ਭਾਵੇਂ ਵਿਧਾਤਾ ਨੇ ਸਭ ਨੂੰ ਸਮਾਨ ਮੌਕੇ ਮੁਹੱਈਆ ਕਰਵਾਏ ਹਨ ਪਰ ਫਲ ਪ੍ਰਾਪਤੀ ਖ਼ੁਦ ਦੇ ਆਤਮ-ਵਿਸ਼ਵਾਸ ’ਤੇ ਨਿਰਭਰ ਕਰਦੀ ਹੈ। ਸਬਰ, ਸਾਹਸ ਤੇ ਬਹਾਦਰੀ ਉਲਟ ਹਾਲਾਤ ਵਿਚ ਵੀ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੇ ਹਨ। ਜਿਵੇਂ ਪਰਲੋ ਕਾਲ ਦੇ ਸਮੇਂ ਸਭ ਕੁਝ ਨਸ਼ਟ ਹੋ ਜਾਣ ’ਤੇ ਸੰਭਾਵਨਾਵਾਂ ਪੁਨਰ ਜੀਵਨ ਦਾ ਇਤਿਹਾਸ ਸਿਰਜਦੀਆਂ ਹਨ, ਉਸੇ ਤਰ੍ਹਾਂ ਉਮੀਦ ਨਾ ਰਹਿਣ ’ਤੇ ਵੀ ਸੰਭਾਵਨਾਵਾਂ ਖ਼ੁਦ ਉਮੀਦ ਬਣ ਜਾਂਦੀਆਂ ਹਨ।

ਸ੍ਰਿਸ਼ਟੀ ਵਿਚ ਸਭ ਕੁਝ ਅਸਥਾਈ ਹੈ ਪਰ ਜੀਵਨ ਲਈ ਅਹਿਮ ਤੱਤਾਂ ਦੀ ਮੌਜੂਦਗੀ ਹਮੇਸ਼ਾ ਬਣੀ ਰਹਿੰਦੀ ਹੈ, ਭਾਵੇਂ ਹੀ ਉਹ ਕਦੇ ਉਜਾਗਰ ਨਹੀਂ ਹੁੰਦੇ। ਇਸ ਲਈ ਧਰਤੀ ’ਤੇ ਜੀਵਨ-ਪ੍ਰਕਿਰਿਆ ਸਦਾ ਗਤੀਮਾਨ ਰਹਿੰਦੀ ਹੈ। ਸੰਭਾਵਨਾ ਅਜਿਹਾ ਹੀ ਤੱਤ ਹੈ ਜੋ ਉਮੀਦਾਂ ਖ਼ਤਮ ਹੋਣ ’ਤੇ ਵੀ ਤਨ-ਮਨ ਵਿਚ ਜੀਵਨ-ਸ਼ਕਤੀ ਦਾ ਸੰਚਾਰ ਕਰਦਾ ਹੈ ਤੇ ਸੋਮਿਆਂ ਦੇ ਨਸ਼ਟ ਹੋਣ ’ਤੇ ਵੀ ਸਫਲਤਾ ਦੇ ਨਵੇਂ ਦੁਆਰ ਖੋਲ੍ਹਦਾ ਹੈ। ਸੰਭਾਵਨਾਵਾਂ ਦਾ ਸੰਸਾਰ ਵਿਆਪਕ ਹੋਣ ਕਾਰਨ ਇਹ ਜੀਵਨ ਨੂੰ ਵਿਸਥਾਰ ਦਿੰਦੀਆਂ ਹਨ। ਸੋ, ਇਨ੍ਹਾਂ ਦੇ ਰਹਿੰਦੇ ਹੋਏ ਜੀਵਨ ਕਦੇ ਨਹੀਂ ਮਰਦਾ।
ਭਾਵੇਂ ਵਿਧਾਤਾ ਨੇ ਸਭ ਨੂੰ ਸਮਾਨ ਮੌਕੇ ਮੁਹੱਈਆ ਕਰਵਾਏ ਹਨ ਪਰ ਫਲ ਪ੍ਰਾਪਤੀ ਖ਼ੁਦ ਦੇ ਆਤਮ-ਵਿਸ਼ਵਾਸ ’ਤੇ ਨਿਰਭਰ ਕਰਦੀ ਹੈ। ਸਬਰ, ਸਾਹਸ ਤੇ ਬਹਾਦਰੀ ਉਲਟ ਹਾਲਾਤ ਵਿਚ ਵੀ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੇ ਹਨ। ਜਿਵੇਂ ਪਰਲੋ ਕਾਲ ਦੇ ਸਮੇਂ ਸਭ ਕੁਝ ਨਸ਼ਟ ਹੋ ਜਾਣ ’ਤੇ ਸੰਭਾਵਨਾਵਾਂ ਪੁਨਰ ਜੀਵਨ ਦਾ ਇਤਿਹਾਸ ਸਿਰਜਦੀਆਂ ਹਨ, ਉਸੇ ਤਰ੍ਹਾਂ ਉਮੀਦ ਨਾ ਰਹਿਣ ’ਤੇ ਵੀ ਸੰਭਾਵਨਾਵਾਂ ਖ਼ੁਦ ਉਮੀਦ ਬਣ ਜਾਂਦੀਆਂ ਹਨ।
ਸੰਭਾਵਨਾਵਾਂ ਸਾਕਾਰ ਕਰਨ ਦਾ ਸਭ ਤੋਂ ਵੱਡਾ ਸਾਧਨ ਸਿੱਖਿਆ ਹੈ ਪਰ ਬੇਹੱਦ ਦਬਾਅ ਕਾਰਨ ਅੱਜ ਇਹੀ ਸਿੱਖਿਆ ਜੀਵਨ ਖ਼ਤਮ ਕਰਨ ਦਾ ਕਾਰਨ ਬਣ ਰਹੀ ਹੈ, ਅਸਫਲ ਹੋਣ ’ਤੇ ਹੀ ਨਹੀਂ, ਕੁਝ ਘੱਟ ਅੰਕ ਆਉਣ ਜਾਂ ਰੁਜ਼ਗਾਰ ਵਿਚ ਦੇਰੀ ਹੋਣ ’ਤੇ ਬੱਚਿਆਂ ਵਿਚ ਵਧ ਰਹੀ ਡਿਪ੍ਰੈਸ਼ਨ ਦੀ ਪ੍ਰਵਿਰਤੀ ਉਨ੍ਹਾਂ ਦੇ ਜੀਵਨ ਨੂੰ ਨਿਗਲ ਰਹੀ ਹੈ। ਵੱਡਿਆਂ ਦਾ ਫ਼ਰਜ਼ ਹੈ ਕਿ ਉਨ੍ਹਾਂ ਦਾ ਹੌਸਲਾ ਵਧਾ ਕੇ ਉਨ੍ਹਾਂ ਨੂੰ ਤਿਆਰ ਕਰੋ ਕਿ ਸੰਭਾਵਨਾਵਾਂ ਕਦੇ ਵੀ ਖ਼ਤਮ ਨਹੀਂ ਹੁੰਦੀਆਂ। ਸ਼ਤ-ਪ੍ਰਤੀਸ਼ਤ ਅੰਕ ਨਾ ਗਿਆਨ ਵਿਚ ਪ੍ਰਵੀਨਤਾ ਦੇ ਪ੍ਰਮਾਣ ਹਨ, ਨਾ ਨੌਕਰੀ ਹਾਸਲ ਕਰਨ ਦੀ ਗਾਰੰਟੀ।
ਘੱਟ ਅੰਕ ਹੋਣ ’ਤੇ ਵੀ ਸਰਬਸ੍ਰੇਸ਼ਠ ਗਿਆਨ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ ਕਿਉਂਕਿ ਗਿਆਨ ਨਾਲੋਂ ਵਧ ਕੇ ਕੁਝ ਵੀ ਨਹੀਂ ਹੈ। ਨਿਰਾਸ਼-ਹਤਾਸ਼ ਨੌਜਵਾਨ ਵਰਗ ਲਈ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦਾ ਜੀਵਨ ਪ੍ਰੇਰਨਾਸਰੋਤ ਹੈ। ਉਹ ਕਹਿੰਦੇ ਹਨ, ‘‘ਆਕਾਸ਼ ਵੱਲ ਦੇਖੋ, ਤੁਸੀਂ ਇਕੱਲੇ ਨਹੀਂ ਹੋ।
ਸਾਰਾ ਬ੍ਰਹਿਮੰਡ ਤੁਹਾਡੇ ਲਈ ਹੈ। ਇਸ ਦੇ ਅਨੰਤ ਵਿਸਥਾਰ ਵਿਚ ਤੁਹਾਨੂੰ ਅਨੰਤ ਸੰਭਾਵਨਾਵਾਂ ਨਜ਼ਰ ਆਉਣਗੀਆਂ ਜੋ ਜੀਵਨ ਨੂੰ ਬੁਲੰਦੀਆਂ ’ਤੇ ਲੈ ਕੇ ਜਾਣਗੀਆਂ। ਸੋ, ਅਸਫਲ ਹੋਣ ’ਤੇ ਵੀ ਇਸ ਮੁਸ਼ਕਲਾਂ ਨਾਲ ਭਰਪੂਰ ਜੀਵਨ-ਯਾਤਰਾ ਵਿਚ ਸੰਭਾਵਨਾਵਾਂ ਦੀ ਡੋਰ ਕਦੇ ਵੀ ਨਹੀਂ ਟੁੱਟਣੀ ਚਾਹੀਦੀ।
-ਡਾ. ਸੱਤਿਆਪ੍ਰਕਾਸ਼ ਮਿਸ਼ਰ