ਮਨੁੱਖ ਜਿਹੋ ਜਿਹਾ ਸੋਚਦਾ ਹੈ, ਉਹੋ ਜਿਹਾ ਹੀ ਬਣਨ ਲੱਗਦਾ ਹੈ। ਜਦ ਅਸੀਂ ਕਿਸੇ ਵਿਚਾਰ ’ਤੇ ਡੂੰਘਾ ਭਰੋਸਾ ਕਰ ਲੈਂਦੇ ਹਾਂ ਤਾਂ ਸਾਡਾ ਅਚੇਤਨ ਮਨ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ ਤੇ ਉਸੇ ਦਿਸ਼ਾ ਵਿਚ ਸਾਡੇ ਵਿਵਹਾਰ, ਨਿਰਣੇ ਤੇ ਹਾਲਾਤ ਆਕਾਰ ਲੈਣ ਲੱਗਦੇ ਹਨ। ਮਨੁੱਖੀ ਦਿਮਾਗ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਸੁਚੇਤ ਅਵਸਥਾ ਵਿਚ ਸਰਗਰਮ ਰਹਿੰਦਾ ਹੈ ਜਦਕਿ ਉਸ ਦਾ ਵਿਸ਼ਾਲ ਹਿੱਸਾ ਅਚੇਤਨ ਪੱਧਰ ’ਤੇ ਕਾਰਜ ਕਰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਜਿਨ੍ਹਾਂ ਵਿਚਾਰਾਂ ਨੂੰ ਵਾਰ-ਵਾਰ ਦੁਹਰਾਉਂਦੇ ਹਾਂ, ਉਹ ਹੌਲੀ-ਹੌਲੀ ਤੁਹਾਡੀ ਸ਼ਖ਼ਸੀਅਤ ਅਤੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ

ਮਨੁੱਖ ਜਿਹੋ ਜਿਹਾ ਸੋਚਦਾ ਹੈ, ਉਹੋ ਜਿਹਾ ਹੀ ਬਣਨ ਲੱਗਦਾ ਹੈ। ਜਦ ਅਸੀਂ ਕਿਸੇ ਵਿਚਾਰ ’ਤੇ ਡੂੰਘਾ ਭਰੋਸਾ ਕਰ ਲੈਂਦੇ ਹਾਂ ਤਾਂ ਸਾਡਾ ਅਚੇਤਨ ਮਨ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ ਤੇ ਉਸੇ ਦਿਸ਼ਾ ਵਿਚ ਸਾਡੇ ਵਿਵਹਾਰ, ਨਿਰਣੇ ਤੇ ਹਾਲਾਤ ਆਕਾਰ ਲੈਣ ਲੱਗਦੇ ਹਨ। ਮਨੁੱਖੀ ਦਿਮਾਗ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਸੁਚੇਤ ਅਵਸਥਾ ਵਿਚ ਸਰਗਰਮ ਰਹਿੰਦਾ ਹੈ ਜਦਕਿ ਉਸ ਦਾ ਵਿਸ਼ਾਲ ਹਿੱਸਾ ਅਚੇਤਨ ਪੱਧਰ ’ਤੇ ਕਾਰਜ ਕਰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਜਿਨ੍ਹਾਂ ਵਿਚਾਰਾਂ ਨੂੰ ਵਾਰ-ਵਾਰ ਦੁਹਰਾਉਂਦੇ ਹਾਂ, ਉਹ ਹੌਲੀ-ਹੌਲੀ ਤੁਹਾਡੀ ਸ਼ਖ਼ਸੀਅਤ ਅਤੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਵਿਚਾਰ ਕਰਮ ਦਾ ਆਧਾਰ ਬਣਦੇ ਹਨ, ਕਰਮ ਨਾਲ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਅਤੇ ਚਰਿੱਤਰ ਆਖ਼ਰਕਾਰ ਸਾਡੀ ਕਿਸਮਤ ਨੂੰ ਦਿਸ਼ਾ ਦਿੰਦਾ ਹੈ। ਹਾਂ-ਪੱਖੀ ਸੋਚ ਵਿਅਕਤੀ ਨੂੰ ਮੁਸ਼ਕਲ ਹਾਲਾਤ ਵਿਚ ਵੀ ਮੌਕਾ ਲੱਭਣ ਦੀ ਪ੍ਰੇਰਨਾ ਦਿੰਦੀ ਹੈ, ਜਦਕਿ ਨਾਂਹ-ਪੱਖੀ ਸੋਚ ਉਸ ਨੂੰ ਭੈਅ, ਭਰਮ ਤੇ ਨਿਰਾਸ਼ਾ ਵਿਚ ਉਲਝਾ ਦਿੰਦੀ ਹੈ। ਇਕ ਹੀ ਹਾਲਾਤ ਨੂੰ ਦੋ ਵਿਅਕਤੀ ਅਲੱਗ-ਅਲੱਗ ਦ੍ਰਿਸ਼ਟੀ ਨਾਲ ਵੇਖਦੇ ਹਨ-ਇਕ ਉਸ ਨੂੰ ਚੁਣੌਤੀ ਮੰਨ ਕੇ ਅੱਗੇ ਵਧਦਾ ਹੈ, ਜਦਕਿ ਦੂਜਾ ਉਸ ਨੂੰ ਆਫ਼ਤ ਸਮਝ ਕੇ ਨਿਕੰਮਾ ਹੋ ਜਾਂਦਾ ਹੈ। ਸਾਡੇ ਵਿਚਾਰ ਸਿਰਫ਼ ਮਨ ਤੱਕ ਸੀਮਤ ਨਹੀਂ ਰਹਿੰਦੇ, ਉਹ ਸਾਡੀ ਸ਼ਖ਼ਸੀਅਤ ਅਤੇ ਵਿਵਹਾਰ ਦੇ ਮਾਧਿਅਮ ਨਾਲ ਇਕ ਤਰ੍ਹਾਂ ਦਾ ਮਾਹੌਲ ਵੀ ਸਿਰਜਦੇ ਹਨ। ਇਸ ਲਈ ਜੀਵਨ ਵਿਚ ਸ੍ਰੇਸ਼ਠ ਬਦਲਾਅ ਲਿਆਉਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰਾਂ ਦੀ ਦਿਸ਼ਾ ’ਤੇ ਖ਼ੁਦ ਹੀ ਨਿਗਰਾਨੀ ਰੱਖੀਏ। ਹਾਂ-ਪੱਖੀ ਵਿਚਾਰਾਂ ਨੂੰ ਵਾਰ-ਵਾਰ ਦੁਹਰਾਉਣਾ ਅਤੇ ਉਨ੍ਹਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਇਸ ਦੇ ਲਈ ਕੁਝ ਸਰਲ ਉਪਾਅ ਅਤਿਅੰਤ ਉਪਯੋਗੀ ਹੋ ਸਕਦੇ ਹਨ-ਨਿਯਮਤ ਧਿਆਨ ਤੇ ਸਾਧਨਾ, ਹਾਂ-ਪੱਖੀ ਲੋਕਾਂ ਦੀ ਸੰਗਤ, ਪ੍ਰੇਰਨਾਦਾਇਕ ਪੁਸਤਕਾਂ ਦਾ ਅਧਿਐਨ, ਸਿਹਤ ਪ੍ਰਤੀ ਚੌਕਸੀ ਅਤੇ ਨਿੱਤ ਜੀਵਨ ਦੀਆਂ ਛੋਟੀਆਂ-ਮੋਟੀਆਂ ਉਪਲਬਧੀਆਂ ਪ੍ਰਤੀ ਸ਼ੁਕਰਾਨਾ ਅਦਾ ਕਰਨਾ, ਨਾਲ ਹੀ ਖ਼ੁਦ ਨਾਲ ਸਕਾਰਾਤਮਕ ਸੰਵਾਦ ਕਰਨਾ ਤੇ ਨਕਾਰਾਤਮਕ ਵਿਚਾਰਾਂ ਨੂੰ ਚੁਣੌਤੀ ਦੇਣਾ ਵੀ ਮਾਨਸਿਕ ਸੰਤੁਲਨ ਬਣਾਈ ਰੱਖਣ ਵਿਚ ਮਦਦਗਾਰ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰਾਂ ਦੇ ਸਵਾਮੀ ਬਣੀਏ, ਕਿਉਂਕਿ ਉਹੀ ਸਾਡੇ ਭਵਿੱਖ ਦੇ ਬੀਜ ਹਨ।
-ਐੱਸਐੱਨ ਦੁਬੇ ‘ਸਨੇਹੀ’।