- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਸਾਹਿਬ ਦੇ ਜਨਮ ਤੋ ਪਹਿਲਾਂ ਕਈ ਦਹਾਕੇ ਪੰਜਾਬ ਕਿਸਾਨ ਲਹਿਰ ਦੀ ਜਕੜ ਵਿਚ ਰਿਹਾ ਇਹ ਉਹ ਸਮਾਂ ਸੀ ਜਦੋਂ ਮੱਧ ਕਾਲ ਵੱਲੋਂ ਆਧੁਨਿਕ ਸਮੇਂ ਵੱਲ ਆਉਣ ਦਾ ਅਮਲ ਸ਼ੁਰੂ ਹੋਇਆ।

ਭਾਰਤ ਦੇ ਉੱਘੇ ਸਪੂਤ, ਮਹਾਨ ਕਵੀ ਤੇ ਚਿੰਤਕ, ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ 550ਵਾਂ ਆਗਮਨ ਦਿਵਸ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸਾਰੇ ਸੰਸਾਰ ਵਿਚ ਨਾਨਕ ਨਾਮ ਲੇਵਾ ਜਗਤ ਮਨਾ ਰਿਹਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਕਾਲ ਤੇ ਉਸ ਤੋਂ ਪਹਿਲੇ ਸਮੇਂ ਵਿਚ ਵਾਪਰੀਆਂ ਲੋਕ ਲਹਿਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਦ ਹੀ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਅੰਤਰੀਵ ਭਾਵ ਸਮਝ ਕੇ ਸਾਰਥਕ ਸਿੱਟੇ 'ਤੇ ਪਹੁੰਚ ਸਕਦੇ ਹਾਂ।
ਗੁਰੂ ਨਾਨਕ ਸਾਹਿਬ ਦੇ ਜਨਮ ਤੋ ਪਹਿਲਾਂ ਕਈ ਦਹਾਕੇ ਪੰਜਾਬ ਕਿਸਾਨ ਲਹਿਰ ਦੀ ਜਕੜ ਵਿਚ ਰਿਹਾ ਇਹ ਉਹ ਸਮਾਂ ਸੀ ਜਦੋਂ ਮੱਧ ਕਾਲ ਵੱਲੋਂ ਆਧੁਨਿਕ ਸਮੇਂ ਵੱਲ ਆਉਣ ਦਾ ਅਮਲ ਸ਼ੁਰੂ ਹੋਇਆ। ਇਹ ਅਮਲ ਲੋਕਾਂ ਦੀਆਂ ਵਿਸ਼ਾਲ ਜਮਹੂਰੀ ਲਹਿਰਾਂ ਵਿਚ ਪ੍ਰਗਟ ਹੋਇਆ। ਦੱਖਣ ਵਿਚ ਧਾਰਮਿਕ-ਸੁਧਾਰਕ ਲਹਿਰ ਦੇ ਵਿਚਾਰਦਾਤਾ ਪ੍ਰਸਿਧ ਸੰਤ ਕਵੀ ਨਾਮਦੇਵ (1270-1350) ਸਨ, ਉਨ੍ਹਾਂ ਨੇ ਆਪਣੀ ਰਚਨਾ ਆਪਣੀ ਮਾਤ ਭਾਸ਼ਾ ਮਰਾਠੀ ਵਿਚ ਲਿਖੀ। ਭਗਤ ਨਾਮਦੇਵ ਜੀ ਨੇ ਪਰਮਾਤਮਾ ਦੇ ਹਜ਼ੂਰ ਸਭ ਦੇ ਬਰਾਬਰ ਹੋਣ ਦਾ ਐਲਾਨ ਕੀਤਾ ਅਤੇ ਦ੍ਰਿੜ੍ਹਤਾ ਨਾਲ ਜਾਤ-ਪਾਤ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ - ''ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨਾ ਜਾਨੈ ਕੋਇਲਾ।'' ਪੰਜਾਬ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਥੇ ਭਗਤੀ ਅਤੇ ਕ੍ਰਾਂਤੀਕਾਰੀ ਲਹਿਰ ਦੀ ਨੀਂਹ ਰੱਖੀ। ਨਾਮਦੇਵ ਜੀ ਦੀ ਇਸ ਸੋਚ ਸੁਦਕਾ ਗ਼ਰੀਬ ਕਾਰੀਗਰ, ਅਖੌਤੀ ਨੀਵੀਆਂ ਜਾਤਾਂ ਦੇ ਲੋਕ ਉਨ੍ਹਾਂ ਵੱਲ ਖਿੱਚੇ ਗਏ। 13ਵੀਂ ਸਦੀ ਵਿਚ ਹੀ ਪੰਜਾਬ 'ਚ ਸੂਫ਼ੀਮੱਤ ਦਾ ਸਰਗਰਮ ਪ੍ਰਚਾਰ ਹੋਇਆ। ਪਾਕਪਟਨ, ਪਾਕਿਸਤਾਨ ਵਿਚ ਸ਼ੇਖ਼ ਫ਼ਰੀਦ ਸਾਹਿਬ ਨੇ ਆਪਣੀ ਖ਼ਾਨਗਾਹ 'ਜਮਾਤਖ਼ਾਨਾ' ਕਾਇਮ ਕੀਤੀ, ਜਿੱਥੇ ਹਰ ਲੋੜਵੰਦ ਨੂੰ ਰਿਹਾਇਸ਼ ਤੇ ਖਾਣਾ ਮਿਲਦਾ ਸੀ। 'ਜਮਾਤਖ਼ਾਨੇ' ਵਿਚ ਹਰ ਇਕ ਨੂੰ ਬਰਾਬਰੀ ਦੇ ਆਧਾਰ 'ਤੇ ਕੰਮ ਕਰਨਾ ਪੈਂਦਾ, ਕਿਸੇ ਨੂੰ ਕੋਈ ਤਰਜੀਹ ਨਹੀਂ ਸੀ ਦਿੱਤੀ ਜਾਂਦੀ ਅਤੇ ਸਭ ਨੂੰ ਖਾਣਾ ਵੀ ਇੱਕੋ ਜਿਹਾ ਵੰਡਿਆ ਜਾਂਦਾ ਸੀ।
15ਵੀਂ ਸਦੀ ਤੇ 16ਵੀਂ ਸਦੀ ਦਾ ਪਹਿਲੇ ਅੱਧ ਦਾ ਸਮਾਂ ਭਾਰਤ ਦੇ ਇਤਿਹਾਸ ਵਿਚ ਸਾਮੰਤ ਵਿਰੋਧੀ ਘੋਲਾਂ ਦੇ ਬੇਹੱਦ ਤੀਖਣ ਹੋਣ ਕਰਕੇ ਉੱਘੜਵਾਂ ਹੈ। ਇਸ ਘੋਲ ਵਿਚ ਵੱਖ-ਵੱਖ ਸਮਾਜਿਕ ਵਰਗ, ਕਿਸਾਨ, ਵਪਾਰੀ, ਕਾਰੀਗਰ, ਸ਼ਹਿਰੀ ਲੋਕ ਅਨਿਆਂ ਤੇ ਧਕੜਸ਼ਾਹੀ ਤੋ ਬੇਹੱਦ ਦੁਖੀ ਸਨ ਅਤੇ ਵਰਗ-ਜਾਤ ਵੰਡ ਦੇ ਹੱਥੋਂ ਕਸ਼ਟ ਭੋਗ ਰਹੇ ਸਨ। ਸਿੱਖ ਮੱਤ 15ਵੀਂ ਤੇ 16ਵੀਂ ਸਦੀ ਦੀਆਂ ਭਗਤੀ ਲਹਿਰਾਂ ਵਿੱਚੋ ਇਕ ਸੀ। ਇਸ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਸੂਫ਼ੀ ਵਿਚਾਰਧਾਰਾ ਤੇ ਅਮਲ ਦਾ ਭਾਰੀ ਅਸਰ ਪਿਆ। ਕੋਈ ਸਬੱਬੀ ਗੱਲ ਨਹੀਂ ਕਿ ਸ਼ੇਖ਼ ਫ਼ਰੀਦ ਸਾਹਿਬ ਤੇ ਨਾਮਦੇਵ ਜੀ ਦੀ ਬਾਣੀ ਸਿੱਖਾਂ ਦੇ ਪਵਿੱਤਰ ਗ੍ਰੰਥ 'ਆਦਿ ਗ੍ਰੰਥ' ਵਿਚ ਸ਼ਾਮਲ ਕਰ ਲਈ ਗਈ। ਸਿੱਖ ਮੱਤ ਇਨ੍ਹਾਂ ਲਹਿਰਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਲਹਿਰ ਬਣ ਗਈ। ਧਾਰਮਿਕ ਸੁਧਾਰਕ ਲਹਿਰਾਂ ਵਿਚ ਵਖਰੇਵੇਂ ਦੇ ਬਾਵਜੂਦ ਜੋ ਗਲ ਸਾਂਝੀ ਸੀ, ਉਹ ਇਹ ਕਿ ਪਰਮਾਤਮਾ ਦੇ ਸਾਹਮਣੇ ਸਭ ਲੋਕ ਬਰਾਬਰ ਹਨ, ਭਾਵੇਂ ਉਹ ਕਿਸੇ ਧਰਮ ਦੇ ਵਿਸ਼ਵਾਸੀ ਹੋਣ। ਸਮਾਜਿਕ ਨਾਬਰਾਬਰੀ ਦੇ ਖ਼ਿਲਾਫ਼ ਰੋਸ ਅਤੇ ਇਸ ਤੋਂ ਛੁਟਕਾਰਾ ਪਾਉਣ ਦਾ ਨਾਅਰਾ ਗੁਰੂ ਸਾਹਿਬਾਨ ਦੀ ਸਿੱਖਿਆ ਵਿਚ ਪ੍ਰਗਟ ਹੋਇਆ ਮਿਲਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਜਮਹੂਰੀ ਸਿੱਖਿਆ ਨੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰਲੇ ਦਹਾਕਿਆਂ ਦੌਰਾਨ ਹੀ ਧਰਮ ਦੀ ਥਾਂ ਪ੍ਰਾਪਤ ਕਰ ਲਈ। ਉਨ੍ਹਾਂ ਦੀ ਸਿੱਖਿਆ ਮੁਸਲਮਾਨਾਂ ਤੇ ਹਿੰਦੂ ਸਾਮੰਤਸ਼ਾਹਾਂ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਤੇ ਕਾਰੀਗਰ ਵਰਗ ਦੇ ਘੋਲ ਬਣ ਗਏ। ਗੁਰੂ ਸਾਹਿਬ ਦੇ ਵਿਚਾਰ ਲੋਕਾਂ ਵਿਚ ਮਜ਼ਹਬੀ ਫੁੱਟ ਨੂੰ ਦੂਰ ਕਰਨ ਅਤੇ ਪੰਜਾਬੀ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋਏ। ਇਹ ਹਾਂ-ਪੱਖੀ ਰੋਲ ਬਾਅਦ ਵਿਚ ਅੰਗਰੇਜ਼ ਬਸਤੀਵਾਦ ਦੇ ਖ਼ਿਲਾਫ਼ ਆਜ਼ਾਦੀ ਦੇ ਘੋਲ ਵਿਚ ਵੀ ਪੰਜਾਬੀਆਂ ਨੇ ਅਦਾ ਕੀਤਾ।
ਗੁਰੂ ਨਾਨਕ ਸਾਹਿਬ ਦਾ ਜਨਮ 1469 ਵਿਚ ਪੰਜਾਬ ਵਿਚ ਲਾਹੌਰ ਦੇ ਨੇੜੇ ਇਕ ਛੋਟੀ ਜਿਹੀ ਥਾਂ ਤਲਵੰਡੀ ਵਿਖੇ ਇਕ ਛੋਟੇ ਵਪਾਰੀ ਦੇ ਪਰਿਵਾਰ ਵਿਚ ਹੋਇਆ। ਜਵਾਨੀ ਵਿਚ ਹੀ ਗੁਰੂ ਨਾਨਕ ਦੇਵ ਜੀ ਧਰਮ ਦੇ ਸਵਾਲਾਂ ਵਿਚ ਡੂੰਘੀ ਦਿਲਚਸਪੀ ਰੱਖਦੇ ਸਨ। ਮਗਰੋਂ ਉਹ ਮਰਦਾਨਾ ਨਾਂ ਦੇ ਆਪਣੇ ਸਾਥੀ ਨੂੰ ਨਾਲ ਲੈ ਕੇ ਭਾਰਤ ਰਟਨ ਕਰਦੇ ਰਹੇ। ਉਹ ਭਾਰਤ ਦੀਆਂ ਹੱਦਾਂ ਤੋਂ ਬਾਹਰ ਵੀ ਗਏ। ਜੀਵਨ ਦੇ ਆਖ਼ਰੀ ਸਾਲ ਗੁਰੂ ਸਾਹਿਬ ਕਰਤਾਰਪੁਰ ਆ ਵਸੇ, ਜਿੱਥੇ ਉਹ ਆਪਣੀਆਂ ਸਿੱਖਿਆਵਾਂ ਤੇ ਉਪਦੇਸ਼ ਦਿੰਦੇ ਰਹੇ।
ਪੰਜਾਬ ਦਾ ਦੂਜਾ ਮਹੱਤਵਪੂਰਨ ਹਿੱਸਾ ਲਹੌਰ ਸ਼ਹਿਰ ਤੇ ਸੂਬਾ ਗਜ਼ਨਵੀਆਂ ਦੀ ਰਾਜਧਾਨੀ ਰਿਹਾ ਅਤੇ ਭਾਰਤੀ ਇਸਲਾਮ ਦਾ ਕੇਂਦਰ ਸੀ। ਇਹ ਵੀ ਹੋਰਨਾਂ ਸ਼ਹਿਰਾਂ ਵਾਂਗੂ ਕੁਝ ਦੇਰ ਬਾਅਦ ਦਿੱਲੀ ਦੇ ਸ਼ਾਸ਼ਕਾਂ ਦੇ ਪ੍ਰਬੰਧ ਹੇਠ ਆ ਗਿਆ। ਇਸ ਤਰ੍ਹਾਂ ਲਗਪਗ ਸਾਰਾ ਪੰਜਾਬ ਦਿੱਲੀ ਦੇ ਸੁਲਤਾਨਾਂ ਹੇਠ ਆ ਗਿਆ। 15ਵੀਂ ਸਦੀ ਦੇ ਅਖ਼ੀਰ ਵਿਚ ਪੰਜਾਬ ਪ੍ਰਤੱਖ ਤੌਰ 'ਤੇ ਸਿੱਖ ਪ੍ਰਚਾਰ ਦਾ ਅਤੇ ਮਗਰੋਂ ਹਥਿਆਰਬੰਦ ਘੋਲ ਦਾ ਕੇਂਦਰ ਬਣ ਗਿਆ। ਇਹ ਘੋਲ ਆਜ਼ਾਦ ਸਿੱਖ ਰਾਜ ਕਾਇਮ ਕਰਨ ਵੱਲ ਲੈ ਗਿਆ। ਉਸ ਵੇਲੇ ਪੰਜਾਬ ਕੋਈ ਰਾਜਨੀਤਿਕ ਇਕਾਈ ਨਹੀਂ ਸੀ। ਇਸ ਦੇ ਵੱਖ-ਵੱਖ ਹਿਸੇ, ਜਿਵੇ ਸੂਬਾ ਮੁਲਤਾਨ, ਸੂਬਾ ਲਾਹੌਰ, ਸੂਬਾ ਜਲੰਧਰ ਤੇ ਪਹਾੜੀ ਰਾਜ ਸੂਦ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ।
1530-1555 ਤਕ ਹੋਈਆਂ ਜੰਗਾਂ ਵਿਚ ਉੱਤਰੀ ਭਾਰਤ ਦੇ ਹੋਰ ਇਲਾਕਿਆਂ ਵਿਚ ਪੰਜਾਬ ਵੀ ਜੰਗੀ ਸਰਗਰਮੀਆਂ ਦਾ ਅਖਾੜਾ ਬਣਿਆ ਰਿਹਾ। ਬਾਬਰ ਦੇ ਹਮਲੇ ਸਮੇਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਕਲਮਬੰਦ ਕੀਤਾ ਹੈ - 'ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ£' ਬਾਬਰ ਦੇ ਬੇਟੇ ਹਿਮਾਯੂੰ ਦੀ ਜਿੱਤ ਮਗਰੋਂ ਪੰਜਾਬ ਮੁਗ਼ਲ ਸਲਤਨਤ ਦਾ ਹਿੱਸਾ ਬਣ ਗਿਆ। ਲੜਾਈਆਂ ਕਾਰਨ ਕਿਸਾਨਾਂ ਤੇ ਸ਼ਹਿਰਾਂ ਦੇ ਵਪਾਰੀ ਤੇ ਕਾਰੀਗਰ ਸ਼੍ਰੇਣੀਆਂ ਦੀ ਹਾਲਤ ਦਿਨੋ ਦਿਨ ਭੈੜੀ ਹੁੰਦੀ ਗਈ। ਇਹ ਤਬਕਾ ਲਗਾਨ ਰਾਹੀਂ ਹੁੰਦੀ ਲੁੱਟ ਹੀ ਭੋਗ ਰਿਹਾ ਸੀ। ਰਾਹਦਾਰੀ ਤੋਂ ਇਲਾਵਾ ਚੁੰਗੀ-ਏ-ਗੱਲਾ, ਦਲਾਲੀ-ਏ-ਬਾਜ਼ਾਰ ਅਤੇ ਇਥੋਂ ਤਂਕ ਕਿ ਪੇਂਜਿਆਂ, ਤੇਲੀਆਂ ਤੇ ਨੱਚਣ-ਗਾਉਣ ਵਾਲਿਆਂ ਪਾਸੋਂ ਵੀ ਟੈਕਸ ਲਿਆ ਜਾਂਦਾ ਸੀ। ਅਦਾਲਤਾਂ 'ਚੋਂ ਇਨਸਾਫ਼ ਲੈਣ ਲਈ ਵੀ ਅਧਿਕਾਰੀਆਂ ਨੂੰ ਨਜ਼ਰਾਨੇ ਪੇਸ਼ ਕਰਨੇ ਪੈਂਦੇ ਸਨ। ਕਿਸਾਨ ਦੀ ਫ਼ਸਲ ਦਾ ਲਗਾਨ 3/4 ਹੁੰਦਾ ਸੀ ਅਤੇ ਸਖ਼ਤੀ ਨਾਲ ਇਸ ਦੀ ਵਸੂਲੀ ਕੀਤੀ ਜਾਂਦੀ ਸੀ। ਪੰਜਾਬ ਵਿਚ ਵਪਾਰੀ, ਦਸਤਕਾਰ ਵੱਸੋਂ ਤੇ ਕਿਸਾਨ ਇਨ੍ਹਾਂ ਸਰਕਾਰੀ ਜ਼ੁਲਮਾਂ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਸਨ। ਜੰਤਾ ਇਕ-ਦੂਸਰੇ ਖ਼ਿਲਾਫ਼ ਲੜ ਰਹੇ ਸਾਮੰਤੀਆਂ ਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਫ਼ੌਜਾਂ ਦੇ ਜ਼ੁਲਮਾਂ ਦੀ ਸ਼ਿਕਾਰ ਹੋ ਰਹੀ ਸੀ।
ਅਜਿਹੇ ਹਾਲਾਤ ਵੇਖ ਕੇ ਗੁਰੂ ਨਾਨਕ ਸਾਹਿਬ ਕਿਵੇਂ ਚੁੱਪ ਰਹਿ ਸਕਦੇ ਸਨ। ਉਨ੍ਹਾਂ ਨੇ ਅਜਿਹੇ ਤ੍ਰਾਸਦੀ ਭਰੇ ਹਾਲਾਤ ਦੇਖ ਕੇ ਆਪਣੀ ਬਾਣੀ ਵਿਚ 'ਰਾਜੇ ਸ਼ੀਹ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ£' ਦਾ ਵਰਨਣ ਕੀਤਾ। ਉਨ੍ਹਾਂ ਨੇ ਪਰਮਾਤਮਾ ਨੂੰ ਵੀ ਮਿਹਣਾ ਮਾਰਿਆ - ''ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ।।'' ਗੁਰੂ ਸਾਹਿਬ ਦੀ ਅਗਵਾਈ ਹੇਠ ਸਿੱਖ ਜਥੇਬੰਦ ਹੋਣ ਲੱਗੇ। ਉਨ੍ਹਾਂ ਦਾ ਪ੍ਰਮੁੱਖ ਤੇ ਸਭ ਤੋ ਸੋਹਣਾ ਵਿਚਾਰ ਲੋਕਾਂ ਦੀ ਬਰਾਬਰੀ ਦਾ ਐਲਾਨ ਕੀਤਾ ਜਾਣਾ ਸੀ, ਜਿਸ ਨਾਲ ਕਸ਼ਟ ਭੋਗ ਰਹੇ ਲੋਕ ਉਨ੍ਹਾਂ ਵੱਲ ਖਿੱਚੇ ਗਏ। ਗੁਰੂ ਨਾਨਕ ਸਾਹਿਬ ਦੀ ਸਿੱਖਿਆ 'ਪਰਮਾਤਮਾ ਸਰਬ ਵਿਆਪਕ ਹੈ' ਨੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਮ ਲੋਕਾਂ ਅੰਦਰ ਆਤਮਬਲ ਨੂੰ ਵਧਾਇਆ ਤੇ ਪਰਮਾਤਮਾ ਪ੍ਰਤੀ ਵਿਸ਼ਵਾਸ ਤੇ ਨੂੰ ਇੱਕੋ ਜਿਹਾ ਪ੍ਰਵਾਣਯੋਗ ਬਣਾਇਆ।
ਗੁਰੂ ਨਾਨਕ ਸਾਹਿਬ ਇਕ ਵਾਰ ਮੱਕੇ ਵੱਲ ਪੈਰ ਕਰਕੇ ਲੇਟ ਗਏ। ਮੁੱਲਾਂ ਨੇ ਦੇਖ ਲਿਆ, ਉਸ ਨੇ ਉਨ੍ਹਾਂ ਉੱਤੇ ਰੱਬ ਦੀ ਤੌਹੀਨ ਕਰਨ ਦਾ ਦੋਸ਼ ਲਗਾਇਆ ਗਿਆ। ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, 'ਤੇਰਾ ਖ਼ਿਆਲ ਹੈ ਕਿ ਮੈਂ ਰੱਬ ਦੇ ਘਰ ਵੱਲ ਪੈਰ ਕਰ ਕੇ ਸੌਂਦਾ ਹਾਂ ਤੇ ਉਸ ਪ੍ਰਤੀ ਬੇਅਦਬੀ ਦਿਖਾਉਂਦਾ ਹਾਂ ਤਾਂ ਤੂੰ ਕੋਸ਼ਿਸ਼ ਕਰ ਕੇ ਦੇਖ ਅਤੇ ਮੇਰੇ ਪੈਰਾਂ ਨੂੰ ਮੋੜ ਕੇ ਉਸ ਪਾਸੇ ਕਰ ਦੇ, ਜਿੱਧਰ ਰੱਬ ਨਹੀ ਵੱਸਦਾ। ਸੱਚਾ ਵਿਸ਼ਵਾਸ, ਇਕ ਚੀਜ਼ ਹੈ, ਜਿਹੜੀ ਤਪ ਕਰਨ ਨਾਲ ਨਿਰਜਿੰਦ ਬੁੱਤਾਂ ਦੀ ਪੂਜਾ ਕਰਨ ਤੇ ਤੀਰਥ ਯਾਤਰਾ ਕਰਨ ਦੀ ਥਾਂ ਲੈ ਲੈਂਦਾ ਹੈ।
ਇਕ ਵਾਰ ਗੁਰੂ ਨਾਨਕ ਸਾਹਿਬ ਨੇ ਦੇਖਿਆ ਕਿ ਗੰਗਾ ਵਿਚ ਇਸ਼ਨਾਨ ਕਰਦਿਆਂ ਲੋਕ ਆਪਣੇ ਮਰ ਚੁੱਕੇ ਵੱਡੇ-ਵਡੇਰਿਆਂ ਦੇ ਨਾਂ ਲੈ ਕੇ ਚੜ੍ਹਦੇ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਹਨ। ਇਹ ਦੇਖ ਕੇ ਉਨ੍ਹਾਂ ਨੇ ਪੱਛਮ ਵੱਲ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਉਨ੍ਹਾਂਜਵਾਬ ਦਿੱਤਾ ਕਿ ਮੈਂ ਪੰਜਾਬ ਵਿਚ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ ਹਾਂ, ਜੇ ਤੁਸੀਂ ਮਰ ਚੁੱਕੇ ਬੰਦਿਆਂ ਤਕ ਸਵਰਗ ਵਿਚ ਪਾਣੀ ਪਹੁੰਚਾ ਸਕਦੇ ਹੋ ਤਾਂ ਜ਼ਮੀਨ ਉੱਤੇ ਕਿਸੇ ਵੀ ਥਾਂ ਤਕ ਪਾਣੀ ਪਹੁੰਚਾਉਣਾ ਹੋਰ ਵੀ ਸੌਖਾ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖਾਂ ਵਿਚਕਾਰ ਸਬੰਧਾਂ ਦੀ ਬੁਨਿਆਦ ਵਜੋਂ ਸ਼ੁਭ ਕਰਮਾਂ ਦੇ ਸੋਹਲੇ ਗਾਏ। ਉਨ੍ਹਾਂ ਨੇ ਕਿਰਤ ਨੂੰ ਲਾਜ਼ਮੀ ਤੇ ਸ਼ੁੱਭ ਕਰਮ ਦੱਸਿਆ, ਜਿਹੜਾ ਹਰ ਸਿੱਖ ਲਈ ਕਰਨਾ ਲਾਜ਼ਮੀ ਹੈ। ਉਨ੍ਹਾਂ ਲਿਖਿਆ - ''ਘਾਲਿ ਖਾਇ ਕਿਛੁ ਹਥਉ ਦੇਇ, ਨਾਨਕ ਰਾਹ ਪਛਾਣਹਿ ਸੇਇ।।' ਕਿਰਤ ਕਰਨ ਵਿਚ ਸਰਗਰਮ ਹਿੱਸਾ ਲੈਣ ਦੇ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਸਦਾਚਾਰ ਦਾ ਮਹੱਤਵਪੂਰਨ ਅੰਗ ਸਮਝਦੇ ਸਨ। ਉਨ੍ਹਾਂ ਦੇ ਵਿਚਾਰਾਂ ਨੂੰ ਵਪਾਰੀਆਂ, ਦਸਤਕਾਰਾਂ ਤੇ ਕਿਸਾਨਾਂ ਪਾਸੋਂ ਵੱਡਾ ਹੁੰਗਾਰਾ ਮਿਲਿਆ। ਗੁਰੂ ਨਾਨਕ ਸਾਹਿਬ ਦੀ ਰਚਨਾ ਆਪਣੇ ਲੋਕਾਂ ਦੇ ਜੀਵਨ ਨਾਲ ਉਨ੍ਹਾਂ ਦੀ ਮੁਸ਼ਕਲ ਹੋਣੀ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਸੀ। ਇਸ ਵਿਚ ਹੈਰਾਨੀ ਨਹੀਂ ਕਿ ਸਿੱਖ ਮੱਤ ਦੇ ਉਪਦੇਸ਼ਕ ਦੀ ਬਾਣੀ ਵਿਚ ਉਸ ਸਮੇਂ ਦੀਆਂ ਰਾਜਸੀ ਘਟਨਾਵਾਂ ਸਾਮੰਤੀ-ਅਰਾਜਕਤਾ ਤੇ ਭਰਮਾਰ, ਤਬਾਹਕੁੰਨ ਜੰਗਾਂ ਦਾ ਪ੍ਰਗਟਾਅ ਹੋਇਆ ਮਿਲਦਾ ਹੈ - ''ਕਲਿ ਕਾਤੀ ਰਾਜੇ ਕਸਾਈ, ਧਰਮ ਪੰਖ ਕਰਿ ਉਡਰਿਆ।।''
ਸਾਧਾਰਨ ਲੋਕਾਂ ਦੀ ਤ੍ਰਾਸਦੀ ਬਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਭਰੀ ਪਈ ਹੈ, ਜਿਹੜੀ ਸਧਾਰਨ ਮਨੁੱਖ ਦੇ ਹਮਦਰਦੀ ਭਰੇ ਸਹਿਯੋਗ ਦਾ ਕਾਰਨ ਬਣੀ। ਗੁਰੂ ਨਾਨਕ ਸਾਹਿਬ ਨੂੰ ਏਨਾਂ ਜ਼ਿਆਦਾ ਦੁੱਖ ਹੁੰਦਾ ਹੈ ਕਿ ਉਹ ਆਪਣੇ ਪਿਆਰੇ ਪਰਮਾਤਮਾ ਨੂੰ ਕੌੜੇ ਲਫਜ਼ਾਂ ਵਿਚ ਇਥੋਂ ਤਕ ਕਹਿ ਗਏ - ''ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ।।''
ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਾ ਮੁੱਖ ਸੋਮਾ ਜਨਮ ਸਾਖੀਆਂ ਤੇ 'ਆਦਿ ਗ੍ਰੰਥ' ਵਿਚ ਸ਼ਾਮਲ ਉਨ੍ਹਾਂ ਦੀਆਂ ਵਿਚਾਰਧਾਰਕ ਕਿਰਤਾਂ ਹੀ ਹਨ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਅਖ਼ੀਰ ਵਿਚ ਇਕ ਧਨਾਢ ਸਿੱਖ ਨੇ ਗੁਰੂ ਨਾਨਕ ਸਾਹਿਬ ਨੂੰ ਰਾਵੀ ਦਰਿਆ ਦੇ ਸੱਜੇ ਕੰਢੇ ਜ਼ਮੀਨ ਦਾ ਟੋਟਾ ਭੇਟ ਕੀਤਾ। ਇਹ ਪਿੰਡ ਬਾਅਦ ਵਿਚ 'ਕਰਤਾਰਪੁਰ ਸਾਹਿਬ' ਬਣਿਆ। ਕਰਤਾਰਪੁਰ ਵਿਖੇ ਰਹਿੰਦਿਆਂ ਗੁਰੂ ਸਾਹਿਬ ਦੇ ਕਈ ਸਿੱਖ ਬਣ ਗਏ। ਉਨ੍ਹਾਂ ਵਿਚ ਗੁਰੂ ਸਾਹਿਬ ਦੇ ਆਪਣੇ ਪਿੰਡ ਦਾ ਮੁਖੀ ਰਾਏ ਬੁਲਾਰ, ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ, ਸੁਲਤਾਨਪੁਰ ਲੋਧੀ ਦਾ ਨਵਾਬ ਦੌਲਤ ਖ਼ਾਨ, ਭਾਈ ਲਾਲੋ ਜੀ, ਤੁਲੰਬਾ ਦਾ ਸ਼ੇਖ ਸੱਜਣ, ਬਨਾਰਸ ਦੇ ਦੋ ਪੰਡਿਤ ਕ੍ਰਿਸ਼ਨ ਲਾਲ ਤੇ ਹਰਲਾਲ, ਆਸਾਮ ਦੀ ਮੁਸਲਮਾਨ ਰਾਣੀ ਨੂਰ ਸ਼ਾਹ, ਸਿਆਲਕੋਟ ਦਾ ਮੂਲ ਚੰਦ, ਲਾਹੌਰ ਦਾ ਦੁਨੀ ਚੰਦ, ਕੱਥੂਨੰਗਲ ਦੇ ਬਾਬਾ ਬੁੱਢਾ ਜੀ, ਰਾਜਾ ਸ਼ਿਵ ਨਾਥ, ਲੋਹਾਰ ਹਰਸ਼ੂ, ਸਿਹਾਨ, ਕਸ਼ਮੀਰ ਦਾ ਬ੍ਰਹਮ ਦਾਸ ਆਦਿ ਕੁਝ ਅਹਿਮ ਨਾਂ ਹਨ।
ਗੁਰੂ ਸਾਹਿਬ ਦੀ ਸਿੱਖਿਆ ਮਾਨਵਤਾ ਵਾਲੀ ਹੈ। ਉਨ੍ਹਾਂ ਨੇ ਔਰਤਾਂ ਨੂੰ ਵੀ ਮਾਣ-ਸਤਿਕਾਰ ਬਖ਼ਸ਼ਿਆ - ''ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ।।'' ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਮਦ੍ਰਿਸ਼ਟ ਕਰ ਵੇਖਿਆ ਅਤੇ ਫੁਰਮਾਇਆ - ''ਸਭੈ ਸਾਂਝੀਵਾਲ ਸਦਾਇਣ, ਕੋਈ ਨਾ ਦਿਸੇ ਬਾਹਰਾ ਜੀਓ।।' ਗੁਰੂ ਸਾਹਿਬ ਦੇ ਇਨ੍ਹਾਂ ਵਿਚਾਰਾਂ ਨੂੰ ਅਮਲ ਵਿਚ ਲਿਆ ਕੇ ਹੀ ਅਸੀਂ ਸਹੀ ਅਰਥਾਂ ਵਿਚ ਉਨ੍ਹਾਂ ਦਾ 550ਵਾਂ ਆਗਮਨ ਦਿਵਸ ਮਨਾ ਰਹੇ ਹੋਵਾਂਗੇ।
- ਗਿਆਨੀ ਗੁਰਦੀਪ ਸਿੰਘ 'ਕੰਬੋਜ'
98558-44033