ਕਦੇ ਸਾਨੂੰ ਲੱਗਦਾ ਹੈ ਕਿ ਕਿਸਮਤ ਸਾਡੇ ਨਾਲ ਬੇਇਨਸਾਫ਼ੀ ਕਰ ਰਹੀ ਹੈ ਤਾਂ ਕਦੇ ਮਿਹਨਤ ਦਾ ਫਲ ਨਾ ਮਿਲਣ 'ਤੇ ਅਸੀਂ ਟੁੱਟ ਜਾਂਦੇ ਹਾਂ। ਅਜਿਹੇ ਮੁਸ਼ਕਲ ਸਮੇਂ ਲਈ ਕੁਰੂਕਸ਼ੇਤਰ ਦੇ ਮੈਦਾਨ 'ਚ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਜੋ ਰਾਹ ਦਿਖਾਇਆ ਸੀ, ਉਹ ਅੱਜ ਵੀ ਓਨਾ ਹੀ ਕਾਰਗਰ ਹੈ। ਸ਼੍ਰੀਮਦ ਭਗਵਦ ਗੀਤਾ ਦੇ ਇਹ 4 ਸਲੋਕ ਤੁਹਾਡਾ ਜੀਵਨ ਦੇਖਣ ਦਾ ਨਜ਼ਰੀਆ ਬਦਲ ਸਕਦੇ ਹਨ...

ਧਰਮ ਡੈਸਕ, ਨਵੀਂ ਦਿੱਲੀ : ਜਦੋਂ ਜ਼ਿੰਦਗੀ 'ਚ ਸਭ ਕੁਝ ਆਪਣੀ ਯੋਜਨਾ ਅਨੁਸਾਰ ਨਹੀਂ ਚੱਲਦਾ ਤਾਂ ਅਕਸਰ ਅਸੀਂ ਨਿਰਾਸ਼ ਹੋ ਕੇ ਬੈਠ ਜਾਂਦੇ ਹਾਂ। ਕਦੇ ਸਾਨੂੰ ਲੱਗਦਾ ਹੈ ਕਿ ਕਿਸਮਤ ਸਾਡੇ ਨਾਲ ਬੇਇਨਸਾਫ਼ੀ ਕਰ ਰਹੀ ਹੈ ਤਾਂ ਕਦੇ ਮਿਹਨਤ ਦਾ ਫਲ ਨਾ ਮਿਲਣ 'ਤੇ ਅਸੀਂ ਟੁੱਟ ਜਾਂਦੇ ਹਾਂ। ਅਜਿਹੇ ਮੁਸ਼ਕਲ ਸਮੇਂ ਲਈ ਕੁਰੂਕਸ਼ੇਤਰ ਦੇ ਮੈਦਾਨ 'ਚ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਜੋ ਰਾਹ ਦਿਖਾਇਆ ਸੀ, ਉਹ ਅੱਜ ਵੀ ਓਨਾ ਹੀ ਕਾਰਗਰ ਹੈ। ਸ਼੍ਰੀਮਦ ਭਗਵਦ ਗੀਤਾ ਦੇ ਇਹ 4 ਸਲੋਕ ਤੁਹਾਡਾ ਜੀਵਨ ਦੇਖਣ ਦਾ ਨਜ਼ਰੀਆ ਬਦਲ ਸਕਦੇ ਹਨ:
ਸਭ ਤੋਂ ਪ੍ਰਸਿੱਧ ਤੇ ਜੀਵਨ ਦਾ ਆਧਾਰ ਮੰਨਿਆ ਜਾਣ ਵਾਲਾ ਇਹ ਸਲੋਕ ਸਾਨੂੰ ਤਣਾਅ ਤੋਂ ਮੁਕਤੀ ਦਿਵਾਉਂਦਾ ਹੈ:
कर्मण्येवाधिकारस्ते मा फलेषु कदाचन ।
मा कर्मफलहेतुर्भूर्मा ते सङ्गोऽस्त्वकर्मणि ॥
ਸ਼੍ਰੀਮਦ ਭਗਵਦ ਗੀਤਾ ਦਾ ਇਹ ਸਲੋਕ (ਅਧਿਆਏ 2, ਸ਼ਲੋਕ 47) ਪੂਰੀ ਗੀਤਾ ਦੇ ਸਭ ਤੋਂ ਮਹੱਤਵਪੂਰਨ ਉਪਦੇਸ਼ਾਂ 'ਚੋਂ ਇਕ ਹੈ। ਇਸਨੂੰ 'ਕਰਮ ਯੋਗ' ਦਾ ਸਾਰ ਮੰਨਿਆ ਜਾਂਦਾ ਹੈ। ਇਸਦਾ ਸਰਲ ਅਰਥ ਹੈ ਕਿ ਤੁਹਾਡਾ ਅਧਿਕਾਰ ਸਿਰਫ਼ ਕਰਮ ਕਰਨ 'ਤੇ ਹੈ, ਉਸਦੇ ਫਲ 'ਤੇ ਨਹੀਂ। ਜਦੋਂ ਅਸੀਂ ਨਤੀਜੇ ਬਾਰੇ ਜ਼ਿਆਦਾ ਸੋਚਦੇ ਹਾਂ ਤਾਂ ਡਰ ਅਤੇ ਘਬਰਾਹਟ ਪੈਦਾ ਹੁੰਦੀ ਹੈ। ਕ੍ਰਿਸ਼ਨ ਕਹਿੰਦੇ ਹਨ ਕਿ ਆਪਣਾ 'ਬੈਸਟ' ਦਿਓ, ਪਰ ਨਤੀਜੇ ਨੂੰ ਲੈ ਕੇ ਮੋਹ ਨਾ ਰੱਖੋ। ਨਾਲ ਹੀ, ਫਲ ਨਾ ਮਿਲਣ ਦੇ ਡਰੋਂ ਕੰਮ ਛੱਡਣਾ ਵੀ ਗਲਤ ਹੈ।
ਅਕਸਰ ਜਿੱਤ ਸਾਨੂੰ ਹੰਕਾਰੀ ਬਣਾ ਦਿੰਦੀ ਹੈ ਤੇ ਹਾਰ ਸਾਨੂੰ ਡਿਪ੍ਰੈਸ਼ਨ 'ਚ ਲੈ ਜਾਂਦੀ ਹੈ।
ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ:
सुखदुःखे समे कृत्वा लाभालाभौ जयाजयौ ।
ततो युद्धाय युज्यस्व नैवं पापमवाप्स्यसि ॥
ਸ਼੍ਰੀਮਦ ਭਗਵਦ ਗੀਤਾ ਦਾ ਇਹ ਸਲੋਕ (ਅਧਿਆਏ 2, ਸ਼ਲੋਕ 38) ਸਾਨੂੰ ਮਾਨਸਿਕ ਸ਼ਾਂਤੀ ਅਤੇ ਸੰਤੁਲਨ ਦਾ ਸਭ ਤੋਂ ਵੱਡਾ ਮੰਤਰ ਦਿੰਦਾ ਹੈ। ਜਦੋਂ ਅਸੀਂ ਜੀਵਨ ਦੇ ਉਤਰਾਅ-ਚੜ੍ਹਾਅ ਤੋਂ ਪਰੇਸ਼ਾਨ ਹੁੰਦੇ ਹਾਂ, ਉਦੋਂ ਇਹ ਸ਼ਲੋਕ ਸਾਨੂੰ ਸਥਿਰ ਰਹਿਣਾ ਸਿਖਾਉਂਦਾ ਹੈ।ਸੁੱਖ-ਦੁੱਖ, ਲਾਭ-ਹਾਣੀ ਤੇ ਜਿੱਤ-ਹਾਰ ਨੂੰ ਬਰਾਬਰ ਸਮਝ ਕੇ ਯੁੱਧ (ਆਪਣੇ ਕਰਤੱਵਾਂ) ਲਈ ਤਿਆਰ ਹੋ ਜਾਓ। ਜਦੋਂ ਤੁਸੀਂ ਮਾਨਸਿਕ ਤੌਰ 'ਤੇ ਇਨ੍ਹਾਂ ਦਵੰਦਾਂ ਤੋਂ ਉੱਪਰ ਉੱਠ ਜਾਂਦੇ ਹੋ ਤਾਂ ਤੁਸੀਂ ਜੀਵਨ ਦੀ ਵੱਡੀ ਤੋਂ ਵੱਡੀ ਚੁਣੌਤੀ ਨੂੰ ਸ਼ਾਂਤੀ ਨਾਲ ਪਾਰ ਕਰ ਲੈਂਦੇ ਹੋ।
ਜ਼ਿੰਦਗੀ 'ਚ ਜਦੋਂ ਕੋਈ ਸਾਥ ਨਾ ਦੇਵੇ, ਉਦੋਂ ਇਹ ਸਲੋਕ ਸਾਨੂੰ ਆਪਣੀ ਤਾਕਤ ਯਾਦ ਦਿਵਾਉਂਦਾ ਹੈ:
उद्धरेदात्मनाऽत्मानं नात्मानमवसादयेत् ।
आत्मैव ह्यात्मनो बन्धुरात्मैव रिपुरात्मनः ॥
ਸ਼੍ਰੀਮਦ ਭਗਵਦ ਗੀਤਾ ਦੇ ਛੇਵੇਂ ਅਧਿਆਏ ਦਾ 5ਵਾਂ ਸਲੋਕ ਆਤਮ-ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਸਭ ਤੋਂ ਵੱਡਾ ਸੂਤਰ ਹੈ। ਇਹ ਸਲੋਕ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਸਭ ਤੋਂ ਅੱਛੇ ਦੋਸਤ ਜਾਂ ਸਭ ਤੋਂ ਵੱਡੇ ਦੁਸ਼ਮਣ ਅਸੀਂ ਖੁਦ ਹੀ ਹਾਂ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਰਾਹੀਂ ਖੁਦ ਦਾ ਉਧਾਰ ਕਰੇ, ਖੁਦ ਨੂੰ ਨੀਚੇ ਨਾ ਗਿਰਾਵੇ। ਕਿਉਂਕਿ, ਇਹ ਮਨ ਹੀ ਤੁਹਾਡਾ ਸਭ ਤੋਂ ਅੱਛਾ ਦੋਸਤ ਹੈ ਤੇ ਇਹੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਵੀ। ਜੇਕਰ ਤੁਸੀਂ ਧਾਰ ਲਵੋ, ਤਾਂ ਤੁਸੀਂ ਖੁਦ ਨੂੰ ਕਿਸੇ ਵੀ ਸਥਿਤੀ 'ਚੋਂ ਬਾਹਰ ਕੱਢ ਸਕਦੇ ਹੋ।
ਇਕ ਸਫ਼ਲ ਤੇ ਸ਼ਾਂਤੀਪੂਰਨ ਇਨਸਾਨ ਉਹੀ ਹੈ ਜੋ ਦੂਜਿਆਂ ਪ੍ਰਤੀ ਵੈਰ ਨਹੀਂ ਰੱਖਦਾ। ਭਗਵਾਨ ਕਹਿੰਦੇ ਹਨ:
अद्वेष्टा सर्वभूतानां मैत्रः करुण एव च ।
निर्ममो निरहंकारः समदुःखसुखः क्षमी ॥
ਸ਼੍ਰੀਮਦ ਭਗਵਦ ਗੀਤਾ ਦਾ ਇਹ ਸਲੋਕ (ਅਧਿਆਏ 12, ਸ਼ਲੋਕ 13) ਭਗਵਾਨ ਕ੍ਰਿਸ਼ਨ ਵੱਲੋਂ ਦੱਸੇ ਗਏ 'ਇਕ ਆਦਰਸ਼ ਭਗਤ' ਦੇ ਗੁਣਾਂ ਦੀ ਵਿਆਖਿਆ ਕਰਦਾ ਹੈ। ਇਹ ਸਲੋਕ ਸਾਨੂੰ ਸਿਖਾਉਂਦਾ ਹੈ ਕਿ ਸਮਾਜ ਵਿਚ ਰਹਿੰਦੇ ਹੋਏ ਸਾਡਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।ਜੋ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਜੋ ਸਭ ਦਾ ਮਿੱਤਰ ਹੈ, ਦਯਾਵਾਨ ਹੈ, ਜਿਸ ਵਿਚ 'ਮੈਂ' ਅਤੇ 'ਮੇਰਾ' ਦਾ ਹੰਕਾਰ ਨਹੀਂ ਹੈ ਅਤੇ ਜੋ ਮਾਫ਼ ਕਰਨਾ ਜਾਣਦਾ ਹੈ, ਉਹੀ ਅਸਲ ਵਿਚ ਸੁਖੀ ਹੈ। ਜਦੋਂ ਅਸੀਂ ਦੂਜਿਆਂ ਨੂੰ ਮਾਫ਼ ਕਰਨਾ ਸਿੱਖ ਜਾਂਦੇ ਹਾਂ ਤਾਂ ਸਾਡਾ ਅੱਧਾ ਬੋਝ ਆਪਣੇ ਆਪ ਘੱਟ ਹੋ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।