱਪ ਯੂਰਪ ਕੁਆਲੀਫਾਇਰ ਟੂਰਨਾਮੈਂਟ ਦੇ ਖੇਤਰੀ ਫਾਈਨਲ ’ਚ ਹਿੱਸਾ ਲਿਆ। ਜਨਵਰੀ 2026 ’ਚ ਉਸ ਦੀ ਚੋਣ ਮੌਜੂਦਾ ਵਿਸ਼ਵ ਕੱਪ ਖੇਡਣ ਵਾਲੀ ਇਟਲੀ ਟੀਮ ਵਿਚ ਹੋਈ। ਆਪਣੇ ਕਰੀਅਰ ਦੌਰਾਨ ਜਸਪ੍ਰੀਤ ਸਿੰਘ ਨੇ ਹੁਣ ਤਕ 27 ਕੌਮਾਂਤਰੀ ਟੀ-20 ਮੈਚ ਖੇਡੇ ਹਨ, ਜਿਨ੍ਹਾਂ ਦੌਰਾਨ ਉਸ ਨੇ 23 ਵਿਕਟਾਂ ਲੈਣ ਦੇ ਨਾਲ ਹੀ 68 ਦੌੜਾਂ ਬਣਾਈਆ ਹਨ।
ਸਿਮਰਨਜੀਤ ਸਿੰਘ
ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲੋਂ ਖੇਡਣ ਵਾਲੇ 36 ਸਾਲਾ ਸਪਿੰਨਰ ਸਿਮਰਨਜੀਤ ਸਿੰਘ ਦਾ ਜਨਮ 13 ਨਵੰਬਰ 1989 ਨੂੰ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੂੰ ਪਹਿਲੇ ਅੰਮ੍ਰਿਤਧਾਰੀ ਸਿੱਖ ਕ੍ਰਿਕਟਰ ਹੋਣ ਦਾ ਮਾਣ ਹਾਸਲ ਹੈ। ਉਸ ਨੇ ਬਚਪਨ ਤੋਂ ਹੀ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਕੈਡਮੀ ਮੋਹਾਲੀ ਤੋਂ ਸਿਖਲਾਈ ਹਾਸਲ ਕੀਤੀ। ਸਿਮਰਨਜੀਤ ਸਿੰਘ ਨੇ ਪੰਜਾਬ ’ਚ ਜ਼ਿਲ੍ਹਾ ਪੱਧਰ ਦੀ ਕ੍ਰਿਕਟ ਖੇਡੀ ਅਤੇ 2017 ’ਚ ਉਸ ਨੇ ਪੰਜਾਬ ਵੱਲੋਂ ਰਣਜੀ ਟਰਾਫੀ ’ਚ ਹਿੱਸਾ ਲਿਆ। ਆਈਪੀਐੱਲ ਦੌਰਾਨ ਪੰਜਾਬ ਕਿੰਗਜ਼ ਵੱਲੋਂ ਖੇਡ ਰਹੇ ਹਨ। ਇਸ ਦੇ ਬਾਵਜੂਦ ਉਸ ਨੂੰ ਭਾਰਤ ’ਚ ਘਰੇਲੂ ਕ੍ਰਿਕਟ ਖੇਡਣ ਦੇ ਬਹੁਤੇ ਮੌਕੇ ਨਹੀਂ ਮਿਲ ਸਕੇ ਅਤੇ ਫਿਰ ਉਹ ਯੂਏਈ ਚਲਾ ਗਿਆ, ਜਿੱਥੇ ਉਸ ਦੇ ਕ੍ਰਿਕਟ ਜੀਵਨ ’ਚ ਨਵਾਂ ਮੋੜ ਆਇਆ। ਅਪ੍ਰੈਲ 2021 ’ਚ ਉਹ ਥੋੜ੍ਹੇ ਸਮੇਂ ਦੀ ਸਿਖਲਾਈ ਲੈਣ ਲਈ ਦੁਬਈ ਗਿਆ ਪਰ ਉਸ ਦੌਰਾਨ ਹੀ ਭਾਰਤ ’ਚ ਕੋਰੋਨਾ ਮਹਾਮਾਰੀ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ। ਇਸ ਕਾਰਨ ਉਸ ਨੂੰ ਯੂਏਈ ’ਚ ਰਹਿਣਾ ਪਿਆ ਤੇ ਇਸ ਦੌਰਾਨ ਉਸ ਨੇ ਉਥੇ ਕਲੱਬ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਰੋਜ਼ੀ-ਰੋਟੀ ਚਲਾਉਣ ਲਈ ਜੂਨੀਅਰ ਕ੍ਰਿਕਟਰਾਂ ਦੇ ਕੋਚ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਤਿੰਨ ਸੀਜ਼ਨਾਂ ਦੌਰਾਨ ਯੂਏਈ ਦੀ ਘਰੇਲੂ ਕ੍ਰਿਕਟ ’ਚ ਖੇਡਣ ਲਈ ਲੁੜੀਂਦੀ ਯੋਗਤਾ ਪੂਰੀ ਕਰਨ ਉਪਰੰਤ ਸਿਮਰਨਜੀਤ ਸਿੰਘ ਨੇ ਨੈਸ਼ਨਲ ਟੀਮ ਦੇ ਕੋਚ ਲਾਲ ਚੰਦ ਰਾਜਪੂਤ ਨੂੰ ਟਰਾਇਲ ਲੈਣ ਲਈ ਬੇਨਤੀ ਕੀਤੀ। ਇਸ ਤਰ੍ਹਾਂ 2024 ’ਚ ਉਸ ਨੇ ਟੀ-20 ਆਈ ਕ੍ਰਿਕਟ ਰਾਹੀਂ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। ਸਿਮਰਨਜੀਤ ਸਿੰਘ ਹੁਣ ਤੱਕ ਕੌਮਾਂਤਰੀ ਪੱਧਰ ’ਤੇ 12 ਟੀ-20 ਮੈਚਾਂ ਦੌਰਾਨ 15 ਵਿਕਟਾਂ ਅਤੇ 5 ਇਕ ਦਿਨਾ ਕੌਮਾਂਤਰੀ ਮੈਚਾਂ ਦੌਰਾਨ 10 ਵਿਕਟਾਂ ਲੈ ਚੁੱਕੇ ਹਨ।
ਦਿਲਪ੍ਰੀਤ ਸਿੰਘ ਬਾਜਵਾ
ਕੈਨੇਡੀਅਨ ਟੀਮ ਦੇ ਆਲ ਰਾਊਂਡਰ ਤੇ ਕਪਤਾਨ 22 ਸਾਲਾ ਦਿਲਪ੍ਰੀਤ ਸਿੰਘ ਬਾਜਵਾ ਦਾ ਜਨਮ 26 ਜਨਵਰੀ 2003 ਨੂੰ ਖੇਤੀਬਾੜੀ ਮਹਿਕਮੇ ’ਚ ਨੌਕਰੀ ਕਰਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਾਸੀ ਹਰਪ੍ਰੀਤ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਸਰਕਾਰੀ ਸਕੂਲ ’ਚ ਅਧਿਆਪਕਾ ਹਰਲੀਨ ਕੌਰ ਦੀ ਕੁੱਖੋਂ ਹੋਇਆ। ਦਿਲਪ੍ਰੀਤ ਨੇ ਆਪਣੀ ਸਕੂਲ ਪੜ੍ਹਾਈ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਤੋਂ ਕੀਤੀ। ਉਸ ਨੇ ਕ੍ਰਿਕਟ ਦੀ ਮੁੱਢਲੀ ਕੋਚਿੰਗ ਗੁਰਦਾਸਪੁਰ ਗੌਰਮਿੰਟ ਕਾਲਜ ’ਚ ਚੱਲਦੀ ਕ੍ਰਿਕਟ ਅਕੈਡਮੀ ਤੋਂ ਲਈ। 2020 ’ਚ ਉਸ ਨੂੰ ਅੰਡਰ-19 ਵਿਚ ਪਟਿਆਲਾ ਦੀ ਟੀਮ ਖ਼ਿਲਾਫ਼ ਖੇਡਣ ਦਾ ਮੌਕਾ ਮਿਲਿਆ, ਜਿਸ ਵਿਚ ਉਸ ਨੇ 130 ਦੌੜਾਂ ਦੀ ਪਾਰੀ ਖੇਡੀ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਚੋਣਕਾਰਾਂ ਨੇ ਸੂਬੇ ਦੀ ਅੰਡਰ-19 ਟੀਮ ’ਚ ਉਸ ਦੀ ਚੋਣ ਨਹੀਂ ਕੀਤੀ। ਦਿਲਪ੍ਰੀਤ ਬਾਜਵਾ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਕਟੋਚ ਸ਼ੀਲਡ ਟੂਰਨਾਮੈਂਟ ਦੌਰਾਨ ਵੀ ਸ਼ਾਨਦਾਰ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ। ਪੰਜਾਬ ’ਚ ਉਸ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਨਾ ਦਿੱਤੇ ਜਾਣ ਕਾਰਨ ਉਸ ਨੇ ਮਾਪਿਆ ਨਾਲ ਮਸ਼ਵਰਾ ਕਰਕੇ 2020 ’ਚ ਕੈਨੇਡਾ ਜਾਣ ਦਾ ਮਨ ਬਣਾ ਲਿਆ। ਉਥੇ ਵੀ ਉਸ ਨੇ ਕ੍ਰਿਕਟ ਖੇਡਣੀ ਜਾਰੀ ਰੱਖੀ ਅਤੇ 2023 ’ਚ ਉਸ ਨੂੰ ਮਾਂਟਰੀਅਲ ਟਾਈਗਰ ਦੀ ਟੀਮ ਵੱਲੋਂ ਗਲੋਬਲ ਟੀ-20 ਕੈਨੇਡਾ ’ਚ ਖੇਡਣ ਦਾ ਮੌਕਾ ਮਿਲਿਆ। ਉਸ ਦੀ ਪ੍ਰਤਿਭਾ ਨੂੰ ਦੇਖਦਿਆ ਸਤੰਬਰ 2023 ’ਚ ਉਸ ਦੀ ਚੋਣ 2023 ਆਈਸੀਸੀ ਮੈਨਜ਼ ਟੀ-20 ਵਿਸ਼ਵ ਕੱਪ ਅਮੈਰੀਕਾਜ਼ ਕੁਆਲੀਫਾਇਰ ਲਈ ਕੈਨੇਡਾ ਦੀ ਕੌਮੀ ਟੀਮ ਵਾਸਤੇ ਕੀਤੀ ਗਈ। ਇਸ ਟੂਰਨਾਮੈਂਟ ਰਾਹੀਂ 30 ਸਤੰਬਰ 2023 ਨੂੰ ਬਰਮੂਡਾ ਖ਼ਿਲਾਫ਼ ਮੈਚ ਖੇਡ ਕੇ ਦਿਲਪ੍ਰੀਤ ਨੇ ਆਪਣੇ ਟੀ-20 ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ।10 ਫਰਵਰੀ 2024 ’ਚ ਨੇਪਾਲ ਦੀ ਕ੍ਰਿਕਟ ਟੀਮ ਵਿਰੁੱਧ ਇਕ ਰੋਜ਼ਾ ਮੈਚ ’ਚ ਉਸ ਨੇ ਕੈਨੇਡਾ ਟੀਮ ਦੀ ਕਪਤਾਨੀ ਕਰਦਿਆ ਆਪਣਾ ਕੌਮਾਂਤਰੀ ਇਕ ਦਿਨਾ ਕਰੀਅਰ ਸ਼ੁਰੂ ਕੀਤਾ। 2024 ਦੇ ਆਈਸੀਸੀ ਮੈਨਜ਼ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵੀ ਉਸ ਨੂੰ ਸ਼ਾਮਲ ਕੀਤਾ ਗਿਆ। ਮੌਜੂਦਾ ਵਿਸ਼ਵ ਕੱਪ ਦੌਰਾਨ ਵੀ ਉਸ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ। ਦਿਲਪ੍ਰੀਤ ਸਿੰਘ ਬਾਜਵਾ ਹੁਣ ਤਕ ਕੈਨੇਡਾ ਵੱਲੋਂ 9 ਇਕ ਦਿਨਾ ਮੈਚ ਤੇ 17 ਟੀ-20 ਮੈਚ ਖੇਡ ਚੁੱਕਾ ਹੈ।
ਅਜੈਵੀਰ ਸਿੰਘ ਹੁੰਦਲ
ਕੈਨੇਡੀਅਨ ਆਲ ਰਾਊਂਡਰ 20 ਸਾਲਾ ਅਜੈਵੀਰ ਸਿੰਘ ਹੁੰਦਲ ਦਾ ਜਨਮ 9 ਸਤੰਬਰ 2005 ਨੂੰ ਕੈਨੇਡਾ
ਵਿਖੇ ਪੰਜਾਬੀ ਪਰਿਵਾਰ ’ਚ ਹੋਇਆ। ਉਸ ਦੇ ਪਿਤਾ ਫੌਜ ’ਚ ਹੋਣ ਕਰਕੇ ਉਹ ਦਿੱਲੀ ਵਿਖੇ ਰਹਿੰਦੇ ਸਨ ਅਤੇ ਉਥੋਂ ਕੈਨੇਡਾ ਦੇ ਵੈਨਕੂਵਰ ’ਚ ਪਰਵਾਸ ਕਰ ਗਏ। ਉਸ ਨੇ 2019 ਦੇ ਵਿਸ਼ਵ ਕੱਪ ਨੂੰ ਦੇਖਣ ਤੋਂ ਬਾਅਦ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਹਾਲਾਂਕਿ ਉਹ ਪਹਿਲਾਂ ਹਾਕੀ ਖੇਡਦਾ ਸੀ। ਕ੍ਰਿਕਟ ਦੀ ਸਿਖਲਾਈ ਲੈਣ ਲਈ ਉਹ ਤਿੰਨ-ਚਾਰ ਵਾਰ ਭਾਰਤ ਵੀ ਆਇਆ। ਫਿਰ ਉਸ ਨੇ ਵੈਨਕੂਵਰ ਨਾਈਟ ਦੀ ਟੀਮ ਵੱਲੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਅਤੇ ਕੈਨੇਡਾ ਦੀ ਅੰਡਰ-19 ਟੀਮ ਵੱਲੋਂ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਪਹਿਲਾ ਟੀ-20 ਮੈਚ 22 ਮਾਰਚ 2025 ’ਚ ਖੇਡਿਆ। ਫਿਰ ਉਸ ਦੀ ਚੋਣ ਕੈਨੇਡਾ ਟੀਮ ’ਚ ਮੌਜੂਦਾ ਵਿਸ਼ਵ ਕੱਪ ਲਈ ਹੋਈ।
ਜਸਕਰਨ ਸਿੰਘ ਬੁੱਟਰ
ਕੈਨੇਡਾ ਦੇ ਗੇਂਦਬਾਜ਼ 36 ਸਾਲਾ ਜਸਕਰਨ ਸਿੰਘ ਬੁੱਟਰ ਦਾ ਜਨਮ ਜ਼ਿਲ੍ਹਾ ਮੋਹਾਲੀ ’ਚ 4 ਸਤੰਬਰ 1989
ਨੂੰ ਹੋਇਆ। ਪੰਜਾਬ ਤੇ ਚੰਡੀਗੜ੍ਹ ਦੀਆ ਕ੍ਰਿਕਟ ਟੀਮਾਂ ਨਾਲ ਘਰੇਲੂ ਕ੍ਰਿਕਟ ਖੇਡਣ ਵਾਲੇ ਬੁੱਟਰ ਨੇ ਟੀ-20 ਕ੍ਰਿਕਟ ਦੀ ਸ਼ੁਰੂਆਤ 9 ਅਪ੍ਰੈਲ 2025 ਨੂੰ ਬਰਮੁਡਾ ਦੀ ਟੀਮ ਵਿਰੁੱਧ ਮੈਚ ਖੇਡ ਕੇ ਕੀਤੀ। ਉਸ ਨੇ ਕਰੀਅਰ
ਦਾ ਪਹਿਲਾ ਕੌਮਾਂਤਰੀ ਇਕ ਦਿਨਾ ਮੈਚ 27 ਅਗਸਤ 2025 ਨੂੰ ਨਾਮੀਬੀਆ ਵਿਰੁੱਧ ਖੇਡਿਆ। ਉਹ ਹੁਣ ਤੱਕ 3 ਕੌਮਾਂਤਰੀ ਇਕ ਦਿਨਾ ਮੈਚਾਂ ਦੌਰਾਨ 38 ਦੌੜਾਂ ਦੇ ਕੇ 4 ਵਿਕਟਾਂ ਅਤੇ 12 ਟੀ-20 ਮੁਕਾਬਲਿਆਂ ’ਚ 12 ਵਿਕਟਾਂ ਲੈ ਚੁੱਕਾ ਹੈ।
ਨਵਨੀਤ ਸਿੰਘ ਧਾਲੀਵਾਲ
ਕੈਨੇਡਾ ਦੇ ਸੱਜੇ ਹੱਥ ਦੇ ਬੱਲੇਬਾਜ਼ ਨਵਨੀਤ ਸਿੰਘ ਧਾਲੀਵਾਲ ਦਾ ਜਨਮ 10 ਅਕਤੂਬਰ 1988 ਨੂੰ ਚੰਡੀਗੜ੍ਹ ’ਚ ਹੋਇਆ। ਉਹ ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ 2010 ’ਚ 22 ਸਾਲਾਂ ਦੀ ਉਮਰ ’ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਕੈਨੇਡਾ ਚਲਾ ਗਿਆ। ਕ੍ਰਿਕਟ ਉਸ ਨੇ ਬਚਪਨ ਤੋਂ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਥੇ ਜਾ ਕੇ ਵੀ ਖੇਡਦਾ ਰਿਹਾ। ਲਿਸਟ ਏ ਕ੍ਰਿਕਟ ’ਚ ਡੈਬਿਊ 17 ਜਨਵਰੀ 2015 ਨੂੰ ਆਈਸੀਸੀ ਵਰਲਡ ਕ੍ਰਿਕਟ ਲੀਗ ਡਵੀਜ਼ਨ-2 ਰਾਹੀਂ ਕੀਤਾ। ਫਿਰ 2018 ਤੇ 2019 ਵਿਚ ਵੀ ਆਈਸੀਸੀ ਵਰਲਡ ਕ੍ਰਿਕਟ ਲੀਗ ਡਵੀਜ਼ਨ-2 ਟੂਰਨਾਮੈਂਟ ’ਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਐਡਮਿੰਟਨ ਰੌਇਲਜ਼ ਫਰੈਂਚਾਈਜ਼ ਵੱਲੋਂ 2019 ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ’ਚ ਆਪਣੀ ਖੇਡ ਦੇ ਜ਼ੌਹਰ ਦਿਖਾਏ। ਨਵਨੀਤ ਧਾਲੀਵਾਲ ਨੂੰ 2024 ਦੇ ਟੀ-20 ਵਿਸ਼ਵ ਕੱਪ ’ਚ ਖੇਡਣ ਅਤੇ ਹੁਣ ਫਿਰ 2026 ਦੇ ਟੀ-20 ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ। ਉਹ ਹੁਣ ਤਕ 49 ਟੀ-20 ਮੈਚਾਂ ਦੌਰਾਨ 1305 ਦੌੜਾਂ ਅਤੇ 18 ਇਕ ਦਿਨਾ ਮੈਚਾਂ ਦੌਰਾਨ 456 ਦੌੜਾਂ ਬਣਾ ਚੁੱਕਾ ਹੈ।
ਰਵਿੰਦਰਪਾਲ ਸਿੰਘ
ਕੈਨੇਡਾ ਟੀਮ ਦੇ 37 ਸਾਲਾ ਬੱਲੇਬਾਜ਼ ਰਵਿੰਦਰਪਾਲ ਸਿੰਘ ਦਾ 14 ਅਕਤੂਬਰ 1988 ਨੂੰ ਕੈਨੇਡਾ ਵਿਖੇ ਪੰਜਾਬੀ ਪਰਿਵਾਰ ’ਚ ਹੋਇਆ। ਉਸ ਨੇ ਆਪਣੇ ਘਰੇਲੂ ਕ੍ਰਿਕਟ ਕਰੀਅਰ ਦਾ ਆਗਾਜ਼ 2018 ’ਚ ਵੈਨਕੂਵਰ ਨਾਈਟਸ ਦੀ ਟੀਮ ਵੱਲੋਂ ਖੇਡਦਿਆ ਕੀਤਾ। ਇਸ ਤੋਂ ਬਾਅਦ ਉਸ ਨੂੰ ਕੈਨੇਡਾ ਦੀਆ ਹੋਰ ਘਰੇਲੂ ਟੀਮਾਂ ’ਚ ਖੇਡਣ ਦਾ ਵੀ ਮੌਕਾ ਮਿਲਿਆ। ਉਸ ਨੇ ਆਪਣੇ ਟੀ-20 ਕੌਮਾਂਤਰੀ ਕਰੀਅਰ ਦੀ ਸ਼ੁਰੂਆਤ 18 ਅਗਸਤ 2019 ’ਚ ਕੇਮੈਨ ਆਈਲੈਂਡਜ਼ ਵਿਰੁੱਧ ਖੇਡਣ ਨਾਲ ਕੀਤੀ ਜਦੋਂਕਿ ਇਕ ਦਿਨਾ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਆਰੰਭ 27 ਮਾਰਚ 2023 ਨੂੰ ਕੀਤਾ। ਰਵਿੰਦਰਪਾਲ ਸਿੰਘ ਨੂੰ 2024 ਦਾ ਟੀ-20 ਮੈਨਜ਼ ਵਰਲਡ ਕੱਪ ਖੇਡਣ ਦਾ ਮੌਕਾ ਵੀ ਮਿਲਿਆ ਸੀ ਅਤੇ ਹੁਣ 2026 ’ਚ ਵੀ ਕੈਨੇਡਾ ਟੀਮ ਦਾ ਹਿੱਸਾ ਰਿਹਾ। ਰਵਿੰਦਰਪਾਲ ਸਿੰਘ ਨੂੰ 46 ਟੀ-20 ਅਤੇ 6 ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਖੇਡਣ ਦਾ ਤਜਰਬਾ ਹਾਸਲ ਹੈ।
ਕੰਵਰਪਾਲ ਸਿੰਘ ਠੱਠਗੜ੍ਹ
ਕੈਨੇਡਾ ਦੇ ਸੱਜੇ ਹੱਥ ਦੇ ਬੱਲੇਬਾਜ਼ ਤੇ ਵਿਕਟ ਕੀਪਰ 32 ਸਾਲਾ ਕੰਵਰਪਾਲ ਸਿੰਘ ਠੱਠਗੜ੍ਹ ਦਾ ਜਨਮ ਵੈਨਕੂਵਰ ਵਿਖੇ 19 ਅਪ੍ਰੈਲ 1993 ਨੂੰ ਪੰਜਾਬੀ ਪਰਿਵਾਰ ’ਚ ਹੋਇਆ। ਘਰੇਲੂ ਕਰੀਅਰ ਦੌਰਾਨ ਉਸ ਨੂੰ ਵੈਨਕੂਵਰ ਨਾਈਟਸ ਤੇ ਬਰੈਂਪਟਨ ਵੁਲਵਜ਼ ਵੱਲੋਂ ਖੇਡਣ ਦਾ ਮੌਕਾ ਮਿਲਿਆ, ਜਿਸ ਦੌਰਾਨ ਉਸ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੀ ਬਦੌਲਤ ਹੀ ਉਸ ਨੂੰ ਕੈਨੇਡਾ ਦੀ ਕੌਮੀ ਟੀਮ ਲਈ ਚੁਣਿਆ ਗਿਆ। ਕੰਵਰਪਾਲ ਸਿੰਘ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ 19 ਅਗਸਤ 2024 ਨੂੰ ਅਮਰੀਕਾ ਦੀ ਟੀਮ ਖਿਲਾਫ ਮੈਚ ਖੇਡ ਕੇ ਕੀਤੀ ਜਦੋਂਕਿ ਇਕ ਦਿਨਾ ਕ੍ਰਿਕਟ ਕਰੀਅਰ ਦਾ ਆਰੰਭ 23 ਜੂਨ 2025 ਨੂੰ ਬਰਮੁਡਾ ਵਿਰੁੱਧ ਮੈਚ ਦੌਰਾਨ ਕੀਤਾ। ਕੰਵਰਪਾਲ ਸਿੰਘ ਨੇ ਕੈਨੇਡਾ ਦੀ ਟੀਮ ਵੱਲੋਂ 14 ਟੀ-20 ਮੁਕਾਬਲਿਆਂ ’ਚ 145 ਦੌੜਾਂ ਬਣਾਈਆਂ ਹਨ ਤੇ ਉੱਚਤਮ ਸਕੋਰ 53 ਦੌੜਾਂ ਹੈ।
ਯੁਵਰਾਜ ਸਿੰਘ ਸਮਰਾ
ਕੈਨੇਡਾ ਦੇ 19 ਸਾਲਾ ਆਲ ਰਾਊਂਡਰ ਯੁਵਰਾਜ ਸਿੰਘ ਸਮਰਾ ਦਾ ਜਨਮ 29 ਸਤੰਬਰ 2006 ਨੂੰ ਬਰੈਂਪਟਨ ਵਿਖੇ ਪੰਜਾਬੀ ਮੂਲ ਦੇ ਬਲਜੀਤ ਸਿੰਘ ਸਮਰਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਨੇ ਆਪਣੇ ਇਸ ਹੋਣਹਾਰ ਪੁੱਤਰ ਦਾ ਨਾਂ ਮਹਾਨ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਨਾਮ ’ਤੇ ਰੱਖਿਆ ਸੀ ਅਤੇ ਉਸ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕਰਦੇ ਰਹੇ। ਯੁਵਰਾਜ ਸਮਰਾ ਨੇ ਘਰੇਲੂ ਕ੍ਰਿਕਟ ਦੀ ਸ਼ੁਰੂਆਤ ਟੋਰਾਂਟੋ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡਦਿਆ ਕੀਤੀ। ਉਸ ਨੇ ਲਿਸਟ ਏ ਕ੍ਰਿਕਟ ’ਚ ਡੈਬਿਊ 18 ਫਰਵਰੀ 2025 ਨੂੰ ਜ਼ਿੰਬਾਬਵੇ-ਏ ਖ਼ਿਲਾਫ਼ ਮੈਚ ਦੌਰਾਨ ਕੀਤਾ। ਇਕ ਦਿਨਾ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ 5 ਮਾਰਚ 2025 ਨੂੰ ਨੀਦਰਲੈਂਡ ਖ਼ਿਲਾਫ਼ ਮੈਚ ਤੋਂ ਕੀਤੀ ਜਦੋਂਕਿ ਕੌਮਾਂਤਰੀ ਟੀ-20 ’ਚ ਡੈਬਿਊ 19 ਮਾਰਚ 2025 ਨੂੰ ਨਾਬੀਮੀਆ ਵਿਰੁੱਧ ਮੈਚ ਖੇਡ ਕੇ ਕੀਤਾ। ਉਹ ਹੁਣ ਤੱਕ ਕੈਨੇਡਾ ਦੀ ਟੀਮ ਵਲੋਂ 19 ਟੀ-20 ਮੈਚਾਂ ’ਚ 569 ਦੌੜਾਂ ਤੇ 8 ਇਕ ਦਿਨਾ ਮੈਚਾਂ ਦੌਰਾਨ 172 ਬਣਾ ਚੁੱਕੇ ਹਨ।
- ਜਤਿੰਦਰ ਪੰਮੀ