- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਹੌਰ ਤੋਂ ਦੋਹਤੇ ਦੇ ਆਪਣੇ ਨਾਨਕੇ ਘਰ ਆਉਣ ਦੀ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ। ਪਿੰਡ ਦੇ ਬਹੁਤ ਸਾਰੇ ਨੇਕ ਪੁਰਸ਼ ਅਤੇ ਔਰਤਾਂ ਬਾਲਕ ਜੇਠੇ ਦਾ ਧੀਰ ਧਰਾਉਣ ਲਈ ਆਉਣ ਲੱਗੇ...

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ, ਦਾ ਜਨਮ 24 ਸਤੰਬਰ 1534 ਈ. ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਜਿਸ ਦਿਨ ਭਾਈ ਜੇਠਾ ਜੀ ਦਾ ਜਨਮ ਹੋਇਆ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਉਮਰ ਲਗਪਗ 65 ਸਾਲ, ਸ੍ਰੀ ਗੁਰੂ ਅਮਰਦਾਸ ਜੀ ਦੀ 55 ਸਾਲ ਅਤੇ ਭਾਈ ਲਹਿਣਾ ਜੀ ਦੀ 30 ਸਾਲ ਸੀ। ਭਾਵੇਂ ਚਾਰੇ ਗੁਰੂ ਸਾਹਿਬਾਨ ਜਿਸਮਾਨੀ ਤੌਰ ’ਤੇ ਮੌਜੂਦ ਸਨ ਪਰ ਮਿਲਾਪ ਅਜੇ ਪਹਿਲੀ ਪਾਤਸ਼ਾਹੀ ਤੇ ਭਾਈ ਲਹਿਣਾ ਜੀ ਦਾ ਹੀ ਹੋਇਆ ਸੀ। ਬਚਪਨ ਵਿੱਚ ਹੀ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆ ਤੋਂ ਕੂਚ ਕਰ ਗਏ। ਆਪ ਜੀ ਦੀ ਨਾਨੀ ਆਪ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ।
ਲਾਹੌਰ ਤੋਂ ਦੋਹਤੇ ਦੇ ਆਪਣੇ ਨਾਨਕੇ ਘਰ ਆਉਣ ਦੀ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ। ਪਿੰਡ ਦੇ ਬਹੁਤ ਸਾਰੇ ਨੇਕ ਪੁਰਸ਼ ਅਤੇ ਔਰਤਾਂ ਬਾਲਕ ਜੇਠੇ ਦਾ ਧੀਰ ਧਰਾਉਣ ਲਈ ਆਉਣ ਲੱਗੇ। ਇਨ੍ਹਾਂ ਧੀਰ ਧਰਾਉਣ ਵਾਲਿਆਂ ਵਿਚ ਸ੍ਰੀ (ਗੁਰੂ) ਅਮਰਦਾਸ ਜੀ ਵੀ ਸਨ। ਉਨ੍ਹਾਂ ਦੇ ਕੋਮਲ ਹਿਰਦੇ ’ਤੇ ਭਾਈ ਜੇਠੇ ਦੀ ਦੁੱਖਦਾਈ ਸਥਿਤੀ ਦਾ ਬੜਾ ਡੂੰਘਾ ਅਸਰ ਹੋਇਆ। ਭਾਈ ਜੇਠਾ ਜੀ ਆਪਣੇ ਨਾਨਕੇ ਘਰ ਰਹਿ ਕੇ ਘੁੰਙਣੀਆਂ ਵੇਚਣ ਦੀ ਕਾਰ ਕਰਿਆ ਕਰਦੇ ਸਨ। ਇਸ ਸਮੇਂ ਦੌਰਾਨ ਸ੍ਰੀ (ਗੁਰੂ) ਅਮਰਦਾਸ ਜੀ ਜਦੋਂ ਕਦੇ ਖਡੂਰ ਸਾਹਿਬ ਤੋਂ ਬਾਸਰਕੇ ਆਉਂਦੇ ਤਾਂ ਉਹ ਭਾਈ ਜੇਠਾ ਜੀ ਨੂੰ ਜ਼ਰੂਰ ਮਿਲਦੇ ਅਤੇ ਦੁਨਿਆਵੀ ਤੇ ਇਲਾਹੀ ਗੱਲਾਂ ਹੁੰਦੀਆਂ ਰਹਿੰਦੀਆਂ।
ਜਦੋਂ ਗੋਂਦੇ ਖ਼ੱਤਰੀ ਦੀ ਬੇਨਤੀ ’ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਤੇ ਸਨੇਹੀ ਵੀ ਗੋਇੰਦਵਾਲ ਸਾਹਿਬ ਆ ਗਏ। ਗੁਰੂ ਦਰਸ਼ਨਾਂ ਦੀ ਤਾਂਘ ਭਾਈ ਜੇਠਾ ਜੀ ਨੂੰ ਵੀ ਇੱਥੇ ਲੈ ਆਈ । ਉਸ ਵਕਤ ਉਨ੍ਹਾਂ ਦੀ ਆਯੂ 12 ਕੁ ਸਾਲ ਦੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 10-12 ਸਾਲ ਆਪਣੀ ਨਿਗਰਾਨੀ ਵਿੱਚ ਰੱਖਿਆ । ਗੁਰੂ ਸਾਹਿਬ ਨੇ ਭਾਈ ਜੇਠਾ ਦੇ ਗੁਣਾਂ ਦੀ ਕਦਰ ਕਰਦਿਆਂ 22 ਫੱਗਣ ਸੰਮਤ 1610 ਨੂੰ ਆਪਣੀ ਲਾਡਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਜਦੋਂ 1557 ਈ: ਵਿਚ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਿਕ ਬਰਾਬਰੀ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਮਾਜ ਵਿੱਚੋਂ ਛੂਤ-ਛਾਤ ਖ਼ਤਮ ਕਰਨ ਦਾ ਬੀੜਾ ਚੁੱਕਿਆ ਤਾਂ ਕੁਝ ਗੁਰੂ-ਘਰ ਦੇ ਦੋਖੀਆਂ ਅਤੇ ਸਮਾਜ ਵਿਰੋਧੀਆਂ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ। ਉਨ੍ਹਾਂ ਵਿੱਚੋਂ ਕਿਸੇ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਗੁਰੂਕਿਆਂ ਦੇ ਖ਼ਿਲਾਫ਼ ਕੰਨ ਭਰ ਦਿੱਤੇ। ਆਪਣੀ ਸ਼ੰਕਾ ਨਵਿਰਤੀ ਅਤੇ ਤਸੱਲੀ ਲਈ ਬਾਦਸ਼ਾਹ ਨੇ ਗੁਰੂ ਦਰਬਾਰ ਵੱਲ ਸੱਦਾ-ਪੱਤਰ ਭੇਜ ਦਿੱਤਾ ।
ਬਿਰਧ ਸਰੀਰ ਹੋਣ ਕਰਕੇ ਤੀਸਰੇ ਪਾਤਸ਼ਾਹ ਨੇ ਗੁਰੂ-ਘਰ ਦੀ ਵਕਾਲਤ ਲਈ ਭਾਈ ਜੇਠਾ ਜੀ ਦੀ ਡਿਊਟੀ ਲਗਾ ਦਿੱਤੀ । ਭਾਈ ਜੇਠਾ ਜੀ ਨੇ ਸਿੱਖੀ ਦੇ ਸਿਧਾਂਤਾਂ ਦੀ ਇੰਨੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਕਿ ਅਕਬਰ ਦੇ ਸਭ ਭੁਲੇਖੇ ਦੂਰ ਹੋ ਗਏ। ਭਾਈ ਜੇਠਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਾਮਾਦ ਸਨ ਪਰ ਇਸ ਰਿਸ਼ਤੇ ਦਾ ਰਤੀ ਭਰ ਵੀ ਗੁਮਾਨ ਨਹੀਂ ਸੀ। ਬਾਊਲੀ ਸਾਹਿਬ ਦੇ ਨਿਰਮਾਣ-ਕਾਰਜ ਸਮੇਂ ਉਹ ਵੀ ਇਕ ਨਿਮਾਣੇ ਸਿੱਖ ਵਾਂਗ ਸਿਰ ’ਤੇ ਟੋਕਰੀ ਢੋਅ ਕੇ ਸੇਵਾ ਕਰਿਆ ਕਰਦੇ ਸਨ। ਆਪ ਜੀ ਦੇ ਘਰ ਤਿੰਨ ਪੁੱਤਰਾਂ ਬਾਬਾ ਪਿ੍ਰਥੀ ਚੰਦ, ਬਾਬਾ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੇ ਜਨਮ ਲਿਆ। ਸਿੱਖੀ ਦਾ ਪ੍ਰਚਾਰ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਲੈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਜਿਸ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਦਿੱਤੀ ਗਈ। ਗੁਰੂ ਰਾਮਦਾਸ ਜੀ ਨੇ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਿਸ ਦੀ ਬਦੌਲਤ ‘ਗੁਰੂ ਕਾ ਚੱਕ’ ਇਕ ਚੰਗੀ ਰੌਣਕ ਵਾਲਾ ਨਗਰ ਬਣ ਗਿਆ।
ਗੁਰਗੱਦੀ ਦਾ ਮਿਲਣਾ
ਸੱਚਖੰਡ ਵਾਪਸੀ ਸਮਾਂ ਨੇੜੇ ਆਇਆ ਜਾਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ-ਘਰ ਦੀ ਮਰਯਾਦਾ ਅਨੁਸਾਰ ਸੰਮਤ 1631 ਦੇ ਭਾਦਰੋਂ ਮਹੀਨੇ ਸੰਗਤ ਦੇ ਸਨਮੁੱਖ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ (ਗੁਰਗੱਦੀ ਦੇ ਕੇ) ਵਾਰਿਸ ਥਾਪ ਕੇ ਸ੍ਰੀ ਗੁਰੂ ਰਾਮਦਾਸ ਜੀ ਬਣਾ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚੋਂ ਇਕ ਨਿਮਾਣੇ ਸਿੱਖ ਨੂੰ ਮਿਲੇ ਮਾਣ ਨੂੰ ਵੇਖ ਕੇ ਆਪ ਵੈਰਾਗ ਵਿਚ ਆ ਗਏ ਤੇ ਬੋਲ ਉਠੇ :
ਜੋ ਹਮਰੀ ਬਿਧਿ ਹੋਤੀ, ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣੁਹ ਆਪੇ
ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ (ਅੰਗ 167) ਚੌਥੇ ਪਾਤਸ਼ਾਹ ਨੇ ਸੋਚਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਨਦਾਰ ਧਾਰਮਿਕ ਸਥਾਨ ਉਸਾਰਨ ਬਾਰੇ ਸੋਚਿਆ। ਇਹ ਸਥਾਨ ਦਰਿਆ ਤੋਂ ਹਟਵਾਂ ਹੋ ਕੇ ਇੱਥੇ ਸਰੋਵਰ ਬਣਾਉਣ ਦੀ ਤਜਵੀਜ਼ ਵੀ ਬਣਾਈ ਗਈ। ਪਹਿਲਾਂ ਸਰੋਵਰ ਤੇ ਉਸ ਤੋਂ ਬਾਅਦ (ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ) ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੱਦੀ-ਨਸ਼ੀਨ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਆਪ ਜੀ ਅੱਸੂ ਮਹੀਨੇ ਦੇ ਦੂਜੇ ਦਿਨ ਮੁਤਾਬਕ ਸੰਮਤ 1638 (ਸਤੰਬਰ 1581 ਈਸਵੀ) ਨੂੰ ਜੋਤੀ ਜੋਤ ਸਮਾ ਗਏ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਕੁੱਲ 30 ਰਾਗਾਂ ਵਿਚ ਬਾਣੀ ਰਚੀ ਹੋਈ ਹੈ। J
-ਰਮੇਸ਼ ਬੱਗਾ ਚੋਹਲਾ
94631-32719