ਵੈਰਾਗ ਦੇ ਹਨ ਬਹੁਤ ਜ਼ਿਆਦਾ ਵਿਸ਼ਾਲ ਅਰਥ
ਕੁਝ ਲੋਕ ਸੰਸਾਰ ਦੇ ਲਾਭ ਲਈ ਹੀ ਇਸ ਦੀ ਚਮਕ-ਦਮਕ ਤੋਂ ਦੂਰ ਉਸ ਪਰਮ ਤੱਤ ਦੀ ਭਾਲ ਦੇ ਮਾਰਗ ’ਤੇ ਅੱਗੇ ਵਧਦੇ ਹਨ ਤੇ ਕੁਝ ਦੁਨੀਆ ਵਿਚ ਰਹਿ ਕੇ ਹੀ ਜਨਮਾਨਸ ਨੂੰ ਜਗਾਉਣ ਦਾ ਯਤਨ ਕਰਦੇ ਹਨ।
Publish Date: Wed, 09 Jul 2025 11:17 PM (IST)
Updated Date: Thu, 10 Jul 2025 07:41 AM (IST)
ਮਨੁੱਖੀ ਮਨ ਚੰਚਲ ਹੁੰਦਾ ਹੈ। ਮਨ ਦਾ ਸੰਸਾਰ ਦੇ ਵਿਸ਼ਿਆਂ ਵਿਚ ਭਟਕਣਾ ਅਤੇ ਆਕਰਸ਼ਿਤ ਰਹਿਣਾ, ਸ਼ਾਇਦ ਸਾਡੇ ਮਨੁੱਖੀ ਗੁਣਾਂ ਅਤੇ ਸੀਮਾਵਾਂ ਦਾ ਪ੍ਰਤੀਕ ਹੈ। ਮਨ ਵਿਸ਼ਿਆਂ ਦੀ ਕਲਪਨਾ ਦਾ ਸੰਸਾਰ ਬੁਣਦਾ ਹੈ, ਚਿੱਤ ਉਸ ਵੱਲ ਆਕਰਸ਼ਿਤ ਹੁੰਦਾ ਹੈ ਅਤੇ ਇੰਦਰੀਆਂ ਉਨ੍ਹਾਂ ਦਾ ਅਨੁਭਵ ਕਰਨਾ ਚਾਹੁੰਦੀਆਂ ਹਨ। ਪਤੰਜਲੀ ਯੋਗਸੂਤਰ ਅਨੁਸਾਰ, ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਹੀ ਯੋਗ ਹੈ ਪਰ ਕੀ ਇਹੀ ਵੈਰਾਗ ਹੈ?
ਸਿਰਫ਼ ਇੰਦਰੀਆਂ ਅਤੇ ਚਿੱਤ ’ਤੇ ਰੋਕ ਲਗਾਉਣਾ ਹੀ ਕਾਫ਼ੀ ਹੈ? ਜੇਕਰ ਮੂਲ ਰੂਪ ਵਿਚ ਵੇਖਿਆ ਜਾਵੇ ਤਾਂ ਸੰਭਵ ਤੌਰ ’ਤੇ ਇਸ ਦਾ ਜਵਾਬ ‘ਹਾਂ’ ਹੋ ਸਕਦਾ ਹੈ ਪਰ ਦਾਰਸ਼ਨਿਕ ਨਜ਼ਰੀਏ ਤੋਂ ਸਮਝ ਆਉਂਦਾ ਹੈ ਕਿ ਵੈਰਾਗ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਸੰਸਾਰ ਕਈ ਮਹਾਨ ਪੁਰਸ਼ਾਂ ਅਤੇ ਯੋਗੀਆਂ ਦੇ ਯੋਗਦਾਨ ਨਾਲ ਚੇਤਨ ਹੈ।
ਕੁਝ ਲੋਕ ਸੰਸਾਰ ਦੇ ਲਾਭ ਲਈ ਹੀ ਇਸ ਦੀ ਚਮਕ-ਦਮਕ ਤੋਂ ਦੂਰ ਉਸ ਪਰਮ ਤੱਤ ਦੀ ਭਾਲ ਦੇ ਮਾਰਗ ’ਤੇ ਅੱਗੇ ਵਧਦੇ ਹਨ ਤੇ ਕੁਝ ਦੁਨੀਆ ਵਿਚ ਰਹਿ ਕੇ ਹੀ ਜਨਮਾਨਸ ਨੂੰ ਜਗਾਉਣ ਦਾ ਯਤਨ ਕਰਦੇ ਹਨ। ਇਸ ਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜੋ ਸੰਸਾਰੀ ਵਿਸ਼ਿਆਂ ਨੂੰ ਤਿਆਗ ਕੇ ਬ੍ਰਹਮ ਵਿਚ ਲੀਨ ਹੈ, ਉਹ ਤਾਂ ਲਗਾਅ-ਰਹਿਤ ਹੈ ਹੀ ਪਰ ਜੋ ਸੰਸਾਰ ਵਿਚ ਰਹਿ ਕੇ ਸੰਸਾਰ ਦੇ ਰਹੱਸ ਨੂੰ ਸਮਝਣ ਦਾ ਯਤਨ ਕਰਦਾ ਹੈ ਅਤੇ ਉਸ ਪਰਮ ਸੱਚ ਦੀ ਭਾਲ ਕਰਦਾ ਹੈ, ਉਹ ਵੀ ਲਗਾਅ ਤੋਂ ਮੁਕਤ ਹੈ।
ਕਾਰਨ ਇਹ ਹੈ ਕਿ ਬਿਨਾਂ ਈਸ਼ਵਰ ਦੀ ਇੱਛਾ ਦੇ ਉਸ ਪਰਮ ਤੱਤ ਦੀ ਭਾਲ ਦਾ ਵਿਚਾਰ ਵੀ ਕਿਸੇ ਦੇ ਮਨ ਵਿਚ ਨਹੀਂ ਆ ਸਕਦਾ। ਕੌਪੀਨ ਪੰਚਕਮ ਵਿਚ ਜਦੋਂ ਆਦਿ ਸ਼ੰਕਰਾਚਾਰੀਆ ਕਹਿੰਦੇ ਹਨ, ‘ਕੌਪੀਨ ਵੰਤ: ਖਲੁ ਭਾਗਯਵੰਤ: ’ਤਦ ਉਨ੍ਹਾਂ ਦਾ ਮਕਲਬ ਸਿਰਫ਼ ਕੌਪੀਨ ਤੋਂ ਨਹੀਂ, ਬਲਕਿ ਵੈਰਾਗ ਤੋਂ ਹੈ। ਅਰਥਾਤ ਉਹ ਕਹਿੰਦੇ ਹਨ ਕਿ ਧੰਨ ਹਨ ਉਹ ਜਿਨ੍ਹਾਂ ਨੂੰ ਈਸ਼ਵਰ ਨੇ ਵੈਰਾਗ ਦਿੱਤਾ ਹੈ।
ਇਸ ਲਈ ਜੋ ਵੈਰਾਗ ਅੰਦਰੋਂ ਜਨਮ ਲੈਂਦਾ ਹੈ, ਜੋ ਵਿਅਕਤੀ ਨੂੰ ਆਸ਼ਾਵਾਦੀ ਬਣਾਉਂਦਾ ਹੈ ਅਤੇ ਜੋ ਪੂਰਨਤਾ ਦਾ ਅਨੁਭਵ ਕਰਾਉਂਦਾ ਹੈ, ਉਹੀ ਵਾਸਤਵਿਕ ਵੈਰਾਗ ਹੈ। ਨਹੀਂ ਤਾਂ ਕਿਸੇ ਦੇ ਪ੍ਰਭਾਵ ਨਾਲ ਨਾ ਤਾਂ ਵੈਰਾਗ ਮਿਲ ਸਕਦਾ ਹੈ ਅਤੇ ਨਾ ਹੀ ਸੰਸਾਰ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜੋ ਸੰਸਾਰ ਦੇ ਨਾਲ ਜਾਂ ਸੰਸਾਰ ਦੇ ਬਿਨਾਂ ਵੀ ਬ੍ਰਹਮ ਵਿਚ ਲੀਨ ਹੈ, ਉਹੀ ਵਿਰਕਤ ਹੈ। ਉਹੀ ਜੀਵਨ ਦੀ ਸਾਰਥਕਤਾ ਨੂੰ ਸਿੱਧ ਕਰਨ ਵਾਲਾ ਸਾਧਕ ਹੈ।
-ਆਦਿਤਿਆ ਨਾਰਾਇਣ ਅਵਸਥੀ