ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ਦੇ ਕਿਨਾਰੇ ਵਿਸ਼ਾਲ ਸੰਤ ਸੰਮੇਲਨ ਵਿਚ ਉਪਦੇਸ਼ ਕਰਨ ਉਪਰੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਟਾਲਾ, ਜੰਮੂ, ਚੰਬਾ, ਪਠਾਨਕੋਟ, ਢੋਲਵਾਹਾ ਹੁੰਦੇ ਹੋਏ ਸੰਨ 1499 ਨੂੰ ਪਿੰਡ ਜਨੌੜੀ ਪਹੁੰਚ ਗਏ। ਕਿਸੇ ਸਮੇਂ ਜਨਕਾਪੁਰ ਸਦਾਉਂਦਾ ਇਹ ਪਿੰਡ ਹੁਸ਼ਿਆਰਪੁਰ ਤੋਂ 27 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਹਰਿਆਣਾ ਤੋਂ ਇਸ ਦੀ ਦੂਰੀ 9 ਕਿਲੋਮੀਟਰ ਹੈ।

ਗੁਰੂ ਰਵਿਦਾਸ ਮਹਾਰਾਜ ਜੀ ਮਹਾਤਮਾ ਬੁੱਧ ਤੋਂ ਬਾਅਦ ਦੂਸਰੇ ਅਜਿਹੇ ਰਹਿਬਰ ਹੋਏ ਹਨ ਜਿਨ੍ਹਾਂ ਲੋਕ-ਕਲਿਆਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ। ਬਨਾਰਸ ਦੀ ਧਰਤੀ ਤੋਂ ਉਨ੍ਹਾਂ ਆਪਣੀ ਪਹਿਲੀ ਯਾਤਰਾ ਦਾ ਆਗ਼ਾਜ਼ ਆਪਣੀ ਸੰਤ-ਮੰਡਲੀ ਨਾਲ 1436 ਵਿਚ ਪੱਛਮ ਦਿਸ਼ਾ ਵੱਲ ਕੀਤਾ ਅਤੇ ਇਹ ਸਿਲਸਿਲਾ ਨਿਰੰਤਰ 1517 ਤਕ ਚੱਲਦਾ ਰਿਹਾ। ਇਸ ਸਮੇਂ ਦੌਰਾਨ ਉਨ੍ਹਾਂ ਸਮਾਜ ਵਿਚ ਸਦੀਆਂ ਤੋਂ ਪਸਰੇ ਦਲਿੱਦਰ ਨੂੰ ਦੂਰ ਕਰਨ ਲਈ ਦੇਸ਼-ਵਿਦੇਸ਼ ਦੀਆਂ ਅੱਠ ਜਨ-ਹਿੱਤਕਾਰੀ ਯਾਤਰਾਵਾਂ ਕੀਤੀਆਂ। ਪੱਛਮ, ਪੂਰਬ ਤੇ ਦੱਖਣ ਦਿਸ਼ਾ ਵੱਲ ਤਿੰਨ ਲੰਮੀਆਂ ਯਾਤਰਾਵਾਂ ਉਪਰੰਤ 1481 ਵਿਚ ਉਨ੍ਹਾਂ ਆਪਣੀ ਚੌਥੀ ਯਾਤਰਾ ਲਈ ਉਨ੍ਹਾਂ ਉੱਤਰ ਦਿਸ਼ਾ ਵੱਲ ਚਾਲੇ ਪਾ ਦਿੱਤੇ ਅਤੇ ਉਨ੍ਹਾਂ ਕੱਤਕ ਦੇ ਮਹੀਨੇ ਆਪਣਾ ਪਲੇਠਾ ਕਦਮ ਪੰਜਾਬ ਦੀ ਧਰਤੀ ’ਤੇ ਰੱਖਿਆ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਹਿਲੀ ਪੰਜਾਬ ਯਾਤਰਾ
ਮੀਰ ਹੋਤਾ ਦੀ ਫੇਰੀ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਲੌਕਿਕ ਸੰਤ-ਮੰਡਲੀ ਸ਼ਹਿਰ ਸ਼ਹਿਰ ਤੇ ਪਿੰਡ ਪਿੰਡ ਆਪਸੀ ਪ੍ਰੇਮ ਦੀ ਜੋਤ ਜਗਾਉਂਦੀ ਤੇ ਕਰਮਕਾਂਡਾਂ ਨੂੰ ਠਿੱਬੀ ਲਾਉਂਦੀ ਕਪਾਲ ਮੋਚਨ (ਹਰਿਆਣਾ) ਤੋਂ ਚੱਲ ਕੇ ਸਰਹੰਦ ਹੁੰਦੀ ਹੋਈ ਮੀਰ ਹੋਤਾ ਨਾਮਕ ਪਿੰਡ ਪਹੁੰਚ ਗਈ। ਇਹ ਸੰਯੋਗ ਦੀ ਗੱਲ ਸੀ ਕਿ ਲੋਧੀ-ਕਾਲ ਸਮੇਂ ਸੁਲਤਾਨ ਦੇ ਦੋ ਅਹਿਲਕਾਰ ਯੂਸਫ਼ ਅਤੇ ਨਹੰਗ ਖ਼ਾਨ 1481 ਵਿਚ ਮੀਰ ਹੋਤਾ ਦਾ ਵਿਕਾਸ ਕਰ ਰਹੇ ਸਨ। ਭਾਵੇਂ ਉਹ ਸੁਲਤਾਨ ਦੇ ਤਖ਼ਤ ਦੀ ਸਲਾਮਤੀ ਲਈ ਕਿਲ੍ਹੇ ਦੀ ਉਸਾਰੀ ਵੀ ਕਰਵਾ ਰਹੇ ਸਨ ਪਰ ਲੋਕਾਂ ਵਿਚ ਨਗਰ ਦੇ ਵਿਕਾਸ ਕਾਰਨ ਭਾਰੀ ਉਤਸ਼ਾਹ ਸੀ। ਚੰਗੇ ਭਾਗਾਂ ਨੂੰ ਏਥੇ ਗੁਰੂ ਰਵਿਦਾਸ ਜੀ ਦੀ ਸੰਤ-ਮੰਡਲੀ ਵੀ ਪਹੁੰਚ ਗਈ। ਉਨ੍ਹਾਂ ਇਸ ਪੜਾਅ ’ਤੇ ਦਸ ਦਿਨ ਰੈਣ ਸਤਿਸੰਗ ਕੀਤਾ ਅਤੇ ਲੋਕ ਮਨਾਂ ਵਿੱਚੋਂ ਆਪਸੀ ਪਿਆਰ ਦੇ ਝਰਨੇ ਆਪ ਮੁਹਾਰੇ ਵਹਿ ਤੁਰੇ। ਏਥੇ ਉਨ੍ਹਾਂ ਸੁਲਤਾਨ ਦੇ ਅਹਿਲਕਾਰਾਂ ਨੂੰ ਲੋਕ ਭਲਾਈ ਦਾ ਸੰਦੇਸ਼ ਦਿੱਤਾ। ਨਗਰ ਦੀ ਸਦਾ ਸਲਾਮਤੀ ਮੰਗਦਿਆਂ ਆਪਣੇ ਮਿਸ਼ਨ ਦੀ ਪੂਰਤੀ ਉਪਰੰਤ ਗੁਰੂ ਜੀ ਆਪਣੀ ਅਗਲੀ ਮੰਜ਼ਿਲ ਵੱਲ ਚੱਲ ਪਏ ਪਰ ਪਿਆਰ ਦੇ ਖਿੱਚੇ ਅਤੇ ਸੁੱਖ ਸ਼ਾਂਤੀ ਲਈ ਤਰਸਦੇ ਲੋਕ ਮੀਰ ਹੋਤਾ ਦੇ ਆਸ-ਪਾਸ ਵੱਸਣੇ ਅਰੰਭ ਹੋ ਗਏ। ਮੀਰ ਹੋਤਾ ਦਾ ਅਾਕਾਰ ਦਿਨੋਂ ਦਿਨ ਵਿਸ਼ਾਲ ਹੋਣ ਲੱਗਾ। ਲਹੌਰ ਅਤੇ ਦਿੱਲੀ ਦੇ ਵਿਚਕਾਰ ਹੋਣ ਕਾਰਨ ਇਸ ਨਗਰ ਦੀ ਮਹੱਤਤਾ ਹੋਰ ਵੀ ਵੱਧ ਗਈ। ਲੋਕ ਇਸ ਨੂੰ ਪਿਆਰ ਵਜੋਂ ‘ਲੋਧੀਆਣਾ’ ਆਖਣ ਲੱਗ ਪਏ, ਜੋ ਸਮੇਂ ਦੇ ਫੇਰ ਨਾਲ ਲੁਧਿਆਣਾ ਬਣ ਗਿਆ। ਵੱਡੇ ਸਨਅਤੀ ਸ਼ਹਿਰ ਲੁਧਿਆਣਾ ਦੀ ਪਿੱਠ-ਭੂਮੀ ਵਿਚ ਗੁਰੂ ਰਵਿਦਾਸ ਜੀ ਦੀ ਮੀਰ ਹੋਤਾ ਫੇਰੀ ਅੱਜ ਵੀ ਕਾਰਜਸ਼ੀਲ ਪ੍ਰਤੀਤ ਹੁੰਦੀ ਹੈ।
ਗੁਰੂ ਰਵਿਦਾਸ ਮੰਦਰ ਹਦੀਆਬਾਦ
ਗੁਰੂ ਰਵਿਦਾਸ ਮਹਾਰਾਜ ਜੀ ਦੇ ਅਲੌਕਿਕ ਪ੍ਰਕਾਸ਼ ਅਤੇ ਪ੍ਰਵਚਨ ਸੁਣ ਕੇ ਕੁੱਲ ਲੋਕਾਈ ਊਰਜਾਵਾਨ ਹੋ ਗਈ। ਮੀਰ ਹੋਤਾ (ਲੁਧਿਆਣਾ) ਤੋਂ ਫ਼ਿਲੌਰ ਹੁੰਦੇ ਹੋਏ ਗੁਰੂ ਰਵਿਦਾਸ ਮਹਾਰਾਜ ਜੀ ਹਦੀਆਬਾਦ ਵਿਖੇ ਪਹੁੰਚ ਗਏ। ਹਦੀਆਬਾਦ ਉਸ ਸਮੇਂ ਦਾ ਪ੍ਰਾਚੀਨ ਸ਼ਹਿਰ ਸੀ ਜੋ ਲੁਧਿਆਣਾ- ਜਲੰਧਰ ਮਾਰਗ ’ਤੇ ਪੈਂਦਾ ਸੀ। ਫਗਵਾੜਾ ਅਜੇ ‘ਫੱਗੂ ਦਾ ਵਾੜਾ’ ਹੀ ਸੀ। ਗੁਰੂ ਜੀ ਦੇ ਨਾਲ ਸਤਿਗੁਰੂ ਕਬੀਰ, ਸਤਿਗੁਰੂ ਪੀਪਾ, ਸੰਤ ਸਾਈਂ ਦਾਸ ਤੇ ਹੋਰ ਸ਼ਿਸ਼ ਜੀਵਨ ਦਾਸ, ਗੁਰਮੁਖਿ ਦਾਸ, ਅਨਮੋਲ ਰਾਇ ਆਦਿ ਸ਼ਾਮਲ ਸਨ। ਉਨ੍ਹਾਂ ਕੁਝ ਦਿਨ ਏਥੇ ਵਿਸ਼ਰਾਮ ਕੀਤਾ ਤੇ ਸੰਗਤਾਂ ਨੂੰ ‘ਮਧੁਪ ਮਖੀਰੇ’ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀ ਇਸ ਫੇਰੀ ਨੂੰ ਮਹਾਤਮਾ ਹੀਰਾ ਦਾਸ ਜੀ ਨੇ ਆਪਣੀ ਪਸੰਦ ਦੀ ਥਾਂ ਮੰਦਰ ਉਸਾਰ ਕੇ ਮੂਰਤੀਮਾਨ ਕਰ ਦਿੱਤਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਪ ਗ੍ਰੰਥ ਵਿਚ ਉਹ ਲਿਖਦੇ ਹਨ :
ਬਹੁ ਦੇਸੋਂ ਕਾ ਸੈਲ ਕਰ
ਮਨ ਮਹਿ ਕੀਆ ਵਿਚਾਰ।
ਸਰਬ ਕਲਾ ਸਮਰਥ ਗੁਰ
ਤਾਂ ਕਾ ਨਹਿ ਦਰਬਾਰ।
ਸ਼ਰਧਾ ਹੀਨ ਸੁ ਲੋਕ ਹੈਂ
ਨਾਹਿ ਕਹੂੰ ਅਧਿਕਾਰ।
ਹੀਰਾ ਦਾਸ ਗੁਰ ਇਸ਼ਟ ਕੋ
ਰਚਹੂ ਮੈ ਦਰਬਾਰ।
ਪਿੰਡ ਚੱਕ ਹਕੀਮ ਕੋਲੋਂ ਲੰਘਦੇ ਜੀ ਟੀ ਰੋਡ ਦੇ ਚੜ੍ਹਦੇ ਪਾਸੇ ਮਹਾਤਮਾ ਹੀਰਾ ਦਾਸ ਜੀ ਦਾ ਇਹ ਦਰਬਾਰ ਹੈ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਹਿਲੀ ਪੰਜਾਬ ਯਾਤਰਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਵੱਲੋਂ ਇਸ ਦੀ ਸਥਾਪਨਾ 1945 ਬਿਕ੍ਰਮੀ ਵਿਚ ਕੀਤੀ ਗਈ ਸੀ। ਮੰਦਰ ਵਿਚ ‘ਸ੍ਰੀ ਗੁਰੂ ਰਵਿਦਾਸ ਦੀਪ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੈ। ਇਸ ਮੰਦਰ ਦੇ ਅੰਦਰਲੇ ਕੰਧ ਚਿੱਤਰ ਉਸ ਸਮੇਂ ਦੀ ਉੱਤਮ ਕਲਾ ਦਾ ਨਮੂਨਾ ਹਨ। ਇਨ੍ਹਾਂ ਚਿੱਤਰਾਂ ਵਿਚ ਭਗਵਾਨ ਰਾਮ, ਸੀਤਾ, ਹਨੂੰਮਾਨ, ਰਾਵਣ, ਭੈਰੋਂ ਜਤੀ, ਨਾਰਦ ਆਦਿ ਹਿੰਦੂ ਦੇਵੀ ਦੇਵਤਿਆਂ ਤੋਂ ਬਿਨਾਂ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਸ਼ਸ਼ੋਭਿਤ ਹਨ ਜੋ ਸਮਕਾਲੀ ਸੋਚ ਦੇ ਪ੍ਰਤੀਕ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁੱਖ ਚਿੱਤਰ ਉਪਰ ਬ੍ਰਹਮਾ ਬਿਸਨੁ ਮਹੇਸੁ ਦੇ ਚਿੱਤਰ ਉਲੀਕੇ ਗਏ ਹਨ। ਸਤਿਗੁਰੂ ਕਬੀਰ ਜੀ ਨੂੰ ਤਾਣੇ ਪੁਰ ਰੱਛ ਫੇਰਦੇ ਦਰਸਾਇਆ ਗਿਆ ਹੈ। ਮਹਾਤਮਾ ਹੀਰਾ ਦਾਸ ਜੀ ਅਤੇ ਉਨ੍ਹਾਂ ਦੇ ਸਮਕਾਲੀ ਸੰਤਾਂ ਮੋਦਰ, ਸ਼ਰਧਾ ਰਾਮ ਤੇ ਜਵਾਲਾ ਦਾਸ ਦੇ ਚਿੱਤਰ ਵੀ ਦੀਵਾਰਾਂ ਦੀ ਸ਼ੋਭਾ ਵਧਾ ਰਹੇ ਹਨ। ਇੱਥੇ ਨਿੱਕੀਆਂ ਇੱਟਾਂ ਦੀ ਇਕ ਖੂਹੀ ਵੀ ਮੌਜੂਦ ਹੈ, ਜੋ ਕਾਫ਼ੀ ਪੁਰਾਣੀ ਦੱਸੀ ਜਾਂਦੀ ਹੈ।
ਇਸ ਮੰਦਰ ਦੇ ਲਹਿੰਦੇ ਪਾਸੇ ਜੀ ਟੀ ਰੋਡ ਉਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਤਰਾ ਨੂੰ ਮੂਰਤੀਮਾਨ ਕਰਦਾ ‘ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ’ ਉਸਾਰੀ ਅਧੀਨ ਹੈ। ਇਸ ਵਿਸ਼ਾਲ ਮੰਦਰ ਦੀ ਉਸਾਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਸ ਮੰਦਰ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ। ਇਹ ਸੰਗਤਾਂ ਦੀ ਆਸਥਾ ਦਾ ਕੇਂਦਰ ਬਣ ਗਿਆ ਹੈ। ਪਿੱਛਲੇ ਚਾਰ ਕੁ ਦਹਾਕਿਆਂ ਤੋਂ ਸ੍ਰੀ ਗੁਰੂ ਰਵਿਦਾਸ ਜਿਯੰਤੀ ਤੋਂ ਇਕ ਦਿਨ ਪਹਿਲਾਂ ਏਥੋਂ ਭਾਰੀ ਸ਼ੋਭਾ ਯਾਤਰਾ ਨਿਕਲਦੀ ਹੈ, ਜਿਸ ਦਾ ਸ਼ੁਮਾਰ ਪੰਜਾਬ ਦੀਆਂ ਪ੍ਰਮੁੱਖ ਸ਼ੋਭਾ ਯਾਤਰਾਵਾਂ ਵਿਚ ਹੁੰਦਾ ਹੈ। ਸਾਰਾ ਫਗਵਾੜਾ ਸ਼ਹਿਰ ‘ਮਧੁਪ ਮਖੀਰੇ’ ਦੇ ਮਜੀਠੀ ਰੰਗ ਵਿਚ ਰੰਗਿਆ ਪ੍ਰਤੀਤ ਹੁੰਦਾ ਹੈ। ਇਸ ਪਾਵਨ ਮੌਕੇ ਜੁੜੀਆਂ ਸੰਗਤਾਂ ਦਾ ਉਤਸ਼ਾਹ ਦੇਖਣਯੋਗ ਹੁੰਦਾ ਹੈ । ਗੁਰੂ ਜੀ ਦੀਆਂ ਨਾਮ-ਲੇਵਾ ਸੰਗਤਾਂ ਵੱਲੋਂ ਇਸ ਸ਼ੋਭਾ ਯਾਤਰਾ ਨੂੰ ਸ੍ਰੀ ਗੁਰੂ ਰਵਿਦਾਸ ਸ਼ਕਤੀ ਦੀ ਪ੍ਰਤੀਕ ਵਜੋਂ ਆਂਕਿਆ ਜਾਂਦਾ ਹੈ ਤੇ ਇਸ ਦੀ ਧੁੰਮ ਦੁਨੀਆਂ ਦੇ ਕੋਨੇ ਕੋਨੇ ਵਿਚ ਸੁਣਾਈ ਦਿੰਦੀ ਹੈ। ਲੋਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਰਸ਼ਨ ਨੂੰ ਪ੍ਰਣਾਈ ਇਸ ਧਰਤੀ ਨੂੰ ਨਤਮਸਤਕ ਹੋਣਾ ਆਪਣਾ ਸੁਭਾਗਾ ਸਮਝਦੇ ਹਨ।
ਪਿੰਡ ਡੰਡਾ ਦੀ ਫੇਰੀ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਮਦ ਨਾਲ ਆਸਾਂ ਦੀ ਨਵੀਂ ਕਿਰਨ ਜਾਗੀ। ਚਿਰਾਂ ਪਿੱਛੋਂ ਪੰਜਾਬ ਦੀ ਧਰਤੀ ਚਾਨਣ ਚਾਨਣ ਹੋਈ। ਇਲਾਹੀ ਪ੍ਰਵਚਨ ਸੁਣ ਕੇ ਕੁਲ ਲੋਕਾਈ ਨੂੰ ਰੱਬੀ ਸਕੂਨ ਪ੍ਰਾਪਤ ਹੋਇਆ। ਦਿਲਾਂ ਵਿੱਚੋਂ ਨਫ਼ਰਤ ਦੇ ਅਣੂ ਖ਼ਤਮ ਹੋ ਗਏ। ਚੁਹੰ ਕੂੰਟਾਂ ਵਿਚ ਸਾਂਝਾਂ ਦੀ ਸੁਗੰਧ ਫੈਲ ਗਈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਥਾਉਂ ਥਾਈਂ ਪੜਾਅ ਕਰਦੇ ਜਲੰਧਰ, ਜੰਡਿਆਲਾ ਗੁਰੂ, ਬੰਡਾਲਾ ਹੁੰਦੇ ਹੋਏ 1481 ਦੇ ਅਖ਼ੀਰ ਅਟਾਰੀ ਬਾਰਡਰ ਦੇ ਨਜ਼ਦੀਕ ਪਿੰਡ ਡੰਡਾ ਵਿਖੇ ਪਹੁੰਚ ਗਏ। ਡੰਡਾ ਪਿੰਡ ਅੰਮ੍ਰਿਤਸਰ ਤੋਂ 26 ਕਿਲੋਮੀਟਰ ਦੂਰ ਹੈ। ਗੁਰੂ ਜੀ ਦੀ ਆਮਦ ਸਮੇਂ ਅਜੇ ਅੰਮ੍ਰਿਤਸਰ ਸ਼ਹਿਰ ਨਹੀਂ ਵੱਸਿਆ ਸੀ। ਚਿਰਾਂ ਪਿੱਛੋਂ ਇਹ ਸ਼ਹਿਰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ।
ਅਜੋਕੇ ਜੀ ਟੀ ਰੋਡ ’ਤੇ ਸੁਸ਼ੋਭਿਤ ਗੋਲਡਨ ਗੇਟ ਪਾਰ ਕਰ ਕੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਅੱਗੋਂ ਹੁੰਦੇ ਹੋਏ ਪਿੰਡ ਡੰਡਾ ਪਹੁੰਚਿਆ ਜਾ ਸਕਦਾ ਹੈ। ਡੰਡਾ ਪਿੰਡ ਦੇ ਲਹਿੰਦੇ ਪਾਸੇ ਘੁੰਮਾਤੂ ਸੰਤ ਮੰਡਲੀਆਂ ਦਾ ਰਮਣੀਕ ਪੜਾਅ ਹੋਇਆ ਕਰਦਾ ਸੀ। ਗੁਰੂ ਜੀ ਦੀ ਆਮਦ ਨਾਲ ਇਸ ਸਥਾਨ ਨੂੰ ਹੋਰ ਭਾਗ ਲੱਗ ਗਏ। ਸੰਤ ਮੰਡਲੀਆਂ ਦਾ ਆਉਣ ਜਾਣ ਆਮ ਹੋ ਗਿਆ। ਉਨ੍ਹਾਂ ਇੱਥੇ ਦੋ ਦਿਨ ਤਕ ਵਿਸ਼ਰਾਮ ਕੀਤਾ ਤੇ ਸੰਗਤਾਂ ਨੂੰ ਹੱਕ ਸੱਚ ਤੇ ਸਤਿਨਾਮੁ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੇ ਦਰਸਾਏ ਮਾਰਗ ਨੂੰ ਪਿੱਛੋਂ ਸੰਤ ਮਨੀ ਰਾਮ ਜੀ ਨੇ ਅੱਗੇ ਤੋਰਿਆ। ਸੰਤ ਮਨੀ ਰਾਮ ਜੀ ਦੀ ਯਾਦ ਵਿਚ ਇੱਥੇ ਉਸਾਰਿਆ ਮੰਦਰ ਉਨ੍ਹਾਂ ਦੀ ਘਾਲਣਾ ਦੀ ਬਾਤ ਅੱਜ ਵੀ ਪਾ ਰਿਹਾ ਹੈ। ਉਨ੍ਹਾਂ ਪਿੱਛੋਂ ਸੰਤ ਮਾਨ ਦਾਸ, ਸੰਤ ਹਰੀ ਦਾਸ, ਸੰਤ ਤੋਤਾ ਦਾਸ, ਸੰਤ ਚੁੱਪ ਦਾਸ ਤੇ ਸੰਤ ਗਿਆਨ ਦਾਸ ਆਦਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਮਿਸ਼ਾਲਚੀ ਬਣੇ। ਇਨ੍ਹਾਂ ਪੰਜ ਪੂਰਨ ਸੰਤਾਂ ਦੀਆਂ ਸਮਾਧੀਆਂ ਇਸ ਧਰਮ ਅਸਥਾਨ ਦੇ ਵਿਹੜੇ ਵਿਚ ਸੁਸ਼ੋਭਿਤ ਹਨ। ਲੋਕਾਂ ਲਈ ਇਹ ਸਮਾਧੀਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹਨ। ਇੱਥੇ ਸਾਧੂ-ਸੰਤਾਂ ਤੇ ਸੰਗਤਾਂ ਦੇ ਜਲਪਾਨ ਲਈ ਲਗਾਈ ਪ੍ਰਾਚੀਨ ਖੂਹੀ ਅੱਜ ਵੀ ਮੌਜੂਦ ਹੈ। ਸ਼ਰਧਾਲੂ ਦੂਰੋਂ ਦੂਰੋਂ ਚੱਲ ਕੇ ਇਸ ਪਾਵਨ ਅਸਥਾਨ ਦੇ ਦਰਸ਼ਨ ਲਈ ਆਉਂਦੇ ਹਨ। ਇਸ ਸਥਾਨ ’ਤੇ ਗੁਰੂ ਜੀ ਦੀ ਫੇਰੀ ਨੂੰ ਜੀਵੰਤ ਰੂਪ ਦੇਣ ਲਈ ‘ਸ੍ਰੀ ਗੁਰੂ ਰਵਿਦਾਸ ਜਨਮ ਉਤਸਵ ਕਮੇਟੀ, ਦਿੱਲੀ’ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਮੰਦਰ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਮੰਦਰ ਅਜੇ ਉਸਾਰੀ ਅਧੀਨ ਹੈ ਪਰ ਦੂਰੋਂ ਆਈਆਂ ਸੰਗਤਾਂ ਦੇ ਠਹਿਰਨ ਵਾਸਤੇ ਦੋ ਵੱਡੇ ਹਾਲ ਬਣੇ ਹੋਏ ਹਨ। ਆਈਆਂ ਸੰਗਤਾਂ ਲਈ ਲੰਗਰ ਦੀ ਵਿਵਸਥਾ ਉਚੇਚੇ ਤੌਰ ’ਤੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਇਤਿਹਾਸਕ ਅਸਥਾਨ ਦੀ ਸੇਵਾ ਸੰਭਾਲ ਸ੍ਰੀ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ, ਪਿੰਡ ਡੰਡੇ ਵੱਲੋਂ ਕੀਤੀ ਜਾ ਰਹੀ ਹੈ।
ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਮਿਸ਼ਨ ਦੀ ਪੂਰਤੀ ਉਪਰੰਤ ਇੱਥੋਂ ਆਪਣੀ ਅਗਲੀ ਮੰਜ਼ਿਲ ਚੂਹੜਕਾਣਾ ਵੱਲ ਰਵਾਨਾ ਹੋ ਗਏ ਪਰ ਅਲੌਕਿਕ ਸੁਨੇਹਾ ਸਦੀਆਂ ਤੋਂ ਲੋਕ ਮਨਾਂ ਵਿਚ ਅੱਜ ਵੀ ਸੰਜੋਇਆ ਹੋਇਆ ਹੈ। ਪਿੰਡ ਦਾ ਰਵਿਦਾਸੀਆ ਭਾਈਚਾਰਾ, ਜੱਟ ਸਿੱਖ, ਮਜ਼ਬੀ ਸਿੱਖ, ਬ੍ਰਾਹਮਣ ਸਮਾਜ ਆਦਿ ਸਾਰੇ ਲੋਕ ਬਗੈਰ ਕਿਸੇ ਭਿੰਨ-ਭੇਦ ਮਿਲ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਯੰਤੀ ਹਰ ਸਾਲ ਮਨਾਉਂਦੇ ਹਨ ਅਤੇ ਇਕ ਦਿਨ ਪਹਿਲਾਂ ਵਿਸ਼ਾਲ ਸ਼ੋਭਾ ਯਾਤਰਾ ਕੱਢਦੇ ਹਨ। ਇਸ ਸ਼ੋਭਾ ਯਾਤਰਾ ਵਿਚ ਇਲਾਕੇ ਦੀਆਂ ਸੰਗਤਾਂ ਵੱਡੇ ਉਤਸ਼ਾਹ ਨਾਲ ਸ਼ਾਮਲ ਹੁੰਦੀਆਂ ਹਨ। ਇਹ ਯਾਤਰਾ ਆਪਣੇ ਪੂਰਨ ਜਲੌਅ ਵਿਚ ਪਿੰਡ ਡੰਡੇ ਤੋਂ ਸ਼ੁਰੂ ਹੋ ਕੇ ਡੱਲੇ ਕੀ, ਸ਼ੂਰਾ, ਵਹਿੜਵਾਲ, ਰਣੀ ਕੀ, ਰਣਗੜ੍ਹ, ਅਟਾਰੀ ਆਦਿ ਪਿੰਡਾਂ ਥੀਂ ਗੁਜਰਦੀ, ਲੋਕ ਭਲਾਈ ਲਈ ਰਵਿਦਾਸ ਦਰਸ਼ਨ ਦਾ ਹੋਕਾ ਦਿੰਦੀ, ਵਾਪਸ ਇਤਿਹਾਸਕ ਮੰਦਰ ਵਿਖੇ ਸਮਾਪਤ ਹੁੰਦੀ ਹੈ। ਅਟਾਰੀ, ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਨਾਲ ਜੁੜਿਆ ਇਕ ਇਤਿਹਾਸਕ ਕਸਬਾ ਹੈ, ਵਿਖੇ ਸ਼ੋਭਾ ਯਾਤਰਾ ਦੀ ਰੌਣਕ ਆਪਣੇ ਸਿਖ਼ਰ ’ਤੇ ਹੁੰਦੀ ਹੈ ਅਤੇ ਨਗਰ ਵਿਚ ਇਸ ਦੇ ਪੰਜ ਪੜਾਅ ਹੁੰਦੇ ਹਨ। ਇੱਥੋਂ ਦੀ ਰੌਣਕ ਦੇਖ ਕੇ ਧਰਤੀ ’ਤੇ ਸੱਚਮੁੱਚ ਬੇਗਮਪੁਰਾ ਵੱਸਿਆ ਮਲੂਮ ਹੁੰਦਾ ਹੈ। ਇਸ ਤਰ੍ਹਾਂ ਗੁਰੂ ਰਵਿਦਾਸ ਜੀ ਦੀਆਂ ਪਾਈਆਂ ਸੰਦਲੀ ਪੈੜਾਂ ਪਿੰਡ ਵਾਸੀਆਂ ਨੇ ਸਦੀਆਂ ਤੋਂ ਜਿਉਂ ਦੀਆਂ ਤਿਉਂ ਸਾਂਭੀਆਂ ਹੋਈਆਂ ਹਨ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪਹਿਲੀ ਪੰਜਾਬ ਯਾਤਰਾ ਸਮੇਂ ਲਹੌਰ, ਸ਼ੇਖੂਪੁਰ, ਗੁਜਰਾਂਵਾਲਾ, ਪੁਣਛ, ਰਜੌਰੀ, ਸ਼੍ਰੀਨਗਰ, ਪੇਸ਼ਾਵਰ ਦੇ ਮਾਰਗ ਬੁਖ਼ਾਰਾ ਹੁੰਦੇ ਹੋਏ ਮੁਲਤਾਨ ਦੇ ਰਸਤੇ ਵਾਪਸ ਬਨਾਰਸ ਪਹੁੰਚ ਜਾਂਦੇ ਹਨ। ਚੌਹਾਂ ਦਿਸ਼ਾਵਾਂ ਵੱਲ ਯਾਤਰਾਵਾਂ ਸਪੰਨ ਹੋਣ ਤਕ ਗੁਰੂ ਜੀ ਦੇ ਨਾਮ ਦਾ ਡੰਕਾ ਸਾਰੇ ਭਾਰਤ ਵਿਚ ਵੱਜ ਰਿਹਾ ਸੀ। ਇਸ ਦਾ ਉਲੇਖ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਆਉਂਦਾ ਹੈ :
ਭਗਤ ਭਗਤ ਜਗ ਵਜਿਆ
ਚਹੁੰ ਚਕਾਂ ਵਿਚ ਚਮਰੇਟਾ।
ਗੁਰੂ ਜੀ ਦੀ ਇਲਾਹੀ ਬਾਣੀ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਚੁੱਕੀ ਸੀ। ਗੁਰੂ ਨਾਨਕ ਦੇਵ ਜੀ ਵੀ ਉਨ੍ਹਾਂ ਦੀ ਬਾਣੀ ਗਾਵਿਆ ਕਰਦੇ ਸਨ। ਇਸ ਦੇ ਪ੍ਰਮਾਣ ਸੋਢੀ ਮਨੋਹਰ ਦਾਸ ਮਿਹਰਬਾਨ ਰਚਿਤ ‘ਪੋਥੀ ਸੱਚਖੰਡ’ ਵਿਚ ਮਿਲਦੇ ਹਨ : ਮਰਦਾਨਾ ਡੂਮੁ ਕਲਾਲਾਂ ਕਾ ਤਲਵੰਡੀ ਰਾਇ ਭੋਇ ਕੀ ਰਹਦਾ, ਰਬਾਬ ਵਜਾਇਦਾ, ਨਾਮਾ, ਕੰਬੀਰ, ਤਿਲੋਚਨ, ਰਵਿਦਾਸ, ਧੰਨੇ, ਬੇਣੀ ਦੇ ਪਦੇ ਗਾਵਤਾ। ਗੁਰੂ ਬਾਬਾ ਨਾਨਕ ਅੱਗੇ ਪਦੇ ਗਾਵਤਾ।’
ਉਪਰੋਕਤ ਕਥਨ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਬਾਲ ਅਵਸਥਾ ਵਿਚ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਚੁੱਕੀ ਸੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਪਹਿਲੀ ਪੰਜਾਬ ਯਾਤਰਾ ਸਮੇਂ ਦੇਖਿਆ ਕਿ ਇਕ ਪਾਸੇ ਪੰਜਾਬ ਲੰਮੇ ਸਮੇਂ ਤੋਂ ਵਿਦੇਸ਼ੀ ਧਾੜਵੀਆਂ ਦੇ ਹੱਲਿਆਂ ਦੀ ਮਾਰ ਸਹਿੰਦਾ ਆ ਰਿਹਾ ਹੈ ਤੇ ਦੂਜੇ ਪਾਸੇ ਮੂਲਵਾਦੀ ਤਾਕਤਾਂ ਕਰਮਕਾਂਡੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਦੀ ਤਾਕ ਵਿਚ ਹਨ। ਇਸ ਲਈ ਉਨ੍ਹਾਂ 1496 ਵਿਚ ਦੂਜੀ ਵਾਰ ਪੰਜਾਬ ਦੀ ਧਰਤੀ ’ਤੇ ਆਉਣ ਦਾ ਫੈ਼ਸਲਾ ਕੀਤਾ। ਇਸ ਵਾਰ ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਹੋਏ ਤਿੰਨ ਰੋਜ਼ਾ ਵਿਸ਼ਾਲ ਸੰਤ ਸੰਮੇਲਨ ਵਿਚ ਭਾਗ ਲਿਆ।
ਗੁਰੂ ਰਵਿਦਾਸ ਮਹਾਰਾਜ ਜੀ ਦੀ ਦੂਜੀ ਪੰਜਾਬ ਯਾਤਰਾ
ਸੁਲਤਾਨਪੁਰ ਲੋਧੀ
ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੁੜਿਆ ਸ਼ਹਿਰ ਸੁਲਤਾਨਪੁਰ ਲੋਧੀ ਇਤਿਹਾਸ ਵਿਚ ਸਰਵਮਾਨਪੁਰ ਵਜੋਂ ਪ੍ਰਸਿੱਧ ਰਿਹਾ ਹੈ। ਕਦੇ ਛੀਟਾਂਵਾਲੀ ਤੇ ਪੀਰਾਂ ਪੁਰੀ ਵੀ ਇਸ ਦਾ ਨਾਮ ਹੁੰਦਾ ਸੀ। ਹਿਊਨ ਸਾਂਗ ਦੀਆਂ ਲਿਖਤਾਂ ਵਿਚ ਇਸ ਦੀ ਸੋਅ ਬੁੱਧ ਧਰਮ ਦੇ ਸਾਧਨਾ ਕੇਂਦਰ ਵਜੋਂ ਮਿਲਦੀ ਹੈ। ਚੀਨੀ ਯਾਤਰੀ ਯੁਆਂਗ-ਚੁਆਂਗ ਦੱਸ ਪਾਉਂਦਾ ਹੈ ਕਿ ਮਹਾਰਾਜਾ ਅਸ਼ੋਕ ਨੇ ਏਥੇ ਬੋਧੀ ਸਤੂਪ ਸਥਾਪਤ ਕੀਤਾ ਸੀ। ‘ਅਭਿਨਵ ਪੁਸਤਵਾ’ ਗ੍ਰੰਥ... ਬੋਧੀ ਲੇਖਕ ਕਿਤਨਾਇਆ ਨੇ ਇੱਥੇ ਮੁਕੰਮਲ ਕੀਤਾ ਸੀ। ਦਾਰਾ ਸ਼ਿਕੋਹ ਤੇ ਔਰੰਗਜ਼ੇਬ ਦੀ ਮੁੱਢਲੀ ਪੜ੍ਹਾਈ ਵੀ ਇਸੇ ਥਾਂ ਹੋਈ ਦੱਸੀ ਜਾਂਦੀ ਹੈ। ਪ੍ਰਸਿੱਧ ਤਿਜ਼ਾਰਤੀ ਸ਼ਹਿਰ ਹੋਣ ਕਾਰਨ ਇਸ ਦੇ 32 ਬਾਜ਼ਾਰਾਂ ਤੇ 5600 ਦੁਕਾਨਾਂ ਨੂੰ ਲੁੱਟ ਕੇ ਮਹਿਮੂਦ ਗਜ਼ਨਵੀ ਨੇ ਬੋਧੀ ਤੇ ਹਿੰਦੂ ਸੰਸਕ੍ਰਿਤੀ ਦਾ ਮਲੀਆਮੇਟ ਕਰਨ ਲਈ ਸਾਰਾ ਸ਼ਹਿਰ ਫੂਕ ਦਿੱਤਾ ਸੀ। ਇੱਥੋਂ ਦੇ ਖੋਲ੍ਹਿਆਂ ਵਿੱਚੋਂ ਅੱਜ ਵੀ ਨਿਕਲਦੀ ਸੁਆਹ ਇਸ ਦੀ ਗਵਾਹੀ ਭਰਦੀ ਹੈ।
ਮੁਸਲਿਮ ਸ਼ਾਸਕਾਂ ਸਮੇਂ 1332 ਈ. ਦੌਰਾਨ ਪੰਜਾਬ ਦੇ ਸੂਬੇਦਾਰ ਦੇ ਪੁੱਤਰ ਸੁਲਤਾਨ ਖਾਂ ਨੇ ਇਸ ਨੂੰ ਮੁੜ ਆਬਾਦ ਕੀਤਾ। ਇੱਥੇ ਮੌਜੂਦਾ ਦਾਣਾ ਮੰਡੀ ਦੇ ਆਸ-ਪਾਸ ਦੂਰ ਤੱਕ ਘਣਾ ਜੰਗਲ ਹੁੰਦਾ ਸੀ। ਇਤਿਹਾਸ ਵਿਚ ਇਸ ਦਾ ਜ਼ਿਕਰ ਤਾਮਸ-ਵਣ ਵਜੋਂ ਦਰਜ ਹੈ। ਇੱਥੇ ਹੀ ਬੋਧੀ ਭਿਖਸ਼ੂਆਂ ਤੇ ਸਾਧੂ-ਸੰਤਾਂ ਦੇ ਪ੍ਰਵਚਨਾਂ ਲਈ ਰਮਣੀਕ ਪੜਾਅ ਹੋਇਆ ਕਰਦਾ ਸੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਕਤੂਬਰ 1496 ਈ. ਨੂੰ ਇੱਥੇ ਹੋਣ ਵਾਲੇ ਤਿੰਨ ਰੋਜ਼ਾ ਸੰਤ-ਸੰਮੇਲਨ ਵਿਚ ਹਿੱਸਾ ਲੈਣ ਲਈ ਲੁਧਿਆਣਾ, ਫ਼ਿਲੌਰ, ਨੂਰਮਹਿਲ, ਨਕੋਦਰ ਦੇ ਮਾਰਗ ਪਿੰਡ ਡੱਲਾ ਰਾਹੀਂ ਇਸ ਸਥਾਨ ਪੁਰ ਆਪਣੇ ਮੁਬਾਰਕ ਚਰਨ ਪਾਏ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਥੇ ਕਰਮਕਾਂਡੀ ਢਾਂਚੇ ’ਤੇ ਕਰਾਰਾ ਵਾਰ ਕੀਤਾ। ਸਵੈਮਾਣ ਤੇ ਸਾਂਝੀਵਾਲਤਾ ਨੂੰ ਉਨ੍ਹਾਂ ਰਸੀਲੀ ਜ਼ਿੰਦਗੀ ਦਾ ਗੁਰ ਦੱਸਿਆ। ਗੁਰੂ ਨਾਨਕ ਦੇਵ ਜੀ ਨੇ ‘ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਜੈਕਾਰਾ ਇੱਥੇ ਹੀ ਬੁਲੰਦ ਕੀਤਾ ਸੀ। ਅੱਜ-ਕੱਲ੍ਹ ਇੱਥੇ ਗੁਰਦੁਆਰਾ ਸੰਤਘਾਟ ਸਾਹਿਬ ਸੁਭਾਇਮਾਨ ਹੈ। ਸੰਯੋਗ ਦੀ ਗੱਲ ਹੈ ਕਿ ਇਸ ਪਵਿੱਤਰ ਧਰਤੀ ’ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਵੇਈਂ ਦੀ ਕਾਰ ਸੇਵਾ ਕਰ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਸੰਤਾਂ ਦੇ ਮਾਰਗ ਨੂੰ ਅਗਾਂਹ ਤੋਰਨ ਲਈ ਉਨ੍ਹਾਂ ਇੱਥੇ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਵੀ ਕਰਵਾਈ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਫੇਰੀ ਸਮੇਂ ਦੀ ਇਕ ਨਿਸ਼ਾਨੀ ਗੁਰਦੁਆਰਾ ਬੇਰ ਸਾਹਿਬ ਜੀ ਤੋਂ ਥੋੜ੍ਹੀ ਦੂਰ ‘ਹਦੀਰਾ’ ਅੱਜ ਵੀ ਕਾਇਮ ਹੈ। ਖੰਡਰ ਹੋਏ ਇਸ ਹਦੀਰੇ ਨੂੰ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਮੁਰੰਮਤ ਕਰ ਕੇ ਇਸ ਦਾ ਪੁਰਾਤਨ ਸਰੂਪ ਬਹਾਲ ਕਰ ਦਿੱਤਾ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੁਲਤਾਨਪੁਰ ਲੋਧੀ ਦੀ ਫੇਰੀ ਨੂੰ ਜੀਵੰਤ ਰੂਪ ਦੇਣ ਲਈ ਢੁਕਵੇਂ ਮੁਕਦਸ ਸਥਾਨ ਦੀ ਉਸਾਰੀ ਹੋਣਾ ਅਜੇ ਬਾਕੀ ਹੈ।
ਜਨੌੜੀ ਪਿੰਡ ਦੀ ਫੇਰੀ
ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ਦੇ ਕਿਨਾਰੇ ਵਿਸ਼ਾਲ ਸੰਤ ਸੰਮੇਲਨ ਵਿਚ ਉਪਦੇਸ਼ ਕਰਨ ਉਪਰੰਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਟਾਲਾ, ਜੰਮੂ, ਚੰਬਾ, ਪਠਾਨਕੋਟ, ਢੋਲਵਾਹਾ ਹੁੰਦੇ ਹੋਏ ਸੰਨ 1499 ਨੂੰ ਪਿੰਡ ਜਨੌੜੀ ਪਹੁੰਚ ਗਏ। ਕਿਸੇ ਸਮੇਂ ਜਨਕਾਪੁਰ ਸਦਾਉਂਦਾ ਇਹ ਪਿੰਡ ਹੁਸ਼ਿਆਰਪੁਰ ਤੋਂ 27 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਹਰਿਆਣਾ ਤੋਂ ਇਸ ਦੀ ਦੂਰੀ 9 ਕਿਲੋਮੀਟਰ ਹੈ। ਇਹ ਰਾਜਪੂਤਾਂ ਦਾ ਪਿੰਡ ਹੋਣ ਕਾਰਨ ਇੱਥੇ ਛੂਤ-ਛਾਤ ਦਾ ਭਾਰੀ ਬੋਲਬਾਲਾ ਸੀ। ਹੋਰ ਪਾਬੰਦੀਆਂ ਦੇ ਨਾਲ-ਨਾਲ ਛੋਟੀ ਜਾਤੀ ਦੇ ਲੋਕਾਂ ਨੂੰ ਤਾਲਾਬਾਂ ਤੋਂ ਪਾਣੀ ਭਰਨ ਦੀ ਮਨਾਹੀ ਸੀ। ਪਾਣੀ ਦੇ ਤਰਸੇਵੇਂ ਕਾਰਨ ਉਨ੍ਹਾਂ ਦਾ ਜੀਵਨ ਅਤਿਅੰਤ ਦੁਖਦਾਈ ਸੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਨ੍ਹਾਂ ਦੇ ਦੁੱਖ ਨੂੰ ਗੰਭੀਰਤਾ ਨਾਲ ਜਾਣਿਆ ਅਤੇ ਪਿੰਡ ਤੋਂ ਦੂਰ ਲਹਿੰਦੇ ਪਾਸੇ ਬੋਹੜ ਤੇ ਪਿੱਪਲ ਹੇਠ ਆਸਣ ਲਗਾ ਲਿਆ। ਇੱਥੇ ਹੀ ਉਨ੍ਹਾਂ ਕੁਝ ਪੱਥਰ ਹਟਾ ਕੇ ਇਨ੍ਹਾਂ ਲੋਕਾਂ ਲਈ ਇਕ ਛੋਟੇ ਤਾਲਾਬ ਦਾ ਨਿਰਮਾਣ ਕੀਤਾ ਪਰ ਉਹ ਤਾਲਾਬ ਵੀ ਊਚ ਨੀਚ ਦੀ ਭੇਟ ਚੜ੍ਹ ਕੇ ਕਦੇ ਵੀ ਤਾਲਾਬ ਨਾ ਸਦਵਾ ਸਕਿਆ ਪਰ ਸਦੀਆਂ ਤੀਕ ਇਹ ਗ਼ਰੀਬ ਲੋਕਾਂ ਦੀ ਪਿਆਸ ਬੁਝਾਉਂਦਾ ਰਿਹਾ। ਇਸ ਦੇ ਇਰਦ ਗਿਰਦ ਛੋਟੀ ਜਾਤੀ ਦੇ ਲੋਕਾਂ ਦੀ ਬਸਤੀ ਵੀ ਬਣ ਗਈ। ਸਮੇਂ ਦੇ ਗੇੜ ਨਾਲ ਆਦਮਪੁਰ, ਸ਼ਾਮ ਚੁਰਾਸੀ, ਹਰਿਆਣਾ, ਢੋਲਵਾਹਾ ਤੋਂ ਕਾਂਗੜੇ ਵਧ ਜਾਂਦੀ ਇੱਥੋਂ ਦੀ ਜਰਨੈਲੀ ਸੜਕ ਨਿਕਲ ਗਈ। ਗੁਰੂ ਜੀ ਦੇ ਫ਼ਲਸਫੇ ਦੇ ਧਾਰਨੀ ਡੋਗਰ ਸ਼ਾਹ ਨੇ ਲੋਕਾਂ ਦੀ ਸੁਵਿਧਾ ਲਈ ਇੱਥੇ ਖੂਹ ਲਗਵਾ ਦਿੱਤਾ। ਇਹ ਖੂਹ ਸਾਰੇ ਵਰਗਾਂ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਰਿਹਾ ਜੋ ਹੁਣ ਲਾਵਾਰਸੀ ਦੀ ਜੂਨ ਹੰਢਾ ਰਿਹਾ ਹੈ। ਗੁਰੂ ਜੀ ਦੀ ਵਰੋਸਾਈ ਛੱਪੜੀ ਪੂਰ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਉਸਾਰ ਦਿੱਤੀ ਗਈ ਹੈ। ਇਹ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ, ਚਮਾਰ ਛੱਪੜੀ ਵਜੋਂ 2022 ਤੱਕ ਚੱਲਦਾ ਰਿਹਾ। ਹੁਣ ਇਸ ਨੂੰ ਰਾਮਨਗਰ ਕਿਹਾ ਜਾਂਦਾ ਹੈ, ‘ਚਮਾਰ ਛੱਪੜੀ’ ਮਿਟਾ ਦਿੱਤਾ ਗਿਆ ਹੈ। ਇਸ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਅਲੋਪ ਹੋਣ ਦਾ ਵੱਡਾ ਖ਼ਦਸ਼ਾ ਹੈ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਸ ਬੋਹੜ ਤੇ ਪਿੱਪਲ ਹੇਠ ਆਸਣ ਲਗਾਇਆ ਸੀ; ਸੜਕ ਦੇ ਨਿਰਮਾਣ ਕਾਰਨ ਬੋਹੜ ਕੱਟ ਦਿੱਤੀ ਗਈ ਹੈ। ਪਿੱਪਲ ਨੇ ਅਜੇ ਆਪਣੀ ਬੁੱਕਲ ਵਿਚ ਗੁਰ ਇਤਿਹਾਸ ਨੂੰ ਸੰਭਾਲ ਰੱਖਿਆ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੁੜੇ ਇਸ ਅਸਥਾਨ ਨੂੰ ਵਿਕਸਤ ਕਰਨ ਦੀ ਲੋੜ ਹੈ।
- ਰੂਪ ਲਾਲ ਰੂਪ
94652-25722
----------------------