ਮਨੁੱਖ ਲਈ ਦਾਨ ਦਾ ਹਕੀਕੀ ਮਤਲਬ ਸਮਝਣਾ ਸਮੇਂ ਦੀ ਜ਼ਰੂਰਤ
ਆਮ ਤੌਰ ’ਤੇ ਇਸ ਪ੍ਰਤੱਖ ਸੰਸਾਰ ਅਤੇ ਅਪ੍ਰਤੱਖ ਪਰਲੋਕ ਦਾ ਇਕ ਹੀ ਹਕੀਕੀ ਕ੍ਰਮ ਹੈ ਕਿ ਪਹਿਲਾਂ ਦਿੱਤਾ ਜਾਵੇ, ਬਾਅਦ ਵਿਚ ਹਾਸਲ ਕੀਤਾ ਜਾਵੇ। ਪਹਿਲਾਂ ਹਾਸਲ ਕਰਨ ਅਤੇ ਬਾਅਦ ਵਿਚ ਉਸ ਦਾ ਇਕ ਅੰਸ਼ ਖੈਰਾਤ ਵਿਚ ਦੇਣ ਦੀ ਨੀਤੀ ਤਾਂ ਲੁਟੇਰੇ ਹੀ ਅਪਣਾਉਂਦੇ ਹਨ।
Publish Date: Fri, 02 Dec 2022 11:08 PM (IST)
Updated Date: Sat, 03 Dec 2022 08:15 AM (IST)

ਦਾਨ-ਪੁੰਨ ਸ਼ਬਦ ਆਮ ਤੌਰ ’ਤੇ ਇਕੱਠੇ ਬੋਲੇ ਜਾਂਦੇ ਹਨ ਅਤੇ ਇਸ ਦੇ ਫ਼ਲ ਵੀ ਸਮਾਨਾਂਤਰ ਦੱਸੇ ਜਾਂਦੇ ਹਨ। ਰੂਹਾਨੀਅਤ ਦੀ ਭਾਸ਼ਾ ਵਿਚ ਇਸ ਦੀ ਮਹੱਤਤਾ ਸਵਰਗ, ਮੁਕਤੀ, ਸਿੱਧੀ, ਵਰਦਾਨ, ਚਮਤਕਾਰ ਆਦਿ ਦੇ ਰੂਪ ਵਿਚ ਦੱਸੀ ਜਾਂਦੀ ਹੈ ਅਤੇ ਬੋਲਚਾਲ ਦੀ ਭਾਸ਼ਾ ਵਿਚ ਇਸ ਨੂੰ ਤਰੱਕੀ, ਸਫਲਤਾ, ਸੀਨੀਅਰਤਾ ਪ੍ਰਦਾਤਾ ਤਕ ਦੱਸਿਆ ਜਾਂਦਾ ਹੈ। ਦਾਨ ਅਰਥਾਤ ਦੇਣਾ ਇਹੀ ਪੁੰਨ ਹੈ। ਲੈਣਾ ਅਰਥਾਤ ਅਧਿਕਾਰਾਂ ’ਤੇ ਡਾਕਾ ਮਾਰਨਾ, ਇਹੀ ਪਾਪ ਹੈ। ਪਾਪ ਦਾ ਹਸ਼ਰ ਇਸ ਲੋਕ ਤੇ ਪਰਲੋਕ ਦੇ ਖੇਤਰ ਵਿਚ ਦੁਰਗਤੀ ਵਾਲਾ ਹੁੰਦਾ ਹੈ। ਨਰਕ ਇਸੇ ਨੂੰ ਕਿਹਾ ਜਾਂਦਾ ਹੈ। ਸਨਮਾਨ ਅਤੇ ਸਹਿਯੋਗ ਉਨ੍ਹਾਂ ਲਈ ਸੁਰੱਖਿਅਤ ਹੈ ਜੋ ਦਿੰਦੇ ਬਹੁਤ ਹਨ ਪਰ ਬਦਲੇ ਵਿਚ ਘੱਟ ਹਾਸਲ ਹੋਣ ’ਤੇ ਵੀ ਕੰਮ ਚਲਾ ਲੈਂਦੇ ਹਨ। ਘੱਟ ਦੇਣਾ ਅਤੇ ਬਹੁਤ ਹਾਸਲ ਕਰਨਾ ਤਾਂ ਪਾਖੰਡੀਆਂ ਅਤੇ ਦੁਰਾਚਾਰੀਆਂ ਦੇ ਹੀ ਗਲੇ ਉਤਰਦਾ ਹੈ। ਆਮ ਤੌਰ ’ਤੇ ਇਸ ਪ੍ਰਤੱਖ ਸੰਸਾਰ ਅਤੇ ਅਪ੍ਰਤੱਖ ਪਰਲੋਕ ਦਾ ਇਕ ਹੀ ਹਕੀਕੀ ਕ੍ਰਮ ਹੈ ਕਿ ਪਹਿਲਾਂ ਦਿੱਤਾ ਜਾਵੇ, ਬਾਅਦ ਵਿਚ ਹਾਸਲ ਕੀਤਾ ਜਾਵੇ। ਪਹਿਲਾਂ ਹਾਸਲ ਕਰਨ ਅਤੇ ਬਾਅਦ ਵਿਚ ਉਸ ਦਾ ਇਕ ਅੰਸ਼ ਖੈਰਾਤ ਵਿਚ ਦੇਣ ਦੀ ਨੀਤੀ ਤਾਂ ਲੁਟੇਰੇ ਹੀ ਅਪਣਾਉਂਦੇ ਹਨ। ਅੱਜ ਸਮਝਿਆ ਜਾਂਦਾ ਹੈ ਕਿ ਧਨ ਦਾ ਦਾਨ ਹੀ ਇਕਮਾਤਰ ਦਾਨ ਹੈ ਕਿਉਂਕਿ ਹਰ ਜਗ੍ਹਾ ਉਸੇ ਦਾ ਬੋਲਬਾਲਾ ਦਿਸਦਾ ਹੈ। ਪ੍ਰਸ਼ੰਸਾ ਵੀ ਉਸੇ ਦੀ ਹੁੰਦੀ ਹੈ। ਜਸ ਲਈ ਕਿਤੇ ਪੈਸਾ ਦੇ ਕੇ ਵੱਕਾਰ ਹਾਸਲ ਕਰਨਾ ਅਤੇ ਉਸ ਅਕਸ ਦਾ ਲਾਭ ਕਿਸੇ ਦੂਜੀ ਤਰ੍ਹਾਂ ਹਾਸਲ ਕਰ ਲੈਣਾ ਵੀ ਦਾਨ ਦੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਦਾਨ ਸ਼ਬਦ ਵਿਵਹਾਰ ਵਿਚ ਜਿਸ ਤਰੀਕੇ ਨਾਲ ਇਸਤੇਮਾਲ ਹੁੰਦਾ ਹੈ, ਉਸ ਨੂੰ ਅਦਾਨ-ਪ੍ਰਦਾਨ ਕਿਹਾ ਜਾਵੇ ਤਾਂ ਜ਼ਿਆਦਾ ਢੁੱਕਵਾਂ ਹੋ ਸਕਦਾ ਹੈ। ਦਾਨ ਨੂੰ ਪੁੰਨ ਉਸੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਜਦ ਉਸ ਨੂੰ ਪ੍ਰਮਾਣਿਕ ਮਾਧਿਅਮਾਂ ਨਾਲ ਉੱਚ ਪੱਧਰੀ ਸੱਚੇ ਮਕਸਦਾਂ ਲਈ ਇਸਤੇਮਾਲ ਕੀਤਾ ਜਾਵੇ। ਇਸ ਦੇ ਉਲਟ ਇਸ ਮਦ ਵਿਚ ਖ਼ਰਚੀ ਗਈ ਰਕਮ ਜੇਕਰ ਆਲਸ, ਨਸ਼ੇ, ਪਾਖੰਡ ਅਤੇ ਅੰਧ-ਵਿਸ਼ਵਾਸਾਂ ਦੇ ਵਿਸਥਾਰ ਵਿਚ ਸਹਾਇਕ ਹੁੰਦੀ ਹੈ ਤਾਂ ਉਸ ਤੋਂ ਠੀਕ ਉਲਟਾ ਫ਼ਲ ਵੀ ਪ੍ਰਾਪਤ ਹੋ ਸਕਦਾ ਹੈ। ਨਤੀਜੇ ਅਤੇ ਵਰਤੋਂ ਦੇ ਨਾਲ ਜੁੜੀ ਹੋਈ ਮੁਹਾਰਤ ਹੀ ਪੁੰਨ ਦਾ ਆਧਾਰ ਬਣਦੀ ਹੈ ਅਤੇ ਉਸ ਦਾ ਪ੍ਰਤੀਕਰਮ ਪੁੰਨ ਦੇ ਨਾਲ ਜੁੜਨ ਵਾਲੇ ਅਨੇਕ ਕਲਿਆਣਕਾਰੀ ਰੂਪਾਂ ਵਿਚ ਸਾਹਮਣੇ ਆਉਂਦਾ ਹੈ।