ਆਪਣੇ-ਆਪ ਨਾਲ ਤਾਲਮੇਲ
ਇਸ ਦਿਸ਼ਾ ਵਿਚ ਜ਼ਰੂਰੀ ਹੈ ਕਿ ਅਸੀਂ ਸੰਸਕਾਰਾਂ ਦੀਆਂ ਪਰਤਾਂ ਨੂੰ ਹਟਾ ਕੇ ਮੂਲ ਤੱਤ ਨੂੰ ਆਤਮਸਾਤ ਕਰ ਕੇ ਕੰਮ ਕਰੀਏ। ਇਸ ਤੋਂ ਬਾਅਦ ਸਾਡੇ ਸਾਰੇ ਕੰਮ ਦੈਵੀ ਕਿਰਪਾ ਨਾਲ ਹੋ ਕੇ ਖ਼ੁਦ ਦੈਵੀ ਕੰਮਾਂ ਦਾ ਰੂਪ ਧਾਰ ਲੈਂਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਕੁਦਰਤ ਇਕ ਸਹਿਯੋਗੀ ਯੰਤਰ ਦੇ ਰੂਪ ਵਿਚ ਕੰਮ ਕਰਦੀ ਹੈ।-ਆਦਿੱਤਿਆ ਨਾਰਾਇਣ ਅਵਸਥੀ।
Publish Date: Thu, 26 Feb 2026 08:03 AM (IST)
Updated Date: Thu, 26 Feb 2026 08:06 AM (IST)

ਜੇ ਅਸੀਂ ਊਰਜਾ ਦੇ ਸਿਧਾਂਤਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਊਰਜਾ ਘੱਟ ਤੋਂ ਘੱਟ ਵਿਰੋਧ ਦੇ ਸਿਧਾਂਤ ’ਤੇ ਕਿਰਿਆਸ਼ੀਲ ਹੁੰਦੀ ਹੈ। ਆਪਣੇ ਆਸ-ਪਾਸ ਦੇਖਣ ’ਤੇ ਇਹ ਸਮਝ ਆਉਂਦੀ ਹੈ ਕਿ ਅਸੀਂ ਵਿਰੋਧਾਂ ਨਾਲ ਘਿਰੇ ਹੋਏ ਹਾਂ। ਇਹ ਵਿਰੋਧ ਵਿਚਾਰਾਂ, ਸਾੜਿਆਂ ਅਤੇ ਵਿਵਹਾਰ ਦੇ ਰੂਪ ਵਿਚ ਸਾਡੇ ਅੰਦਰ ਇਸ ਤਰ੍ਹਾਂ ਉਪਜੇ ਹੋਏ ਹਨ ਕਿ ਅਨੰਤ ਸੰਭਾਵਨਾਵਾਂ ਹੋਣ ਦੇ ਬਾਵਜੂਦ ਅਸੀਂ ਅਕਸਰ ਤੰਗਦਿਲੀ ਦੇ ਸ਼ਿਕਾਰ ਰਹਿੰਦੇ ਹਾਂ। ਸ਼ਾਸਤਰਾਂ ਵਿਚ ਜ਼ਿਕਰ ਹੈ ‘ਯਤ ਪਿੰਡੇ ਤਤ ਬ੍ਰਹਮਾਂਡੇ’ ਅਰਥਾਤ ਜੋ ਜਗਤ ਵਿਚ ਵਿਆਪਤ ਹੈ, ਉਹੀ ਸਾਡੇ ਅੰਦਰ ਵੀ ਮੌਜੂਦ ਹੈ। ਇਹ ਵਿਚਾਰ ਕਹਿੰਦਾ ਹੈ ਕਿ ਜੋ ਪਰਮ ਤੱਤ ਸਾਡੇ ਅੰਦਰ ਮੌਜੂਦ ਹੈ, ਜਗਤ ਵੀ ਉਸ ਦਾ ਇਕ ਪ੍ਰਤੀਬਿੰਬ ਹੈ। ਇਸ ਤਰ੍ਹਾਂ ਜਗਤ ਦੀਆਂ ਸਾਰੀਆਂ ਸੰਭਾਵਨਾਵਾਂ ਸਾਡੇ ਤੋਂ ਵੱਖਰੀਆਂ ਨਹੀਂ ਹਨ ਅਤੇ ਅਸਲ ਵਿਚ ਇਹੀ ਉਪਨਿਸ਼ਦਾਂ ਦਾ ਸਾਰ ਵੀ ਹੈ। ਸਮੱਸਿਆ ਉਸ ਵੇਲੇ ਆਉਂਦੀ ਹੈ ਜਦੋਂ ਅਸੀਂ ਉਸ ਪਰਮ ਊਰਜਾ ਤੋਂ ਦੂਰ ਹੋ ਜਾਂਦੇ ਹਾਂ ਅਤੇ ਆਪਣੇ ਹਕੀਕੀ ਸਰੂਪ ਤੋਂ ਅਣਜਾਣ ਰਹਿੰਦੇ ਹਾਂ। ਜੀਵਨ ਦੇ ਸੰਘਰਸ਼, ਸਮੱਸਿਆਵਾਂ ਅਤੇ ਕਸ਼ਟ ਇੱਥੋਂ ਹੀ ਜਨਮ ਲੈਂਦੇ ਹਨ ਜੋ ਅੱਗੇ ਚੱਲ ਕੇ ਵੱਖ-ਵੱਖ ਰੂਪ ਧਾਰ ਲੈਂਦੇ ਹਨ। ਇਸ ਮੂਲ ਨੁਕਸ ਦਾ ਉਪਾਅ ਕੀਤੇ ਬਿਨਾਂ ਹੱਲ ਖੋਜਣਾ ਉਸੇ ਤਰ੍ਹਾਂ ਹੈ ਜਿਵੇਂ ਬਿਮਾਰੀ ਦੇ ਕੇਂਦਰ ਨੂੰ ਸਮਝੇ ਬਿਨਾਂ ਉਸ ਦੇ ਲੱਛਣਾਂ ਨੂੰ ਖ਼ਤਮ ਕਰਨਾ। ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਹਕੀਕੀ ਸਰੂਪ ਨਾਲ ਤਾਲਮੇਲ ਸਥਾਪਤ ਕਰੀਏ। ਜ਼ਰੂਰਤ ਹੈ ਕਿ ਅਸੀਂ ਜੀਵਨ ਵਿਚ ਗਿਆਨ ਨੂੰ ਸ਼ਾਮਲ ਕਰੀਏ। ਇਸ ਤੋਂ ਬਾਅਦ ਹੀ ਇਹ ਸੰਭਵ ਹੈ ਕਿ ਅਸੀਂ ਉਸ ਬ੍ਰਹਿਮੰਡ ਨਾਲ, ਉਸ ਪਰਮਾਨੰਦ ਨਾਲ ਏਕਾ ਸਥਾਪਤ ਕਰ ਸਕੀਏ। ਇਸ ਏਕਤਾ ਤੋਂ ਬਾਅਦ ਹੀ ਜਗਤ ਦੀ ਸਾਰੀ ਊਰਜਾ ਰੁਕਾਵਟ ਦੀ ਥਾਂ ਸਹਾਇਕ ਦੇ ਰੂਪ ਵਿਚ ਕੰਮ ਕਰਦੀ ਹੈ ਅਤੇ ਅਸੀਂ ਆਪਣੇ ਅਨੰਤ ਰੂਪ ਨੂੰ ਪ੍ਰਾਪਤ ਕਰ ਪਾਉਂਦੇ ਹਾਂ। ਇੱਥੋਂ ਹੀ ਮਹਾਨਤਾ ਜਨਮ ਲੈਂਦੀ ਹੈ। ਇਸ ਦਿਸ਼ਾ ਵਿਚ ਜ਼ਰੂਰੀ ਹੈ ਕਿ ਅਸੀਂ ਸੰਸਕਾਰਾਂ ਦੀਆਂ ਪਰਤਾਂ ਨੂੰ ਹਟਾ ਕੇ ਮੂਲ ਤੱਤ ਨੂੰ ਆਤਮਸਾਤ ਕਰ ਕੇ ਕੰਮ ਕਰੀਏ। ਇਸ ਤੋਂ ਬਾਅਦ ਸਾਡੇ ਸਾਰੇ ਕੰਮ ਦੈਵੀ ਕਿਰਪਾ ਨਾਲ ਹੋ ਕੇ ਖ਼ੁਦ ਦੈਵੀ ਕੰਮਾਂ ਦਾ ਰੂਪ ਧਾਰ ਲੈਂਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਕੁਦਰਤ ਇਕ ਸਹਿਯੋਗੀ ਯੰਤਰ ਦੇ ਰੂਪ ਵਿਚ ਕੰਮ ਕਰਦੀ ਹੈ।-ਆਦਿੱਤਿਆ ਨਾਰਾਇਣ ਅਵਸਥੀ।