- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦ-ਬਾਣੀ ਦੀ ਵਿਲੱਖਣਤਾ ਹੈ ਕਿ ਵੱਖ-ਵੱਖ ਵਿਸ਼ਿਆਂ ਸਬੰਧੀ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਦੇ ਨਾਮਕਰਣ ਲਈ ਫ਼ਰੀਦ-ਬਾਣੀ ਦੇ ਵਾਕੰਸ਼ਾਂ ਨੂੰ ਢੁੱਕਵਾਂ ਤੇ ਪ੍ਰਮਾਣਿਕ ਮੰਨਦੇ ਹਨ।

ਫਰੀਦਾ ਬੁਰੇ ਦਾ ਭਲਾ ਕਰਿ
ਸੂਫ਼ੀ ਦਰਵੇਸ਼ਾਂ ਵਿਚ ਬਾਬਾ ਸ਼ੇਖ਼ ਫ਼ਰੀਦ ਸ਼੍ਰੋਮਣੀ ਹੋ ਗੁਜ਼ਰੇ ਹਨ। ਉਨ੍ਹਾਂ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਆਪ ਦੇ ਜੀਵਨ-ਕਾਲ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਪਰ ਸਰਬਸੰਮਤੀ ਨਾਲ ਉਨ੍ਹਾਂ ਦਾ ਸਮਾਂ 1173 ਤੋਂ 1266 ਈਸਵੀ ਮੰਨਿਆ ਗਿਆ ਹੈ। ਆਪ ਦਾ ਜਨਮ ਖੋਤਵਾਲ/ਕੋਠੇਵਾਲ, ਮੁਲਤਾਨ, ਪਾਕਿਸਤਾਨ ਵਿਖੇ ਸ਼ੇਖ਼ ਜਮਾਲੁਦੀਨ ਤੇ ਬੀਬੀ ਕੁਰਸੁਮ ਜੀ ਦੇ ਘਰ ਹੋਇਆ।
ਆਪ ਦੀਆਂ ਤਿੰਨ ਬੇਗ਼ਮਾਂ ਬੀਬੀ ਹਜ਼ਬਰਾ (ਸੁਲਤਾਨ ਬਲਬਨ ਦੀ ਬੇਟੀ), ਬੀਬੀ ਸ਼ਾਰਦਾ ਤੇ ਬੀਬੀ ਸ਼ਕਰ ਸਨ। ਆਪ ਦੇ ਪੰਜ ਪੁੱਤਰਾਂ ਤੇ ਤਿੰਨ ਧੀਆਂ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਵਿਚ ਖ੍ਵਾਜਾ ਨਸੀਰੁੱਦੀਨ, ਖ੍ਵਾਜਾ ਸ਼ਹਾਬੁੱਦੀਨ, ਸ਼ੇਖ ਬਦਰੁਦੀਨ ਸੁਲੇਮਾਨ, ਸ਼ੇਖ਼ ਨਿਜ਼ਾਮੁੱਦੀਨ, ਸ਼ੇਖ ਯਾਕੂਬ, ਬੀਬੀ ਮਸਤੂਰਾ, ਬੀਬੀ ਸ਼ਰੀਫ਼ਾਂ ਤੇ ਬੀਬੀ ਫ਼ਾਤਿਮਾ ਦੇ ਨਾਂ ਸ਼ਾਮਿਲ ਹਨ। ਬਾਬਾ ਫ਼ਰੀਦ ਜੀ ਦੇ ਬੇਟੇ-ਬੇਟੀਆਂ ਨੇ ਵੀ ਸੂਫ਼ੀ ਦਰਵੇਸ਼ੀ ਜੀਵਨ ਧਾਰਨ ਕੀਤਾ।
ਸ਼ੇਖ਼ ਫ਼ਰੀਦ ਜੀ ਦਾ ਪੂਰਾ ਨਾਂ ਸ਼ੇਖ ਫ਼ਰੀਦੁਦੀਨ ਮਸਊਦ ਗੰਜ-ਏ-ਸ਼ਕਰ ਸੀ। ਆਪ ਦੀ ਮਾਤਾ ਨੇ ਆਪ ਨੂੰ ਪੰਜ ਵੇਲੇ ਨਮਾਜ਼ ਅਦਾ ਕਰਨ ਦੀ ਚੇਟਕ ਲਾਈ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰੱਸੇ ਤੋਂ ਹਾਸਲ ਕੀਤੀ ਤੇ 18 ਸਾਲ ਦੀ ਉਮਰ 'ਚ ਮੁਲਤਾਨ ਆ ਕੇ ਅਰਬੀ, ਫ਼ਾਰਸੀ, ਕੁਰਾਨ, ਹਦੀਸ ਬਾਰੇ ਜਾਣਕਾਰੀ ਹਾਸਲ ਕੀਤੀ। ਮੁਲਤਾਨ ਰਹਿੰਦਿਆਂ ਉਹ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਮੁਖੀ ਖ੍ਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ ਨੂੰ ਮਿਲੇ ਤੇ ਪਿੱਛੋਂ ਇਸ ਸੂਫ਼ੀ ਸਿਲਸਿਲੇ ਦੀ ਵਾਗਡੋਰ ਸੰਭਾਲੀ।
ਸ਼ੇਖ ਫ਼ਰੀਦ ਜੀ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੌਰਾਨ ਪਾਕਪਟਨ ਤੋਂ ਸ਼ੇਖ ਬ੍ਰਹਮ ਪਾਸੋਂ ਹਾਸਲ ਕੀਤਾ। ਬਾਅਦ 'ਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਇਸ ਨੂੰ ਢੁਕਵਾਂ ਸਥਾਨ ਪ੍ਰਦਾਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਆਪ ਦੇ ਚਾਰ ਸ਼ਬਦ (ਦੋ ਰਾਗ ਆਸਾ ਵਿਚ, ਅੰਗ 488 ਤੇ ਦੋ ਰਾਗ ਸੂਹੀ ਵਿਚ, ਅੰਗ 794) ਅਤੇ 'ਸਲੋਕ ਸੇਖ ਫਰੀਦ ਕੇ' (ਅੰਗ 1377 ਤੋਂ 1384 ਤਕ) ਸਿਰਲੇਖ ਹੇਠ ਪ੍ਰਾਪਤ ਹੁੰਦੇ ਹਨ। ਇਨ੍ਹਾਂ 'ਚੋਂ 112 ਸ਼ਲੋਕ ਬਾਬਾ ਫ਼ਰੀਦ ਜੀ ਦੇ ਲਿਖੇ ਹਨ, ਜਦਕਿ 18 ਸ਼ਲੋਕ ਵੱਖ-ਵੱਖ ਗੁਰੂ ਸਾਹਿਬਾਨ ਦੁਆਰਾ ਰਚੇ ਹੋਏ ਹਨ। ਬਾਬਾ ਫ਼ਰੀਦ ਜੀ ਇਸਲਾਮ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੀ ਰਚਨਾ 'ਚ ਇਸਲਾਮਿਕ ਸ਼ਬਦਾਵਲੀ ਦੀ ਬਹੁਤਾਤ ਹੈ, ਜਿਵੇਂ ਮਲਕੁ (ਮਲਕੁਲਮਉਤ), ਸ਼ੈਤਾਨ, ਨਮਾਜ਼, ਉਜੂ (ਵੁਜ਼ੂ), ਦੋਜ਼ਕ, ਸਬਰ, ਰਜ਼ਾ, ਜੀਰਾਣ, ਗੋਰ, ਮੁਸੱਲਾ, ਸੂਫ਼, ਦਰਵੇਸ਼, ਅਜ਼ਰਾਈਲ, ਖ਼ੁਦਾਇ ਆਦਿ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਹਨ। ਉਨ੍ਹਾਂ ਦੀ ਬਾਣੀ 'ਚ ਇਸ਼ਕ, ਬਿਰਹਾ, ਸਬਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਖਿਮਾ, ਮਿੱਠਾ ਬੋਲਣਾ, ਪ੍ਰਭੂ ਭਗਤੀ, ਨਾਸ਼ਮਾਨਤਾ, ਨੇਕੀ ਆਦਿ ਵਿਸ਼ੇ ਪ੍ਰਮੁੱਖ ਹਨ :
ਨੇਕੀ
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।।
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।। (ਸ਼ਲੋਕ 7)
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨਾ ਹਢਾਇ।।
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਏ।। (ਸ਼ਲੋਕ 78)
ਸਬਰ ਸੰਤੋਖ
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।।
ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ।। (ਸ਼ਲੋਕ 29)
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ।।
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ (ਸ਼ਲੋਕ 116)
ਮਿੱਠਾ ਬੋਲਣਾ
ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।।
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।। (ਸ਼ਲੋਕ 129)
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾਂ।।
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ।। (ਸ਼ਲੋਕ 130)
ਭੇਖ ਤੋਂ ਮੁਕਤੀ
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ।।
ਬਾਹਰਿ ਦਿਸੈ ਚਾਨਣਾ ਦਿਲ ਅੰਧਿਆਰੀ ਰਾਤਿ।। (ਸ਼ਲੋਕ 50)
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।।
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।। (ਸ਼ਲੋਕ 61)
ਫ਼ਰੀਦ-ਬਾਣੀ ਦੀ ਵਿਲੱਖਣਤਾ ਹੈ ਕਿ ਵੱਖ-ਵੱਖ ਵਿਸ਼ਿਆਂ ਸਬੰਧੀ ਲਿਖਣ ਵਾਲੇ ਲੇਖਕ ਆਪਣੀਆਂ ਰਚਨਾਵਾਂ ਦੇ ਨਾਮਕਰਣ ਲਈ ਫ਼ਰੀਦ-ਬਾਣੀ ਦੇ ਵਾਕੰਸ਼ਾਂ ਨੂੰ ਢੁੱਕਵਾਂ ਤੇ ਪ੍ਰਮਾਣਿਕ ਮੰਨਦੇ ਹਨ। ਕੁਝ ਅਜਿਹੀਆਂ ਪੁਸਤਕਾਂ ਤੇ ਲੇਖਕਾਂ ਦੇ ਨਾਂ ਦੇ ਕੇ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ : 'ਏਹੁ ਹਮਾਰਾ ਜੀਵਣਾ, ਖੜਾ ਪੁਕਾਰੇ ਪਾਤਣੀ, ਦੁਨੀ ਸੁਹਾਵਾ ਬਾਗ (ਦਲੀਪ ਕੌਰ ਟਿਵਾਣਾ); ਬਿਰਹਾ ਤੂੰ ਸੁਲਤਾਨ (ਸ਼ਿਵ ਕੁਮਾਰ ਬਟਾਲਵੀ); ਬੇੜਾ ਬੰਧਿ ਨਾ ਸਕਿਓ (ਸੰਤ ਸਿੰਘ ਸੇਖੋਂ); ਰੁੱਖਾਂ ਦੀ ਜੀਰਾਂਦ (ਗੁਰਬਖਸ਼ ਸਿੰਘ ਪ੍ਰੀਤਲੜੀ); ਸੁਕ ਗਏ ਕੁਮਲਾਇ (ਗੁਰਦਿਆਲ ਸਿੰਘ ਫੁੱਲ); ਕੰਧੀ ਉੱਤੇ ਰੁਖੜਾ (ਸੁਰਜੀਤ ਸਿੰਘ ਸੇਠੀ); ਬਾਰਿ ਪਰਾਏ ਬੈਸਣਾ (ਪਾਂਧੀ ਨਨਕਾਣਵੀ); ਵਣ ਕੰਬਿਆ (ਸੁਖਪਾਲਵੀਰ ਸਿੰਘ ਹਸਰਤ) ਆਦਿ।
ਬਾਬਾ ਫਰੀਦ ਜੀ ਦੇ ਪਾਵਨ ਚਰਨਾਂ ਨਾਲ ਵਰੋਸਾਈ ਧਰਤੀ ਫ਼ਰੀਦਕੋਟ ਵਿਖੇ ਕਈ ਵਰ੍ਹਿਆਂ ਤੋਂ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਹਰ ਸਾਲ 19 ਤੋਂ 23 ਸਤੰਬਰ ਤਕ ਮਨਾਇਆ ਜਾਂਦਾ ਹੈ। ਬਾਬਾ ਫ਼ਰੀਦ ਆਗਮਨ ਪੁਰਬ ਕਮੇਟੀ ਅਨੁਸਾਰ ਫ਼ਰੀਦ ਜੀ ਫ਼ਰੀਦਕੋਟ ਵਿਖੇ 23 ਸਤੰਬਰ 1215 ਨੂੰ ਆਏ। ਅੱਠ ਸਦੀਆਂ ਪਹਿਲਾਂ ਇਸ ਇਲਾਕੇ ਤੇ ਮੋਹਕਲ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸ ਨੇ ਮੋਹਕਲਗੜ੍ਹ ਨਾਂ ਦਾ ਕਿਲ੍ਹਾ ਬਣਵਾਇਆ। ਇਸ ਦੀ ਉਸਾਰੀ ਸਮੇਂ ਉਸ ਦੇ ਸਿਪਾਹੀਆਂ ਨੇ ਰਾਹ ਲੰਘਦੇ ਬਾਬਾ ਫ਼ਰੀਦ ਜੀ ਨੂੰ ਫੜ ਕੇ ਵਗਾਰ ਦੇ ਕੰਮ 'ਤੇ ਲਾ ਦਿੱਤਾ। ਇਕ ਦਰਵੇਸ਼ ਨੂੰ ਕੰਮ ਤੇ ਲਾਇਆ ਵੇਖ ਕੇ ਜਨਤਾ ਨੇ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਗ਼ਲਤੀ ਦੀ ਖਿਮਾ ਮੰਗੀ ਤੇ ਇਸ ਸ਼ਹਿਰ ਦਾ ਨਾਂ ਬਾਬਾ ਫ਼ਰੀਦ ਜੀ ਦੇ ਨਾਂ ਤੇ 'ਫ਼ਰੀਦਕੋਟ' ਰੱਖ ਦਿੱਤਾ। ਇਥੇ ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਸਤੰਬਰ 1969 ਵਿਚ ਹੋਈ ਸੀ। ਪਹਿਲਾਂ ਸਿਰਫ਼ ਇਕੋ ਦਿਨ ਹੀ ਇਹ ਪੁਰਬ ਮਨਾਇਆ ਜਾਂਦਾ ਸੀ, ਅੱਜ ਇਹ ਪੰਜ-ਛੇ ਦਿਨਾਂ ਦਾ ਹੈ।
ਫ਼ਰੀਦਕੋਟ ਵਿਖੇ ਕਿਲ੍ਹੇ ਦੇ ਬਿਲਕੁਲ ਨੇੜੇ ਟਿੱਲਾ ਬਾਬਾ ਫ਼ਰੀਦ ਸੁਭਾਏਮਾਨ ਹੈ। ਇਸ ਅਸਥਾਨ 'ਤੇ ਇਕ ਗੁਰਦੁਆਰਾ, ਮਸਜਿਦ, ਲੰਗਰ ਹਾਲ ਤੇ ਵਣ ਦਾ ਪੁਰਾਤਨ ਰੁੱਖ ਮੌਜੂਦ ਹੈ। ਸ਼ਹਿਰੋਂ ਬਾਹਰ ਫ਼ਰੀਦਕੋਟ-ਕੋਟਕਪੂਰਾ ਸੜਕ 'ਤੇ ਗੁਰਦੁਆਰਾ ਗੋਦੜੀ ਸਾਹਿਬ ਹੈ। ਬਾਬਾ ਜੀ ਨੇ ਲੀਰਾਂ ਦੀ ਬਣੀ ਗੋਦੜੀ 'ਤੇ ਇਥੇ ਵਿਸ਼ਰਾਮ ਕੀਤਾ ਸੀ। ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਸਥਾਨਕ ਕਮੇਟੀ ਕਰਦੀ ਹੈ, ਜਿਸ ਦੇ ਸਰਪ੍ਰਸਤ ਭਾਈ ਇੰਦਰਜੀਤ ਸਿੰਘ ਖ਼ਾਲਸਾ ਤੇ ਮੁੱਖ ਸੇਵਾਦਾਰ ਮਹੀਪ ਇੰਦਰ ਸਿੰਘ ਹਨ। ਸੰਨ 2000 ਤੋਂ ਕਮੇਟੀ ਵੱਲੋਂ ਬਾਬਾ ਫ਼ਰੀਦ ਜੀ ਦੀ ਯਾਦ 'ਚ ਸਨਮਾਨ ਵੀ ਦਿੱਤੇ ਜਾਂਦੇ ਹਨ।
- ਪ੍ਰੋ. ਨਵ ਸੰਗੀਤ ਸਿੰਘ
94176-92015