ਭਾਰਤੀ ਖਿਡਾਰੀ ਤਕਨੀਕੀ ਪੱਖ ਤੋਂ ਕਾਫ਼ੀ ਕਮਜ਼ੋਰ ਨਜ਼ਰ ਆ ਰਹੇ ਹਨ । ਖੇਡ ਸਹੂਲਤਾਂ ਅਤੇ ਤਕਨੀਕੀ ਘਾਟ ਬਦੌਲਤ ਟੀਮ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਕੋਈ ਇੱਕ ਕਾਰਨ ਵੀ ਹੋ ਸਕਦਾ ਹੈ। ਅੱਜ ਵਿਸ਼ਵ ਪੱਧਰੀ ਖੇਡਾਂ ਵਿਚ ਭਾਗ ਲੈਣ ਲਈ ਖੇਡ ਮੈਦਾਨਾਂ ਤੋਂ ਲੈ ਕੇ ਖਿਡਾਰੀਆਂ ਦੀਆਂ ਮੱੁਢਲੀਆਂ ਲੋੜਾਂ ਨੂੰ ਸਮਝਣ ਦੀ ਲੋੜ ਹੈ । •
ਵਿਸ਼ਵ ਵਿਚ ਸਭ ਤੋਂ ਵੱਧ ਖੇਡੀ ਜਾਂਦੀ ਖੇਡ ਫੁੱਟਬਾਲ ਦਾ ਮਹਾਕੁੰਭ ਫ਼ੀਫਾ ਵਿਸ਼ਵ ਕੱਪ 11 ਜੂਨ ਤੋਂ 19 ਜੁਲਾਈ 2026 ਤੱਕ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਧਰਤੀ ’ਤੇ ਕਰਵਾਇਆ ਜਾ ਰਿਹਾ ਹੈ।ਇਸ ਵਿਚ ਦਾਖ਼ਲਾ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੇ ਤਹਿਤ ਭਾਰਤ ਇੱਕ ਵਾਰ ਫਿਰ ਵਿਸ਼ਵ ਪੱਧਰੀ ਖੇਡ ਮਹਾਂਕੁੰਭ ਵਿਚ ਭਾਗ ਲੈਣ ਤੋਂ ਅਸਮਰੱਥ ਹੋ ਗਿਆ ਹੈ।
ਫ਼ੀਫਾ ਵਿਸ਼ਵ ਕੱਪ ਦੇ ਦਾਖ਼ਲੇ ਲਈ ਭਾਰਤ ਨੂੰ ਕਤਰ ਵਲੋਂ 2-1 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਭਾਰਤੀ ਖਿਡਾਰੀਆਂ ਦੁਆਰਾ ਖੇਡਿਆ ਗਿਆ ਮੈਚ ਕਾਬਲੇ-ਤਾਰੀਫ਼ ਸੀ, ਭਾਵੇਂ ਚੰਗਾ ਮੁਕਾਬਲੇ ਕਰਦੇ ਤਕਨੀਕੀ ਕਾਰਨਾਂ ਕਰ ਕੇ ਹਾਰ ਦਾ ਮੂੰਹ ਦੇਖਣਾ ਪਿਆ। ਫ਼ੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਉਰੂਗਾਵੇ ਵਿਖੇ 1930 ਵਿਚ ਹੋਈ।ਇਸ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਐਮਸਟਰਡਮ ਵਿਖੇ ਫ਼ੀਫਾ ਕਾਂਗਰਸ ਵਲੋਂ ਕੀਤਾ ਗਿਆ।ਇਸ ਕਮੇਟੀ ਵਲੋਂ ਫੁੱਟਬਾਲ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਓਲੰਪਿਕ ਖੇਡਾਂ ਵਿਚ ਫੁੱਟਬਾਲ ਪ੍ਰਤੀ ਲੋਕਾਂ ਪਿਆਰ ਦੇਖਦੇ ਹੋਏ ਅੰਤਰ-ਰਾਸ਼ਟਰੀ ਫੁੱਟਬਾਲ ਫ਼ੀਫਾ ਵਿਸ਼ਵ ਕੱਪ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।ਜਿਸ ਸ਼ੁਰੂਆਤੀ ਖੇਡਾਂ ਦਾ ਸਿਹਰਾ ਦੋ ਵਾਰ 1924 ਅਤੇ 1928 ਦੀ ਲਗਾਤਾਰ ਓਲੰਪਿਕ ਜੇਤੂ ਉਰੂਗਾਵੇ ਨੂੰ ਜਾਂਦਾ ਹੈ।ਇਸ ਵਿਸ਼ਵ ਪੱਧਰੀ ਫੁੱਟਬਾਲ ਮਹਾਂਕੁੰਭ ਸੰਸਾਰ ਵਿਚ ਚੱਲਦਿਆਂ 94 ਸਾਲ ਹੋ ਗਏ ਹਨ, ਭਾਰਤੀ ਫੁੱਟਬਾਲ ਟੀਮ ਇੱਕ ਵਾਰੀ ਵੀ ਆਪਣੀ ਦਾਖ਼ਲਾ ਪ੍ਰਕਿਰਿਆ ਨੂੰ ਪੂਰਾ ਨਹੀਂ ਸਕੀ।ਅੱਜ ਤੋਂ 70 ਕੁ ਸਾਲ ਪਹਿਲਾਂ ਭਾਰਤੀ ਫੁੱਟਬਾਲ ਵਿਚ ਏਸ਼ੀਆਈ ਖੇਡਾਂ ਵਿਚ ਚੰਗਾ ਦਬਦਬਾ ਸੀ, 1947 ਤੋਂ ਬਆਦ ਅਾਜ਼ਾਦ ਭਾਰਤ 20 ਕੁ ਸਾਲ ਚੰਗੀ ਫੁੱਟਬਾਲ ਖੇਡਿਆ, ਉਸ ਤੋਂ ਬਾਅਦ ਪੱਛੜਦਾ ਹੀ ਨਜ਼ਰ ਆਇਆ।ਭਾਰਤ ਏਸ਼ੀਆਈ ਖੇਡਾਂ 1951,1962 ਵਿਚ ਸੋਨ ਤਗ਼ਮਾ ਤੇ 1970 ਵਿਚ ਕਾਂਸ਼ੀ ਦਾ ਤਗ਼ਮਾ ਜਿੱਤਣ ਵਿਚ ਕਾਮਯਾਬ ਹੋ ਗਿਆ ਸੀ।ਇਸ ਦੇ ਨਾਲ-ਨਾਲ ਓਲੰਪਿਕ ਖੇਡਾਂ ਵਿਚ ਸ਼ਮੂਲੀਅਤ ਕਰਦਾ ਰਿਹਾ ਹੈ।ਭਾਰਤ ਦੇ ਪੁਰਸ਼ ਫੁੱਟਬਾਲ ਖਿਡਾਰੀਆਂ ਨੇ ਲੰਦਨ ਓਲੰਪਿਕ-1948 ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ’ਚ ਪ੍ਰਵੇਸ਼ ਕੀਤਾ ਸੀ, ਭਾਰਤ ਇਨ੍ਹਾਂ ਖੇਡਾਂ ਵਿਚ ਫਰਾਂਸ ਨਾਲ ਸ਼ਲਾਘਾਯੋਗ ਪ੍ਰਦਰਸ਼ਨ ਕਰਦਾ ਹੋਇਆ 2-1 ਨਾਲ ਹਾਰ ਕੇ 11ਵਾਂ ਸਥਾਨ ਪ੍ਰਾਪਤ ਕੀਤਾ ਸੀ।ਹੇਲੰਸਕੀ ਓਲੰਪਿਕ-1952 ਵਿਚ ਭਾਰਤੀ ਫੁੱਟਬਾਲ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਟੀਮ ਨੂੰ ਯੁਗੋਸਲਾਵੀਆ ਤੋਂ 10-1 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਨ੍ਹਾਂ ਖੇਡਾਂ ’ਚ ਭਾਰਤ ਨੂੰ 25ਵੇਂ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ ਸੀ।ਮੈਲਬੌਰਨ ਓਲੰਪਿਕ-1956 ਵਿਚ ਭਾਰਤ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੇ ਹੀ ਮੈਚ ਵਿਚ ਅਸਟ੍ਰੇਲੀਆ ਨੂੰ 4-2 ਨਾਲ ਹਰਾਇਆ।ਭਾਰਤ ਆਪਣੀਆਂ ਜਿੱਤਾਂ ਦਾ ਝੰਡਾ ਬੁਲੰਦ ਕਰਦਾ ਸੈਮੀਫਾਈਨਲ ਵਿਚ ਪਹੁੰਚ ਗਿਆ ਜਿੱਥੇ ਉਸਦਾ ਮੁਕਾਬਲਾ ਯੁਗੋਸਲਾਵੀਆ ਨਾਲ ਹੋਣਾ ਸੀ।
ਭਾਰਤੀ ਖਿਡਾਰੀ ਚਾਰ ਸਾਲ ਪਹਿਲਾਂ ਯੁਗੋਸਲਾਵੀਆ ਕੋਲੋਂ 10-1 ਨਾਲ ਹਾਰ ਗਏ ਸਨ, ਭਾਰਤ ਨੂੰ ਇਸ ਟੀਮ ਨੂੰ ਜਿੱਤਣਾ ਸੌਖਾ ਨਹੀਂ ਸੀ।ਇਸ ਮੈਚ ਦੌਰਾਨ ਭਾਰਤੀ ਖਿਡਾਰੀ ਆਪਣੀ ਹਾਰ ਦਾ ਬਦਲਾ ਲੈਣ ਲਈ, ਜਦੋ-ਜਹਿਦ ਕਰਦੇ 4-1 ਗੋਲਾਂ ਨਾਲ ਹਾਰ ਗਏ।ਇਸ ਓਲੰਪਿਕ ਵਿਚ ਕਾਂਸੀ ਦੇ ਤਗ਼ਮੇ ਦੀ ਦੌੜ ਲਈ ਭਾਰਤ ਦਾ ਮੁਕਾਬਲਾ ਬੁਲਗਾਰੀਆ ਨਾਲ ਹੋਣਾ ਸੀ।ਭਾਰਤ ਪਹਿਲੀ ਵਾਰ ਤਗ਼ਮੇ ਦੀ ਦੌੜ ਵਿਚ ਸ਼ਾਮਿਲ ਸੀ, ਆਪਣੀ ਖੇਡ ਦਾ ਚੰੰੰਗਾ ਪ੍ਰਦਰਸ਼ਨ ਕਰਦਾ 3-0 ਗੋਲਾਂ ਨਾਲ ਹਾਰ ਗਿਆ ਤੇ ਚੌਥਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਸੀ।ਭਾਰਤੀ ਫੁੱਟਬਾਲ ਦਾ ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿਚ 1948 ਤੋਂ 1970 ਤੱਕ ਦਾ ਸਫ਼ਰ ਬੜਾ ਹੀ ਅਹਿਮ ਰਿਹਾ ਹੈ।ਭਾਰਤੀ ਖਿਡਾਰੀ ਤਕਨੀਕੀ ਪੱਖ ਤੋਂ ਕਾਫ਼ੀ ਕਮਜ਼ੋਰ ਨਜ਼ਰ ਆ ਰਹੇ ਹਨ । ਖੇਡ ਸਹੂਲਤਾਂ ਅਤੇ ਤਕਨੀਕੀ ਘਾਟ ਬਦੌਲਤ ਟੀਮ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਕੋਈ ਇੱਕ ਕਾਰਨ ਵੀ ਹੋ ਸਕਦਾ ਹੈ। ਅੱਜ ਵਿਸ਼ਵ ਪੱਧਰੀ ਖੇਡਾਂ ਵਿਚ ਭਾਗ ਲੈਣ ਲਈ ਖੇਡ ਮੈਦਾਨਾਂ ਤੋਂ ਲੈ ਕੇ ਖਿਡਾਰੀਆਂ ਦੀਆਂ ਮੁੱਢਲੀਆਂ ਲੋੜਾਂ ਨੂੰ ਸਮਝਣ ਦੀ ਲੋੜ ਹੈ । •
-ਬੀਰਪਾਲ ਗਿੱਲ ਸਮਰਾਲਾ
9876153007