ਮਨ ਦੇ ਵਿਚਾਰ ਭਵਿੱਖ 'ਚ ਫਲ ਪ੍ਰਾਪਤ ਕਰਨ ਦੇ ਬੀਜ ਹੁੰਦੇ ਹਨ
ਜੋ ਇਸ ਫ਼ਰਕ ਨੂੰ ਮਿਟਾ ਕੇ ਅੱਗੇ ਵਧੇ ਅਤੇ ਖ਼ੁਦ ਅਤੇ ਸਮਾਜ ਦੇ ਨਾਲ ਹੀ ਈਸ਼ਵਰ ਦੀ ਦ੍ਰਿਸ਼ਟੀ ਨੂੰ ਵੀ ਇਕਰੂਪ ਕੀਤਾ, ਉਹੀ ਸਮਾਜ ਨੂੰ ਦਿਸ਼ਾ ਦੇ ਸਕਣ ਵਿਚ ਸਫ਼ਲ ਹੋਏ। ਰੱਬ ਜਿਵੇਂ ਸੰਸਾਰ ਬਾਰੇ ਸੋਚਦਾ ਹੈ, ਉਸੇ ਤਰ੍ਹਾਂ ਸੋਚੋ।
Publish Date: Fri, 18 Jan 2019 09:50 PM (IST)
Updated Date: Sat, 19 Jan 2019 12:16 PM (IST)
ਮਨ ਵਿਚ ਚੱਲ ਰਹੇ ਭਾਵਾਂ ਨੂੰ ਪ੍ਰਗਟ ਕਰਨਾ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਕਰਨਾ ਸਮਾਜ ਨੂੰ ਕਿਸੇ ਬਹੁਮੁੱਲੀ ਸੰਭਾਵਨਾ ਤੋਂ ਵਿਰਵਾ ਕਰਨ ਵਰਗਾ ਹੈ। ਸਮਾਜ ਕਦ ਕਿਸੇ ਨਵੇਂ ਪਰਿਵਰਤਨ ਲਈ ਤਿਆਰ ਹੋ ਜਾਵੇ, ਕਿਸੇ ਨਵੀਂ ਉੱਚਾਈ ਵੱਲ ਦੇਖਣ ਲੱਗੇ, ਇਸ ਦਾ ਅਨੁਮਾਨ ਲਗਾਉਣਾ ਔਖਾ ਹੁੰਦਾ ਹੈ। ਧਰਤੀ ਵਿਚ ਇਕ ਨਿੱਕਾ ਜਿਹਾ ਬੀਜ ਬੀਜਣਾ ਇਕ ਆਮ ਘਟਨਾ ਹੈ। ਉਸ ਦਾ ਉੱਗ ਕੇ ਇਕ ਵਿਸ਼ਾਲ ਰੁੱਖ ਬਣ ਜਾਣਾ ਇਤਿਹਾਸ ਕਹਾਉਂਦਾ ਹੈ। ਮਨ ਦੇ ਵਿਚਾਰ ਵੀ ਭਵਿੱਖ ਫਲ ਪ੍ਰਾਪਤ ਕਰਨ ਦੇ ਬੀਜ ਹੀ ਹੁੰਦੇ ਹਨ। ਉਨ੍ਹਾਂ ਨੂੰ ਬਾਹਰ ਆਉਣ ਦੇਣਾ ਚਾਹੀਦਾ ਹੈ। ਆਪਣੇ ਕੰਮ ਨਾਲ ਕੰਮ ਰੱਖਣ ਦੀ ਸੋਚ ਸਮਾਜ ਨਾਲ ਤਾਂ ਅਨਿਆਂ ਹੀ ਹੈ, ਆਪਣੀ ਜਵਾਬਦੇਹੀ ਤੋਂ ਪਲਾਇਨ ਵੀ ਹੈ। ਸਮਾਜ ਸਾਰਿਆਂ ਦਾ ਆਂਗਨ ਹੈ।
ਇਸ ਦੀ ਦੇਖਭਾਲ ਸਾਰਿਆਂ ਨੇ ਕਰਨੀ ਹੈ। ਸਮਰੱਥਾ ਵਿਅਕਤੀ ਜਾਂ ਵਿਅਕਤੀਆਂ ਦੀ ਨਹੀਂ, ਵਿਚਾਰ ਦੀ ਹੁੰਦੀ ਹੈ। ਕਾਸ਼ੀ ਵਿਚ ਕਬੀਰ ਇਕੱਲੇ ਸਨ। ਉਨ੍ਹਾਂ ਦੇ ਵਿਚਾਰਾਂ ਵਿਚ ਸ਼ਕਤੀ ਸੀ, ਇਸ ਲਈ ਕੋਈ ਉਨ੍ਹਾਂ ਅੱਗੇ ਨਹੀਂ ਟਿਕ ਸਕਿਆ। ਗੁਰੂ ਨਾਨਕ ਦੇਵ ਜੀ ਆਪਣੇ ਵਿਚਾਰਾਂ ਕਾਰਨ ਹੀ ਮਹਾਪੁਰਸ਼ ਬਣੇ ਜਿਨ੍ਹਾਂ ਦੀ ਅੱਜ ਸਾਰਾ ਸੰਸਾਰ ਪੂਜਾ ਕਰਦਾ ਹੈ। ਵਿਚਾਰਾਂ ਦੇ ਪ੍ਰਗਟਾਵੇ ਦੇ ਵੱਖ-ਵੱਖ ਮਾਧਿਅਮ ਹਨ। ਸੰਸਾਰ ਨੇ ਉਨ੍ਹਾਂ ਹੀ ਵਿਚਾਰਾਂ ਨੂੰ ਗ੍ਰਹਿਣ ਕੀਤਾ ਹੈ ਜੋ ਸਪੱਸ਼ਟ ਸਨ, ਸਭ ਦੇ ਕਲਿਆਣ ਲਈ ਸਨ ਅਤੇ ਕਿਸੇ ਵੀ ਮੰਦਭਾਵਨਾ ਤੋਂ ਮੁਕਤ ਸਨ। ਸੰਸਾਰ ਵਿਚ ਬੋਲਣ ਵਾਲਿਆਂ ਦੀ ਕਮੀ ਨਹੀਂ ਹੈ। ਬਹੁਤ ਕੁਝ ਲਿਖਿਆ, ਬੋਲਿਆ ਅਤੇ ਕੀਤਾ ਜਾ ਰਿਹਾ ਹੈ ਪਰ ਉਹ ਸਭ ਕੁਝ ਸਮਾਜ ਦਾ ਅੰਗ ਨਹੀਂ ਬਣ ਸਕਦਾ ਹੈ। ਬਹੁਤ ਸਾਰੇ ਅੰਦੋਲਨ ਉੱਭਰ ਆਉਂਦੇ ਹਨ ਪਰ ਕਦ ਅਦ੍ਰਿਸ਼ ਹੋ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਧਰਤੀ ਵਿਚ ਬੀਜੇ ਜਾਣ ਵਾਲੇ ਬੀਜ ਦੀ ਗੁਣਵੱਤਾ ਜ਼ਰੂਰੀ ਹੈ। ਬੀਜ ਬੀਜਣ ਯੋਗ ਨਹੀਂ ਹੋਵੇਗਾ ਤਾਂ ਲੱਖਾਂ ਕੋਸ਼ਿਸ਼ਾਂ 'ਤੇ ਵੀ ਉਹ ਉੱਗ ਕੇ ਰੁੱਖ ਨਹੀਂ ਬਣ ਸਕੇਗਾ। ਜਦ ਸਮਾਜ ਲਈ ਠੀਕ ਉਹੋ ਜਿਹਾ ਸੋਚਿਆ ਜਾਂਦਾ ਹੈ ਜਿਹੋ ਜਿਹਾ ਖ਼ੁਦ ਲਈ ਸੋਚਿਆ ਜਾਂਦਾ ਹੈ, ਤਦ ਵੀ ਵਿਚਾਰਕ ਸ਼ੁੱਧਤਾ ਨੂੰ ਯਕੀਨੀ ਕੀਤਾ ਜਾ ਸਕਦਾ ਹੈ। ਜੋ ਇਸ ਫ਼ਰਕ ਨੂੰ ਮਿਟਾ ਕੇ ਅੱਗੇ ਵਧੇ ਅਤੇ ਖ਼ੁਦ ਅਤੇ ਸਮਾਜ ਦੇ ਨਾਲ ਹੀ ਈਸ਼ਵਰ ਦੀ ਦ੍ਰਿਸ਼ਟੀ ਨੂੰ ਵੀ ਇਕਰੂਪ ਕੀਤਾ, ਉਹੀ ਸਮਾਜ ਨੂੰ ਦਿਸ਼ਾ ਦੇ ਸਕਣ ਵਿਚ ਸਫ਼ਲ ਹੋਏ। ਰੱਬ ਜਿਵੇਂ ਸੰਸਾਰ ਬਾਰੇ ਸੋਚਦਾ ਹੈ, ਉਸੇ ਤਰ੍ਹਾਂ ਸੋਚੋ। ਉਹ ਸਾਰਿਆਂ ਨੂੰ ਹਵਾ, ਪਾਣੀ, ਅਗਨੀ ਅਤੇ ਪ੍ਰਕਾਸ਼ ਦੇ ਰਿਹਾ ਹੈ। ਉਸੇ ਤਰ੍ਹਾਂ ਦੀ ਇਕ ਸਮਾਨ ਦ੍ਰਿਸ਼ਟੀ ਵਿਚ ਹੀ ਸਮਾਜ ਦਾ ਹਿੱਤ ਹੈ।