ਸਾਹਿਬ-ਏ-ਕਮਾਲ ਕਲਗੀਧਰ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ
ਗੁਰੂ ਜੀ ਦਸੰਬਰ ਦੇ ਅਖ਼ੀਰਲੇ ਦਿਨਾਂ ਵਿਚ ੪੦ ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ। ਮੁਗ਼ਲ ਫ਼ੌਜ ਉੱਪਰ ਚੜ੍ਹੀ ਆ ਰਹੀ ਸੀ।।ਉਨ੍ਹਾਂ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਬੜੀ ਘਮਸਾਨ ਦੀ ਲੜਾਈ ਹੋਈ। ਇਸ ਜੰਗ ਵਿਚ ਆਪ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ।
Publish Date: Tue, 11 Dec 2018 03:16 PM (IST)
Updated Date: Thu, 13 Dec 2018 03:39 PM (IST)

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ 11 ਨਵੰਬਰ 1675 ਈਸਵੀ ਨੂੰ 9 ਸਾਲ ਦੀ ਉਮਰ ਵਿਚ ਹੋਈ। ਬਾਬਾ ਬੁੱਢਾ ਜੀ ਦੇ ਅੰਸ-ਬੰਸ ਵਿੱਚੋਂ ਬਾਬਾ ਰਾਮ ਕੰਵਰ ਜੀ ਨੇ ਮਰਿਆਦਾ ਅਨੁਸਾਰ ਆਪ ਜੀ ਨੂੰ ਕਲਗੀ ਸਜਾ ਕੇ ਗੁਰਗੱਦੀ ਦਾ ਤਿਲਕ ਲਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਉਸ ਸਮੇਂ ਗੁਰੂ ਸਾਹਿਬ ਸਾਹਮਣੇ ਪਹਾੜ ਜਿੱਡੀਆਂ ਔਕੜਾਂ ਮੂੰਹ ਅੱਡੀ ਖੜੀਆਂ ਸਨ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਹ ਬਹੁਤ ਹੀ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀ ਸੀ। ਇਸੇ ਲਈ ਉਸ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ। ਔਰੰਗਜ਼ੇਬ ਦੇ ਜ਼ੁਲਮਾਂ ਨੂੰ ਰੋਕਣਾ ਬਹੁਤ ਜਰੂਰੀ ਹੋ ਗਿਆ ਸੀ। ਪਹਾੜੀ ਰਾਜੇ ਵੀ ਗੁਰੂ ਘਰ ਦੇ ਵਿਰੋਧੀ ਸਨ, ਤੀਜੇ ਧੀਰਮੱਲੀਏ, ਰਾਮਰਈਏ ਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਘਰ ਵਿਰੁੱਧ ਸਾਜ਼ਿਸ਼ਾਂ ਰਚ ਰਹੇ ਸਨ, ਚੌਥਾ ਮਸੰਦ ਪ੍ਰਣਾਲੀ ਵਿਚ ਕਈ ਦੋਸ਼ ਆ ਗਏ ਸਨ। ਹਿੰਦੂ ਸਦੀਆਂ ਦੀ ਗ਼ੁਲਾਮੀ ਕਾਰਨ ਉਤਸ਼ਾਹਹੀਨ ਸਨ। ਸਿੱਖਾਂ ਨੂੰ ਮੁੜ ਸੰਗਠਿਤ ਕਰਨ ਤੇ ਉਨ੍ਹਾਂ ਅੰਦਰ ਨਵੀਂ ਰੂਹ ਫੂਕਣ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚੋਂ ਜ਼ੁਲਮ ਦਾ ਨਾਸ਼ ਕਰਨਾ ਸੀ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਖ਼ਾਲਸੇ ਦੀ ਸਿਰਜਣਾ ਕਰਨੀ ਪਈ। 30 ਮਾਰਚ 1699 ਨੂੰ ਗੁਰੂ ਸਾਹਬ ਨੇ ਹੱਥ ਵਿਚ ਨੰਗੀ ਕਿਰਪਾਨ ਲੈ ਕੇ ਜਦ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਡਾਲ ਵਿਚ ਸੰਨਾਟਾ ਛਾ ਗਿਆ। ਇਸ ਤਰ੍ਹਾਂ 'ਖ਼ਾਲਸਾ ਪੰਥ' ਦੀ ਸਿਰਜਣਾ ਕੀਤੀ। ਗੁਰੂ ਸਾਹਿਬ ਨੇ ਐਸਾ ਅੰਮ੍ਰਿਤਧਾਰੀ ਖ਼ਾਲਸਾ ਸਾਜਿਆ, ਜਿਹੜਾ ਲੱਖਾਂ ਦੀ ਭੀੜ ਵਿੱਚੋਂ ਵੀ ਪਛਾਣਿਆ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਪੰਜਾਂ ਸਿੰਘਾਂ ਕੋਲੋਂ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕੀਤੀ ਤੇ 'ਗੋਬਿੰਦ ਰਾਏ' ਤੋਂ 'ਗੋਬਿੰਦ ਸਿੰਘ' ਬਣ ਕੇ 'ਆਪੇ ਗੁਰ ਚੇਲਾ' ਅਖਵਾਏ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਖ਼ਾਲਸਾ ਪੰਥ ਦੀ ਸਿਰਜਣਾ ਸਿੱਖ ਇਤਹਾਸ ਦੀ ਅਤਿਅੰਤ ਅਹਿਮ ਘਟਨਾ ਮੰਨੀ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਹਾਸ ਵਿਚ ਵੀ ਨਵਾਂ ਮੋੜ ਆਇਆ। ਅਸਲ ਵਿਚ ਖ਼ਾਲਸਾ ਪੰਥ ਦੀ ਸਿਰਜਣਾ ਦੇ ਬੜੇ ਦੂਰਗਾਮੀ ਸਿੱਟੇ ਨਿੱਕਲੇ, ਕਿਉਂਕਿ ਜਾਤ-ਪਾਤ ਦੀ ਪ੍ਰਥਾ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। ਗੁਰੂ ਸਾਹਿਬ ਨੇ ਜਿਸ ਕਮਾਲ ਨਾਲ ਇਸ ਬੁਰਾਈ ਦਾ ਅੰਤ ਕੀਤਾ, ਉਹ ਭਾਰਤੀ ਇਤਹਾਸ ਵਿਚ ਲਾਮਿਸਾਲ ਹੈ, ਕਿਉਂਕਿ ਇੱਕੋ ਬਾਟੇ ਵਿੱਚੋਂ ਸਾਰਿਆਂ ਨੂੰ ਇਕੱਠੇ ਅੰਮ੍ਰਿਤ ਛਕਾ ਕੇ ਅਕਾਲ ਪੁਰਖ ਦੀ ਫ਼ੌਜ ਦੇ ਨਿਡਰ ਸਿਪਾਹੀਆਂ ਦਾ ਰੂਪ ਦਿੱਤਾ। ਸਦੀਆਂ ਤੋਂ ਲਿਤਾੜੀ ਜਾ ਰਹੀ ਔਰਤ ਨੂੰ ਵੀ ਅੰਮ੍ਰਿਤ ਛਕਾ ਕੇ ਸਮਾਜ 'ਚ ਬਰਾਬਰੀ ਦਾ ਅਧਿਕਾਰ ਦਿੱਤਾ। ਪ੍ਰਸਿੱਧ ਲੇਖਕ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ 'ਗੰਜਿ ਸ਼ਹੀਦਾਂ' ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਲਿਖਦੇ ਹਨ ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ।
ਗੁਰੂ ਸਾਹਿਬ ਦੀ ਚੜ੍ਹਦੀ ਕਲਾ ਵੇਖ ਕੇ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਹੋ ਗਈ। ਕਹਿਲੂਰ ਦੇ ਰਾਜੇ ਭੀਮ ਚੰਦ ਦੀ ਰਿਆਸਤ ਵਿਚ ਅਨੰਦਪੁਰ ਸਥਿਤ ਸੀ। ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਕਿਹਾ ਗਿਆ।।ਇਹ ਜ਼ਮੀਨ ਗੁਰੂ ਤੇਗ਼ ਬਹਾਦਰ ਜੀ ਨੇ ਮੁੱਲ ਖ਼ਰੀਦ ਕੇ ਇਹ ਨਗਰ ਵਸਾਇਆ ਸੀ। 1701 ਈਸਵੀ ਵਿਚ ਰਾਜਾ ਭੀਮ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਗੁਰੂ ਸਾਹਿਬ 'ਤੇ ਅਨੰਦਪੁਰ ਵਿਚ ਹਮਲਾ ਕਰ ਦਿੱਤਾ। ਸਿੱਖਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ। ਸਫਲਤਾ ਨਾ ਮਿਲਣ 'ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ, ਜੋ ਇਕ ਚਾਲ ਸੀ। ਇਸ ਤੋਂ ਬਾਅਦ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਪਿੰਡ ਦੀ ਲੜਾਈ 1702 ਈਸਵੀ ਵਿਚ ਹੋਈ। ਇਸ ਵਿਚ ਖ਼ਾਲਸਾ ਜੇਤੂ ਰਿਹਾ। ਫਿਰ 1704 ਵਿਚ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ, ਜੋ ਕਾਫ਼ੀ ਲੰਬੀ ਚੱਲੀ। ਇਸ ਜੰਗ ਵਿਚ 40 ਸਿੰਘ ਬੇਦਾਵਾ ਦੇ ਕੇ ਗੁਰੂ ਤੋਂ ਬੇਮੁੱਖ ਹੋ ਕੇ ਚਲੇ ਗਏ ਸਨ। ਗੁਰੂ ਜੀ ਡਟੇ ਰਹੇ ਪਰ ਮਾਤਾ ਗੁਜਰੀ ਜੀ ਤੇ ਕੁਝ ਸਿੰਘਾਂ ਦੇ ਕਹਿਣ 'ਤੇ ਆਪ ਨੇ ਅਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ। ਕਿਲ੍ਹੇ ਨੂੰ ਖ਼ਾਲੀ ਕਰਨ ਦੀ ਦੇਰ ਸੀ ਕਿ ਸ਼ਾਹੀ ਫ਼ੌਜਾਂ ਨੇ ਗੁਰੂ ਜੀ 'ਤੇ ਹਮਲਾ ਕਰ ਦਿੱਤਾ। ਸਰਸਾ ਨਦੀ 'ਤੇ ਡਟ ਕੇ ਲੜਾਈ ਹੋਈ। ਇਸ ਲੜਾਈ ਦੌਰਾਨ ਅਣਮੁੱਲਾ ਸਾਹਿਤ ਰੁੜ੍ਹ ਗਿਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਵਿੱਛੜ ਗਏ।
ਗੁਰੂ ਜੀ ਦਸੰਬਰ ਦੇ ਅਖ਼ੀਰਲੇ ਦਿਨਾਂ ਵਿਚ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪਹੁੰਚ ਗਏ। ਮੁਗ਼ਲ ਫ਼ੌਜ ਉੱਪਰ ਚੜ੍ਹੀ ਆ ਰਹੀ ਸੀ।।ਉਨ੍ਹਾਂ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਬੜੀ ਘਮਸਾਨ ਦੀ ਲੜਾਈ ਹੋਈ। ਇਸ ਜੰਗ ਵਿਚ ਆਪ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ। ਕਈ ਜਾਨ ਤੋਂ ਪਿਆਰੇ ਸਿੱਖ ਸ਼ਹੀਦ ਹੋਏ। ਗੁਰੂ ਜੀ ਸਿੱਖਾਂ ਦੇ ਕਹਿਣ ਤੇ ਤਾੜੀ ਮਾਰ ਕੇ ਗੜ੍ਹੀ ਵਿੱਚੋਂ ਬਾਹਰ ਨਿਕਲ ਗਏ। ਉੱਥੋਂ ਹੀ ਆਪ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ ਗਏ, ਜਿੱਥੇ ਆਪ 'ਉੱਚ ਦਾ ਪੀਰ' ਬਣੇ। ਆਖ਼ਰੀ ਲੜਾਈ 1705 ਵਿਚ 'ਖਿਦਰਾਣੇ ਦੀ ਢਾਬ' 'ਤੇ ਹੋਈ। ਸਿੱਖ ਬੜੀ ਬਹਾਦਰੀ ਨਾਲ ਲੜੇ। ਸਿੱਖਾਂ ਦੀ ਜਿੱਤ ਹੋਈ। ਇਸ ਲੜਾਈ ਵਿਚ ਗੁਰੂ ਤੋਂ ਬੇਮੁੱਖ ਹੋ ਕੇ ਗਏ 40 ਸਿੰਘ ਵੀ ਆ ਰਲੇ। ਗੁਰੂ ਜੀ ਪਾਸੋਂ ਮਾਫ਼ੀ ਮੰਗੀ ਤੇ ਬੇਦਾਵਾ ਪੜਵਾ ਕੇ ਭੁੱਲ ਬਖ਼ਸ਼ਾਈ ਤੇ ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਸ ਜਗ੍ਹਾ ਦਾ ਨਾਂ 'ਮੁਕਤਸਰ' ਸਾਹਿਬ' ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 42 ਸਾਲ ਦੀ ਆਯੂ ਦੌਰਾਨ 14 ਯੁੱਧ ਲੜੇ। ਧਰਮ ਦੀ ਇਸ ਜੰਗ ਵਿਚ ਜਿੱਤਾਂ ਗੁਰੂ ਸਾਹਿਬ ਦੀਆਂ ਹੀ ਹੁੰਦੀਆਂ ਰਹੀਆਂ।।ਇਸ ਤੋਂ ਬਾਅਦ ਗੁਰੂ ਸਾਹਿਬ ਤਲਵੰਡੀ ਸਾਬੋ ਜਾ ਪਹੁੰਚੇ। ਇਥੇ ਗੁਰੂ ਜੀ ਨੇ 9 ਮਹੀਨੇ ਵਿਸ਼ਰਾਮ ਕੀਤਾ, ਕਮਰਕੱਸਾ ਖੋਲ੍ਹ ਕੇ ਦਮ ਲਿਆ ਤਾਂ ਇਸ ਜਗ੍ਹਾ ਦਾ ਨਾਂ 'ਦਮਦਮਾ ਸਾਹਿਬ' ਪੈ ਗਿਆ। ਅਖ਼ੀਰ ਸਤੰਬਰ 1708 ਈਸਵੀ ਨੂੰ ਗੁਰੂ ਸਾਹਬ ਦੱਖਣ ਵਾਲੇ ਪਾਸੇ ਪਹੁੰਚੇ, ਜਿੱਥੇ ਉਨ੍ਹਾਂ ਦੀ ਮੁਲਾਕਾਤ 'ਮਾਧੋਦਾਸ' ਬੈਰਾਗੀ ਨਾਲ ਹੋਈ, ਜਿਸ ਨੂੰ ਅੰਮ੍ਰਿਤ ਛਕਾ ਕੇ 'ਬੰਦਾ ਬਹਾਦਰ' ਬਣਾ ਪੰਜਾਬ ਵੱਲ ਭੇਜਿਆ। ਗੁਰੂ ਸਾਹਿਬ ਉੱਚ ਕੋਟੀ ਦੇ ਕਵੀ ਤੇ ਸਾਹਿਤਕਾਰ ਵੀ ਸਨ। ਆਪ ਦੁਆਰਾ ਰਚਿਆ ਬਹੁਤ ਸਾਰਾ ਸਾਹਿਤ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਗੁਰੂ ਸਾਹਿਬ ਨੇ ਅਰਬੀ, ਫ਼ਾਰਸੀ, ਬ੍ਰਜ ਭਾਸ਼ਾ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਵਰਤੋਂ ਆਪਣੀ ਬਾਣੀ ਵਿਚ ਕੀਤੀ। 'ਜਾਪੁ ਸਾਹਿਬ', 'ਬਚਿੱਤਰ ਨਾਟਕ', 'ਜ਼ਫ਼ਰਨਾਮਾ', 'ਚੰਡੀ ਦੀ ਵਾਰ', 'ਅਕਾਲ ਉਸਤਤਿ', 'ਤ੍ਵਪ੍ਰਸਾਦਿ ਸਵੱਯੇ', 'ਚੌਬੀਸ ਅਵਤਾਰ', 'ਵਾਰ ਦੁਰਗਾ ਕੀ', 'ਸ਼ਸਤ੍ਰਨਾਮ ਮਾਲਾ', 'ਚਰਿਤ੍ਰੋ ਪਖਯਾਨ' ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ। ਆਪ ਦੇ ਦਰਬਾਰ ਵਿਚ 52 ਉੱਚ-ਕੋਟੀ ਦੇ ਕਵੀ ਸਨ। ਅੰਤ ਆਪ ਖ਼ਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ 7 ਅਕਤੂਬਰ 1708 ਈਸਵੀ ਨੂੰ ਆਪ ਜੋਤੀ ਜੋਤ ਸਮਾ ਗਏ।