ਕਰਮ ਦੀ ਮਹੱਤਤਾ
ਇਸ ਤੋਂ ਬਾਅਦ ਮਨ ਇੰਦਰੀਆਂ ਦੀ ਤਿ੍ਪਤੀ ਲਈ ਉਸ ਵਸਤੂ ਨੂੰ ਕਰਮ ਦੁਆਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦ ਉਹ ਸਬੰਧਤ ਵਸਤੂ ਨੂੰ ਪ੍ਰਾਪਤ ਕਰਨ ਵਿਚ ਅਸਫਲ ਹੁੰਦਾ ਹੈ ਤਦ ਉਸ ਅੰਦਰ ਕਰੋਧ ਉਪਜਦਾ ਹੈ ਜਿਸ ਤੋਂ ਬਾਅਦ ਉਸ ਦਾ ਵਿਵੇਕ ਸਮਾਪਤ ਹੋ ਜਾਂਦਾ ਹੈ। ਵਿਵੇਕ ਸਮਾਪਤ ਹੋਣ ’ਤੇ ਉਸ ਦੀ ਤਬਾਹੀ ਹੋਣੀ ਸ਼ੁਰੂ ਹੋ ਜਾਂਦੀ ਹੈ।
Publish Date: Mon, 24 Jun 2024 11:20 PM (IST)
Updated Date: Tue, 25 Jun 2024 06:45 AM (IST)
ਸੰਸਾਰ ਵਿਚ 84 ਲੱਖ ਜੂਨਾਂ ਹਨ ਜਿਨ੍ਹਾਂ ’ਚ ਈਸ਼ਵਰ ਜੀਵ ਨੂੰ ਮਨੁੱਖ ਜੂਨ ਇਸ ਮਕਸਦ ਨਾਲ ਦਿੰਦਾ ਹੈ ਕਿ ਉਹ ਵਿਵੇਕ ਨਾਲ ਸੰਸਾਰ ਦੇ ਜੀਵਨ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਮੁਕਤੀ ਪ੍ਰਾਪਤ ਕਰ ਲਵੇਗਾ। ਸੰਸਾਰ ਦੇ ਸਾਰੇ ਜੀਵਾਂ ਵਿਚ ਵਿਵੇਕ ਸਿਰਫ਼ ਮਨੁੱਖ ਨੂੰ ਹੀ ਪ੍ਰਾਪਤ ਹੈ ਜਿਸ ਦੁਆਰਾ ਉਹ ਆਪਣੇ ਕਰਮਾਂ ’ਤੇ ਕਾਬੂ ਪਾ ਸਕਦਾ ਹੈ। ਜੀਵ ਦੀ ਪਛਾਣ ਉਸ ਦੇ ਕਰਮਾਂ ਤੋਂ ਹੁੰਦੀ ਹੈ। ਮਨੁੱਖ ਸੰਸਾਰ ਨੂੰ ਆਪਣੀਆਂ ਇੰਦਰੀਆਂ ਦੁਆਰਾ ਅਨੁਭਵ ਕਰਦਾ ਹੈ। ਇੰਦਰੀਆਂ ਅਨੁਭਵ ਕੀਤੀ ਹੋਈ ਚੇਤਨਾ ਨੂੰ ਵਿਅਕਤੀ ਦੇ ਮਨ ਤੱਕ ਪਹੁੰਚਾਉਂਦੀਆਂ ਹਨ।
ਇਸ ਤੋਂ ਬਾਅਦ ਮਨ ਇੰਦਰੀਆਂ ਦੀ ਤਿ੍ਪਤੀ ਲਈ ਉਸ ਵਸਤੂ ਨੂੰ ਕਰਮ ਦੁਆਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦ ਉਹ ਸਬੰਧਤ ਵਸਤੂ ਨੂੰ ਪ੍ਰਾਪਤ ਕਰਨ ਵਿਚ ਅਸਫਲ ਹੁੰਦਾ ਹੈ ਤਦ ਉਸ ਅੰਦਰ ਕਰੋਧ ਉਪਜਦਾ ਹੈ ਜਿਸ ਤੋਂ ਬਾਅਦ ਉਸ ਦਾ ਵਿਵੇਕ ਸਮਾਪਤ ਹੋ ਜਾਂਦਾ ਹੈ। ਵਿਵੇਕ ਸਮਾਪਤ ਹੋਣ ’ਤੇ ਉਸ ਦੀ ਤਬਾਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸ੍ਰੀਕਿ੍ਸ਼ਨ ਨੇ ਗੀਤਾ ਵਿਚ ਕਿਹਾ ਹੈ ਕਿ ਜੇ ਸਰੀਰ ਤਿਆਗਣ ਤੋਂ ਪਹਿਲਾਂ ਕੋਈ ਮਨੁੱਖ ਆਪਣੀਆਂ ਇੰਦਰੀਆਂ ਦੇ ਵੇਗ ਨੂੰ ਸਹਿਣ ਕਰਨ ਅਤੇ ਇੱਛਾ ਤੇ ਕਰੋਧ ਦੇ ਵੇਗ ਨੂੰ ਰੋਕਣ ਵਿਚ ਸਮਰੱਥ ਹੋ ਜਾਂਦਾ ਹੈ ਤਾਂ ਉਹ ਸੰਸਾਰ ਵਿਚ ਸੁਖੀ ਰਹਿ ਕੇ ਅੰਤ ਵਿਚ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਇੰਦਰੀਆਂ ਦੇ ਵੇਗ ਨੂੰ ਰੋਕਣ ਲਈ ਯੋਗ ਜ਼ਰੀਏ ਮਨ ਅਤੇ ਕਰਮ ’ਤੇ ਨਿਰੰਤਰ ਸੰਜਮ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਾਬੂ ਕੀਤਾ ਮਨ ਸ਼ੁਭ ਤੇ ਨਿਸ਼ਕਾਮ ਕਰਮ ਵੱਲ ਪ੍ਰੇਰਿਤ ਹੁੰਦਾ ਹੈ। ਇਸ ਤੋਂ ਬਾਅਦ ਹੀ ਮਨੁੱਖ ਸਮਾਧੀ ਦੁਆਰਾ ਆਪਣੀ ਚੇਤਨਾ ਨੂੰ ਪਰਮ ਚੇਤਨਾ ਵਿਚ ਲੀਨ ਕਰ ਸਕਦਾ ਹੈ ਜਿਸ ਨੂੰ ਮੁਕਤੀ ਕਿਹਾ ਜਾਂਦਾ ਹੈ। ਜੋ ਲੋਕ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਕੇ ਸ਼ੁਭ ਕਰਮ ਕਰਦੇ ਹਨ, ਉਹ ਮਨੁੱਖੀ ਜੀਵਨ ਦੇ ਪਰਮ ਉਦੇਸ਼ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਜੋ ਬੁਰੇ ਕਰਮਾਂ ਵਿਚ ਲਿਪਤ ਰਹਿੰਦੇ ਹਨ, ਉਹ 84 ਲੱਖ ਜੂਨਾਂ ਦੇ ਚੱਕਰ ਵਿਚ ਫਸੇ ਰਹਿੰਦੇ ਹਨ।
ਇਸ ਨੂੰ ਦੇਖਦੇ ਹੋਏ ਹੀ ਮਾਨਸ ਵਿਚ ਕਿਹਾ ਗਿਆ ਹੈ-‘ਸੁਭ ਅਰੁ ਅਸੁਭ ਕਰਮ ਅਨੁਹਾਰੀ। ਈਸੁ ਦੇਈ ਫਲੁ ਹਿਰਦੇਂ ਬਿਚਾਰੀ।।’ ਯਾਨੀ ਸ਼ੁਭ ਅਤੇ ਅਸ਼ੁਭ ਕਰਮਾਂ ਮੁਤਾਬਕ ਈਸ਼ਵਰ ਹਿਰਦੇ ਵਿਚ ਵਿਚਾਰ ਕੇ ਫਲ ਦਿੰਦਾ ਹੈ ਜੋ ਕਰਮ ਕਰਦਾ ਹੈ, ਉਹੀ ਫਲ ਪਾਉਂਦਾ ਹੈ। ਇਹੀ ਉਹ ਮੰਤਰ ਹੈ ਜਿਸ ਨੂੰ ਆਤਮਸਾਤ ਕਰ ਕੇ ਅਸੀਂ ਆਪਣੇ ਜੀਵਨ ਨੂੰ ਸੁਗਮ ਤੇ ਸਾਰਥਕ ਬਣਾ ਸਕਦੇ ਹਾਂ।
-ਕਰਨਲ ਸ਼ਿਵਦਾਨ ਸਿੰਘ