ਪਰਮਾਤਮਾ ਕਿੱਥੇ ਹੈ?
ਪਰਮਾਤਮਾ ਸਾਡੇ ਅੰਦਰ ਹੈ। ਉਨ੍ਹਾਂ ਨੇ ਧਿਆਨ-ਅਭਿਆਸ ਜ਼ਰੀਏ ਪਰਮਾਤਮਾ ਨੂੰ ਆਪਣੇ ਅੰਦਰ ਪਾਇਆ ਹੈ। ਧਿਆਨ-ਅਭਿਆਸ ਕੀ ਹੈ? ਕੁਝ ਲੋਕ ਇਸ ਨੂੰ ਸਿਰਫ਼ ਸਰੀਰ ਤੇ ਦਿਮਾਗ ਨੂੰ ਆਰਾਮ ਦੇਣ ਦਾ ਇਕ ਤਰੀਕਾ ਮੰਨਦੇ ਹਨ। ਸੰਤਾਂ ਤੇ ਮਹਾਪੁਰਖਾਂ ਲਈ ਧਿਆਨ-ਅਭਿਆਸ ਪਰਮਾਤਮਾ ਨੂੰ ਆਪਣੇ ਅੰਦਰ ਲੱਭਣ ਦਾ ਤਰੀਕਾ ਹੈ।
Publish Date: Sat, 04 May 2024 11:37 PM (IST)
Updated Date: Sun, 05 May 2024 07:39 AM (IST)
ਲੋਕਾਂ ਵੱਲੋਂ ਜ਼ਿਆਦਾਤਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ’ਚੋਂ ਇਕ ਹੈ-ਪਰਮਾਤਮਾ ਕਿੱਥੇ ਹੈ? ਅਸੀਂ ਆਪਣੀ ਆਤਮਾ ਬਾਰੇ ਵੀ ਜਾਣਨਾ ਚਾਹੁੰਦੇ ਹਾਂ। ਵਿਗਿਆਨ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ। ਜਿੱਥੇ ਸਾਡੇ ਕੋਲ ਪੁਲਾੜ ਦਾ ਪਤਾ ਲਗਾਉਣ ਲਈ ਸ਼ਕਤੀਸ਼ਾਲੀ ਦੂਰਬੀਨ ਅਤੇ ਸਪੇਸਸ਼ਿਪ ਹਨ ਅਤੇ ਹਰੇਕ ਪਰਮਾਣੂ ਵਿਚ ਸਭ ਤੋਂ ਛੋਟੇ ਕਣਾਂ ਨੂੰ ਦੇਖਣ ਲਈ ਮਾਈਕਰੋਸਕੋਪ ਹਨ, ਫਿਰ ਵੀ ਵਿਗਿਆਨ ਇਸ ਗੱਲ ਦਾ ਖ਼ੁਲਾਸਾ ਨਹੀਂ ਕਰ ਸਕਿਆ ਕਿ ਈਸ਼ਵਰ ਇਸ ਭੌਤਿਕ ਬ੍ਰਹਿਮੰਡ ਵਿਚ ਕਿੱਥੇ ਹੈ? ਸੱਚ ਇਹ ਹੈ ਕਿ ਸਿ੍ਰਸ਼ਟੀਕਰਤਾ ਹਾਲੇ ਤੱਕ ਬਾਹਰਲੇ ਭੌਤਿਕ ਬ੍ਰਹਿਮੰਡ ਵਿਚ ਨਹੀਂ ਮਿਲਿਆ ਹੈ ਜੋ ਸੰਤ ਅਤੇ ਮਹਾਪੁਰਖ ਸਦੀਆਂ ਤੋਂ ਕਹਿ ਰਹੇ ਹਨ।
ਪਰਮਾਤਮਾ ਸਾਡੇ ਅੰਦਰ ਹੈ। ਉਨ੍ਹਾਂ ਨੇ ਧਿਆਨ-ਅਭਿਆਸ ਜ਼ਰੀਏ ਪਰਮਾਤਮਾ ਨੂੰ ਆਪਣੇ ਅੰਦਰ ਪਾਇਆ ਹੈ। ਧਿਆਨ-ਅਭਿਆਸ ਕੀ ਹੈ? ਕੁਝ ਲੋਕ ਇਸ ਨੂੰ ਸਿਰਫ਼ ਸਰੀਰ ਤੇ ਦਿਮਾਗ ਨੂੰ ਆਰਾਮ ਦੇਣ ਦਾ ਇਕ ਤਰੀਕਾ ਮੰਨਦੇ ਹਨ। ਸੰਤਾਂ ਤੇ ਮਹਾਪੁਰਖਾਂ ਲਈ ਧਿਆਨ-ਅਭਿਆਸ ਪਰਮਾਤਮਾ ਨੂੰ ਆਪਣੇ ਅੰਦਰ ਲੱਭਣ ਦਾ ਤਰੀਕਾ ਹੈ। ਧਿਆਨ-ਅਭਿਆਸ ਜ਼ਰੀਏ ਅਸੀਂ ਇਸ ਸਵਾਲ ਦੇ ਜਵਾਬ ਹਾਸਲ ਕਰ ਸਕਦੇ ਹਾਂ ਕਿ ਮੌਤ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਅਤੇ ਕੀ ਇਸ ਭੌਤਿਕ ਜੀਵਨ ਤੋਂ ਬਾਅਦ ਵੀ ਜੀਵਨ ਹੈ?
ਸਾਰੇ ਸੰਤਾਂ ਨੇ ਮਨੁੱਖੀ ਸਰੀਰ ਨੂੰ ਰੱਬ ਦਾ ਘਰ ਕਿਹਾ ਹੈ ਜਿਸ ਵਿਚ ਸਿ੍ਰਸ਼ਟੀ ਦਾ ਸਿਰਜਣਹਾਰ ਰਹਿੰਦਾ ਹੈ। ਆਤਮਾ ਕਿਉਂਕਿ ਪਰਮਾਤਮਾ ਦਾ ਅੰਸ਼ ਹੈ, ਇਸ ਲਈ ਹਰੇਕ ਜੀਵ ਦੇ ਅੰਦਰ ਪਰਮਾਤਮਾ ਮੌਜੂਦ ਹੈ। ਧਿਆਨ-ਅਭਿਆਸ ਕਰਨ ਨਾਲ ਅਸੀਂ ਆਪਣੇ ਅੰਦਰ ਹੀ ਪਰਮਾਤਮਾ ਨੂੰ ਖੋਜ ਸਕਦੇ ਹਾਂ। ਧਿਆਨ-ਅਭਿਆਸ ਕਰਨ ਲਈ ਕੀ ਨਿਰਦੇਸ਼ ਹਨ? ਧਿਆਨ-ਅਭਿਆਸ ਸਰਲ ਹੈ।
ਅਸੀਂ ਸਿਰਫ਼ ਬੈਠਣ ਲਈ ਇਕ ਸ਼ਾਂਤ ਤੇ ਆਰਾਮਦਾਇਕ ਜਗ੍ਹਾ ਲੱਭੀਏ ਜਿੱਥੇ ਸਾਡਾ ਮਨ ਅਤੇ ਸਰੀਰ ਸਥਿਰ ਹੋ ਸਕੇ। ਅਸੀਂ ਆਪਣੀਆਂ ਅੱਖਾਂ ਬੰਦ ਕਰੀਏ ਤੇ ਅੰਦਰ ਦੇਖੀਏ ਕਿ ਕੀ ਦਿਖਾਈ ਦਿੰਦਾ ਹੈ? ਧਿਆਨ-ਅਭਿਆਸ ਦੌਰਾਨ ਮਨ ਸਾਨੂੰ ਵਿਚਾਰਾਂ ਰਾਹੀਂ ਪਰੇਸ਼ਾਨ ਕਰਦਾ ਹੈ, ਇਸ ਲਈ ਅਧਿਆਤਮ ਵਿਗਿਆਨ ਵਿਚ ਅਸੀਂ ਪਰਮਾਤਮਾ ਦੇ ਕਿਸੇ ਵੀ ਨਾਮ ਨੂੰ ਮਾਨਸਿਕ ਤੌਰ ’ਤੇ ਦੁਹਰਾਉਂਦੇ ਹਾਂ ਤਾਂ ਕਿ ਮਨ ਦੇ ਵਿਚਾਰਾਂ ਕਾਰਨ ਸਾਡਾ ਧਿਆਨ ਨਾ ਭਟਕੇ। ਅਜਿਹਾ ਕਰਨ ’ਤੇ ਅਸੀਂ ਆਰਾਮ ਤੇ ਸ਼ਾਂਤੀ ਮਹਿਸੂਸ ਕਰਾਂਗੇ ਤੇ ਸਾਡੀ ਆਤਮਾ ਨੂੰ ਇਕ ਅਧਿਆਤਮਕ ਅਨੁਭਵ ਹੋਵੇਗਾ ਜੋ ਸਾਨੂੰ ਈਸ਼ਵਰ ਦੀ ਖੋਜ ’ਚ ਲੈ ਕੇ ਜਾਵੇਗਾ।
-ਸੰਤ ਰਾਜਿੰਦਰ ਸਿੰਘ