ਦੀਪਿਕਾ ਨੇ ਤੇਜ਼ ਹਵਾਵਾਂ ਵਿਚਾਲੇ ਚੰਗਾ ਪ੍ਰਦਰਸ਼ਨ ਦਿਖਾਇਆ ਤੇ ਜਰਮਨੀ ਦੀ ਤੀਰਅੰਦਾਜ਼ ਮਿਸ਼ੇਲੀ ਕ੍ਰੋਪੇਨ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਵਿਸ਼ਵ ਵਿਚ ਨੌਵੇਂ ਨੰਬਰ ਦੀ ਤੀਰਅੰਦਾਜ਼ ਦੀਪਿਕਾ ਦਾ ਅਗਲਾ ਮੁਕਾਬਲਾ ਮੈਕਸੀਕੋ ਦੀ ਅਲੇਜਾਂਦਰਾ ਵੇਲੇਂਸੀਆ ਨਾਲ ਹੋਵੇਗਾ।

ਗਵਾਟੇਮਾਲਾ ਸਿਟੀ (ਪੀਟੀਆਈ) : ਅਤਾਨੂ ਦਾਸ ਤੇ ਦੀਪਿਕਾ ਕੁਮਾਰੀ ਨੇ ਤੇਜ਼ ਹਵਾਵਾਂ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕਰ ਕੇ ਵੀਰਵਾਰ ਨੂੰ ਇੱਥੇ ਵਿਸ਼ਵ ਕੱਪ ਤੀਰਅੰਦਾਜ਼ੀ ਦੇ ਪਹਿਲੇ ਗੇੜ ਦੇ ਰਿਕਰਵ ਵਰਗ ਦੇ ਨਿੱਜੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਇਕ-ਦੂਜੇ ਨਾਲ ਵਿਆਹ ਕਰਵਾਉਣ ਵਾਲੇ ਦਾਸ ਤੇ ਦੀਪਿਕਾ ਲਗਭਗ ਦੋ ਸਾਲ ਬਾਅਦ ਵਿਸ਼ਵ ਕੱਪ ਵਿਚ ਵਾਪਸੀ ਕਰ ਰਹੇ ਹਨ।
ਇਨ੍ਹਾਂ ਦੋਵਾਂ ਨੇ ਰਿਕਰਵ ਮਿਕਸਡ ਮੁਕਾਬਲੇ ਦੇ ਵੀ ਕਾਂਸੇ ਦੇ ਮੈਡਲ ਦੇ ਪਲੇਆਫ ਵਿਚ ਥਾਂ ਬਣਾ ਲਈ ਹੈ ਤੇ ਇਸ ਤਰ੍ਹਾਂ ਭਾਰਤ ਪੰਜ ਮੈਡਲਾਂ ਦੀ ਦੌੜ ਵਿਚ ਬਣਿਆ ਹੋਇਆ ਹੈ। ਦੀਪਿਕਾ ਨੇ ਤੇਜ਼ ਹਵਾਵਾਂ ਵਿਚਾਲੇ ਚੰਗਾ ਪ੍ਰਦਰਸ਼ਨ ਦਿਖਾਇਆ ਤੇ ਜਰਮਨੀ ਦੀ ਤੀਰਅੰਦਾਜ਼ ਮਿਸ਼ੇਲੀ ਕ੍ਰੋਪੇਨ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਵਿਸ਼ਵ ਵਿਚ ਨੌਵੇਂ ਨੰਬਰ ਦੀ ਤੀਰਅੰਦਾਜ਼ ਦੀਪਿਕਾ ਦਾ ਅਗਲਾ ਮੁਕਾਬਲਾ ਮੈਕਸੀਕੋ ਦੀ ਅਲੇਜਾਂਦਰਾ ਵੇਲੇਂਸੀਆ ਨਾਲ ਹੋਵੇਗਾ। ਦਾਸ ਦਾ ਕੁਆਰਟਰ ਫਾਈਨਲ ਵਿਚ ਕਿਸਮਤ ਨੇ ਵੀ ਸਾਥ ਦਿੱਤਾ ਕਿਉਂਕਿ ਕੈਨੇਡਾ ਦਾ ਉਨ੍ਹਾਂ ਦਾ ਵਿਰੋਧੀ ਏਰਿਕ ਪੀਟਰਜ਼ ਆਖ਼ਰੀ ਸੈੱਟ ਵਿਚ ਖੁੰਝ ਗਿਆ ਤੇ ਭਾਰਤੀ ਖਿਡਾਰੀ 6-4 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਿਹਾ। ਇਸ ਤਰ੍ਹਾਂ ਦਾਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਮੈਡਲ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦਾ ਅਗਲਾ ਮੁਕਾਬਲਾ ਅਲਵਾਰਡੋ ਨਾਲ ਹੋਵੇਗਾ।
ਮਿਕਸਡ ਮੁਕਾਬਲੇ 'ਚ ਮੈਕਸੀਕੋ ਦੀ ਜੋੜੀ ਹੱਥੋਂ ਸਹਿਣੀ ਪਈ ਹਾਰ :
ਮਿਕਸਡ ਮੁਕਾਬਲੇ ਵਿਚ ਦੂਜਾ ਦਰਜਾ ਹਾਸਲ ਦਾਸ ਤੇ ਦੀਪਿਕਾ ਨੇ ਸਪੈਨਿਸ਼ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਪਰ ਮੈਕਸੀਕੋ ਦੀ ਜੋੜੀ ਖ਼ਿਲਾਫ਼ ਆਖ਼ਰੀ ਚਾਰ ਵਿਚ ਸਕੋਰ 4-4 ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟਆਫ ਵਿਚ ਉਨ੍ਹਾਂ ਨੂੰ ਹਾਰ ਸਹਿਣੀ ਪਈ। ਕਾਂਸੇ ਦੇ ਮੈਡਲ ਦੇ ਮੈਚ ਵਿਚ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਬਰਾਡੀ ਏਲੀਸਨ ਤੇ ਕੈਸੀ ਕਾਫਹੋਲਡ ਦੀ ਚੋਟੀ ਦਾ ਦਰਜਾ ਹਾਸਲ ਜੋੜੀ ਨਾਲ ਹੋਵੇਗਾ। ਭਾਰਤ ਦੀ ਅੰਕਿਤਾ ਭਗਤ ਹਾਲਾਂਕਿ ਰਿਕਰਵ ਕੁਆਰਟਰ ਫਾਈਨਲ ਵਿਚ ਹਾਰ ਗਈ। ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਆਖ਼ਰੀ ਅੱਠ ਵਿਚ ਥਾਂ ਬਣਾ ਕੇ ਮੈਡਲ ਦੀ ਦੌੜ ਵਿਚ ਬਣੀਆਂ ਹੋਈਆਂ ਹਨ।
'ਮੇਰੇ ਦਿਮਾਗ਼ 'ਚ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਨ ਤੇ ਮੈਂ ਇਕਾਗਰ ਬਣੇ ਰਹਿਣ 'ਤੇ ਧਿਆਨ ਦੇ ਰਿਹੀ ਸੀ। ਮੈਂ ਜਾਣਦੀ ਹਾਂ ਕਿ ਮੈਂ ਬਿਹਤਰ ਕਰ ਸਕਦੀ ਹਾਂ। ਮੇਰਾ ਪਹਿਲਾ ਮੈਚ ਚੰਗਾ ਨਹੀਂ ਸੀ ਤੇ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕੀਤਾ। ਮੈਂ ਹੁਣ ਵੀ ਬੇਚੈਨ ਮਹਿਸੂਸ ਕਰ ਰਹੀ ਹਾਂ ਪਰ ਮੈਨੂੰ ਚੰਗਾ ਵੀ ਲੱਗ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਆਖ਼ਰ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਹਾਂ। ਅਸੀਂ ਡੇਢ ਸਾਲ ਤਕ ਇਸ ਦੀ ਉਡੀਕ ਕੀਤੀ ਤੇ ਹੁਣ ਅਸੀਂ ਇੱਥੇ ਹਾਂ।
-ਦੀਪਿਕਾ ਕੁਮਾਰੀ, ਤੀਰਅੰਦਾਜ਼