ਸ਼ਬਦ ਸੰਕੋਚ
ਸ਼ਬਦਾਂ ਦੀ ਵਰਤੋਂ ਵੀ ਅਜਿਹੀ ਹੀ ਹੈ। ਵਿਵੇਕ ਵਾਲੇ ਸ਼ਬਦ ਦਿਲ ਨੂੰ ਖ਼ੁਸ਼ ਕਰਦੇ ਹਨ। ਸ਼ਬਦਾਂ ਦਾ ਵਹਾਅ ਕਦ ਦੁਖਦਾਈ ਬਣ ਜਾਏ ਇਹ ਇਕ ਮੁਸ਼ਕਲ ਮੁਲਾਂਕਣ ਹੁੰਦਾ ਹੈ। ਅੱਜ ਦਾ ਸਮਾਂ ਵਾਕ-ਸਿੱਧੀ ਦਾ ਹੈ। ਸ਼ਬਦਾਂ ਨੂੰ ਸਿੱਧ ਕਰਨ ਵਿਚ ਹੀ ਸੁੱਖ ਹੈ। ਲਗਪਗ ਹਰ ਭਾਸ਼ਾ ਵਿਚ ਅਜਿਹੇ ਸ਼ਬਦ ਹੁੰਦੇ ਹਨ ਜਿਸ ਦੀ ਵਰਤੋਂ ਇਕ ਪੂਰੇ ਵਾਕ ਦਾ ਬਦਲ ਹੁੰਦੀ ਹੈ।
Publish Date: Sun, 26 May 2024 11:24 PM (IST)
Updated Date: Mon, 27 May 2024 07:42 AM (IST)
ਮਨੁੱਖ ਦੀਆਂ ਇੱਛਾਵਾਂ ਅੰਤਹੀਨ ਹਨ ਤੇ ਸਮਾਂ ਘੱਟ। ਉਹ ਦਿਨ-ਰਾਤ ਮਿਹਨਤ ਕਰ ਕੇ ਆਪਣੇ ਟੀਚੇ ਹਾਸਲ ਕਰਨਾ ਚਾਹੁੰਦਾ ਹੈ। ਸਮਾਂ ਉਸ ਲਈ ਸਭ ਤੋਂ ਵੱਧ ਕੀਮਤੀ ਹੋ ਗਿਆ ਹੈ। ਇਸ ਸਥਿਤੀ ਨੇ ਉਸ ਦੀ ਕਹਿਣ ਤੇ ਸੁਨਣ ਦੀ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਹੈ। ਸ਼ਬਦ ਉਸ ਲਈ ਭਾਰ ਬਣ ਗਏ ਹਨ।
ਬਹੁਤ ਜ਼ਿਆਦਾ ਰੁਝੇਵੇਂ ਕਾਰਨ ਮਨੁੱਖ ਬੋਲਣ ਤੋਂ ਵੱਧ ਸੰਕੇਤਾਂ ਵਿਚ ਵਿਸ਼ਵਾਸ ਰੱਖਣ ਲੱਗਾ ਹੈ। ਸੁਨਣ ਵਿਚ ਵੀ ਉਹ ਤਦ ਹੀ ਦਿਲਚਸਪੀ ਲੈਂਦਾ ਹੈ ਜਦ ਉਹ ਆਪਣੇ ਹਿੱਤ ਲਈ ਜ਼ਰੂਰੀ ਹੋਵੇ ਜਾਂ ਕਰਨ ਨੂੰ ਕੁਝ ਨਾ ਹੋਵੇ। ਸ਼ਬਦਾਂ ਦਾ ਸੰਕੋਚ ਅਮੀਰੀ ਦਾ ਪ੍ਰਤੀਕ ਬਣ ਗਿਆ ਹੈ। ਇਹ ਠੀਕ ਹੈ ਕਿ ਸ਼ਬਦਾਂ ਦਾ ਜੀਵਨ ਵਿਚ ਮਹੱਤਵ ਹੈ ਪਰ ਉਸ ਮਹੱਤਵ ਦਾ ਕੋਈ ਪੱਧਰ ਜ਼ਰੂਰ ਹੋਣਾ ਚਾਹੀਦਾ ਹੈ। ਸ਼ਬਦ ਬਾਰਿਸ਼ ਵਾਂਗ ਹਨ। ਬਾਰਿਸ਼ ਖੇਤ ਨੂੰ ਹਰਿਆ-ਭਰਿਆ ਕਰ ਦਿੰਦੀ ਹੈ। ਵੱਧ ਬਾਰਿਸ਼ ਹੜ੍ਹ ਬਣ ਕੇ ਖੇਤ ਨੂੰ ਹੀ ਵਹਾਅ ਕੇ ਲੈ ਜਾਂਦੀ ਹੈ।
ਸ਼ਬਦਾਂ ਦੀ ਵਰਤੋਂ ਵੀ ਅਜਿਹੀ ਹੀ ਹੈ। ਵਿਵੇਕ ਵਾਲੇ ਸ਼ਬਦ ਦਿਲ ਨੂੰ ਖ਼ੁਸ਼ ਕਰਦੇ ਹਨ। ਸ਼ਬਦਾਂ ਦਾ ਵਹਾਅ ਕਦ ਦੁਖਦਾਈ ਬਣ ਜਾਏ ਇਹ ਇਕ ਮੁਸ਼ਕਲ ਮੁਲਾਂਕਣ ਹੁੰਦਾ ਹੈ। ਅੱਜ ਦਾ ਸਮਾਂ ਵਾਕ-ਸਿੱਧੀ ਦਾ ਹੈ। ਸ਼ਬਦਾਂ ਨੂੰ ਸਿੱਧ ਕਰਨ ਵਿਚ ਹੀ ਸੁੱਖ ਹੈ। ਲਗਪਗ ਹਰ ਭਾਸ਼ਾ ਵਿਚ ਅਜਿਹੇ ਸ਼ਬਦ ਹੁੰਦੇ ਹਨ ਜਿਸ ਦੀ ਵਰਤੋਂ ਇਕ ਪੂਰੇ ਵਾਕ ਦਾ ਬਦਲ ਹੁੰਦੀ ਹੈ। ਅਜਿਹੇ ਸ਼ਬਦਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਆਪਣੀ ਕਹਿਣੀ ਦਾ ਅੰਗ ਬਣਾਇਆ ਜਾਣਾ ਵਧੀਆ ਹੁੰਦਾ ਹੈ। ਲਿਖਣ ਵਿਚ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਗ਼ੈਰ-ਜ਼ਰੂਰੀ ਵਿਸਥਾਰ ਦੇ ਦੋਸ਼ ਤੋਂ ਬਚਾਉਣ ਵਿਚ ਮਦਦਗਾਰ ਹੁੰਦੀ ਹੈ। ਆਪਣੇ ਮਨ ਦੇ ਭਾਵਾਂ ਨੂੰ ਜ਼ਾਹਰ ਕਰਨ ਲਈ ਸ਼ਬਦਾਂ ’ਤੇ ਵੱਧ ਨਿਰਭਰ ਹੋਣ ਤੋਂ ਬਚਣਾ ਚਾਹੀਦਾ ਹੈ।
ਵੱਧ ਸ਼ਬਦ ਨਹੀਂ, ਠੀਕ ਸ਼ਬਦ ਅਸਰ ਪਾਉਂਦੇ ਹਨ। ਥੋੜ੍ਹੇ ਸ਼ਬਦਾਂ ਦੀ ਵਰਤੋਂ ਸਾਹਿਤ ਦਾ ਇਕ ਮਹੱਤਵਪੂਰਨ ਅੰਗ ਹੈ। ਦੋ ਸਤਰਾਂ ਦੇ ਦੋਹੇ ਵਿਚ ਵਿਸਥਾਰਤ ਦਰਸ਼ਨ ਸਿਮਟ ਆਉਂਦਾ ਸੀ। ਅੱਜ ਸ਼ਬਦਾਂ ’ਚ ਅਰਾਜਕਤਾ ਵਾਲਾ ਮੇਲਾ ਹੈ, ਜੋ ਜੀਵਨ ਨੂੰ ਅਸਹਿਜ ਕਰ ਰਿਹਾ ਹੈ। ਇਸ ਦੇ ਉਲਟ ਸਹੀ ਸ਼ਬਦਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਸਰਬੋਤਮ ਸ਼ਬਦਾਂ ਦੀ ਚੋਣ ਵਿਚ ਮੁੱਖ ਭੂਮਿਕਾ ਮਨੁੱਖ ਦੇ ਚਿੰਤਨ ਦੇ ਪੱਧਰ ਦੀ ਹੁੰਦੀ ਹੈ। ਜਿਵੇਂ ਅੰਮ੍ਰਿਤ ਦੀ ਇਕ ਬੂੰਦ ਅਮਰ ਹੋਣ ’ਚ ਸਹਾਈ ਹੁੰਦੀ ਹੈ। ਤਿਵੇਂ ਹੀ ਸਰਬੋਤਮ ਤੇ ਸਹੀ ਸ਼ਬਦ ਆਨੰਦ ਨਾਲ ਭਰਪੂਰ ਕਰਨ ਵਾਲੇ ਹੁੰਦੇ ਹਨ।
-ਡਾ. ਸਤੇਂਦਰ ਪਾਲ ਸਿੰਘ