ਹਕੀਕੀ ਆਜ਼ਾਦੀ ਦਾ ਅਰਥ
ਹਕੀਕੀ ਆਜ਼ਾਦੀ ਉਦੋਂ ਪ੍ਰਾਪਤ ਹੁੰਦੀ ਹੈ ਜਦ ਮਨੁੱਖ ਆਪਣੇ ਵਿਵੇਕ ਨੂੰ ਜਾਗਰਿਤ ਕਰਦਾ ਹੋਇਆ ਮਨ ਨੂੰ ਕਾਬੂ ਕਰਨਾ ਸਿੱਖਦਾ ਹੈ। ਇਹੀ ਆਤਮਬੋਧ ਦੀ ਸ਼ੁਰੂਆਤ ਹੈ। ਰੂਹਾਨੀ ਪਰੰਪਰਾਵਾਂ ਵਿਚ ਕਿਹਾ ਗਿਆ ਹੈ ਕਿ ਮਨੁੱਖ ਦਾ ਜੀਵਨ ਸਿਰਫ਼ ਭੌਤਿਕ ਸੁੱਖ ਪ੍ਰਾਪਤ ਕਰਨ ਲਈ ਨਹੀਂ ਸਗੋਂ ਆਤਮਿਕ ਉੱਨਤੀ ਵਾਸਤੇ ਵੀ ਹੈ।
Publish Date: Tue, 12 May 2026 11:39 PM (IST)
Updated Date: Wed, 13 May 2026 06:45 AM (IST)
ਮਨੁੱਖ ਸਦਾ ਆਜ਼ਾਦੀ ਦੀ ਭਾਲ਼ ਵਿਚ ਰਿਹਾ ਹੈ। ਉਹ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਮੁਤਾਬਕ ਜ਼ਿੰਦਗੀ ਜਿਉਣੀ ਚਾਹੁੰਦਾ ਹੈ। ਆਮ ਤੌਰ ’ਤੇ ਲੋਕ ਆਜ਼ਾਦੀ ਦਾ ਅਰਥ ਇਹ ਸਮਝ ਲੈਂਦੇ ਹਨ ਕਿ ਮਨ ਜੋ ਚਾਹੇ, ਉਹੀ ਕੀਤਾ ਜਾਵੇ, ਕਿਸੇ ਨਿਯਮ ਜਾਂ ਅਨੁਸ਼ਾਸਨ ਨੂੰ ਸਵੀਕਾਰ ਨਾ ਕੀਤਾ ਜਾਵੇ ਪਰ ਇਹ ਆਜ਼ਾਦੀ ਨਹੀਂ ਸਗੋਂ ਮਨ ਦੀ ਗੁਲਾਮੀ ਹੈ। ਮਨੁੱਖੀ ਮਨ ਅਤਿਅੰਤ ਚੰਚਲ ਹੁੰਦਾ ਹੈ। ਉਹ ਕਦੇ ਇੱਛਾਵਾਂ, ਕਦੇ ਭੈਅ, ਕਦੇ ਮੋਹ ਅਤੇ ਕਦੇ ਹੰਕਾਰ ਦੇ ਪ੍ਰਭਾਵ ਵਿਚ ਫ਼ੈਸਲਾ ਲੈਂਦਾ ਹੈ। ਜੇਕਰ ਮਨੁੱਖ ਸਿਰਫ਼ ਮਨ ਦੇ ਪਿੱਛੇ ਚੱਲਦਾ ਰਹੇ ਤਾਂ ਉਸ ਦਾ ਜੀਵਨ ਦਿਸ਼ਾਹੀਣ ਹੋ ਜਾਂਦਾ ਹੈ।
ਹਕੀਕੀ ਆਜ਼ਾਦੀ ਉਦੋਂ ਪ੍ਰਾਪਤ ਹੁੰਦੀ ਹੈ ਜਦ ਮਨੁੱਖ ਆਪਣੇ ਵਿਵੇਕ ਨੂੰ ਜਾਗਰਿਤ ਕਰਦਾ ਹੋਇਆ ਮਨ ਨੂੰ ਕਾਬੂ ਕਰਨਾ ਸਿੱਖਦਾ ਹੈ। ਇਹੀ ਆਤਮਬੋਧ ਦੀ ਸ਼ੁਰੂਆਤ ਹੈ। ਰੂਹਾਨੀ ਪਰੰਪਰਾਵਾਂ ਵਿਚ ਕਿਹਾ ਗਿਆ ਹੈ ਕਿ ਮਨੁੱਖ ਦਾ ਜੀਵਨ ਸਿਰਫ਼ ਭੌਤਿਕ ਸੁੱਖ ਪ੍ਰਾਪਤ ਕਰਨ ਲਈ ਨਹੀਂ ਸਗੋਂ ਆਤਮਿਕ ਉੱਨਤੀ ਵਾਸਤੇ ਵੀ ਹੈ। ਜਦ ਵਿਅਕਤੀ ਆਪਣੇ ਅੰਦਰ ਝਾਕਦਾ ਹੈ ਤਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਬਾਹਰਲੀ ਆਜ਼ਾਦੀ ਨਾਲੋਂ ਜ਼ਿਆਦਾ ਮਹੱਤਵਪੂਰਨ ਅੰਦਰੂਨੀ ਸੁਤੰਤਰਤਾ ਹੈ।
ਬਾਹਰਲੇ ਹਾਲਾਤ ਕਦੇ ਵੀ ਮੁਕੰਮਲ ਤੌਰ ’ਤੇ ਸਾਡੇ ਮਾਫ਼ਕ ਨਹੀਂ ਹੋ ਸਕਦੇ ਪਰ ਜੋ ਵਿਅਕਤੀ ਆਪਣੇ ਵਿਚਾਰਾਂ, ਇੱਛਾਵਾਂ ਅਤੇ ਪ੍ਰਤੀਕਿਰਿਆਵਾਂ ’ਤੇ ਕਾਬੂ ਪਾ ਲੈਂਦਾ ਹੈ, ਉਹੀ ਸੱਚੇ ਅਰਥਾਂ ਵਿਚ ਆਜ਼ਾਦ ਕਹਾਉਂਦਾ ਹੈ। ਹਕੀਕੀ ਆਜ਼ਾਦੀ ਅਨੁਸ਼ਾਸਨ, ਸਬਰ ਤੇ ਆਤਮ-ਸੰਜਮ ਤੋਂ ਜਨਮ ਲੈਂਦੀ ਹੈ। ਇਹ ਸਾਡੇ ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਣ ਤੇ ਉਸੇ ਦਿਸ਼ਾ ਵਿਚ ਸਥਿਰ ਰਹਿਣ ਦੀ ਸ਼ਕਤੀ ਦਿੰਦੀ ਹੈ।
ਈਸ਼ਵਰ ਪ੍ਰਤੀ ਸਮਰਪਣ, ਵਿਚਾਰਾਂ ਦੀ ਪਵਿੱਤਰਤਾ ਅਤੇ ਹਾਂ-ਪੱਖੀ ਦ੍ਰਿਸ਼ਟੀਕੋਣ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਉਸ ਦੇ ਮਨ ਵਿਚ ਸਬਰ ਤੇ ਨਿਡਰਤਾ ਦੇ ਭਾਵ ਜਾਗਰਿਤ ਹੁੰਦੇ ਹਨ ਅਤੇ ਉਹ ਈਰਖਾ, ਕਰੋਧ, ਲੋਭ ਆਦਿ ਬੁਰਾਈਆਂ ਤੋਂ ਵੀ ਦੂਰ ਹੋਣ ਲੱਗਦਾ ਹੈ। ਸੋ, ਆਜ਼ਾਦੀ ਦਾ ਅਰਥ ਮਨ ਦੀ ਹਰੇਕ ਇੱਛਾ ਨੂੰ ਪੂਰਾ ਕਰਨਾ ਨਹੀਂ, ਬਲਕਿ ਮਨ ਨੂੰ ਸੱਚ, ਵਿਵੇਕ ਤੇ ਆਤਮਿਕ ਚੇਤਨਾ ਮੁਤਾਬਕ ਢਾਲਣਾ ਹੈ। ਜਦ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤਦ ਹੀ ਉਸ ਦਾ ਜੀਵਨ ਸ਼ਾਂਤੀ, ਸੰਤੁਲਨ ਅਤੇ ਆਤਮਿਕ ਆਨੰਦ ਨਾਲ ਭਰ ਉੱਠਦਾ ਹੈ।
-ਆਦਿੱਤਿਆ ਨਾਰਾਇਣ ਅਵਸਥੀ