ਸਾਡੇ ਕੋਲ ਸਿਰਫ਼ ਵਰਤਮਾਨ ਦਾ ਇਕ ਪਲ ਹੁੰਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਆ ਚੁੱਕਾ ਪਲ ਅਤੀਤ ਬਣ ਚੁੱਕਾ ਹੈ ਅਤੇ ਜੋ ਆਉਣ ਵਾਲਾ ਪਲ ਹੈ, ਉਹ ਭਵਿੱਖ ਹੈ।

ਸਾਡੇ ਕੋਲ ਸਿਰਫ਼ ਵਰਤਮਾਨ ਦਾ ਇਕ ਪਲ ਹੁੰਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਆ ਚੁੱਕਾ ਪਲ ਅਤੀਤ ਬਣ ਚੁੱਕਾ ਹੈ ਅਤੇ ਜੋ ਆਉਣ ਵਾਲਾ ਪਲ ਹੈ, ਉਹ ਭਵਿੱਖ ਹੈ। ਸਾਡੇ ਹੱਥ ਵਿਚ ਜੋ ਪਲ ਹੈ, ਉਹੀ ਵਰਤਮਾਨ ਹੈ ਜਿਸ ਨੂੰ ਅਸੀਂ ਭਵਿੱਖ ਤੋਂ ਖਿੱਚ ਕੇ ਅਤੀਤ ਵਿਚ ਸੁੱਟਦੇ ਜਾ ਰਹੇ ਹਾਂ। ਇਹ ਪ੍ਰਕਿਰਿਆ ਨਿਰੰਤਰ ਚੱਲਦੀ ਹੈ। ਇਹੀ ਇਕ ਪਲ ਵਰਤਮਾਨ ਦਾ ਸੱਚ ਹੈ ਅਤੇ ਸਾਡੇ ਵੱਸ ਵਿਚ ਹੈ। ਅਜੇ ਤਕ ਅਜਿਹੀ ਕੋਈ ਵਿਵਸਥਾ ਵਿਕਸਤ ਨਹੀਂ ਹੋਈ ਹੈ ਕਿ ਅਸੀਂ ਅਤੀਤ ਵਿਚ ਦਾਖ਼ਲ ਹੋ ਕੇ ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਸੁਧਾਰ ਸਕੀਏ ਜਾਂ ਭਵਿੱਖ ਵਿਚ ਦਾਖ਼ਲ ਹੋ ਕੇ ਉਸ ਨੂੰ ਸੁੰਦਰ ਬਣਾ ਕੇ ਵਰਤਮਾਨ ਵਿਚ ਪਰਤ ਆਈਏ। ਤਾਂ ਆਖ਼ਰ ਅਸੀਂ ਕਿਉਂ ਅਤੀਤ ਦੀਆਂ ਗੱਲਾਂ ਦਾ ਰੋਣਾ ਰੋਈ ਜਾ ਰਹੇ ਹਾਂ ਜਾਂ ਭਵਿੱਖ ਦੀ ਚਿੰਤਾ ਕਰਦੇ ਰਹੀਏ? ਕਿਉਂਕਿ ਸਾਡਾ ਭਵਿੱਖ ਅਤੀਤ ਦੇ ਕੰਮਾਂ 'ਤੇ ਨਿਰਭਰ ਕਰਦਾ ਹੈ, ਇਸ ਲਈ ਅਸੀਂ ਵਰਤਮਾਨ ਜ਼ਰੀਏ ਉਸ ਨੂੰ ਅਤੀਤ ਬਣਨ ਤੋਂ ਪਹਿਲਾਂ ਹੀ ਸੰਵਾਰ ਲਈਏ। ਵਰਤਮਾਨ ਸੁਧਰ ਗਿਆ ਤਾਂ ਯਕੀਨਨ ਭਵਿੱਖ ਵੀ ਚੰਗਾ ਹੋਵੇਗਾ। ਦਰਅਸਲ, ਜੀਵਨ ਨੂੰ ਬਿਹਤਰੀ ਵਿਚ ਬਦਲਣ ਲਈ ਕਿਰਿਆਤਮਕਤਾ ਦੀ ਜ਼ਰੂਰਤ ਹੁੰਦੀ ਹੈ ਜੋ ਵਰਤਮਾਨ ਵਿਚ ਹੀ ਸੰਭਵ ਹੈ। ਵਰਤਮਾਨ ਸਾਡੇ ਲਈ ਬਹੁਤ ਅਹਿਮ ਹੈ ਜਿਸ ਨੂੰ ਅਸੀਂ ਆਪਣੇ ਅਣਦੇਖੇ ਭਵਿੱਖ ਨੂੰ ਸੁਧਾਰਨ ਵਿਚ ਲਗਾ ਸਕਦੇ ਹਾਂ। ਓਸ਼ੋ ਦਾ ਕਹਿਣਾ ਸੀ ਕਿ ਪ੍ਰੇਮ ਦੇ ਪਲ ਵਿਚ ਅਤੀਤ ਅਤੇ ਭਵਿੱਖ ਨਹੀਂ ਹੁੰਦੇ, ਸਿਰਫ਼ ਵਰਤਮਾਨ ਹੁੰਦਾ ਹੈ। ਜੀਵਨ ਨਾਲ ਪ੍ਰੇਮ ਕਰਨ ਲਈ ਵਰਤਮਾਨ ਵਿਚ ਰਹਿਣਾ ਬੇਹੱਦ ਜ਼ਰੂਰੀ ਹੈ। ਅਸੀਂ ਇਕ-ਇਕ ਪਲ ਦਾ ਸਦਉਪਯੋਗ ਕਰੀਏ। ਅਸੀਂ ਜੋ ਵੀ ਕੰਮ ਕਰੀਏ, ਉਸ ਦਾ ਹਰ ਪਲ ਮਨੁੱਖੀ ਕਲਿਆਣ ਵਿਚ ਲੱਗਾ ਹੋਵੇ। ਆਪਣਾ ਕੰਮ ਕੱਲ੍ਹ 'ਤੇ ਟਾਲਣ ਵਾਲੇ ਲੋਕ ਆਪਣੇ ਵਰਤਮਾਨ ਦਾ ਸਨਮਾਨ ਨਹੀਂ ਕਰਦੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਮਸ਼ਹੂਰ ਚਿੱਤਰਕਾਰ ਵਿਨਸੈਂਟ ਵਾਨ ਗਾਗ ਕਹਿੰਦੇ ਸਨ ਕਿ ਜੋ ਮੈਂ ਇਸ ਵਕਤ ਬਣਾ ਰਿਹਾ ਹਾਂ, ਉਹੀ ਮੇਰੀ ਸਰਬੋਤਮ ਪੇਂਟਿੰਗ ਹੈ। ਇਹੀ ਧਾਰਨਾ ਵਿਅਕਤੀ ਦਾ ਕੱਦ ਉੱਚਾ ਕਰਦੀ ਹੈ। ਅਸੀਂ ਕਵਿਤਾ ਲਿਖੀਏ, ਚਿੱਤਰ ਬਣਾਈਏ ਜਾਂ ਕੋਈ ਵੀ ਕੰਮ ਕਰੀਏ, ਸਾਡੀ ਕੋਸ਼ਿਸ਼ ਵਰਤਮਾਨ ਦੇ ਕੰਮ ਨੂੰ ਸਭ ਤੋਂ ਚੰਗਾ ਕਰਨ ਦੀ ਹੋਵੇ। ਅਤੀਤ ਦਾ ਸੁਭਾਅ ਹੈ ਕਿ ਉਹ ਆਪਣੇ ਮੋਹਜਾਲ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਕੋਈ ਕਲਾਕਾਰ ਅਤੀਤ ਵਿਚ ਬਣੀ ਆਪਣੀ ਕਿਸੇ ਕ੍ਰਿਤੀ ਨੂੰ ਸਭ ਤੋਂ ਚੰਗੀ ਮੰਨ ਲਵੇ ਤਾਂ ਉਸ ਵਿਚਲੇ ਕਲਾਕਾਰ ਦਾ ਉੱਥੇ ਹੀ ਅੰਤ ਹੋ ਜਾਂਦਾ ਹੈ। ਸਾਨੂੰ ਅਤੀਤ ਨਾਲ ਨਹੀਂ ਚਿੰਬੜੇ ਰਹਿਣਾ ਚਾਹੀਦਾ ਬਲਕਿ ਅਤੀਤ ਦੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਅਤੀਤ ਭਵਿੱਖ ਦੀ ਪ੍ਰਯੋਗਸ਼ਾਲਾ ਹੈ। ਸਫਲ ਇਨਸਾਨ ਅਤੀਤ ਤੋਂ ਸਿੱਖ ਕੇ ਸਫਲਤਾ ਵੱਲ ਵਧਦੇ ਹਨ ਪਰ ਵਰਤਮਾਨ 'ਤੇ ਉਨ੍ਹਾਂ ਦੀ ਡੂੰਘੀ ਦ੍ਰਿਸ਼ਟੀ ਹੁੰਦੀ ਹੈ। ਉਹ ਵਰਤਮਾਨ ਵਿਚ ਰਹਿੰਦੇ ਹੋਏ ਬੀਤੇ ਦੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਭਵਿੱਖ ਨੂੰ ਸੁਨਹਿਰੀ ਬਣਾ ਲੈਂਦੇ ਹਨ।
-ਵਿਵੇਕ ਭਟਨਾਗਰ।