ਜੇ ਅਸੀਂ ਆਪਣੀ ਬਾਹਰਲੀ ਜ਼ਿੰਦਗੀ ਵਿਚ ਸ਼ਾਂਤੀ ਲੱਭਦੇ ਹਾਂ, ਤਦ ਸਾਨੂੰ ਕੁਝ ਹੀ ਪਲਾਂ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਨਿਸ਼ਚਿਤ ਤੌਰ ’ਤੇ ਸਾਡੇ ਜੀਵਨ ਵਿਚ ਅਜਿਹੇ ਮੌਕੇ ਵੀ ਆਉਂਦੇ ਹਨ ਜਦ ਅਸੀਂ ਆਪਣੇ ਨਜ਼ਦੀਕੀਆਂ ਨਾਲ ਖ਼ੁਸ਼ੀਆਂ ਮਨਾਉਂਦੇ ਹਾਂ ਜਾਂ ਕੁਝ ਪਲ ਅਜਿਹੇ ਹੁੰਦੇ ਹਨ ਜਦ ਅਸੀਂ ਆਪਣੀਆਂ ਪ੍ਰਾਪਤੀਆਂ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ।

ਇਸ ਦੁਨੀਆ ਦੇ ਸਾਰੇ ਲੋਕ ਸ਼ਾਂਤੀਪੂਰਨ ਜੀਵਨ ਜਿਉਣਾ ਚਾਹੁੰਦੇ ਹਨ। ਸ਼ਾਂਤੀ ਦਾ ਅਰਥ ਹਰੇਕ ਲਈ ਅਲੱਗ-ਅਲੱਗ ਹੈ। ਕੁਝ ਕੁ ਲਈ ਇਹ ਸੁਰੱਖਿਆ ਅਤੇ ਸਰੀਰਕ ਤਕਲੀਫ਼ ਅਰਥਾਤ ਬਿਮਾਰੀਆਂ ਦਾ ਨਾ ਹੋਣਾ ਹੈ। ਬਹੁਤ ਸਾਰੇ ਲੋਕਾਂ ਲਈ ਇਹ ਬਿਨਾਂ ਕਿਸੇ ਡਰ ਅਤੇ ਹਮਲੇ ਦੇ ਰਹਿਣਾ ਹੈ। ਜਦਕਿ ਕੁਝ ਕੁ ਲਈ ਇਹ ਅੰਦਰੂਨੀ ਸੰਤੁਸ਼ਟੀ ਦੀ ਅਵਸਥਾ ਵਿਚ ਰਹਿਣਾ ਹੈ। ਕੁਝ ਲੋਕ ਆਪਣੇ ਚਾਰੇ ਪਾਸੇ ਦੇ ਲੋਕਾਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਨੂੰ ਸ਼ਾਂਤੀ ਮੰਨਦੇ ਹਨ। ਜਦ ਅਸੀਂ ਵਿਸ਼ਵ ਪੱਧਰ ’ਤੇ ਸ਼ਾਂਤੀ ਨੂੰ ਦੇਖਦੇ ਹਾਂ ਤਦ ਅਸੀਂ ਇਸ ਨੂੰ ਯੁੱਧ, ਝਗੜੇ ਅਤੇ ਦੰਗੇ-ਫਸਾਦ ਦਾ ਨਾ ਹੋਣਾ ਮੰਨਦੇ ਹਾਂ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਅਨੇਕ ਲੋਕਾਂ ਦੁਆਰਾ ਲੰਬੇ ਸਮੇਂ ਤੋਂ ਚਲੀ ਆ ਰਹੀ ਸ਼ਾਂਤੀ ਦੀ ਖੋਜ ਦੇ ਬਾਵਜੂਦ ਇਸ ਨੂੰ ਪਾਉਣਾ ਸਾਨੂੰ ਕਾਲਪਨਿਕ ਜਿਹਾ ਲੱਗਦਾ ਹੈ ਕਿਉਂਕਿ ਬਹੁਤ ਘੱਟ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ-ਆਪ ਵਿਚ ਸ਼ਾਂਤੀ ਪ੍ਰਾਪਤ ਹੋਈ ਹੈ। ਵੈਸੇ ਇਸ ਧਰਤੀ ’ਤੇ ਅਜਿਹਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ ਜੋ ਸਾਨੂੰ ਹਮੇਸ਼ਾ ਦੀ ਸ਼ਾਂਤੀ ਦੇ ਸਕੇ। ਇਸ ਲਈ ਸਾਨੂੰ ਲੱਗਦਾ ਹੈ ਕਿ ਸ਼ਾਂਤੀ ਨੂੰ ਪਾਉਣਾ ਵਾਕਈ ਮੁਸ਼ਕਲ ਹੈ?
ਪਹਿਲਾਂ ਸਾਨੂੰ ਬਰੀਕੀ ਨਾਲ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਸ਼ਾਂਤੀ ਹੈ ਕੀ? ਸ਼ਬਦਕੋਸ਼ ਮੁਤਾਬਕ ਦੁੱਖ ਅਤੇ ਕਲੇਸ਼ ਤੋਂ ਛੁਟਕਾਰਾ ਪਾਉਣਾ ਹੀ ਸ਼ਾਂਤੀ ਹੈ ਅਤੇ ਇਹ ਇਕ ਅਜਿਹੀ ਅਵਸਥਾ ਹੈ ਜਿਸ ਵਿਚ ਸਕੂਨ ਅਤੇ ਖ਼ਾਮੋਸ਼ੀ ਹੁੰਦੀ ਹੈ। ਇਸੇ ਪਰਿਭਾਸ਼ਾ ਵਿਚ ਇਸ ਸਵਾਲ ਦਾ ਉੱਤਰ ਵੀ ਲੁਕਿਆ ਹੋਇਆ ਹੈ ਕਿ ਸ਼ਾਂਤੀ ਨੂੰ ਹਾਸਲ ਕਰਨਾ ਇੰਨਾ ਮੁਸ਼ਕਲ ਕਿਉਂ ਹੈ? ਜਦਕਿ ਅਸੀਂ ਦੇਖਦੇ ਹਾਂ ਕਿ ਜੀਵਨ ਅਤੇ ਦੁੱਖ ਨਾਲ-ਨਾਲ ਚੱਲਦੇ ਹਨ, ਭਾਵੇਂ ਹੀ ਕੋਈ ਗ਼ਰੀਬ ਹੋਵੇ ਜਾਂ ਅਮੀਰ, ਰਾਜਾ ਹੋਵੇ ਜਾਂ ਰੰਕ, ਸਭ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਦੂਜੀਆਂ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਤਾਂ ਅਜਿਹੀ ਅਵਸਥਾ ਵਿਚ ਅਸੀਂ ਸ਼ਾਂਤੀ ਨੂੰ ਕਿਵੇਂ ਪਾ ਸਕਦੇ ਹਾਂ?
ਜੇ ਅਸੀਂ ਆਪਣੀ ਬਾਹਰਲੀ ਜ਼ਿੰਦਗੀ ਵਿਚ ਸ਼ਾਂਤੀ ਲੱਭਦੇ ਹਾਂ, ਤਦ ਸਾਨੂੰ ਕੁਝ ਹੀ ਪਲਾਂ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਨਿਸ਼ਚਿਤ ਤੌਰ ’ਤੇ ਸਾਡੇ ਜੀਵਨ ਵਿਚ ਅਜਿਹੇ ਮੌਕੇ ਵੀ ਆਉਂਦੇ ਹਨ ਜਦ ਅਸੀਂ ਆਪਣੇ ਨਜ਼ਦੀਕੀਆਂ ਨਾਲ ਖ਼ੁਸ਼ੀਆਂ ਮਨਾਉਂਦੇ ਹਾਂ ਜਾਂ ਕੁਝ ਪਲ ਅਜਿਹੇ ਹੁੰਦੇ ਹਨ ਜਦ ਅਸੀਂ ਆਪਣੀਆਂ ਪ੍ਰਾਪਤੀਆਂ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ। ਜੇਕਰ ਦੇਖਿਆ ਜਾਵੇ ਤਾਂ ਅਜਿਹੇ ਪਲ ਕੁਝ ਸਮੇਂ ਲਈ ਹੀ ਹੁੰਦੇ ਹਨ।
ਇਹ ਸੁਭਾਵਕ ਹੈ ਕਿ ਸਾਡੀ ਜ਼ਿੰਦਗੀ ਫਿਰ ਤੋਂ ਦੁੱਖਾਂ ਅਤੇ ਪਰੇਸ਼ਾਨੀਆਂ ਨਾਲ ਭਰ ਜਾਂਦੀ ਹੈ। ਅਜਿਹੇ ਵਿਚ ਸਾਨੂੰ ਲੱਗਦਾ ਹੈ ਕਿ ਇਸ ਜੀਵਨ ਵਿਚ ਹਮੇਸ਼ਾ ਸ਼ਾਂਤੀ ਹਾਸਲ ਕਰਨਾ ਅਸੰਭਵ ਹੈ ਕਿਉਂਕਿ ਜ਼ਿਆਦਾਤਰ ਅਸੀਂ ਆਪਣੀ ਜ਼ਿੰਦਗੀ ਵਿਚ ਵਾਰੀ-ਵਾਰੀ ਸੁੱਖ ਅਤੇ ਦੁੱਖ ਦੇ ਪਲਾਂ ਤੋਂ ਗੁਜ਼ਰਦੇ ਹਾਂ। ਸੰਤਾਂ-ਮਹਾਪੁਰਖਾਂ ਮੁਤਾਬਕ ਇਹ ਪੱਕਾ ਹੈ ਕਿ ਅਸੀਂ ਸੱਚੀ ਸ਼ਾਂਤੀ ਇਸੇ ਜ਼ਿੰਦਗੀ ਵਿਚ ਹਾਸਲ ਕਰ ਸਕਦੇ ਹਾਂ।
ਆਮ ਤੌਰ ’ਤੇ ਅਸੀਂ ਬਾਹਰਲੀ ਦੁਨੀਆ ਵਿਚ ਸ਼ਾਂਤੀ ਦੀ ਤਲਾਸ਼ ਕਰਦੇ ਹਾਂ। ਅਸੀਂ ਇਸ ਨੂੰ ਆਪਣੀਆਂ ਭੌਤਿਕ ਵਸਤਾਂ, ਸਮਾਜਿਕ ਦਰਜੇ ਅਤੇ ਰਿਸ਼ਤੇ-ਨਾਤਿਆਂ ਵਿਚ ਲੱਭਦੇ ਹਾਂ ਪਰ ਇਨ੍ਹਾਂ ’ਚੋਂ ਕਿਸੇ ਦੇ ਗੁਆਚ ਜਾਣ ’ਤੇ ਅਸੀਂ ਹੰਝੂ ਕੇਰਨ ਲੱਗਦੇ ਹਾਂ ਜਿਸ ਨਾਲ ਕਿ ਸਾਡੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ।
ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਇਸ ਸੰਸਾਰ ਨੂੰ ਨਹੀਂ ਬਦਲ ਸਕਦੇ ਪਰ ਅਸੀਂ ਆਪਣੇ ਜੀਵਨ ਵਿਚ ਨਵਾਂ ਦਿਸਹੱਦਾ ਜੋੜ ਸਕਦੇ ਹਾਂ ਜਿਸ ਨਾਲ ਕਿ ਸ਼ਾਂਤੀ ਪ੍ਰਾਪਤ ਕੀਤੀ ਜਾ ਸਕੇ। ਸ਼ਾਂਤੀ ਸਾਡੇ ਅੰਦਰ ਮੌਜੂਦ ਹੈ। ਸਾਡੇ ’ਚੋਂ ਜ਼ਿਆਦਾਤਰ ਲੋਕ ਬਾਹਰਲੀ ਦੁਨੀਆ ਨੂੰ ਹੀ ਹਕੀਕਤ ਸਮਝਦੇ ਹਨ। ਸੰਤ-ਮਹਾਤਮਾ ਸਾਨੂੰ ਦੱਸਦੇ ਹਨ ਕਿ ਇਹ ਸੰਸਾਰ ਹੋਰ ਕੁਝ ਨਹੀਂ, ਮਹਿਜ਼ ਛਲਾਵਾ ਹੈ। ਸੱਚੀ ਸ਼ਾਂਤੀ ਤਦੇ ਸ਼ੁਰੂ ਹੁੰਦੀ ਹੈ ਜਦ ਸਾਡੀ ਆਤਮਾ ਪਿਤਾ-ਪਰਮੇਸ਼ਵਰ ਦਾ ਅਨੁਭਵ ਕਰਦੀ ਹੈ।
-ਸੰਤ ਰਾਜਿੰਦਰ ਸਿੰਘ