ਸੱਚਾ ਸੁੱਖ
ਉਹ ਆਪਣੀ ਮੌਜੂਦਾ ਸਥਿਤੀ ਨੂੰ ਸਵੀਕਾਰ ਨਹੀਂ ਕਰ ਪਾਉਂਦਾ ਤੇ ਸਦਾ ਇਕ ਕਾਲਪਨਿਕ ਭਵਿੱਖ ਦੀ ਆਸ ’ਤੇ ਜਿਉਂਦਾ ਹੈ। ਇਹ ਆਸ ਉਸ ਲਈ ਗੁਲਾਮੀ ਬਣ ਜਾਂਦੀ ਹੈ। ਉਹ ਸੁੱਖ ਦੀ ਲਾਲਸਾ ਵਿਚ ਦੌੜਦਾ ਰਹਿੰਦਾ ਹੈ ਅਤੇ ਆਖ਼ਰਕਾਰ ਥੱਕ-ਹਾਰ ਕੇ ਹਤਾਸ਼ ਹੋ ਜਾਂਦਾ ਹੈ।
Publish Date: Thu, 16 Oct 2025 11:34 PM (IST)
Updated Date: Fri, 17 Oct 2025 06:45 AM (IST)
ਮਨੁੱਖੀ ਜੀਵਨ ਇਕ ਅਜਿਹੀ ਯਾਤਰਾ ਹੈ ਜਿੱਥੇ ਸੁੱਖ ਅਤੇ ਦੁੱਖ, ਆਸ ਅਤੇ ਨਿਰਾਸ਼ਾ, ਅਤੇ ਮਾਫ਼ਕ ਤੇ ਉਲਟ ਹਾਲਾਤ ਦੀ ਧੁੱਪ-ਛਾਂ ਆਉਂਦੀ-ਜਾਂਦੀ ਰਹਿੰਦੀ ਹੈ। ਇਸ ਯਾਤਰਾ ਵਿਚ ਉਹੀ ਯਾਤਰੀ ਖ਼ੁਸ਼ ਰਹਿੰਦਾ ਹੈ ਜੋ ਹਰ ਉਤਰਾਅ-ਚੜ੍ਹਾਅ ਨੂੰ ਆਸਾਨੀ ਨਾਲ ਸਵੀਕਾਰ ਕਰਦਾ ਹੈ। ਜੀਵਨ ਦਾ ਹਰ ਪਲ ਇਕ ਵਿਧਾਨ ਅਤੇ ਇਕ ਅਨਮੋਲ ਉਪਹਾਰ ਹੈ। ਇਸ ਲਈ ਵਿਅਕਤੀ ਨੂੰ ਪੂਰਨ ਨਿਸ਼ਠਾ ਅਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਉਸ ਦੇ ਨਤੀਜਿਆਂ ’ਤੇ। ਜੋ ਮਨੁੱਖ ਮਿਹਨਤ ਕਰਦਾ ਹੈ, ਉਹ ਹਰ ਹਾਲਤ ਵਿਚ ਮਨ ਨੂੰ ਸ਼ਾਂਤ ਰੱਖ ਕੇ ਜੀਵਨ ਦੀ ਧਾਰਾ ਵਿਚ ਤੈਰਨਾ ਸਿੱਖ ਲੈਂਦਾ ਹੈ। ਅਜਿਹੇ ਵਿਅਕਤੀ ਨੂੰ ਨਾ ਤਾਂ ਸਫਲਤਾ ਦਾ ਹੰਕਾਰ ਹੁੰਦਾ ਹੈ ਅਤੇ ਨਾ ਹੀ ਅਸਫਲਤਾ ਦਾ ਦੁੱਖ।
ਉਹ ਹਰ ਸਥਿਤੀ ਵਿਚ ਸ਼ਾਂਤ ਅਤੇ ਸਥਿਰ ਰਹਿੰਦਾ ਹੈ ਕਿਉਂਕਿ ਉਸ ਦੀ ਖ਼ੁਸ਼ੀ ਬਾਹਰਲੇ ਹਾਲਾਤ ’ਤੇ ਨਿਰਭਰ ਨਹੀਂ, ਸਗੋਂ ਅੰਦਰੂਨੀ ਪਰਮ ਸੰਤੋਸ਼ ’ਤੇ ਆਸ਼ਰਿਤ ਰਹਿੰਦੀ ਹੈ। ਇਹੀ ਸੁਖੀ ਜੀਵਨ ਦਾ ਸੱਚਾ ਦਰਸ਼ਨ ਅਤੇ ਪ੍ਰਬੰਧਨ ਹੈ। ਵਿਅਕਤੀ ਦੇ ਦੁਖੀ ਹੋਣ ਦਾ ਮੂਲ ਕਾਰਨ ਨਿਰਾਸ਼ਾ ਦਾ ਡੂੰਘਾ ਅੰਧਕਾਰ ਅਤੇ ਆਸ ਦੀ ਮ੍ਰਿਗਤ੍ਰਿਸ਼ਨਾ ਹੈ। ਸੰਸਾਰ ਵਿਚ ਉਹੀ ਵਿਅਕਤੀ ਦੁਖੀ ਹੈ ਜੋ ਨਿਕੰਮੇਪਣ ਕਾਰਨ ਨਿਰਾਸ਼ਾ ਦੇ ਖੂਹ ਵਿਚ ਡੁੱਬਦਾ ਹੈ।
ਉਹ ਆਪਣੀ ਮੌਜੂਦਾ ਸਥਿਤੀ ਨੂੰ ਸਵੀਕਾਰ ਨਹੀਂ ਕਰ ਪਾਉਂਦਾ ਤੇ ਸਦਾ ਇਕ ਕਾਲਪਨਿਕ ਭਵਿੱਖ ਦੀ ਆਸ ’ਤੇ ਜਿਉਂਦਾ ਹੈ। ਇਹ ਆਸ ਉਸ ਲਈ ਗੁਲਾਮੀ ਬਣ ਜਾਂਦੀ ਹੈ। ਉਹ ਸੁੱਖ ਦੀ ਲਾਲਸਾ ਵਿਚ ਦੌੜਦਾ ਰਹਿੰਦਾ ਹੈ ਅਤੇ ਆਖ਼ਰਕਾਰ ਥੱਕ-ਹਾਰ ਕੇ ਹਤਾਸ਼ ਹੋ ਜਾਂਦਾ ਹੈ।
ਸੁੱਖ ਦੀ ਲਾਲਸਾ ਹੀ ਉਸ ਨੂੰ ਥਕਾ ਦਿੰਦੀ ਹੈ ਕਿਉਂਕਿ ਜੀਵਨ ਸੁੱਖ ਦਾ ਸਮੁੰਦਰ ਨਹੀਂ, ਸਗੋਂ ਸੁੱਖ-ਦੁੱਖ ਦਾ ਸੰਗਮ ਹੈ। ਜੋ ਇਸ ਸੱਚਾਈ ਨੂੰ ਨਹੀਂ ਸਮਝਦਾ, ਉਹ ਜੀਵਨ ਭਰ ਅਸੰਤੁਸ਼ਟ ਅਤੇ ਦੁਖੀ ਹੀ ਰਹਿੰਦਾ ਹੈ। ਮਨੁੱਖ ਦੇ ਸਮਾਜਿਕ ਜੀਵਨ ਦਾ ਮੁਲਾਂਕਣ ਉਸ ਦੇ ਧਨ-ਦੌਲਤ, ਅਹੁਦੇ, ਤਾਕਤ ਅਤੇ ਵੱਕਾਰ ਨਾਲ ਕਦੇ ਵੀ ਨਹੀਂ ਕੀਤਾ ਜਾ ਸਕਦਾ। ਜੇਕਰ ਅਜਿਹਾ ਹੁੰਦਾ ਤਾਂ ਮਹਿਲਾਂ ਅਤੇ ਹਵੇਲੀਆਂ ਨੂੰ ਸਦਾ ਪੂਜਿਆ ਜਾਂਦਾ ਕਿਉਂਕਿ ਉਹ ਭੌਤਿਕ ਖ਼ੁਸ਼ਹਾਲੀ ਦੇ ਪ੍ਰਤੀਕ ਹਨ ਪਰ ਸੱਚੀ ਸ੍ਰੇਸ਼ਠਤਾ ਅਤੇ ਪਵਿੱਤਰਤਾ ਉਨ੍ਹਾਂ ਵਿਚਾਰਾਂ ਵਿਚ ਵਸਦੀ ਹੈ ਜੋ ਨਿਸ਼ਕਾਮ, ਸ਼ੁੱਧ ਅਤੇ ਨਿਰਮਲ ਹੁੰਦੇ ਹਨ।
-ਅਚਾਰੀਆ ਨਾਰਾਇਣ ਦਾਸ