ਅਮਿਤ ਪੰਘਾਲ ਸੈਮੀਫਾਈਨਲ 'ਚ, ਮੈਡਲ ਕੀਤਾ ਪੱਕਾ, ਗਾਲਾਨੋਵ ਨੂੰ 5-0 ਨਾਲ ਮਾਤ ਦੇ ਕੇ ਆਖ਼ਰੀ ਚਾਰ 'ਚ ਬਣਾਈ ਥਾਂ
ਟੋਕੀਓ ਓਲੰਪਿਕ ਦੀਆਂ ਤਿਆਰੀਆਂ 'ਚ ਰੁੱਝੇ ਭਾਰਤੀ ਸਟਾਰ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਰੂਸ ਦੇ ਸੇਂਟ ਪੀਟਰਜ਼ਬਰਗ 'ਚ ਚੱਲ ਰਹੇ ਗਵਰਨਜ਼ ਕੱਪ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਆਪਣੇ ਲਈ ਮੈਡਲ ਪੱਕਾ ਕੀਤਾ ਪਰ ਪੰਜ ਹੋਰ ਭਾਰਤੀ ਮੁੱਕੇਬਾਜ਼ਾਂ ਨੂੰ ਪਹਿਲੇ ਗੇੜ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Thu, 22 Apr 2021 05:56 PM (IST)
Updated Date: Thu, 22 Apr 2021 11:32 PM (IST)
ਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਦੀਆਂ ਤਿਆਰੀਆਂ 'ਚ ਰੁੱਝੇ ਭਾਰਤੀ ਸਟਾਰ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਰੂਸ ਦੇ ਸੇਂਟ ਪੀਟਰਜ਼ਬਰਗ 'ਚ ਚੱਲ ਰਹੇ ਗਵਰਨਜ਼ ਕੱਪ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਆਪਣੇ ਲਈ ਮੈਡਲ ਪੱਕਾ ਕੀਤਾ ਪਰ ਪੰਜ ਹੋਰ ਭਾਰਤੀ ਮੁੱਕੇਬਾਜ਼ਾਂ ਨੂੰ ਪਹਿਲੇ ਗੇੜ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਤੇ ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਨੇ ਸਥਾਨਕ ਖਿਡਾਰੀ ਤਾਮਿਲ ਗਾਲਾਨੋਵ ਨੂੰ 5-0 ਨਾਲ ਮਾਤ ਦੇ ਕੇ ਆਖ਼ਰੀ ਚਾਰ ਵਿਚ ਥਾਂ ਬਣਾਈ। ਸੁਮਿਤ ਸਾਂਗਵਾਨ (81 ਕਿਲੋਗ੍ਰਾਮ), ਮੁਹੰਮਦ ਹੁਸਾਮੂਦੀਨ (57 ਕਿਲੋਗ੍ਰਾਮ), ਨਮਨ ਤੰਵਰ (91 ਕਿਲੋਗ੍ਰਾਮ), ਓਲੰਪਿਕ ਵਿਚ ਥਾਂ ਬਣਾ ਚੁੱਕੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਤੇ ਵਿਨੋਦ ਤੰਵਰ (49 ਕਿਲੋਗ੍ਰਾਮ) ਨੂੰ ਹਾਲਾਂਕਿ ਸ਼ੁਰੂ 'ਚ ਹੀ ਬਾਹਰ ਦਾ ਰਾਹ ਦੇਖਣਾ ਪਿਆ। ਵਿਨੋਦ ਨੂੰ ਰੂਸ ਦੇ ਇਗੋਰ ਸਾਰੇਗੋਰੋਤਸੇਵ ਹੱਥੋਂ 2-3 ਨਾਲ ਜਦਕਿ ਸੁਮਿਤ ਨੂੰ ਉਜ਼ਬੇਕਿਸਤਾਨ ਦੇ ਦਿਸ਼ੋਦ ਰੁਜਮੇਤੋਵ ਹੱਥੋਂ 5-0 ਨਾਲ ਹਾਰ ਸਹਿਣੀ ਪਈ। ਨਮਨ ਨੂੰ ਕਜ਼ਾਕਿਸਤਾਨ ਦੇ ਅਯਾਬੇਕ ਓਰਾਲਬੇ ਨੇ 5-0 ਨਾਲ ਮਾਤ ਦਿੱਤੀ। ਆਸ਼ੀਸ਼ ਇਕ ਫ਼ਸਵੇਂ ਮੁਕਾਬਲੇ ਵਿਚ ਰੂਸ ਦੇ ਨਿਕਿਤਾ ਕੁਜਮਿਨ ਹੱਥੋਂ 2-3 ਨਾਲ ਹਾਰ ਗਏ। ਹੁਸਾਮੂਦੀਨ ਵੀ ਉਜ਼ਬੇਕਿਸਤਾਨ ਦੇ ਮੀਰਾਜਿਜ ਮੁਰਜਾਖਲਿਲੋਵ ਦੇ ਸਾਹਮਣੇ ਨਹੀਂ ਟਿਕ ਸਕੇ।