ਮਨੁੱਖਤਾ ਦੀ ਸੇਵਾ
ਸਾਰੀਆਂ ਇੰਦਰੀਆਂ ਤੋਂ ਉਪਜੇ ਸੁੱਖ ਪਲ-ਛਿਣ ਦੇ ਹੁੰਦੇ ਹਨ ਤੇ ਅਖ਼ੀਰ ਦੁਖਦਾਈ ਹੀ ਹੋ ਨਿੱਬੜਦੇ ਹਨ। ਆਨੰਦ ਆਤਮਾ ਦਾ ਸੁਖਦ ਅਹਿਸਾਸ ਹੈ। ਇਸ ਦਾ ਸਰੋਤ ਹੋਣ ਕਾਰਨ ਪਰਮਾਤਮਾ ਦੀ ਇਹ ਸਮੁੱਚੀ ਸ੍ਰਿਸ਼ਟੀ ਆਨੰਦ ਦਾ ਵਿਸਥਾਰ ਹੈ। ਇਸ ਨਾਲ ਨੇੜਤਾ ਪਰਮਾਤਮਾ ਦੇ ਨੇੜੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ।
Publish Date: Sun, 26 Apr 2026 11:30 PM (IST)
Updated Date: Mon, 27 Apr 2026 07:40 AM (IST)
ਜੀਵਨ ਵਿਚ ਸਾਰਿਆਂ ਨੂੰ ਆਨੰਦ ਦੀ ਚਾਹਤ ਹੁੰਦੀ ਹੈ। ਆਮ ਤੌਰ ’ਤੇ ਆਨੰਦ ਸਮਝ ਕੇ ਜਿਨ੍ਹਾਂ ਭੌਤਿਕ ਸੁੱਖਾਂ ਵਿਚ ਮਨ ਦੀ ਪ੍ਰਵਿਰਤੀ ਦੇਖੀ ਜਾਂਦੀ ਹੈ, ਉਨ੍ਹਾਂ ਵਿਚ ਆਨੰਦ ਪ੍ਰਦਾਨ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਿਉਂਕਿ ਸਵਾਰਥ ਤੇ ਲੋਭ ਤੋਂ ਪ੍ਰੇਰਿਤ ਮਨ ਦੀ ਤ੍ਰਿਪਤੀ ਕਦੇ ਆਨੰਦ ਦੀ ਜਣਨੀ ਨਹੀਂ ਹੋ ਸਕਦੀ।
ਸਾਰੀਆਂ ਇੰਦਰੀਆਂ ਤੋਂ ਉਪਜੇ ਸੁੱਖ ਪਲ-ਛਿਣ ਦੇ ਹੁੰਦੇ ਹਨ ਤੇ ਅਖ਼ੀਰ ਦੁਖਦਾਈ ਹੀ ਹੋ ਨਿੱਬੜਦੇ ਹਨ। ਆਨੰਦ ਆਤਮਾ ਦਾ ਸੁਖਦ ਅਹਿਸਾਸ ਹੈ। ਇਸ ਦਾ ਸਰੋਤ ਹੋਣ ਕਾਰਨ ਪਰਮਾਤਮਾ ਦੀ ਇਹ ਸਮੁੱਚੀ ਸ੍ਰਿਸ਼ਟੀ ਆਨੰਦ ਦਾ ਵਿਸਥਾਰ ਹੈ। ਇਸ ਨਾਲ ਨੇੜਤਾ ਪਰਮਾਤਮਾ ਦੇ ਨੇੜੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਸੋ, ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਜੀਵਨ ਹੀ ਆਨੰਦ ਹੈ ਅਤੇ ਆਨੰਦ ਹੀ ਜੀਵਨ ਪਰ ਇਸ ਨੂੰ ਆਨੰਦਮਈ ਬਣਾ ਕੇ ਰੱਖਣਾ ਆਸਾਨ ਨਹੀਂ। ਇਸ ਦੇ ਲਈ ਸੰਵੇਦਨਾਤਮਕ ਦ੍ਰਿਸ਼ਟੀ ਚਾਹੀਦੀ ਹੈ ਜੋ ਜੜ-ਚੇਤਨ ਸਾਰਿਆਂ ਪ੍ਰਤੀ ਸੇਵਾ ਦਾ ਭਾਵ ਜਾਗਰਿਤ ਕਰ ਕੇ ਆਨੰਦ ਦਾ ਅਹਿਸਾਸ ਹੋਣ ਦੀ ਸਮਰੱਥਾ ਦੇ ਸਕੇ। ਇਹੀ ਆਨੰਦ ਪ੍ਰਾਪਤੀ ਦਾ ਸੂਤਰ ਹੈ।
ਗੁਰੂਦੇਵ ਰਵਿੰਦਰ ਨਾਥ ਟੈਗੋਰ ਕਹਿੰਦੇ ਹਨ-ਮੈਂ ਸੁਪਨਾ ਦੇਖਿਆ ਕਿ ਜੀਵਨ ਆਨੰਦ ਹੈ, ਜਾਗਿਆ ਤਾਂ ਪਤਾ ਲੱਗਾ ਕਿ ਸੇਵਾ ਵਿਚ ਹੀ ਆਨੰਦ ਹੈ। ਸੇਵਾ ਰਾਸ਼ਟਰ ਦੀ ਹੋਵੇ ਜਾਂ ਮਨੁੱਖਤਾ ਦੀ, ਪ੍ਰਕਿਰਤੀ ਦੀ ਹੋਵੇ ਜਾਂ ਵਾਤਾਵਰਨ ਦੀ, ਤਿਆਗ ਤੋਂ ਬਿਨਾਂ ਅਸੰਭਵ ਹੈ। ਇਸ ਲਈ ਰਾਜ ਕੁਮਾਰ ਸਿਧਾਰਥ ਨੇ ਗਿਆਨ ਪ੍ਰਾਪਤੀ ਦਾ ਸੰਕਲਪ ਲੈ ਕੇ ਜਗਤ ਦੀ ਭਲਾਈ ਲਈ ਰਾਜ-ਸੁੱਖਾਂ ਦਾ ਤਿਆਗ ਕਰ ਦਿੱਤਾ। ਉਨ੍ਹਾਂ ਨੂੰ ਪਤਾ ਸੀ ਕਿ ਸਵੈ-ਭਲਾਈ ਦਾ ਮਾਰਗ ਸਦਾ ਲੋਕ ਭਲਾਈ ਤੋਂ ਹੋ ਕੇ ਗੁਜ਼ਰਦਾ ਹੈ।
ਇਸੇ ਤੋਂ ਪ੍ਰਭਾਵਿਤ ਹੋ ਕੇ ਰਾਜ-ਭਾਗ ਦੇ ਵਿਸਥਾਰ ਲਈ ਭਿਆਨਕ ਕਤਲੇਆਮ ਕਰਨ ਵਾਲੇ ਸਮਰਾਟ ਅਸ਼ੋਕ ਦਾ ਹਿਰਦਾ ਪਰਿਵਰਤਿਤ ਹੋਇਆ। ਫਿਰ ਉਨ੍ਹਾਂ ਨੂੰ ਮਾਨਵਤਾ ਦੀ ਸੇਵਾ ਵਿਚ ਉਹ ਆਨੰਦ ਮਿਲਣ ਲੱਗਾ, ਜੋ ਰਾਜ-ਭਾਗ ਦੇ ਵਿਸਥਾਰ ਵਿਚ ਕਦੇ ਨਹੀਂ ਮਿਲਿਆ ਸੀ।
ਅਖ਼ੀਰ ਮਨੁੱਖਤਾ ਦੀ ਸੇਵਾ ਦਾ ਭਾਵ ਵਿਸਥਾਰਵਾਦ ਤੋਂ ਉਪਜੇ ਯੁੱਧ ’ਤੇ ਵਿਰਾਮ ਲਗਾ ਸਕਦਾ ਹੈ। ਅੱਜ ਸੰਸਾਰ ਵਿਚ ਜੰਗ ਕਾਰਨ ਖ਼ੂਨ-ਖ਼ਰਾਬੇ ਦੀ ਨਹੀਂ, ਬੁੱਧ ਦੀ ਅਹਿੰਸਾ, ਦਇਆ ਤੇ ਕਰੁਣਾ ਦੀ ਧਾਰਾ ਵਗਾਉਣ ਦੀ ਜ਼ਰੂਰਤ ਹੈ।
-ਡਾ. ਸੱਤਿਆਪ੍ਰਕਾਸ਼ ਮਿਸ਼ਰ