ਸੱਚੀ ਸਫਲਤਾ ਦਾ ਮਹਾਤਮ
ਅਜਿਹੇ ਵਿਚ ਇਹ ਸਵਾਲ ਸੁਭਾਵਕ ਹੈ-ਕੀ ਸਿਰਫ਼ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਹੀ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ? ਆਮ ਤੌਰ ’ਤੇ ਸੱਚੀ ਸਫਲਤਾ ਉਦੋਂ ਮਿਲਦੀ ਹੈ ਜਦ ਅਸੀਂ ਆਪਣੇ ਅੰਦਰੋਂ ਆਵਾਜ਼ ਸੁਣਦੇ ਹਾਂ ਅਤੇ ਆਪਣੇ ਸੁਪਨਿਆਂ ਨੂੰ ਪਛਾਣਦੇ ਹਾਂ।
Publish Date: Tue, 28 Apr 2026 11:31 PM (IST)
Updated Date: Wed, 29 Apr 2026 07:35 AM (IST)
ਹੁਣ ਸਰਟੀਫਿਕੇਟ ਦਾ ਅਰਥ ਸਿਰਫ਼ ਕਾਗਜ਼ ਦਾ ਪ੍ਰਮਾਣ-ਪੱਤਰ ਨਹੀਂ ਰਹਿ ਗਿਆ ਹੈ ਸਗੋਂ ਇਹ ਸਮਾਜ ਦੀ ਪ੍ਰਵਾਨਗੀ, ਪ੍ਰਸ਼ੰਸਾ ਅਤੇ ਮਾਨਤਾ ਦਾ ਪ੍ਰਤੀਕ ਬਣ ਚੁੱਕਾ ਹੈ। ਅਸੀਂ ਇਹ ਮੰਨਣ ਲੱਗਦੇ ਹਾਂ ਕਿ ਜੇ ਅਸੀਂ ਉਹੀ ਬਣਾਂਗੇ ਜੋ ਸਮਾਜ ਚਾਹੁੰਦਾ ਹੈ ਤਾਂ ਸਾਨੂੰ ਸਨਮਾਨ ਮਿਲੇਗਾ, ਲੋਕ ਸਾਡੀ ਸ਼ਲਾਘਾ ਕਰਨਗੇ ਅਤੇ ਸਾਨੂੰ ਸਫਲ ਮੰਨਿਆ ਜਾਵੇਗਾ।
ਇਸੇ ਸੋਚ ਕਾਰਨ ਵਿਅਕਤੀ ਅਕਸਰ ਆਪਣੀਆਂ ਹਕੀਕੀ ਇੱਛਾਵਾਂ, ਪ੍ਰਤਿਭਾਵਾਂ ਅਤੇ ਸੁਪਨਿਆਂ ਨੂੰ ਦਬਾਅ ਦਿੰਦਾ ਹੈ। ਕਈ ਵਾਰ ਸਮਾਜ ਦਾ ਪ੍ਰਭਾਵ ਇੰਨਾ ਡੂੰਘਾ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਮਹੱਤਵਪੂਰਨ ਫ਼ੈਸਲੇ ਵੀ ਉਸੇ ਮੁਤਾਬਕ ਲੈਣ ਲੱਗਦੇ ਹਾਂ। ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਲੇਖਕ ਜਾਂ ਕਲਾਕਾਰ, ਪਰ ਪਰਿਵਾਰ ਤੇ ਸਮਾਜ ਦੀਆਂ ਖ਼ਾਹਿਸ਼ਾਂ ਦੇ ਦਬਾਅ ਵਿਚ ਉਹ ਆਪਣੇ ਮਨ ਵਿਰੁੱਧ ਰਸਤਾ ਚੁਣ ਲੈਂਦਾ ਹੈ।
ਅਜਿਹੇ ਵਿਚ ਇਹ ਸਵਾਲ ਸੁਭਾਵਕ ਹੈ-ਕੀ ਸਿਰਫ਼ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗਾ ਬਣਨਾ ਹੀ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ? ਆਮ ਤੌਰ ’ਤੇ ਸੱਚੀ ਸਫਲਤਾ ਉਦੋਂ ਮਿਲਦੀ ਹੈ ਜਦ ਅਸੀਂ ਆਪਣੇ ਅੰਦਰੋਂ ਆਵਾਜ਼ ਸੁਣਦੇ ਹਾਂ ਅਤੇ ਆਪਣੇ ਸੁਪਨਿਆਂ ਨੂੰ ਪਛਾਣਦੇ ਹਾਂ। ਸਮਾਜ ਦੀ ਪ੍ਰਵਾਨਗੀ ਮਹੱਤਵਪੂਰਨ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਸਵੈ-ਸੰਤੁਸ਼ਟੀ। ਸਮਾਜ ਦੇ ਸਰਟੀਫਿਕੇਟ ਦੀ ਚਿੰਤਾ ਸਾਨੂੰ ਸੀਮਤ ਕਰ ਦਿੰਦੀ ਹੈ ਜਦਕਿ ਆਪਣੇ ਸੁਪਨਿਆਂ ’ਤੇ ਭਰੋਸਾ ਸਾਨੂੰ ਅੱਗੇ ਵਧਣ ਦੀ ਤਾਕਤ ਦਿੰਦਾ ਹੈ।
ਜ਼ਰੂਰੀ ਹੈ ਕਿ ਅਸੀਂ ਸਮਾਜ ਦੀਆਂ ਉਮੀਦਾਂ ਨੂੰ ਸਮਝੀਏ ਪਰ ਉਨ੍ਹਾਂ ਦੇ ਬੋਝ ਹੇਠਾਂ ਦੱਬ ਨਾ ਹੋ ਜਾਈਏ। ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਅਸੀਂ ਕੀ ਬਣਨਾ ਚਾਹੁੰਦੇ ਹਾਂ, ਨਾ ਕਿ ਇਹ ਕਿ ਸਮਾਜ ਸਾਨੂੰ ਕੀ ਬਣਾਉਣਾ ਚਾਹੁੰਦਾ ਹੈ। ਜਦ ਅਸੀਂ ਆਪਣੇ ਫ਼ੈਸਲੇ ਖ਼ੁਦ ਲੈਣ ਲੱਗਦੇ ਹਾਂ, ਤਦ ਸੱਚੇ ਅਰਥਾਂ ਵਿਚ ਸੁਤੰਤਰ ਅਤੇ ਸਫਲ ਬਣਦੇ ਹਾਂ। ਮਨੁੱਖ ਹਾਲਾਤ ਦੀ ਉਪਜ ਜ਼ਰੂਰ ਹੈ ਪਰ ਉਨ੍ਹਾਂ ਦਾ ਦਾਸ ਨਹੀਂ।
ਉਹ ਇੱਛਾ ਸ਼ਕਤੀ ਅਤੇ ਸਵੈ-ਭਰੋਸੇ ਦੇ ਬਲਬੂਤੇ ਹੀ ਆਪਣੀ ਪਛਾਣ ਬਣਾ ਸਕਦਾ ਹੈ। ਇਸ ਲਈ ਸਾਨੂੰ ਸਮਾਜ ਦੇ ਸਰਟੀਫਿਕੇਟ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਹਕੀਕੀ ਉਦੇਸ਼ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਸੇ ਮੁਤਾਬਕ ਜੀਵਨ ਗੁਜ਼ਾਰਨਾ ਚਾਹੀਦਾ ਹੈ। ਇਹੀ ਸੱਚੀ ਸਫਲਤਾ ਅਤੇ ਸੰਤੁਸ਼ਟੀ ਦਾ ਮਾਰਗ ਹੈ।
-ਸਮਰਾਜ ਚੌਹਾਨ।