ਸ੍ਰਿਸ਼ਟੀ ਤੇ ਰਿਸ਼ਤਿਆਂ ਦਾ ਤਾਣਾ-ਬਾਣਾ
ਮਨੁੱਖ ਦੇ ਇਸ ਧਰਤੀ ’ਤੇ ਆਉਂਦੇ ਸਾਰ ਹੀ ਉਹ ਅਦ੍ਰਿਸ਼, ਅਟੁੱਟ ਸਬੰਧਾਂ ਦੀਆਂ ਸੂਖ਼ਮ ਕੜੀਆਂ ਵਿਚ ਬੱਝ ਜਾਂਦਾ ਹੈ। ਜਨਮ ਦੇ ਨਾਲ ਹੀ ਇਨ੍ਹਾਂ ਸਬੰਧਾਂ ਦਾ ਮੁੱਢ ਬੱਝ ਜਾਂਦਾ ਹੈ ਜੋ ਸਮਾਂ ਪਾ ਕੇ ਮੋਹ ਰੂਪੀ ਵੱਡੇ ਰੁੱਖ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸੇ ਮੋਹ-ਮਾਇਆ ਦੇ ਜਾਲ਼ ਵਿਚ ਬੱਝ ਕੇ ਵਿਅਕਤੀ ਸੰਸਾਰ ਦੇ ਚੱਕਰਵਿਊ ਵਿਚ ਫਸ ਕੇ ਖ਼ੁਦ ਨੂੰ ਭੁੱਲ ਬੈਠਦਾ ਹੈ
Publish Date: Fri, 01 May 2026 11:19 PM (IST)
Updated Date: Sat, 02 May 2026 07:42 AM (IST)

ਮਨੁੱਖ ਦੇ ਇਸ ਧਰਤੀ ’ਤੇ ਆਉਂਦੇ ਸਾਰ ਹੀ ਉਹ ਅਦ੍ਰਿਸ਼, ਅਟੁੱਟ ਸਬੰਧਾਂ ਦੀਆਂ ਸੂਖ਼ਮ ਕੜੀਆਂ ਵਿਚ ਬੱਝ ਜਾਂਦਾ ਹੈ। ਜਨਮ ਦੇ ਨਾਲ ਹੀ ਇਨ੍ਹਾਂ ਸਬੰਧਾਂ ਦਾ ਮੁੱਢ ਬੱਝ ਜਾਂਦਾ ਹੈ ਜੋ ਸਮਾਂ ਪਾ ਕੇ ਮੋਹ ਰੂਪੀ ਵੱਡੇ ਰੁੱਖ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸੇ ਮੋਹ-ਮਾਇਆ ਦੇ ਜਾਲ਼ ਵਿਚ ਬੱਝ ਕੇ ਵਿਅਕਤੀ ਸੰਸਾਰ ਦੇ ਚੱਕਰਵਿਊ ਵਿਚ ਫਸ ਕੇ ਖ਼ੁਦ ਨੂੰ ਭੁੱਲ ਬੈਠਦਾ ਹੈ। ਆਮ ਤੌਰ ’ਤੇ ਸੱਚ ਇਹ ਹੈ ਕਿ ਜਿੱਥੇ ਜੀਵਨ ਦੀ ਮੌਜੂਦਗੀ ਹੈ, ਓਥੇ ਸਬੰਧਾਂ ਦਾ ਮੌਜੂਦ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਸਮਾਜ ਤੇ ਸ੍ਰਿਸ਼ਟੀ ਦਾ ਸਮੁੱਚਾ ਤਾਣਾ-ਬਾਣਾ ਇਨ੍ਹਾਂ ਹੀ ਆਪਸੀ ਸੂਤਰਾਂ ਤੋਂ ਬਣਿਆ ਹੋਇਆ ਹੈ। ਹਰੇਕ ਪਰਿਵਾਰ ਵਿਚ ਸਬੰਧਾਂ ਦੀ ਇਕ ਸਹਿਜ ਤੇ ਤਰਕਸੰਗਤ ਖਿੱਚ ਮੌਜੂਦ ਰਹਿੰਦੀ ਹੈ ਪਰ ਉਨ੍ਹਾਂ ਦੀ ਸਾਰਥਕਤਾ ਵਿਅਕਤੀ ਦੀ ਚੇਤਨਾ ਦੀ ਉੱਚਾਈ ’ਤੇ ਨਿਰਭਰ ਕਰਦੀ ਹੈ। ਵਰਤਮਾਨ ਦੌਰ ਦੀ ਤ੍ਰਾਸਦੀ ਇਹ ਹੈ ਕਿ ਸਬੰਧ ਆਮ ਤੌਰ ’ਤੇ ਖ਼ੂਨ ਦੇ ਸਬੰਧਾਂ ਦੀ ਮਰਿਆਦਾ ਤੱਕ ਸੀਮਤ ਹੋ ਕੇ ਰਹਿ ਗਏ ਹਨ ਤੇ ਦੁਖਦ ਤੱਥ ਇਹ ਹੈ ਕਿ ਇਨ੍ਹਾਂ ਖ਼ੂਨ ਦੇ ਰਿਸ਼ਤਿਆਂ ਦੇ ਪਰਦੇ ਪਿੱਛੇ ਵੀ ਸਵਾਰਥ ਦਾ ਡੂੰਘਾ ਸਾਇਆ ਮੌਜੂਦ ਰਹਿੰਦਾ ਹੈ। ਰਿਸ਼ਤਿਆਂ ਵਿਚ ਪਾਟੋਧਾੜ ਆਮ ਤੌਰ ’ਤੇ ਕੌੜੇ ਬੋਲਾਂ ਕਾਰਨ ਹੁੰਦੀ ਹੈ ਜਿਸ ਦੇ ਮਾੜੇ ਅਸਰਾਂ ਕਾਰਨ ਸਾਲਾਂ ਤੋਂ ਚੱਲਿਆ ਆ ਰਿਹਾ ਸਨੇਹ ਪਲ-ਭਰ ਵਿਚ ਤਾਰ-ਤਾਰ ਹੋ ਜਾਂਦਾ ਹੈ। ਕੁਦਰਤ ਨਾਲ ਸਾਡਾ ਸਬੰਧ ਹਕੀਕੀ ਤੇ ਅਟੁੱਟ ਹੈ ਜਦਕਿ ਵਿਸ਼ੇ-ਵਿਕਾਰਾਂ ਤੇ ਵਾਸਨਾਵਾਂ ’ਤੇ ਆਧਾਰਤ ਸਬੰਧ ਪਲ ਭਰ ਦੇ ਅਤੇ ਨਾਸ਼ਵਾਨ ਹਨ। ਉਨ੍ਹਾਂ ਵਿਚ ਸਥਾਈਪੁਣਾ ਤੇ ਸਥਿਰਤਾ ਨਹੀਂ ਹੁੰਦੀ। ਸੋ, ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਦਾ ਵਿਵੇਕ ਦੇ ਪ੍ਰਕਾਸ਼ ਵਿਚ ਆਪਣੇ ਸਬੰਧਾਂ ਦਾ ਮੁਲਾਂਕਣ ਕਰੇ। ਉਨ੍ਹਾਂ ਨੂੰ ਸਹੇਜਣਾ ਅਤੇ ਉਨ੍ਹਾਂ ਦਾ ਪੋਸ਼ਣ ਕਰਨਾ ਜ਼ਰੂਰੀ ਹੈ, ਉਨ੍ਹਾਂ ਨੂੰ ਤੁੱਛ ਕਾਰਨਾਂ ਕਾਰਨ ਖ਼ਰਾਬ ਕਰਨਾ ਅਕਲਮੰਦੀ ਨਹੀਂ ਹੈ ਅਤੇ ਜੇ ਸਵੈਮਾਣ ਤੇ ਸੱਚ ਦੀ ਰੱਖਿਆ ਲਈ ਸਬੰਧ ਤੋੜਨੇ ਜ਼ਰੂਰੀ ਹੋ ਜਾਣ ਤਾਂ ਫਿਰ ਪਿੱਛੇ ਮੁੜ ਕੇ ਦੇਖਣਾ ਆਤਮਿਕ ਦੁਰਬਲਤਾ ਸਿੱਧ ਹੋਵੇਗੀ। ਉਕਤ ਦਾ ਨਿਚੋੜ ਇਹੀ ਹੈ ਕਿ ਮਨੁੱਖ ਨੂੰ ਮਨਮੋਹਕ ਪ੍ਰਤੀਤ ਹੋਣ ਵਾਲੇ ਸਬੰਧਾਂ ਦੀ ਜਗ੍ਹਾ ਸਰਬਸ੍ਰੇਸ਼ਠ ਸਬੰਧਾਂ ਦੀ ਚੋਣ ਕਰਨੀ ਚਾਹੀਦੀ ਹੈ। ਸਬੰਧ ਉਹੀ ਸ੍ਰੇਸ਼ਠ ਹੈ ਜੋ ਆਤਮਿਕ ਉੱਨਤੀ ਅਤੇ ਲੋਕ ਭਲਾਈ ਦੇ ਰਾਹ ਨੂੰ ਮਜ਼ਬੂਤ ਕਰੇ। ਨਾਲ ਹੀ, ਜੀਵਨ ਵਿਚ ਸੱਚ, ਪ੍ਰੇਮ ਅਤੇ ਕਰੁਣਾ ਰੂਪੀ ਤ੍ਰਿਵੇਣੀ ਸਹਿਜੇ ਹੀ ਵਗਦੀ ਹੋਵੇ।-ਮਹੰਤ ਅਚਾਰੀਆ ਨਾਰਾਇਣ ਦਾਸ।