ਸਹਿਣਸ਼ੀਲਤਾ ਦਾ ਮਾਰਗ
ਅਹਿੰਸਾ ਸਿਰਫ਼ ਸਰੀਰਕ ਹਿੰਸਾ ਤੋਂ ਬਚਣਾ ਨਹੀਂ ਹੈ ਬਲਕਿ ਇਹ ਮਨ, ਵਚਨ ਤੇ ਕਰਮ ਦੀ ਕੋਮਲਤਾ ਦਾ ਨਾਂ ਹੈ। ਮਾਨਸਿਕ ਹਿੰਸਾ-ਜਿਵੇਂ ਕੌੜੇ ਸ਼ਬਦ, ਅਣਦੇਖੀ, ਬੇਇੱਜ਼ਤੀ ਅਤੇ ਈਰਖਾ ਅਕਸਰ ਹਿੰਸਾ ਨਾਲੋਂ ਵੀ ਜ਼ਿਆਦਾ ਡੂੰਘੀ ਸੱਟ ਲਗਾਉਂਦੇ ਹਨ। ਇਸ ਲਈ ਪਰਿਵਾਰ ਵਿਚ ਸ਼ਾਂਤੀ ਸਥਾਪਤ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਮਾਨਸਿਕ ਬਿਰਤੀਆਂ ਨੂੰ ਸ਼ੁੱਧ ਕਰਨਾ ਹੋਵੇਗਾ।
Publish Date: Tue, 05 May 2026 11:43 PM (IST)
Updated Date: Wed, 06 May 2026 07:45 AM (IST)
ਅੱਜ ਦੇ ਸਮੇਂ ਵਿਚ ਪਰਿਵਾਰਾਂ ਅੰਦਰ ਵਧਦੀ ਹੋਈ ਹਿੰਸਾ, ਆਪਸੀ ਤਣਾਅ, ਸਾੜਾ ਤੇ ਕੁੜੱਤਣ ਇਕ ਗੰਭੀਰ ਸਮਾਜਿਕ ਚੁਣੌਤੀ ਬਣਦੀ ਜਾ ਰਹੀ ਹੈ। ਛੋਟੀਆਂ-ਛੋਟੀਆਂ ਗੱਲਾਂ ’ਤੇ ਵਿਵਾਦ, ਹੰਕਾਰ ਤੇ ਸੰਵਾਦਹੀਣਤਾ ਕਾਰਨ ਪਰਿਵਾਰ, ਜੋ ਸ਼ਾਂਤੀ ਤੇ ਸਨੇਹ ਦਾ ਕੇਂਦਰ ਹੋਣਾ ਚਾਹੀਦਾ ਹੈ, ਉਹ ਸੰਘਰਸ਼ ਵਾਲੀ ਜਗ੍ਹਾ ਬਣਦਾ ਜਾ ਰਿਹਾ ਹੈ। ਅਜਿਹੇ ਸਮੇਂ ਵਿਚ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਅਹਿੰਸਾ ਦੀ ਪ੍ਰਯੋਗਸ਼ਾਲਾ ਬਣਾਈਏ, ਜਿੱਥੇ ਵਿਚਾਰ, ਵਿਵਹਾਰ ਅਤੇ ਸਬੰਧਾਂ ਵਿਚ ਸ਼ਾਲੀਨਤਾ ਤੇ ਸੰਤੁਲਨ ਦਾ ਅਭਿਆਸ ਹੋਵੇ।
ਅਹਿੰਸਾ ਸਿਰਫ਼ ਸਰੀਰਕ ਹਿੰਸਾ ਤੋਂ ਬਚਣਾ ਨਹੀਂ ਹੈ ਬਲਕਿ ਇਹ ਮਨ, ਵਚਨ ਤੇ ਕਰਮ ਦੀ ਕੋਮਲਤਾ ਦਾ ਨਾਂ ਹੈ। ਮਾਨਸਿਕ ਹਿੰਸਾ-ਜਿਵੇਂ ਕੌੜੇ ਸ਼ਬਦ, ਅਣਦੇਖੀ, ਬੇਇੱਜ਼ਤੀ ਅਤੇ ਈਰਖਾ ਅਕਸਰ ਹਿੰਸਾ ਨਾਲੋਂ ਵੀ ਜ਼ਿਆਦਾ ਡੂੰਘੀ ਸੱਟ ਲਗਾਉਂਦੇ ਹਨ। ਇਸ ਲਈ ਪਰਿਵਾਰ ਵਿਚ ਸ਼ਾਂਤੀ ਸਥਾਪਤ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਮਾਨਸਿਕ ਬਿਰਤੀਆਂ ਨੂੰ ਸ਼ੁੱਧ ਕਰਨਾ ਹੋਵੇਗਾ। ਇਸ ਦਿਸ਼ਾ ਵਿਚ ਦੋਸਤਾਨਾ ਭਾਵਨਾ ਦਾ ਖ਼ਾਸ ਮਹੱਤਵ ਹੈ। ਦੋਸਤੀ ਦਾ ਅਰਥ ਹੈ-ਹਰ ਜੀਅ ਪ੍ਰਤੀ ਅਪਣੱਤ ਤੇ ਸਦਭਾਵਨਾ ਵਾਲਾ ਭਾਵ ਰੱਖਣਾ।
ਜਦ ਅਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਮੁਕਾਬਲੇਬਾਜ਼ ਜਾਂ ਵਿਰੋਧੀ ਨਹੀਂ ਬਲਕਿ ਸਹਿਯੋਗੀ ਅਤੇ ਸ਼ੁਭ-ਚਿੰਤਕ ਦੇ ਤੌਰ ’ਤੇ ਦੇਖਣ ਲੱਗਦੇ ਹਾਂ ਤਦ ਆਪਸੀ ਤਣਾਅ ਆਪਣੇ-ਆਪ ਘੱਟ ਹੋਣ ਲੱਗਦਾ ਹੈ। ਦੋਸਤੀ ਵਾਲੀ ਭਾਵਨਾ ਨਾਲ ਗੱਲਬਾਤ ਦੇ ਦੁਆਰ ਖੁੱਲ੍ਹਦੇ ਹਨ ਅਤੇ ਗ਼ਲਤ-ਫਹਿਮੀਆਂ ਦੂਰ ਹੁੰਦੀਆਂ ਹਨ। ਇਸੇ ਤਰ੍ਹਾਂ ਅਪਣੱਤ ਦੀ ਭਾਵਨਾ ਵੀ ਅਤਿਅੰਤ ਜ਼ਰੂਰੀ ਹੈ। ਸਾਨੂੰ ਦੂਜਿਆਂ ਦੀ ਤਰੱਕੀ, ਸਫਲਤਾ ਤੇ ਗੁਣਾਂ ਵਿਚ ਅਨੰਦਿਤ ਹੋਣਾ ਚਾਹੀਦਾ ਹੈ।
ਪਰਿਵਾਰਾਂ ਵਿਚ ਅਕਸਰ ਈਰਖਾ ਅਤੇ ਤੁਲਨਾ ਕਾਰਨ ਸਾੜਾ ਉਤਪੰਨ ਹੁੰਦਾ ਹੈ। ਜੇ ਅਸੀਂ ਇਕ-ਦੂਜੇ ਦੀਆਂ ਉਪਲਬਧੀਆਂ ਵਿਚ ਖ਼ੁਸ਼ੀ ਮਹਿਸੂਸ ਕਰੀਏ ਤਾਂ ਇਹ ਹਾਂ-ਪੱਖੀ ਊਰਜਾ ਪੂਰੇ ਪਰਿਵਾਰ ਦੇ ਮਾਹੌਲ ਨੂੰ ਬਦਲ ਸਕਦੀ ਹੈ। ਇੰਜ ਰਿਸ਼ਤਿਆਂ ਵਿਚ ਮਿਠਾਸ ਤੇ ਸਹਿਯੋਗ ਦਾ ਸੰਚਾਰ ਹੁੰਦਾ ਹੈ ਜਦਕਿ ਮਾੜੇ ਵਤੀਰੇ ਕਾਰਨ ਤਣਾਅ ਵਧਦਾ ਹੈ ਤੇ ਸਬਰ-ਸੰਤੋਖ ਤੇ ਸੰਜਮ ਨਾਲ ਪ੍ਰਤੀਕਰਮ ਦੇਣ ਨਾਲ ਵਿਵਾਦ ਸ਼ਾਂਤ ਹੋ ਸਕਦਾ ਹੈ, ਸਹਿਣਸ਼ੀਲਤਾ ਸਾਨੂੰ ਸਿਖਾਉਂਦੀ ਹੈ ਕਿ ਹਰ ਵਿਅਕਤੀ ਦੀ ਸੋਚ, ਦ੍ਰਿਸ਼ਟੀਕੋਣ ਤੇ ਵਿਵਹਾਰ ਅਲੱਗ ਹੋ ਸਕਦੇ ਹਨ। ਇਸ ਭਿੰਨਤਾ ਨੂੰ ਸਵੀਕਾਰ ਕਰਨਾ ਹੀ ਪਰਪੱਕਤਾ ਹੈ।
-ਲਲਿਤ ਗਰਗ