ਵਿਚਾਰਕ ਸਮਰੱਥਾ
ਕਿਸੇ ਵੀ ਵਿਗਿਆਨਕ ਉਪਕਰਨ ਨਾਲ ਸਮਰੱਥ ਮਨੁੱਖੀ ਸਰੀਰ ਵਿਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਕਿਰਿਆਸ਼ੀਲ ਦਿਮਾਗ ਹੈ ਜਿਸ ਦੀਆਂ ਅਤਿ ਸੂਖਮ ਪਰਤਾਂ ਮਨੁੱਖੀ ਭਾਵਾਂ ਅਤੇ ਵਿਚਾਰਕ ਤਰੰਗਾਂ ਨੂੰ ਹਰ ਪਲ ਆਕਰਸ਼ਿਤ ਅਤੇ ਗ਼ੈਰ-ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ।
Publish Date: Thu, 28 May 2026 11:34 PM (IST)
Updated Date: Fri, 29 May 2026 07:42 AM (IST)
ਅੰਤਰ-ਮਨ ਵਿਚ ਉਪਜੀਆਂ ਭਾਵਨਾਵਾਂ ਦੁਆਰਾ ਦਿਲੋ-ਦਿਮਾਗ ਵਿਚ ਵਿਚਾਰਾਂ ਦਾ ਉਦੈ ਹੁੰਦਾ ਹੈ ਪਰ ਉਹੀ ਭਾਵ ਵਿਚਾਰਾਂ ਦੇ ਘੇਰੇ ਵਿਚ ਆਉਂਦੇ ਹਨ ਜੋ ਵਿਵੇਕ ਦੇ ਨਾਲ ਬੁੱਧੀ ਦਾ ਸੁਚੱਜਾ ਮੰਥਨ ਕਰਨ ਤੋਂ ਬਾਅਦ ਪ੍ਰਗਟ ਹੋਏ ਹੋਣ। ਇਸ ਲਈ, ਨਿੱਜੀ ਅਤੇ ਸਮਾਜਿਕ ਉੱਥਾਨ ਕਰਨ ਵਾਲੇ ਭਾਵ ਹੀ ਵਿਚਾਰ ਕਹੇ ਜਾਂਦੇ ਹਨ।
ਕਿਸੇ ਵੀ ਵਿਗਿਆਨਕ ਉਪਕਰਨ ਨਾਲ ਸਮਰੱਥ ਮਨੁੱਖੀ ਸਰੀਰ ਵਿਚ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਕਿਰਿਆਸ਼ੀਲ ਦਿਮਾਗ ਹੈ ਜਿਸ ਦੀਆਂ ਅਤਿ ਸੂਖਮ ਪਰਤਾਂ ਮਨੁੱਖੀ ਭਾਵਾਂ ਅਤੇ ਵਿਚਾਰਕ ਤਰੰਗਾਂ ਨੂੰ ਹਰ ਪਲ ਆਕਰਸ਼ਿਤ ਅਤੇ ਗ਼ੈਰ-ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਰਫ਼ਤਾਰ ਭੌਤਿਕ ਜਗਤ ਦੇ ਕਿਸੇ ਪਦਾਰਥ ਦੀਆਂ ਤਰੰਗਾਂ ਨਾਲੋਂ ਜ਼ਿਆਦਾ ਤੇਜ਼ ਹੁੰਦੀ ਹੈ।
ਜੀਵਾਂ ਵਿਚ ਮੌਜੂਦ ਆਕਰਸ਼ਣ ਸ਼ਕਤੀ ਆਪਣੀ ਸਮਰੱਥਾ ਮੁਤਾਬਕ ਇਨ੍ਹਾਂ ਨੂੰ ਆਕਰਸ਼ਿਤ ਕਰਦੀ ਹੈ। ਲੋਕਾਂ ਵਿਚ ਸਕਾਰਾਤਮਕ ਵਿਚਾਰਾਂ ਦੀ ਤੁਲਨਾ ਵਿਚ ਨਕਾਰਾਤਮਕ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਜਿਸ ਨਾਲ ਅਫ਼ਵਾਹਾਂ ਦਾ ਬਾਜ਼ਾਰ ਜਲਦੀ ਗਰਮ ਹੁੰਦਾ ਹੈ। ਜ਼ਿਆਦਾਤਰ ਇਸ ਦੇ ਭਿਆਨਕ ਨਤੀਜੇ ਹੀ ਦੇਖਣ ਨੂੰ ਮਿਲਦੇ ਹਨ। ਇਸ ਲਈ, ਸੁਚੱਜੇ ਢੰਗ ਨਾਲ ਪੜਤਾਲ ਕੀਤੇ ਬਿਨਾਂ ਨਕਾਰਾਤਮਕ ਵਿਚਾਰਾਂ ਨੂੰ ਨਾ ਤਾਂ ਸਵੀਕਾਰਨਾ ਚਾਹੀਦਾ ਹੈ ਅਤੇ ਨਾ ਹੀ ਪ੍ਰਸਾਰਿਤ ਕਰਨਾ ਚਾਹੀਦੈ। ਸ਼ਖ਼ਸੀਅਤ ਅਤੇ ਰਾਸ਼ਟਰ ਨਿਰਮਾਣ ਵਿਚ ਵਿਚਾਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਇਸ ਲਈ, ਰਾਸ਼ਟਰ ਉਹੀ ਸ਼ਕਤੀਸ਼ਾਲੀ ਹੁੰਦਾ ਹੈ, ਜੋ ਵਿਚਾਰਕ ਤੌਰ ’ਤੇ ਖ਼ੁਸ਼ਹਾਲ ਹੋਵੇ। ਨਾਗਰਿਕਾਂ ਦੇ ਵਿਚਾਰ ਹੀ ਕਿਰਿਆ ਦੇ ਰੂਪ ਵਿਚ ਪ੍ਰਗਟ ਹੋ ਕੇ ਰਾਸ਼ਟਰ ਦਾ ਸਰੂਪ ਨਿਰਧਾਰਤ ਕਰਦੇ ਹਨ। ਇਹੋ ਜਨ-ਚੇਤਨਾ ਨੂੰ ਜਾਗਰਿਤ ਕਰ ਕੇ ਸਮਾਜਿਕ ਬਦਲਾਅ ਨੂੰ ਦਿਸ਼ਾ ਦਿੰਦੇ ਹਨ। ਵਿਚਾਰਾਂ ਨੂੰ ਸੋਧਣ ਦੀ ਘਾਟ ਕਾਰਨ ਵਿਚਾਰਕ ਨੁਕਸ ਰਾਸ਼ਟਰ ਦੇ ਪਤਨ ਦਾ ਕਾਰਨ ਬਣਦੇ ਹਨ।
ਲੰਬੇ ਸਮੇਂ ਤੱਕ ਰਾਜਨੀਤਕ ਗੁਲਾਮ ਬਣਾਉਣ ਲਈ ਅੰਗਰੇਜ਼ਾਂ ਨੇ ਸਿੱਖਿਆ ਨੂੰ ਹਥਿਆਰ ਬਣਾ ਕੇ ਭਾਰਤੀਆਂ ਨੂੰ ਪਹਿਲਾਂ ਵਿਚਾਰਕ ਤੌਰ ’ਤੇ ਗੁਲਾਮ ਬਣਾਇਆ ਜਿਸ ਦਾ ਮਾੜਾ ਪ੍ਰਭਾਵ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਦਿਖਾਈ ਦਿੰਦਾ ਹੈ। ਸੋ, ਦੇਸ਼ ਦੇ ਨਾਗਰਿਕਾਂ ਨੂੰ ਵਿਚਾਰਕ ਤੌਰ ’ਤੇ ਪ੍ਰਬੁੱਧ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ ਜੋ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ’ਤੇ ਮਾਣ ਕਰ ਸਕਣ। ਸੋ, ਨਾਗਰਿਕਾਂ ਦੀ ਵਿਚਾਰਕ ਸਮਰੱਥਾ ਨੂੰ ਮਜ਼ਬੂਤ ਕਰਨਾ ਰਾਸ਼ਟਰ ਦਾ ਪਹਿਲਾ ਫ਼ਰਜ਼ ਹੈ।
-ਡਾ. ਸੱਤਿਆਪ੍ਰਕਾਸ਼ ਮਿਸ਼ਰ।