ਦ੍ਰਿੜ੍ਹਤਾ ਦੀ ਤਾਕਤ
ਸਾਡੇ ਕੋਲ ਵਿਚਾਰਾਂ ਦੀ ਇਕ ਹੋਰ ਤਾਕਤ ਅਜਿਹੀ ਹੈ, ਜਿਸ ਨਾਲ ਅਸੀਂ ਹਰੇਕ ਸਥਿਤੀ ਦੀ ਸਮੀਖਿਆ ਕਰ ਸਕਦੇ ਹਾਂ। ਆਪਣੀਆਂ ਬੁਰਾਈਆਂ ਨੂੰ ਲੱਭ ਕੇ ਮੁਸ਼ਕਲ ਹਾਲਾਤ ਤੋਂ ਨਿਕਲਣ ਲਈ ਯੋਜਨਾ ਬਣਾ ਸਕਦੇ ਹਾਂ। ਇਕ ਕਹਾਵਤ ਹੈ ਕਿ ਧੁਨ ਦੇ ਪੱਕੇ ਆਦਮੀ ਲਈ ਹਰ ਕੰਮ ਸੌਖਾ ਹੁੰਦਾ ਹੈ। ਇੱਛਾ ਸ਼ਕਤੀ ਸਾਡੇ ਅੰਦਰ ਈਸ਼ਵਰ ਦੀ ਪ੍ਰਾਪਤੀ ਦਾ ਜ਼ਰੀਆ ਹੈ।
Publish Date: Wed, 29 Apr 2026 11:18 PM (IST)
Updated Date: Thu, 30 Apr 2026 07:41 AM (IST)

ਜੀਵਨ ਇਕ ਖੇਡ ਹੈ, ਜਿਸ ਦੀ ਹਾਰ-ਜਿੱਤ ਸਾਡੇ ਹੱਥ ’ਚ ਨਹੀਂ ਹੈ, ਪਰ ਇਸ ਨੂੰ ਖੇਡਣਾ ਸਾਡੇ ਹੱਥ ’ਚ ਹੈ। ਇਕ ਆਤਮਵਿਸ਼ਵਾਸੀ ਵਿਅਕਤੀ ਹਾਰ ਤੇ ਜਿੱਤ ਦੀ ਫਿਕਰ ਕੀਤੇ ਬਿਨਾਂ ਹੀ ਇਸ ਖੇਡ ’ਚ ਆਪਣੇ ਮਜ਼ਬੂਤ ਵਿਸ਼ਵਾਸ ਨਾਲ ਜਿੱਤ ਪ੍ਰਾਪਤ ਕਰਦਾ ਹੈ। ਜੀਵਨ ਬਹੁਤ ਛੋਟਾ ਹੈ ਤੇ ਸੰਸਾਰ ’ਚ ਕੰਮ ਬਹੁਤ ਹਨ। ਅਜਿਹੀ ਸਥਿਤੀ ’ਚ ਪੱਕੇ ਇਰਾਦੇ ਦੀ ਬਿਰਤੀ ਨਾਲ ਤਾਕਤ ਪੈਦਾ ਕਰ ਕੇ ਆਪਣੀ ਸਮਰੱਥਾ ਵਧਾਈ ਜਾ ਸਕਦੀ ਹੈ। ਪੱਕੇ ਇਰਾਦੇ ਵਾਲਿਆਂ ਲਈ ਕੁਦਰਤ ਵੀ ਰਾਹ ਬਣਾ ਦਿੰਦੀ ਹੈ। ਕਾਮਯਾਬੀ ਉਨ੍ਹਾਂ ਦੇ ਕਦਮਾਂ ਨੂੰ ਚੁੰਮਦੀ ਹੈ ਜੋ ਸ਼ੱਕ ਤੋਂ ਪਰੇ ਰਹਿ ਕੇ ਮਜ਼ਬੂਤ ਇਰਾਦੇ ਦੀ ਬਿਰਤੀ ਦੇ ਧਨੀ ਹੁੰਦੇ ਹਨ। ਉਹ ਇਧਰ-ਓਧਰ ਦੀਆਂ ਗੱਲਾਂ ਨੂੰ ਗੌਣ ਕਰ ਕੇ ਆਪਣੇ ਆਪ ਦੀ ਗੱਲ ਨੂੰ ਅਹਿਮੀਅਤ ਦਿੰਦੇ ਹਨ, ਕਿਉਂਕਿ ਆਪਣੇ ਆਪ ’ਤੇ ਵਿਸ਼ਵਾਸ ਕਰਨਾ ਹੀ ਸਾਡੇ ਜੀਵਨ ਦੀ ਕਿਸ਼ਤੀ ਦਾ ਇਕੋ ਇਕ ਆਧਾਰ ਹੈ। ਸਾਡੇ ਕੋਲ ਵਿਚਾਰਾਂ ਦੀ ਇਕ ਹੋਰ ਤਾਕਤ ਅਜਿਹੀ ਹੈ, ਜਿਸ ਨਾਲ ਅਸੀਂ ਹਰੇਕ ਸਥਿਤੀ ਦੀ ਸਮੀਖਿਆ ਕਰ ਸਕਦੇ ਹਾਂ। ਆਪਣੀਆਂ ਬੁਰਾਈਆਂ ਨੂੰ ਲੱਭ ਕੇ ਮੁਸ਼ਕਲ ਹਾਲਾਤ ਤੋਂ ਨਿਕਲਣ ਲਈ ਯੋਜਨਾ ਬਣਾ ਸਕਦੇ ਹਾਂ। ਇਕ ਕਹਾਵਤ ਹੈ ਕਿ ਧੁਨ ਦੇ ਪੱਕੇ ਆਦਮੀ ਲਈ ਹਰ ਕੰਮ ਸੌਖਾ ਹੁੰਦਾ ਹੈ। ਇੱਛਾ ਸ਼ਕਤੀ ਸਾਡੇ ਅੰਦਰ ਈਸ਼ਵਰ ਦੀ ਪ੍ਰਾਪਤੀ ਦਾ ਜ਼ਰੀਆ ਹੈ। ਇੱਛਾ ਸ਼ਕਤੀ ’ਚ ਕੁਦਰਤ ਦੀਆਂ ਸਾਰੀਆਂ ਤਾਕਤਾਂ ਨੂੰ ਕੰਟਰੋਲ ਕਰਨ ਵਾਲੀ ਈਸ਼ਵਰ ਦੀ ਵੱਡੀ ਤਾਕਤ ਸ਼ਾਮਲ ਹੈ। ਸਾਡੇ ਕੋਲ ਤਾਕਤ ਤੇ ਸਾਧਨਾਂ ਦੀ ਕਮੀ ਨਹੀਂ ਹੈ, ਕਮੀ ਹੈ ਤਾਂ ਹਾਸਲ ਸਹੂਲਤ ਤੇ ਉਪਲਬਧ ਤਾਕਤ ਦੀ ਆਤਮਵਿਸ਼ਵਾਸ ਨਾਲ ਵਰਤੋਂ ਕਰਨ ਦੀ। ਹਕੀਕਤ ਤਾਂ ਇਹ ਹੈ ਕਿ ਅਸੀਂ ਆਪਣੀਆਂ ਸਮਰੱਥਾਵਾਂ ਪ੍ਰਤੀ ਚੌਕਸ ਹੀ ਨਹੀਂ ਰਹਿੰਦੇ। ਵਿਸ਼ਵਾਸ ਦਾ ਸਰੋਤ ਮਨ ਹੈ ਤੇ ਮਨ ’ਚ ਰਹਿਣ ਵਾਲੀ ਆਸਥਾ ਸਾਨੂੰ ਤਾਕਤ ਦਿੰਦੀ ਹੈ। ਇਸ ਕਾਰਨ ਅਸੀਂ ਜਿਸ ਕੰਮ ਨੂੰ ਮਜ਼ਬੂਤੀ ਨਾਲ ਕਰਨਾ ਚਾਹਾਂਗੇ, ਉਸ ’ਚ ਯਕੀਨੀ ਤੌਰ ’ਤੇ ਕਾਮਯਾਬੀ ਹਾਸਲ ਕਰਾਂਗੇ। ਡਾਕਟਰ ਤੇ ਦਵਾਈ ’ਤੇ ਜੇ ਵਿਸ਼ਵਾਸ ਹੈ ਤਾਂ ਅਸਰ ਵੀ ਦੁੱਗਣਾ ਹੋ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਆਤਮਵਿਸ਼ਵਾਸ ਜਾਗ ਪਵੇ ਤਾਂ ਬੇਸਹਾਰਾ ਜੀਵ ਵੀ ਨਾਮੁਮਕਿਨ ਹੋਣ ਵਾਲੇ ਕੰਮ ਸੰਭਵ ਕਰ ਦਿਖਾਉਂਦੇ ਹਨ। ਮਨੋਬਲ ਜਿੰਨਾ ਵੱਧ ਹੋਵੇਗਾ, ਓਨਾ ਹੀ ਸਾਡਾ ਸਬੰਧ ਆਤਮਾ ਦੀ ਅਨੰਤ ਤਾਕਤ ਦੇ ਨਾਲ ਡੂੰਘਾ ਹੁੰਦਾ ਜਾਵੇਗਾ।