ਪ੍ਰਕਾਸ਼ ਦੇ ਪੁਰਬ ਦੀਵਾਲੀ ਦਾ ਮਹਾਤਮ
ਅਗਨੀ ਤੱਤ ਦੀ ਉਸਤਤ ਵਿਚ ਸ਼ਮਾਂ ਰੋਸ਼ਨ ਕਰਨ ਨੂੰ ਪਰਲੋਕਿਕ ਮਨਹੂਸ ਘਟਨਾਵਾਂ-ਅੜਿੱਕਿਆਂ ਨੂੰ ਦੂਰ ਕਰਨ ਦਾ ਸਬੱਬ ਮੰਨਿਆ ਜਾਂਦਾ ਹੈ। ਦੀਵਾ ਜਗਾਉਣ ਦੀ ਪ੍ਰਥਾ ਜਨਮ ਦਿਨ, ਨਾਮਕਰਨ ਤੇ ਵਿਆਹ ਜਿਹੇ ਧਾਰਮਿਕ ਅਨੁਸ਼ਠਾਨਾਂ ਤੱਕ ਸੀਮਤ ਨਹੀਂ ਹੈ।
Publish Date: Sun, 19 Oct 2025 11:39 PM (IST)
Updated Date: Mon, 20 Oct 2025 06:45 AM (IST)
ਬ੍ਰਹਿਮੰਡ ਦੇ ਦੋ-ਪੱਖੀ ਵਿਧਾਨ ਵਿਚ ਸੁੱਖ-ਦੁੱਖ, ਦਿਨ-ਰਾਤ, ਗਰਮ-ਠੰਢਾ, ਸਦਾਚਾਰ-ਕਦਾਚਾਰ, ਉੱਚ-ਨਿਮਨ, ਲਾਭ-ਨੁਕਸਾਨ ਦੀ ਤਰ੍ਹਾਂ ਪ੍ਰਕਾਸ਼ ਅਤੇ ਅੰਧਕਾਰ ਹਨ। ਪ੍ਰਕਾਸ਼ ਗਿਆਨ, ਸਕਾਰਾਤਮਕਤਾ, ਉਦਾਰਤਾ, ਪਾਰਦਰਸ਼ਤਾ ਅਤੇ ਸਦਬੁੱਧੀ ਦਾ ਪ੍ਰਤੀਕ ਹੈ ਜਦੋਂਕਿ ਅੰਧਕਾਰ ਅਣਜਾਣਤਾ, ਹੰਕਾਰ ਅਤੇ ਸੌੜੀ ਸੋਚ ਦਾ।
ਦੁਨੀਆ ਦਾ ਸਾਰਾ ਅੰਧਕਾਰ ਇਕ ਛੋਟੇ ਜਿਹੇ ਦੀਵੇ ਨੂੰ ਨਹੀਂ ਬੁਝਾ ਸਕਦਾ, ਉਸੇ ਤਰ੍ਹਾਂ ਇਕ ਵਿਅਕਤੀ ਪੂਰੇ ਸੰਸਾਰ ਨੂੰ ਰਾਹ ਦਿਖਾਉਣ ਵਾਲਾ ਪ੍ਰਕਾਸ਼ਪੁੰਜ ਬਣ ਸਕਦਾ ਹੈ। ਵੈਦਿਕ ਤੁਕ ਹੈ, ‘ਤਮਸੋ ਮਾ ਜਯੋਤਿਰਗਮਯ, ਅਸਤੋ ਮਾ ਸਦਗਮਯ’ ਜਿਸ ਦਾ ਅਰਥ ਹੈ ਕਿ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ, ਕੂੜ ਤੋਂ ਸੱਚ ਵੱਲ ਅੱਗੇ ਵਧਾਓ। ਪ੍ਰਕਾਸ਼ ਸੂਰਜ, ਦੀਵਾ, ਮੋਮਬੱਤੀ ਜਾਂ ਕਿਸੇ ਵੀ ਸਰੋਤ ਤੋਂ ਆਵੇ, ਇਹ ਸ਼ੁਭ ਹੁੰਦਾ ਹੈ, ਇਸ ਵਿਚ ਭਵਿੱਖ ਨੂੰ ਸੰਵਾਰਨ ਦੀ ਸਮਰੱਥਾ ਹੈ। ਪ੍ਰਕਾਸ਼ ਦੀ ਅਪਾਰ ਸ਼ਕਤੀ ਕਾਰਨ ਇਸ ਦੇ ਸਰੋਤ ਸਾਰੇ ਧਰਮਾਂ ਵਿਚ ਪੂਜੇ ਜਾਂਦੇ ਹਨ।
ਅਗਨੀ ਤੱਤ ਦੀ ਉਸਤਤ ਵਿਚ ਸ਼ਮਾਂ ਰੋਸ਼ਨ ਕਰਨ ਨੂੰ ਪਰਲੋਕਿਕ ਮਨਹੂਸ ਘਟਨਾਵਾਂ-ਅੜਿੱਕਿਆਂ ਨੂੰ ਦੂਰ ਕਰਨ ਦਾ ਸਬੱਬ ਮੰਨਿਆ ਜਾਂਦਾ ਹੈ। ਦੀਵਾ ਜਗਾਉਣ ਦੀ ਪ੍ਰਥਾ ਜਨਮ ਦਿਨ, ਨਾਮਕਰਨ ਤੇ ਵਿਆਹ ਜਿਹੇ ਧਾਰਮਿਕ ਅਨੁਸ਼ਠਾਨਾਂ ਤੱਕ ਸੀਮਤ ਨਹੀਂ ਹੈ। ਮਹੱਤਵਪੂਰਨ ਸਮਾਰੋਹਾਂ ਅਤੇ ਸਮੂਹ ਨਿਰਮਾਣ ਕਾਰਜਾਂ ਦਾ ਸ੍ਰੀਗਣੇਸ਼ ਦੀਵਾ ਬਾਲ਼ੇ ਬਗ਼ੈਰ ਸੰਪੰਨ ਨਹੀਂ ਮੰਨਿਆ ਜਾਂਦਾ। ਹਿੰਦੂਆਂ ਵਿਚ ਦੀਵਲੀ, ਇਸ ਤੋਂ ਕੁਝ ਦਿਨਾਂ ਬਾਅਦ ਸਿੱਖਾਂ ਦੇ ਪ੍ਰਕਾਸ਼ ਪੁਰਬ ਵਿਚ ਸੁਨੇਹਾ ਹੈ ਕਿ ਅੰਦਰੂਨੀ ਪ੍ਰਕਾਸ਼ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਹੈ।
ਮਹਾਤਮਾ ਬੁੱਧ ਦੇ ਕਹੇ ‘ਅੱਪ ਦੀਪੋ ਭਵ’ ਵਿਚ ਭਾਵ ਹੈ ਕਿ ਪ੍ਰਬੁੱਧ ਰਹਿਣ ਲਈ ਬਾਹਰਲੀ ਸਰੋਤ ’ਤੇ ਨਿਰਭਰ ਨਹੀਂ ਰਹਿਣਾ, ਆਪਣਾ ਦੀਪਕ ਖ਼ੁਦ ਬਣਨਾ ਹੈ। ਜੋ ਇਸ ਸੱਚਾਈ ’ਤੇ ਭਰੋਸਾ ਕਰਦਾ ਹੈ ਕਿ ਹਰ ਵਿਅਕਤੀ ਵਿਸ਼ਾਲ ਈਸ਼ਵਰੀ ਸ਼ਕਤੀ ਦਾ ਹੀ ਅੰਸ਼ ਹੈ, ਉਸ ਨੂੰ ਸੰਸਾਰਕ ਅੜਿੱਕਿਆਂ ਅਤੇ ਚੁਣੌਤੀਆਂ ਤੋਂ ਡਰ ਨਹੀਂ ਲੱਗੇਗਾ ਅਤੇ ਉਹ ਅਣਕਿਆਸੀਆਂ ਉੱਚਾਈਆਂ ’ਤੇ ਪਹੁੰਚੇਗਾ। ਅੰਦਰੋਂ ਉਪਜਣ ਵਾਲੇ ਪ੍ਰਕਾਸ਼ ਨੂੰ ਕੋਈ ਵੀ ਸ਼ਕਤੀ ਮਾਤ ਨਹੀਂ ਦੇ ਸਕਦੀ। ਇਸੇ ਲਈ ਮਹਾਪੁਰਖਾਂ ਨੇ ਕਿਹਾ ਹੈ, ‘‘ਆਪਣੇ-ਆਪ ਨੂੰ ਸੰਵਾਰਨ ਲਈ ਅੰਧਕਾਰ ਨੂੰ ਨਾ ਕੋਸੋ, ਖ਼ੁਦ ਪ੍ਰਕਾਸ਼ਮਾਨ ਹੋ ਜਾਓ।
-ਹਰੀਸ਼ ਬੜਥਵਾਲ