- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਬਟਾਲਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਕਰਕੇ ਦੁਨੀਆ ਭਰ ਵਿਚ ਪ੍ਰਸਿੱਧ ਹੈ । ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਦੋ ਪੱੁਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ। ਬਾਬਾ ਲਖਮੀ ਦਾਸ ਜੀ ਬਾਰੇ ਇਤਿਹਾਸ ’ਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ।

ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਬਟਾਲਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਕਰਕੇ ਦੁਨੀਆ ਭਰ ਵਿਚ ਪ੍ਰਸਿੱਧ ਹੈ । ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਦੋ ਪੱੁਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ। ਬਾਬਾ ਲਖਮੀ ਦਾਸ ਜੀ ਬਾਰੇ ਇਤਿਹਾਸ ’ਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਉਦਾਸੀਨ ਮਤ ਦੇ ਮੋਢੀ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੇ ਸ਼ਰਧਾਲੂ ਪੂਰੇ ਭਾਰਤ ਵਿਚ ਮਿਲਦੇ ਹਨ। ਬਟਾਲਾ ਤਹਿਸੀਲ ’ਚ ਪੈਂਦੇ ਪਿੰਡ ਨਾਨਕ ਚੱਕ ਦਾ ਨਾਂ ਬਾਬਾ ਸ਼੍ਰੀ ਚੰਦ ਜੀ ਦਾ ਤਪ ਅਸਥਾਨ ਹੋਣ ਕਰਕੇ ਦੁਨੀਆ ਭਰ ਵਿਚ ਪ੍ਰਸਿੱਧ ਹੈ ।
ਪਿੰਡ ਨਾਨਕ ਚੱਕ ਦੇ ਇਤਿਹਾਸ ਬਾਰੇ ਜਾਣਕਾਰੀ ਅਨੁਸਾਰ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਦ ਮੀਆਂ ਮੀਰ ਨੂੰ ਪੱੁਛਿਆ ਕਿ ਜਿਸ ਤਰ੍ਹਾਂ ਮੈਂ ਇਸ ਸਮੇਂ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹਾਂ, ਕੀ ਤੁਹਾਡਾ ਵੀ ਕੋਈ ਪੀਰਾਂ ਦਾ ਪੀਰ ਹੈ ਤਾਂ ਮੀਆਂ ਮੀਰ ਜੀ ਨੇ ਕਿਹਾ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਸਾਡੇ ਪੀਰਾਂ ਦੇ ਪੀਰ ਤੇ ਅੱਲ੍ਹਾ ਦਾ ਰੂਪ ਹਨ ਜੋ ਕਿ ਇਸ ਸਮੇਂ ਨਾਨਕ ਚਕ ’ਚ ਹਨ। ਬਾਦਸ਼ਾਹ ਨੇ ਮਿਲਣ ਦੀ ਚਾਹਤ ਕੀਤੀ ਤੇ ਹਾਥੀ ਦੀ ਸ਼ਾਹੀ ਸਵਾਰੀ ਨਾਨਕ ਚਕ ਬਾਬਾ ਜੀ ਕੋਲ ਲਾਹੌਰ ਆਉਣ ਲਈ ਭੇਜੀ। ਬਾਬਾ ਜੀ ਨੇ ਕਿਹਾ ਕਿ ਸਾਡੀ ਲੋਈ ਹਾਥੀ ਉੱਪਰ ਰੱਖੋ, ਅਸੀਂ ਵੀ ਆਉਂਦੇ ਹਾਂ। ਲੋਈ ਹਾਥੀ ਉੱਪਰ ਰੱਖੀ ਤਾਂ ਹਾਥੀ ਜ਼ਮੀਨ ਵਿਚ ਧਸ ਗਿਆ ਤੇ ਚੀਕਾਂ ਮਾਰਨ ਲੱਗ ਪਿਆ। ਬਾਬਾ ਜੀ ਨੇ ਕਿਹਾ ਕਿ ਹਾਥੀ ਤਾਂ ਸਾਡੀ ਲੋਈ ਦਾ ਭਾਰ ਨਹੀ ਚੱਕ ਸਕਿਆ । ਸੋ ਤੁਸੀਂ ਜਾਓ, ਅਸੀਂ ਆਪੇ ਦਰਸ਼ਨ ਦਿਆਂਗੇ। ਬਾਬਾ ਜੀ ਆਕਾਸ਼ ਮਾਰਗ ਰਾਹੀ ਲਾਹੌਰ ਜਹਾਂਗੀਰ ਦੇ ਦਰਬਾਰ ਪਹੁੰਚ ਗਏ । ਜਹਾਂਗੀਰ ਦਾ ਪੁੱਤਰ ਕੋਠੇ ਤੋਂ ਡਿੱਗ ਕੇ ਮਰ ਗਿਆ। ਜਹਾਂਗੀਰ ਨੇ ਬਾਬਾ ਜੀ ਅੱਗੇ ਤਰਲਾ ਕੀਤਾ ਤਾਂ ਬਾਬਾ ਜੀ ਨੇ ਆਪਣੇ ਕੋਲੋਂ ਜਲ ਛਿੜਕ ਕੇ ਜ਼ਿੰਦਾ ਕਰ ਦਿੱਤਾ ਤੇ ਆਪ ਲੋਪ ਹੋ ਗਏ। ਬਾਦਸ਼ਾਹ ਰਾਣੀਆਂ ਸਮੇਤ ਹੀਰੇ ਜਵਾਹਰਾਤ ਲੈ ਕੇ ਬਾਬਾ ਜੀ ਕੋਲ ਨਾਨਕ ਚਕ ਵਿਚ ਆਪ ਆਏ ਪਰ ਬਾਬਾ ਜੀ ਨੇ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਾਦਸ਼ਾਹ ਜਹਾਂਗੀਰ ਨੇ 700 ਵਿੱਘੇ ਜ਼ਮੀਨ ਬਾਬਾ ਸ਼੍ਰੀ ਚੰਦ ਪਰਗਣਾ ਦੇ ਨਾਂ ’ਤੇ ਬਾਬਾ ਜੀ ਨੂੰ ਦੇ ਦਿੱਤੀ ਜੋ ਬਾਅਦ ਵਿਚ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਧਰਮ ਚੰਦ ਜੀ ਦੇ ਗਊਆਂ ਚਾਰਨ ਲਈ ਦੇ ਦਿੱਤੀ।
ਹਿਮਾਲਿਆ ਪਰਬਤ ਦੀਆਂ ਉੱਚੀਆਂ- ਉੱਚੀਆਂ ਚੋਟੀਆਂ ’ਤੇ ਬਾਬਾ ਗੋਰਖ ਨਾਥ ਦੇ 84 ਚੇਲਿਆਂ ਨੇ ਜਦ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਹੰਕਾਰ ਵਿਚ ਆ ਕੇ ਕਿਹਾ ਕਿ ਅਸੀਂ ਘੋਰ ਤਪੱਸਿਆ ਕੀਤੀ ਹੈ, ਸਾਡੇ ਤੋਂ ਵੱਧ ਕਰਨੀ ਵਾਲਾ ਕੌਣ ਹੈ। ਇਹ ਵੇਖਣ ਲਈ ਉਹ ਆਕਾਸ਼ ਮਾਰਗ ਰਾਹੀਂ ਨਾਨਕ ਚਕ ਆ ਪਹੁੰਚੇ ਜਿੱਥੇ ਬਾਬਾ ਜੀ ਪ੍ਰਭੂ ਭਗਤੀ ਵਿਚ ਲੀਨ ਸਨ। ਉਨ੍ਹਾਂ ਨੇ ਬਾਬਾ ਜੀ ਨਾਲ ਬਚਨ ਕੀਤੇ ਤੇ ਭੋਜਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਭਾਈ ਕਮਲੀਆ ਜੀ ਨੂੰ ਨਾਲ ਦੇ ਪਿੰਡ ਕਾਦਰਾਬਾਦ ਵਿਚ ਭਿਖਿਆ ਲਈ ਭੇਜਿਆ । ਸਿੱਧਾਂ ਨੇ ਕਰਾਮਾਤ ਨਾਲ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਤੇ ਕਿਸੇ ਘਰੋਂ ਕੁਝ ਵੀ ਭਿਖਿਆ ਨਾ ਮਿਲੀ। ਦੁਖੀ ਹੋ ਕੇ ਭਾਈ ਕਮਲੀਆ ਜੀ ਨੇ ਸਰਾਪ ਦੇ ਦਿੱਤਾ ਕਿ ਪਿੰਡ ਥੇਹ ਹੋ ਜਾਏ। ਉਨ੍ਹਾਂ ਨੇ ਆ ਕੇ ਸਾਰੀ ਗੱਲ ਬਾਬਾ ਜੀ ਨੂੰ ਸੁਣਾਈ । ਬਾਬਾ ਜੀ ਨੇ ਕਿਹਾ ਕਿ ਕਸੂਰ ਸਿੱਧਾਂ ਦਾ ਹੈ, ਪਿੰਡ ਵਾਸੀਆਂ ਦਾ ਨਹੀਂ ਪਰ ਤੁਹਾਡਾ ਵਚਨ ਖ਼ਾਲੀ ਨਹੀਂ ਜਾਵੇਗਾ। ਪਿੰਡ ਵਾਸੀਆਂ ਨੂੰ ਹੋਕਾ ਦੇ ਦਿਓ ਕਿ ਪਿੰਡ ਖ਼ਾਲੀ ਕਰ ਦਿਓ ਕਿਉਂਕਿ ਕੁਝ ਕੁ ਸਮੇਂ ’ਚ ਪਿੰਡ ਥੇਹ ਹੋ ਜਾਵੇਗਾ। ਇਹ ਸਾਰਾ ਕੌਤਕ ਵੇਖ ਕੇ ਸਿੱਧ ਸ਼ਰਮਿੰਦੇ ਹੋ ਗਏ ਤੇ ਬਾਬਾ ਸ਼੍ਰੀ ਚੰਦ ਜੀ ਪਾਸੋਂ ਮਾਫ਼ੀ ਮੰਗੀ ਤੇ ਸਿੱਧ ਹੰਕਾਰ ਤਿਆਗ ਕੇ ਵਾਪਸ ਹਿਮਾਲਿਆ ਚਲੇ ਗਏ। ਵੇਖਦਿਆਂ-ਵੇਖਦਿਆਂ ਕਾਦਰਾਬਾਦ ਥੇਹ ਹੋ ਗਿਆ ।
ਪਿੰਡ ਵਾਸੀਆਂ ਨੇ ਬਾਬਾ ਜੀ ਕੋਲੋਂ ਮਾਫ਼ੀ ਮੰਗੀ ਤਾਂ ਬਾਬਾ ਜੀ ਨੇ ਕਿਹਾ ਕਿ ਜਦ ਇਸ ਬੋਹੜ ਦੀਆਂ ਜੜ੍ਹਾਂ ਥੇਹ ਤਕ ਪਹੁੰਚਣਗੀਆਂ ਤਾਂ ਇਹ ਪਿੰਡ ਵਸੇਗਾ। ਬਾਬਾ ਜੀ ਦੇ ਵਰ ਸਦਕਾ ਤਪ ਅਸਥਾਨ ਨਾਨਕ ਚਕ ਤੋਂ ਇਕ ਕਿਲੋਮੀਟਰ ਦੀ ਦੂਰੀ ’ਤੇ ਜਦੋਂ ਬੋਹੜ ਦੀਆਂ ਜੜ੍ਹਾਂ ਪਹੁੰਚੀਆਂ ਤਾਂ ਇਹ ਪਿੰਡ ਕਾਦਰਾਬਾਦ ਫਿਰ ਤੋਂ ਆਬਾਦ ਹੋ ਗਿਆ। ਇੱਥੇ ਹੀ ਬਾਬਾ ਸ਼੍ਰੀ ਚੰਦ ਜੀ ਨੇ ਸਿਧ ਗੋਸਟਿ ਸਮੇਂ ਆਪਣੀ ਪਵਿੱਤਰ ਬਾਣੀ ਮਾਤਰਾ ਸ਼ਾਸਤਰ ਦਾ ਉਚਾਰਨ ਕੀਤਾ। ਇਸ ਪਵਿੱਤਰ ਅਸਥਾਨ ’ਤੇ ਪੁਰਾਤਨ ਮੰਦਰ ਬਣਿਆ ਹੋਇਆ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੋਂ ਇਕ- ਦੋ ਦਿਨ ਬਾਅਦ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ । ਦੇਸ਼- ਵਿਦੇਸ਼ ਤੋਂ ਸਾਧੂ- ਸੰਤ ਇੱਥੇ ਪਹੁੰਚਦੇ ਹਨ। ਹਵਨ ਯੱਗ ਆਦਿ ਹੁੰਦੇ ਹਨ ਤੇ ਬਾਬਾ ਜੀ ਦੀ ਆਰਤੀ (ਓਮ ਜੈ ਸ਼੍ਰੀ ਚੰਦ ਦੇਵਾ, ਸੁਆਮੀ ਸ਼੍ਰੀ ਚੰਦ ਦੇਵਾ ) ਗਾਈ ਜਾਂਦੀ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਸਥਾਨ ’ਤੇ ਅਥਾਹ ਵਿਸ਼ਵਾਸ ਹੈ । ਸ਼ਰਧਾਲੂ ਹਵਨ ਕੁੰਡ ’ਚੋਂ ਰਾਖ ਲੈ ਕੇ ਜਾਂਦੇ ਹਨ, ਜੋ ਦੁੱਖਾਂ ਤੇ ਰੋਗਾਂ ਦਾ ਨਾਸ ਕਰਦੀ ਹੈ। ਮੌਜੂਦਾ ਗੱਦੀ ਨਸ਼ੀਨ ਮਹੰਤ ਤਿਲਕ ਦਾਸ ਜੀ ਦੇ ਅਨੁਸਾਰ ਇਸ ਸਾਲ ਇਹ ਪੁਰਬ 13 ਸਤੰਬਰ ਤੋਂ 16 ਸਤੰਬਰ ਤਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਹਰਾ-ਭਰਾ ਹੋਇਆ ਬੋਹੜ ਦਾ ਰੁੱਖ
ਦੂਜੀ ਸਾਖੀ ਅਨੁਸਾਰ ਇੱਥੇ ਬਾਬਾ ਜੀ ਭਗਤੀ ਕਰਦੇ ਸਨ। ਮਾਈ ਹਰੋ ਬਾਬਾ ਜੀ ਦੀ ਸੇਵਾ ਕਰਦੀ ਸੀ। ਇਕ ਦਿਨ ਬਾਬਾ ਜੀ ਨੇ ਮਾਈ ਹਰੋ ਦੀ ਸੇਵਾ ਤੋਂ ਖ਼ੁੁਸ਼ ਹੋ ਕੇ ਕਿਹਾ, “ਜਾ ਮਾਈ ਹਰੋ, ਹਰੀ ਭਰੀ ਹੋ ਜਾ।’’ ਮਾਈ ਹਰੋ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਵਿਧਵਾ ਹਾਂ, ਮੈਨੂੰ ਇਹ ਵਰ ਨਾ ਦਿਓ। ਬਾਬਾ ਜੀ ਨੇ ਬਲਦੀ ਬੋਹੜ ਦੀ ਲੱਕੜ ਗੱਡ ਦਿੱਤੀ ਤੇ ਕਿਹਾ ਕਿ ਜੇ ਮਾਈ ਹਰੋ ਹਰੀ- ਭਰੀ ਨਹੀਂ ਹੋ ਸਕਦੀ ਤਾਂ ਤੂੰ ਹਰਾ- ਭਰਾ ਹੋ ਜਾ । ਬੋਹੜ ਦਾ ਰੁੱਖ ਹਰਾ- ਭਰਾ ਹੋ ਗਿਆ ਕਿਉਂਕਿ ਬਾਬਾ ਜੀ ਦਾ ਵਰ ਕਦੇ ਖ਼ਾਲੀ ਨਹੀਂ ਸੀ ਜਾ ਸਕਦਾ। ਅੱਜ ਵੀ ਉਹ ਕਈ ਵਿੱਘਿਆਂ ਵਿਚ ਫੈਲਿਆ ਹੋਇਆ ਹੈ। ਬਾਬਾ ਸ਼੍ਰੀ ਚੰਦ ਜੀ ਦਾ ਮੰਦਰ ਨਾਨਕ ਚੱਕ ਵਿਚ ਮੌਜੂਦ ਹੈ।
- ਸੁਖਵਿੰਦਰ ਕੌਰ