ਸੱਚ ਦੀ ਤਾਕਤ ਪਛਾਣਨ ਦੀ ਲੋੜ
ਅਨੇਕ ਲੋਕ ਇਹ ਕਹਿ ਕੇ ਆਪਣੀ ਕਠੋਰਤਾ ਵਾਜਬ ਠਹਿਰਾਉਂਦੇ ਹਨ ਕਿ ਇਹ ਸੱਚ ਹੈ। ਤੁਸੀਂ ਸੱਚ ਦੇ ਰਾਹ ’ਤੇ ਚੱਲਣ ਵਾਲੇ ਹੋ, ਇਹ ਉੱਤਮ ਤੇ ਜ਼ਰੂਰੀ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਤੋਂ ਲੋਕ ਪੀੜਤ ਨਾ ਹੋਣ। ਸੱਚ ਨੂੰ ਜੀਵਨ ਵਿਚ ਧਾਰਨ ਕਰਨ ਨਾਲ ਤੁਹਾਡੇ ਕਰਮ ਵਿਚ ਸਿੱਧੀ ਆਉਂਦੀ ਹੈ।
Publish Date: Wed, 06 May 2026 11:51 PM (IST)
Updated Date: Thu, 07 May 2026 06:45 AM (IST)
ਸੱਚ ਦਾ ਅਰਥ ਸਿਰਫ਼ ਸੱਚ ਬੋਲਣਾ ਹੀ ਨਹੀਂ ਹੈ। ਸੱਚ ਸਿਰਫ਼ ਸ਼ਬਦ ਮਾਤਰ ਨਹੀਂ ਹੈ ਬਲਕਿ ਨਾ-ਬਦਲਣਯੋਗ ਦੇ ਨਾਲ ਪੂਰਨ ਵਚਨਬੱਧਤਾ ਹੀ ਸੱਚ ਹੈ। ਲੋਕ ਸੱਚ ਨੂੰ ਮਹਿਜ਼ ਸੱਚ ਬੋਲਣਾ ਸਮਝਦੇ ਹਨ ਤੇ ਕੌੜਾ ਬੋਲਣ ਲੱਗਦੇ ਹਨ। ਜਦ ਤੁਸੀਂ ਸੱਚ ਬੋਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਖ਼ਤ ਹੋਣ ਦੀ ਜ਼ਰੂਰਤ ਨਹੀਂ ਹੈ।
ਅਨੇਕ ਲੋਕ ਇਹ ਕਹਿ ਕੇ ਆਪਣੀ ਕਠੋਰਤਾ ਵਾਜਬ ਠਹਿਰਾਉਂਦੇ ਹਨ ਕਿ ਇਹ ਸੱਚ ਹੈ। ਤੁਸੀਂ ਸੱਚ ਦੇ ਰਾਹ ’ਤੇ ਚੱਲਣ ਵਾਲੇ ਹੋ, ਇਹ ਉੱਤਮ ਤੇ ਜ਼ਰੂਰੀ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਤੋਂ ਲੋਕ ਪੀੜਤ ਨਾ ਹੋਣ। ਸੱਚ ਨੂੰ ਜੀਵਨ ਵਿਚ ਧਾਰਨ ਕਰਨ ਨਾਲ ਤੁਹਾਡੇ ਕਰਮ ਵਿਚ ਸਿੱਧੀ ਆਉਂਦੀ ਹੈ।
ਤੁਸੀਂ ਜੋ ਵੀ ਕੰਮ ਕਰਦੇ ਹੋ, ਉਸ ਦਾ ਫਲ ਮਿਲਣ ਲੱਗਦਾ ਹੈ। ਕਈ ਵਾਰ ਲੋਕ ਬਹੁਤ ਮਿਹਨਤ ਕਰਦੇ ਹਨ, ਫਿਰ ਵੀ ਉਨ੍ਹਾਂ ਨੂੰ ਕੋਈ ਨਤੀਜਾ ਨਹੀਂ ਮਿਲਦਾ ਕਿਉਂਕਿ ਉਨ੍ਹਾਂ ਦੇ ਅੰਦਰ ਸੱਚ-ਚੇਤਨਾ ਦਾ ਭਾਵ ਨਹੀਂ ਹੁੰਦਾ। ਜਦ ਸਾਡੇ ਅੰਦਰ ਸੱਚ ਤੇ ਸ਼ੁੱਧ ਚੇਤਨਤਾ ਹੁੰਦੀ ਹੈ, ਤਦ ਕਿਸੇ ਵੀ ਕਰਮ ਦਾ ਫਲ ਤੁਰੰਤ ਮਿਲਣ ਲੱਗਦਾ ਹੈ ਅਤੇ ਕੰਮ ਵਿਚ ਸਫਲਤਾ ਪ੍ਰਾਪਤ ਹੁੰਦੀ ਹੈ। ਜੋ ਵਿਅਕਤੀ ਸੱਚ ਲਈ ਵਚਨਬੱਧ ਹੈ ਅਤੇ ਆਪਣੀ ਚੇਤਨਾ ਦੀ ਹੋਂਦ ਪ੍ਰਤੀ ਨਿਸ਼ਠਾਵਾਨ ਹੈ, ਉਸ ਨੂੰ ਸਫਲਤਾ ਆਸਾਨੀ ਨਾਲ ਮਿਲ ਜਾਂਦੀ ਹੈ, ਸਫਲਤਾ ਉਸ ਦੇ ਪਿੱਛੇ-ਪਿੱਛੇ ਆਉਂਦੀ ਹੈ।
ਕਦੇ ਜੇ ਅਜਿਹਾ ਲੱਗਦਾ ਵੀ ਹੈ ਕਿ ਸੱਚ ਹਾਰ ਰਿਹਾ ਹੈ ਤਾਂ ਵੀ ਅਖ਼ੀਰ ਵਿਚ ਸੱਚ ਹੀ ਜਿੱਤਦਾ ਹੈ। ਸੱਚ ਵਿਚ ਸਥਾਪਤ ਹੋਣ ਦਾ ਅਰਥ ਹੈ, ਉਸ ਤੱਤ ਦੇ ਨਾਲ ਸਥਿਰ ਹੋ ਜਾਣਾ ਜੋ ਨਾ-ਬਦਲਣਯੋਗ ਹੈ। ਸੱਚ-ਚੇਤਨਾ ਉਹੀ ਅਵਸਥਾ ਹੈ ਜਿਸ ਵਿਚ ਵਿਅਕਤੀ ਆਪਣੇ ਅੰਦਰ ਉਸ ਨਾ-ਬਦਲਣਯੋਗ ਤੱਤ ਨੂੰ ਅਨੁਭਵ ਕਰਦਾ ਹੈ।
ਸੱਚ ਸਦਾ ਤੁਹਾਨੂੰ ਸ਼ਕਤੀ, ਸਹਿਜਤਾ ਦਿੰਦਾ ਹੈ ਤੇ ਸਥਿਰਤਾ ਵੀ ਲਿਆਉਂਦਾ ਹੈ। ਜਦ ਵੀ ਅਸੀਂ ਝੂਠ ਬੋਲਦੇ ਹਾਂ ਤਾਂ ਸਾਡੀ ਚੇਤਨਾ ਅਸਤ-ਵਿਅਸਤ ਅਤੇ ਸ਼ਕਤੀਹੀਣ ਹੋ ਜਾਂਦੀ ਹੈ। ਜੋ ਸੱਚ ਨਹੀਂ ਹੈ, ਉਸ ਦੀ ਕੋਈ ਹੋਂਦ ਨਹੀਂ ਹੁੰਦੀ। ਇਕ ਝੂਠ ਨੂੰ ਛੁਪਾਉਣ ਲਈ ਵਾਰ-ਵਾਰ ਝੂਠ ਬੋਲਣਾ ਪੈਂਦਾ ਹੈ।
ਸਮਾਜ ਵਿਚ ਝੂਠੇ ਵਿਅਕਤੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਲੋਕ ਉਸ ’ਤੇ ਭਰੋਸਾ ਨਹੀਂ ਕਰਦੇ। ਰੂਹਾਨੀਅਤ ਵਿਚ ਵੀ ਕੂੜ ਤੋਂ ਵਰਜਿਆ ਗਿਆ ਹੈ। ਤਾਂ ਵੀ ਜ਼ਿਆਦਾਤਰ ਲੋਕ ਜੀਵਨ ਵਿਚ ਅਕਸਰ ਝੂਠ ਦਾ ਸਹਾਰਾ ਲੈ ਲੈਂਦੇ ਹਨ, ਭਾਵੇਂ ਉਸ ਦਾ ਉਨ੍ਹਾਂ ਨੂੰ ਭਵਿੱਖ ਵਿਚ ਨੁਕਸਾਨ ਹੀ ਹੋ ਜਾਵੇ।
-ਸ੍ਰੀਸ੍ਰੀ ਰਵੀਸ਼ੰਕਰ