ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਗੁਆਚਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ। ਇਸ ਲਈ ਸਮਾਂ ਕੇਵਲ ਬਤੀਤ ਹੀ ਨਹੀਂ ਕਰਨਾ ਚਾਹੀਦਾ ਸਗੋਂ ਇਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਨਿਵੇਸ਼ ਤੋਂ ਭਾਵ ਸਮੇਂ ਦਾ ਸਦਉਪਯੋਗ ਕਰਦੇ ਹੋਏ ਇਸ ਨੂੰ ਕਿਸੇ ਸਾਰਥਕ ਕੰਮ ਵਿਚ ਲਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਵੱਲੋਂ ਮਿੱਥੇ ਮਕਸਦ ਨੂੰ ਵਧੀਆ ਢੰਗ ਨਾਲ ਪ੍ਰਾਪਤ ਕੀਤਾ ਜਾ ਸਕੇ। ਜ਼ਿੰਦਗੀ ਦੇ ਹਰ ਖੇਤਰ 'ਚ ਸਮੇਂ ਦੀ ਬਹੁਤ ਮਹੱਤਤਾ ਹੈ। ਸਮਾਂ ਇਕ ਅਜਿਹੀ ਸ਼ੈਅ ਹੈ ਜੋ ਆਜ਼ਾਦ ਹੈ। ਇਸ ਨੂੰ ਜ਼ੰਜੀਰਾਂ ਵਿਚ ਬੰਨ੍ਹਿਆ ਨਹੀਂ ਜਾ ਸਕਦਾ। ਤੁਸੀਂ ਕੇਵਲ ਇਸ ਦਾ ਇਸਤੇਮਾਲ ਆਪਣੀ ਸਮਰੱਥਾ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਹੋ। ਸਮਾਂ ਨਿਸ਼ਚਿਤ ਹੈ । ਜਿਵੇਂ ਦਿਨ-ਰਾਤ ਦੇ ਚੌਵੀ ਘੰਟੇ ਹਨ। ਇਸ ਨੂੰ ਵਧਾਇਆ ਨਹੀਂ ਜਾ ਸਕਦਾ। ਕੋਈ ਵੀ ਇਨਸਾਨ ਸਮੇਂ ਨੂੰ ਆਪਣੇ ਅਨੁਸਾਰ ਨਹੀਂ ਚਲਾ ਸਕਦਾ। ਸਮਾਂ ਇੰਨਾ ਬਲਵਾਨ ਹੈ ਕਿ ਨਾ ਤਾਂ ਇਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਨੱਥ ਪਾਈ ਜਾ ਸਕਦੀ ਹੈ। ਇਹ ਕਿਸੇ ਦੀ ਸਲਤਨਤ ਦਾ ਗ਼ੁਲਾਮ ਨਹੀਂ ਹੈ। ਸਮਾਂ ਕਿਸੇ ਦਾ ਮੁਥਾਜ ਵੀ ਨਹੀਂ ਹੁੰਦਾ। ਇਹ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਰਾਜੇ-ਮਹਾਰਾਜੇ ਵੀ ਇਸ ਅੱਗੇ ਬੇਵੱਸ ਦਿਸੇ। ਸਮਾਂ ਉਸ ਇਨਸਾਨ ਦਾ ਮਿੱਤਰ ਹੈ ਜੋ ਇਸ ਦਾ ਸਹੀ ਇਸਤੇਮਾਲ ਕਰਦਾ ਹੈ। ਸਾਡੇ ਸਾਹਮਣੇ ਅਣਗਿਣਤ ਮਿਸਾਲਾਂ ਹਨ ਕਿ ਜਿਹੜੇ ਲੋਕਾਂ ਨੇ ਸਮੇਂ ਦਾ ਸਹੀ ਇਸਤੇਮਾਲ ਕੀਤਾ, ਉਨ੍ਹਾਂ ਨੇ ਹੀ ਸੰਸਾਰ ਵਿਚ ਸਫਲਤਾ ਪ੍ਰਾਪਤ ਕਰ ਕੇ ਨਾਮਣਾ ਖੱਟਿਆ ਹੈ। ਅਜੋਕੀ ਪੀੜ੍ਹੀ ਵਿਚ ਬੇਚੈਨੀ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਨਿਵੇਸ਼ ਨਹੀਂ ਕਰਦੀ। ਆਪਣੇ ਸੀਮਤ ਸਮੇਂ ਨੂੰ ਬੇਲੋੜੇ ਕਾਰਜਾਂ ਵਿਚ ਲਗਾ ਕੇ ਨੌਜਵਾਨ ਰਾਹ ਤੋਂ ਭਟਕ ਰਹੇ ਹਨ। ਅੱਜ ਦੇ ਵਿਦਿਆਰਥੀ ਸਮੇਂ ਦੇ ਮੁੱਲ ਨੂੰ ਪਛਾਣਦੇ ਹੋਏ ਇਸ ਨੂੰ ਸੁਚਾਰੂ ਰੂਪ ਵਿਚ ਇਸਤੇਮਾਲ ਕਰਦੇ ਹੋਏ ਟੀਚੇ ਹਾਸਲ ਕਰਨ। ਉਨ੍ਹਾਂ ਨੂੰ ਪਛਤਾਉਣਾ ਨਾ ਪਵੇ, ਉਸ ਵਾਸਤੇ ਉਹ ਸਮੇਂ ਦੀ ਮਹੱਤਤਾ ਨੂੰ ਸਮਝਣ। ਸਮੇਂ ਦੀ ਸਹੀ ਵਰਤੋਂ ਉਨ੍ਹਾਂ ਦੇ ਵਰਤਮਾਨ ਤੇ ਭਵਿੱਖ ਨੂੰ ਸੰਵਾਰ ਸਕਦੀ ਹੈ। ਜੇ ਕੋਈ ਸਮੇਂ ਨੂੰ ਬਰਬਾਦ ਕਰੇਗਾ ਤਾਂ ਸਮਾਂ ਉਸ ਨੂੰ ਬਰਬਾਦ ਕਰ ਦੇਵੇਗਾ। ਕੋਈ ਵੀਸਿਆਣਾ ਮਨੁੱਖ ਆਪਣੀ ਬਰਬਾਦੀ ਨਹੀਂ ਚਾਹੇਗਾ। ਬੇਵਕੂਫ ਹੀ ਸਮੇਂ ਦੀ ਬੇਕਦਰੀ ਕਰਦੇ ਹਨ। ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਵੀ ਤਾਰਨੀ ਪੈਂਦੀ ਹੈ।

-ਲੈਕ. ਨਵਦੀਪ ਸਿੰਘ ਭਾਟੀਆ। (987672-90563)

Posted By: Rajnish Kaur