ਜੋ ਲੋਕ ਆਪਣੇ ਨਾਲ ਰੂਬਰੂ ਹੋਣ ਅਤੇ ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ’ਤੇ ਚੱਲਣਾ ਚਾਹੁੰਦੇ ਹਨ, ਉਨ੍ਹਾਂ ਲਈ ਸ਼ਾਕਾਹਾਰੀ ਭੋਜਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਜੇ ਅਸੀਂ ਅਲੱਗ-ਅਲੱਗ ਧਰਮਾਂ ਤੇ ਉਨ੍ਹਾਂ ਦੀਆਂ ਪਰੰਪਰਾਵਾਂ ਦਾ ਅਧਿਐਨ ਕਰੀਏ ਤਾਂ ਅਸੀਂ ਦੇਖਾਂਗੇ ਕਿ ਸਾਰੇ ਧਰਮ ਸਾਨੂੰ ਸ਼ਾਕਾਹਾਰੀ ਭੋਜਨ ਦੀ ਹੀ ਸਲਾਹ ਦਿੰਦੇ ਹਨ।

ਅਧਿਆਤਮ ਦਾ ਮਾਰਗ ਪ੍ਰੇਮ, ਅਹਿੰਸਾ ਤੇ ਕਰੁਣਾ ਦਾ ਮਾਰਗ ਹੈ। ਯੁਗਾਂ-ਯੁਗਾਂਤਰਾਂ ਤੋਂ ਅਧਿਆਤਮ ਦੇ ਸਿਧਾਂਤ ਇੱਕੋ ਜਿਹੇ ਹੀ ਰਹੇ ਹਨ। ਆਧੁਨਿਕ ਵਿਗਿਆਨ ਵੀ ਹੁਣ ਉਨ੍ਹਾਂ ਹੀ ਨਤੀਜਿਆਂ ’ਤੇ ਪੁੱਜੀ ਹੈ ਜਿਨ੍ਹਾਂ ਨੂੰ ਸੰਤਾਂ-ਮਹਾਪੁਰਸ਼ਾਂ ਨੇ ਅਨੰਤ ਕਾਲ ਤੋਂ ਅਨੁਭਵ ਕਰ ਕੇ ਸਾਨੂੰ ਸਭ ਨੂੰ ਸਮਝਾਇਆ ਹੈ। ਰੂਹਾਨੀ ਜੀਵਨ ਬਤੀਤ ਕਰਨ ਵਾਲੇ ਲੋਕ ਜੋ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਦੇ ਹਨ, ਆਹਾਰ ਦੇ ਖੇਤਰ ਵਿਚ ਕੀਤੀਆਂ ਗਈਆਂ ਆਧੁਨਿਕ ਖੋਜਾਂ ਵਿਚ ਉਸ ਨੂੰ ਸਰਬਸ੍ਰੇਸ਼ਠ ਦੱਸਿਆ ਗਿਆ ਹੈ। ਹਰ ਤਰ੍ਹਾਂ ਨਾਲ ਭੌਤਿਕ, ਰੂਹਾਨੀ ਤੇ ਨੈਤਿਕ ਤੌਰ ’ਤੇ ਸ਼ਾਕਾਹਾਰੀ ਭੋਜਨ ਹੀ ਸਾਡੇ ਲਈ ਉਚਿਤ ਹੈ।
ਜੋ ਲੋਕ ਆਪਣੇ ਨਾਲ ਰੂਬਰੂ ਹੋਣ ਅਤੇ ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ’ਤੇ ਚੱਲਣਾ ਚਾਹੁੰਦੇ ਹਨ, ਉਨ੍ਹਾਂ ਲਈ ਸ਼ਾਕਾਹਾਰੀ ਭੋਜਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਜੇ ਅਸੀਂ ਅਲੱਗ-ਅਲੱਗ ਧਰਮਾਂ ਤੇ ਉਨ੍ਹਾਂ ਦੀਆਂ ਪਰੰਪਰਾਵਾਂ ਦਾ ਅਧਿਐਨ ਕਰੀਏ ਤਾਂ ਅਸੀਂ ਦੇਖਾਂਗੇ ਕਿ ਸਾਰੇ ਧਰਮ ਸਾਨੂੰ ਸ਼ਾਕਾਹਾਰੀ ਭੋਜਨ ਦੀ ਹੀ ਸਲਾਹ ਦਿੰਦੇ ਹਨ।
ਕਈ ਮਹਾਨ ਹਸਤੀਆਂ, ਕਵੀ, ਲੇਖਕ ਤੇ ਦਾਰਸ਼ਨਿਕ ਵੀ ਸ਼ਾਕਾਹਾਰੀ ਰਹੇ ਹਨ ਜਿਵੇਂ ਮਹਾਤਮਾ ਗਾਂਧੀ, ਪਾਏਥਾਗੋਰਸ, ਲਿਓਨਾਰਦੋ ਦਿ ਵਿੰਸੀ ਅਤੇ ਲਿਓ ਟਾਲਸਟਾਏ ਆਦਿ। ਇਹ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਕਰੁਣਾ ਹੀ ਸੀ ਕਿ ਜਿਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਪੂਰੀ ਕਾਇਨਾਤ ਪ੍ਰਤੀ ਅਹਿੰਸਾ ਦੇ ਰਾਹ ਨੂੰ ਅਪਣਾਇਆ। ਜੇ ਅਸੀਂ ਪਰਮਾਤਮਾ ਦੇ ਪਰਿਵਾਰ ਦੇ ਜੀਆਂ ਦੀ ਹੱਤਿਆ ਕਰਾਂਗੇ ਤਾਂ ਅਸੀਂ ਖ਼ੁਦ ਨੂੰ ਉਸ ਤੇ ਉਸ ਦੀ ਰਚਨਾ ਦੇ ਨਿਰਦੋਸ਼ ਅਤੇ ਮਾਸੂਮ ਜੀਵਾਂ ਨੂੰ ਪ੍ਰੇਮ ਕਰਨ ਵਾਲੇ ਕਿਵੇਂ ਕਹਿ ਸਕਦੇ ਹਾਂ? ਇਹ ਸੱਚ ਹੈ ਕਿ ਇਸ ਦੁਨੀਆ ਵਿਚ ਜਿਉਂਦੇ ਰਹਿਣ ਲਈ ਸਾਨੂੰ ਇਕ-ਦੂਜੇ ’ਤੇ ਨਿਰਭਰ ਰਹਿਣਾ ਪੈਂਦਾ ਹੈ। ਅਸੀਂ ਜੋ ਵੀ ਭੋਜਨ ਖਾਂਦੇ ਹਾਂ, ਉਨ੍ਹਾਂ ਬਨਸਪਤੀਆਂ ਅਤੇ ਪੇੜ-ਪੌਦਿਆਂ ਆਦਿ ਵਿਚ ਵੀ ਜਾਨ ਹੈ। ਸਾਡੇ ਸਾਹਾਂ ਨਾਲ ਜੋ ਬੈਕਟੀਰੀਆ ਸਾਡੇ ਅੰਦਰ ਜਾਂਦੇ ਹਨ, ਉਨ੍ਹਾਂ ’ਚ ਵੀ ਜੀਵਨ ਹੈ।
ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ। ਕਰਮਾਂ ਦਾ ਵਿਧਾਨ, ਆਹਾਰ ਦੇ ਖੇਤਰ ਵਿਚ ਵੀ ਲਾਗੂ ਹੁੰਦਾ ਹੈ। ਮਹਾਪੁਰਸ਼ ਇਹੀ ਸਮਝਾਉਂਦੇ ਹਨ ਕਿ ਅਸੀਂ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਲਈ ਸਾਨੂੰ ਉਹੀ ਆਹਾਰ ਚੁਣਨਾ ਚਾਹੀਦਾ ਹੈ ਜਿਸ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ। ਅਹਿੰਸਾ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਸਰੀਰ ਨੂੰ ਚਲਾਉਣ ਲਈ ਸ਼ਾਕਾਹਾਰੀ ਭੋਜਨ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਘੱਟ ਤੋਂ ਘੱਟ ਤੱਤਾਂ ਦਾ ਵਿਨਾਸ਼ ਹੁੰਦਾ ਹੈ। ਸਾਰੇ ਸੰਤਾਂ-ਮਹਾਪੁਰਸ਼ਾਂ ਨੇ ਸਮਝਾਇਆ ਹੈ ਕਿ ਸ਼ਾਕਾਹਾਰੀ ਭੋਜਨ ਹੀ ਮਾਨਵੀ, ਵਿਵੇਕਵਾਨ ਤੇ ਕਰੁਣਾਮਈ ਹੈ। ਜੇ ਅਸੀਂ ਅਹਿੰਸਾ ਤੇ ਸਭ ਨਾਲ ਪ੍ਰੇਮ ਦੇ ਮਾਰਗ ’ਤੇ ਚੱਲਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ਾਕਾਹਾਰ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।
-ਸੰਤ ਰਾਜਿੰਦਰ ਸਿੰਘ