ਇਸਲਾਮੀ ਸਾਹਿਤ ’ਚ ਸੂਫ਼ੀ ਦਰਵੇਸ਼ ਲਈ ਵਲੀ-ਅੱਲ੍ਹਾ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦਾ ਭਾਵਾਰਥ ਹੈ ਖ਼ੁਦਾ ਦਾ ਦੋਸਤ। ਵਲੀ ਦਾ ਬਹੁਵਚਨ ਔਲੀਆ ਹੈ। ਇਸ ਤਰ੍ਹਾਂ ਵਲੀ, ਔਲੀਆ ਜਾਂ ਸੂਫ਼ੀ ਦਰਵੇਸ਼ ਰੱਬ ਦੇ ਦੋਸਤ ਹਨ। ਹਜ਼ਰਤ ਅਲੀ ਹੁਜਵੀਰੀ ਅਨੁਸਾਰ, ‘ਜਦੋਂ ਮਨੁੱਖ ਨੇ ਆਪਣੇ ਇਖ਼ਲਾਕ ਅਤੇ ਦੁਨਿਆਵੀ ਕਾਰ-ਵਿਹਾਰ ਨੂੰ ਸੱਭਿਅਕ ਬਣਾ ਲਿਆ ਅਤੇ ਸੰਸਾਰਿਕ ਬੁਰਾਈਆਂ ਤੋਂ ਆਪਣੇ ਆਪ ਨੂੰ ਪਾਕ ਸਾਫ਼ ਕਰ ਲਿਆ ਤਾਂ ਉਸ ਨੂੰ ਸੂਫ਼ੀ ਕਿਹਾ ਗਿਆ।’ ਇਸ ਤਰ੍ਹਾਂ ਸੂਫ਼ੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਜਿਸ ਦਾ ਦਿਲ (ਨਫ਼ਸ,ਮਨ) ਸੰਸਾਰਿਕ ਬੁਰਾਈਆਂ ਤੋਂ ਪਾਕ ਹੋਵੇ, ਬੇਹੱਦ ਨੇਕ ਅਤੇ ਉੱਚਤਮ ਆਚਾਰ-ਵਿਹਾਰ ਦਾ ਧਾਰਨੀ ਹੋਵੇ ਅਤੇ ਉਸ ਨੂੰ ਰੱਬ ਦੀ ਮਾਰਫ਼ਤ (ਰੱਬੀ ਗਿਆਨ) ਤੇ ਉਸ ਦਾ ਵਸਲ ( ਨੇੜਤਾ,ਮਿਲਾਪ)

ਪ੍ਰਾਪਤ ਹੋਵੇ।

ਸੂਫ਼ੀਵਾਦ ਇਸਲਾਮੀ ਵਿਚਾਰਧਾਰਾ ’ਤੇ ਆਧਾਰਿਤ ਰੂਹਾਨੀ ਅਤੇ ਅਮਲੀ ਜੀਵਨ-ਜਾਚ ਹੈ। ਵਿਅਕਤੀਗਤ ਅਨੁਭਵ ’ਤੇ ਆਧਾਰਿਤ ਹੋਣ ਕਾਰਨ ਸੂਫ਼ੀਵਾਦ ਦੀਆਂ ਵਿਭਿੰਨ ਸੰਪਰਦਾਵਾਂ ਹੋਂਦ ਵਿਚ ਆਈਆਂ। ਇਨ੍ਹਾਂ ਸੂਫ਼ੀ ਸੰਪਰਦਾਵਾਂ ਨੂੰ ਸੂਫ਼ੀ ਸਿਲਸਿਲੇ ਵੀ ਕਿਹਾ ਜਾਂਦਾ ਹੈ। ਹਰ ਸਿਲਸਿਲੇ ਦਾ ਨਾਂ ਆਮ ਤੌਰ ’ਤੇ ਉਸ ਦੇ ਬਾਨੀ ਦੇ ਨਾਂ ਨਾਲ ਸਬੰਧਿਤ ਹੈ। ਇੱਕ ਸਿਲਸਿਲੇ ’ਚੋਂ ਅੱਗੇ ਹੋਰ ਸਿਲਸਿਲਿਆਂ ਦਾ ਨਿਕਾਸ ਵੀ ਹੋਇਆ ਜਿਵੇਂ ਚਿਸ਼ਤੀ ਸੰਪਰਦਾਇ ’ਚੋਂ ਸਾਬਿਰੀਆ ਅਤੇ ਨਿਜ਼ਾਮੀਆ ਸਿਲਸਿਲੇ ਦਾ ਨਿਕਾਸ ਹੋਇਆ।

ਵੱਖ-ਵੱਖ ਸੂਫ਼ੀ ਸਿਲਸਿਲਿਆਂ ’ਚ ਭਾਵੇਂ ਕੁਝ ਵਿਲੱਖਣਤਾਵਾਂ ਦਿ੍ਰਸ਼ਟੀਗੋਚਰ ਹੁੰਦੀਆਂ ਹਨ, ਮਿਜਾਜ਼ ਅਤੇ ਪ੍ਰਕਿਰਤੀ ’ਚ ਅੰਤਰ ਦਿਖਾਈ ਦਿੰਦਾ ਹੈ ਪਰ ਫਿਰ ਵੀ ਮੰਤਵ ਪੱਖੋਂ ਸਭ ਸਿਲਸਿਲੇ ਇਕਮਿਕਤਾ ਦੇ ਧਾਰਨੀ ਹਨ। ਹਜ਼ਰਤ ਸ਼ਾਹ ਵਲੀ-ਉੱਲਾਹ ਦੇਹਲਵੀ ਅਨੁਸਾਰ, ‘ਵਿਭਿੰਨ ਸਿਲਸਿਲਿਆਂ ਦੇ ਅੰਤਰਗਤ ਜੋ ਨਿਸਬਤ (ਇਲਾਹੀ ਨੇੜਤਾ, ਸਾਂਝ) ਦਰਵੇਸ਼ ਨੂੰ ਪ੍ਰਾਪਤ ਹੰੁਦੀ ਹੈ, ਉਹ ਵਿਭਿੰਨ ਵਿਲੱਖਣਤਾਵਾਂ ਦੀ ਧਾਰਨੀ ਹੰੁਦੀ ਹੈ। ਮਿਸਾਲ ਵਜੋਂ ਕਾਦਿਰੀ, ਨਕਸ਼ਬੰਦੀ, ਚਿਸ਼ਤੀ ਹਰ ਸਿਲਸਿਲੇ ਦੀ ਨਿਸਬਤ ਦਾ ਰੰਗ, ਪ੍ਰਭਾਵ ਅਤੇ ਮਿਜਾਜ਼ ਵੱਖੋ-ਵੱਖਰਾ ਹੰੁਦਾ ਹੈ।’ ਸੂਫ਼ੀ ਵਿਦਵਾਨ ਹਜ਼ਰਤ ਨਿਸਾਰ ਅਹਿਮਦ ਖਾਂ ਲਿਖਦੇ ਹਨ, ‘ਸਭ ਸਿਲਸਿਲਿਆਂ ਦੀ ਮੰਜ਼ਿਲ ਅਤੇ ਮਕਸਦ ਇੱਕੋ ਹੀ ਹੈ ਭਾਵੇਂ ਤਰੀਕੇ ਅਤੇ ਰਸਤੇ ਅਲੱਗ- ਅਲੱਗ ਹਨ। ਕੋਈ ਉੱਚੀ ਆਵਾਜ਼ ’ਚ ਜ਼ਿਕਰ ਕਰਦਾ ਹੈ ਅਤੇ ਕੋਈ ਜ਼ਿਕਰ-ਏ-ਖ਼ਫ਼ੀ ਨੂੰ ਤਰਜੀਹ ਦਿੰਦਾ ਹੈ। ਕੋਈ ਇਕਾਂਤਵਾਸ ਪਸੰਦ ਕਰਦਾ ਹੈ ਅਤੇ ਕੋਈ ਲੋਕਾਂ ਦੀ ਸੰਗਤ ਨੂੰ ਲਾਭਦਾਇਕ ਸਮਝਦਾ ਹੈ। ਖ਼ੁਦਾ ਦਾ ਅਹਿਸਾਨ ਹੈ ਕਿ ਉਸ ਨੇ ਹਰ ਜਗ੍ਹਾ ਇਨਸਾਨ ਦੇ ਮਿਜਾਜ਼, ਤਬੀਅਤ ਅਤੇ ਪ੍ਰਕਿਰਤੀ ਨੂੰ ਧਿਆਨ ਵਿਚ ਰੱਖਿਆ ਹੈ।’ ਜ਼ਾਹਿਰ ਹੈ ਕਿ ਸਾਰੀਆਂ ਸੂਫ਼ੀ ਸੰਪਰਦਾਵਾਂ ਆਪਣੇ ਅੰਤਿਮ ਟੀਚੇ ਪ੍ਰਤੀ ਇਕਸੁਰਤਾ ਦੀਆਂ ਧਾਰਨੀ ਹਨ ਭਾਵੇਂ ਇਸ ਦੀ ਪ੍ਰਾਪਤੀ ਹਿੱਤ ਵਿਭਿੰਨ ਸੰਪਰਦਾਵਾਂ ’ਚ ਸਾਧਨਾ ਦੀਆਂ ਵੱਖ-ਵੱਖ ਵਿਧੀਆਂ ’ਤੇ ਬਲ ਦਿੱਤਾ ਜਾਂਦਾ ਹੈ। ਵਿਸ਼ਵ ਦੇ ਵੱਖ- ਵੱਖ ਦੇਸ਼ਾਂ ’ਚ ਵਿਭਿੰਨ ਸਿਲਸਿਲੇ ਹੋਂਦ ’ਚ ਆਏ ਅਤੇ ਇਨ੍ਹਾਂ ਨੇ ਇਸਲਾਮ ਦੇ ਵਿਸ਼ਵ-ਵਿਆਪੀ ਪ੍ਰਚਾਰ ਅਤੇ ਸੂਫ਼ੀਵਾਦ ਦੇ ਵਿਕਾਸ ’ਚ ਅਹਿਮ ਯੋਗਦਾਨ ਪਾਇਆ। ਭਾਰਤ, ਪੰਜਾਬ ਅਤੇ ਪੰਜਾਬੀ ਸਾਹਿਤ ਦੇ ਸੰਦਰਭ ’ਚ ਮਹੱਤਵ ਅਤੇ ਪ੍ਰਭਾਵ ਪੱਖੋਂ ਕਾਦਿਰੀ ਸਿਲਸਿਲੇ ਦਾ ਵਿਸ਼ੇਸ਼ ਰੂਪ ’ਚ ਜ਼ਿਕਰ ਕੀਤਾ ਜਾ ਸਕਦਾ ਹੈ।

ਕਾਦਰੀ ਸਿਲਸਿਲੇ ਦੇ ਬਾਨੀ

ਕਾਦਿਰੀ ਸਿਲਸਿਲੇ ਦੇ ਬਾਨੀ ਹਜ਼ਰਤ ਸ਼ੇਖ਼ ਅਬਦੁਲ ਕਾਦਿਰ ਜੀਲਾਨੀ (470-561 ਹਿ.) ਹਨ। ਰੂਹਾਨੀਅਤ ਦੀ ਦੁਨੀਆ ’ਚ ਆਪ ਜੀ ਦਾ ਮਰਤਬਾ ਬਹੁਤ ਉਚੇਰਾ ਅਤੇ ਬੁਲੰਦ ਹੈ। ਆਪ ਜੀ ਨੂੰ ਪੀਰਾਨ-ਏ-ਪੀਰ (ਪੀਰਾਂ ਦੇ ਪੀਰ), ਪੀਰ-ਏ-ਦਸਤਗੀਰ (ਹੱਥ ਪਕੜਨ ਭਾਵ ਮਦਦ ਫ਼ਰਮਾਉਣ ਵਾਲੇ ਪੀਰ) ਅਤੇ ਗ਼ੌਸ-ਉਲ-ਆਜ਼ਮ (ਭਾਵ ਗ਼ੌਸਾਂ ਦੇ ਗ਼ੌਸ, ਗ਼ੌਸਾਂ ਵਿੱਚ ਸਭ ਤੋਂ ਮਹਾਨ) ਆਦਿਕ ਵਿਭਿੰਨ ਲਕਬਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਜੀ ਗਿਆਰ੍ਹਵੀਂ ਵਾਲੇ ਪੀਰ ਵਜੋਂ ਵੀ ਪ੍ਰਸਿੱਧ ਹਨ। ਜ਼ਾਹਿਰ ਹੈ ਕਿ ਰੂਹਾਨੀਅਤ ਦੀ ਦੁਨੀਆ ’ਚ ਆਪ ਜੀ ਦਾ ਰੁਤਬਾ ਬਹੁਤ ਅਜ਼ੀਮ ਹੈ। ਆਪ ਜੀ ਦੇ ਜੀਵਨ ਨਾਲ ਸਬੰਧਿਤ ਪੁਸਤਕਾਂ ’ਚ ਉਨ੍ਹਾਂ ਵੱਲੋਂ ਪ੍ਰਗਟ ਹੋਈਆਂ ਅਨੇਕ ਕਰਾਮਾਤਾਂ ਦਾ ਵਰਨਣ ਮਿਲਦਾ ਹੈ।

ਕੁਰਾਨ, ਹਦੀਸ, ਫ਼ਿਕਹ (ਇਸਲਾਮੀ ਧਰਮ ਸ਼ਾਸਤਰ) ਸਬੰਧੀ ਵਸੀਹ ਇਲਮ ਰੱਖਣ ਵਾਲੇ ਹਜ਼ਰਤ ਸ਼ੇਖ਼ ਅਬਦੁਲ ਕਾਦਿਰ ਜੀਲਾਨੀ ਉੱਚ ਕੋਟੀ ਦੇ ਵਿਦਵਾਨ, ਲੇਖਕ ਅਤੇ ਵਕਤਾ ਸਨ। ਆਪ ਜੀ ਦੀ ਵਫ਼ਾਤ ਉਪਰੰਤ ਆਪ ਜੀ ਦੇ ਭਤੀਜੇ ਹਜ਼ਰਤ ਅਹਿਮਦ ਰਿਫ਼ਾਈ (ਮਿ੍ਰਤੂ 1173/83 ਈ.) ਨੇ ਇਸ ਸਿਲਸਿਲੇ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਸਮੁੱਚੇ ਰੂਪ ’ਚ ਕਾਦਿਰੀ ਸਿਲਸਿਲੇ ਨੇ ਇਸਲਾਮੀ ਜਗਤ ਨੂੰ ਬੜੀ ਸ਼ਿੱਦਤ ਨਾਲ ਪ੍ਰਭਾਵਿਤ ਕੀਤਾ। ਭਾਰਤ ’ਚ ਕਾਦਿਰੀ ਸਿਲਸਿਲੇ ਦਾ ਪ੍ਰਵੇਸ਼ ਸੋਲ੍ਹਵੀਂ ਸਦੀ ਦੌਰਾਨ ਹੋਇਆ। ਹਜ਼ਰਤ ਨਿਅਮਤ-ਉਲਾਹ ਅਤੇ ਸ਼ੇਖ਼ ਨਸੀਰ-ਉਦ-ਦੀਨ ਮਖ਼ਦੂਮ ਜੀਲਾਨੀ ਇਸ ਸਿਲਸਿਲੇ ਦੇ ਭਾਰਤ ’ਚ ਪਹਿਲੇ ਸੰਚਾਲਕ ਸਨ।

ਲੋਕਾਈ ਅੰਦਰ ਫੂਕੀ ਨਵੀਂ ਰੂਹ

ਹਜ਼ਰਤ ਅਬਦੁਲ ਹੱਕ ਮੁਹੱਦਿਸ ਦੇਹਲਵੀ ਅਨੁਸਾਰ, ‘ਹਜ਼ਰਤ ਸ਼ੇਖ਼ ਅਬਦੁਲ ਕਾਦਿਰ ਜੀਲਾਨੀ ਦੇ ਧਾਰਮਿਕ ਖ਼ਿਤਾਬ (ਭਾਸ਼ਣ) ਸੁਣਨ ਲਈ ਸੱਤਰ ਹਜ਼ਾਰ ਤੋਂ ਵੀ ਵਧੀਕ ਲੋਕਾਂ ਦਾ ਇਕੱਠ ਹੰੁਦਾ ਸੀ ਅਤੇ ਆਪ ਜੀ ਦੇ ਵਿਚਾਰ ਕਲਮਬੰਦ ਕਰਨ ਲਈ ਚਾਰ ਸੌ ਦੇ ਕਰੀਬ ਸ਼ਰਧਾਲੂ ਕਲਮ- ਦਵਾਤ ਲੈ ਕੇ ਬੈਠ ਜਾਂਦੇ ਸਨ।

ਆਪ ਜੀ ਦੀ ਮਜਲਿਸ ’ਚ ਤਮਾਮ ਦੁਨੀਆ ਦੇ ਔਲੀਆ, ਜਿੰਨ ਅਤੇ ਫ਼ਰਿਸ਼ਤੇ ਵੀ ਸ਼ਾਮਿਲ ਹੁੰਦੇ ਸਨ। ਇਸ ਲਈ ਜਿੰਨੇ ਲੋਕ ਆਪ ਜੀ ਦੀ ਮਜਲਿਸ ’ਚ ਨਜ਼ਰ ਆਉਂਦੇ ਸਨ, ਉਸ ਤੋਂ ਵਧੇਰੇ ਗਿਣਤੀ ਉਨ੍ਹਾਂ ਹਾਜ਼ਰੀਨ ਦੀ ਹੁੰਦੀ ਸੀ, ਜੋ ਨਜ਼ਰ ਨਹੀਂ ਸਨ ਆਉਂਦੇ।’ ਜ਼ਾਹਿਰ ਹੈ ਕਿ ਆਪ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਲੋਕਾਈ ਅੰਦਰ ਨਵੀਂ ਰੂਹ ਫੂਕੀ ਅਤੇ ਨੇਕ ਜ਼ਿੰਦਗੀ ਗੁਜ਼ਾਰਨ ਲਈ ਬੜੀ ਸ਼ਿੱਦਤ

ਨਾਲ ਪ੍ਰੇਰਿਆ।

ਹਜ਼ਰਤ ਸ਼ੇਖ਼ ਅਬਦੁਲ ਕਾਦਿਰ ਜੀਲਾਨੀ ਦਾ ਕਥਨ ਹੈ ਕਿ ‘ਮੇਰਾ ਕਲਾਮ ਦਿਲਾਂ ਲਈ ਹੈ। ਇਸ ਨੂੰ ਦਿਲ ਅਤੇ ਰੂਹ ਨਾਲ ਸੁਣੋ ਤਾਂ ਜੋ ਤੁਹਾਨੂੰ ਚੈਨ ਸਕੂਨ ਨਸੀਬ ਹੋਵੇ ਅਤੇ ਤੁਹਾਡਾ ਨਫ਼ਸ ਕਮਜ਼ੋਰ ਪੈ ਜਾਵੇ ਅਤੇ ਕਾਮ-ਵਾਸ਼ਨਾ ਦੀ ਅੱਗ ਬੁਝ ਜਾਵੇ। ਤੁਹਾਡਾ ਨਫ਼ਸ ਤੇ ਵਾਸ਼ਨਾਵਾਂ ਤੁਹਾਡੀਆਂ ਦੁਸ਼ਮਣ ਹਨ, ਜੋ ਦੁਨੀਆ ਨੂੰ ਤੁਹਾਡੀ ਨਜ਼ਰ ’ਚ ਮਹਿਬੂਬ ਬਣਾਉਂਦੀਆਂ ਹਨ ਅਤੇ ਫ਼ਕੀਰੀ ਤੋਂ ਤੁਹਾਡਾ ਮਨ ਉਚਾਟ ਕਰਦੀਆਂ ਹਨ।’ ਆਪ ਜੀ ਨੇ ਫੁਰਮਾਇਆ ਕਿ ‘ਮੇਰੀ ਨਸੀਹਤ ਹੈ ਕਿ ਖ਼ੁਦਾ ਦੀ ਬੰਦਗੀ ਕਰੋ ਅਤੇ ਸ਼ਰੀਅਤ ਦੀ ਪਾਲਣਾ ਨੂੰ ਜ਼ਰੂਰੀ ਸਮਝੋ। ਦਿਲ ਨੂੰ ਹਰ ਤਰ੍ਹਾਂ ਦੀ ਬੁਰਾਈ ਅਤੇ ਵਾਸ਼ਨਾ ਤੋਂ ਦੂਰ ਰੱਖੋ। ਕਿਸੇ ਨੂੰ ਦੁੱਖ ਨਾ ਦੇਵੋ। ਜੇਕਰ ਕੋਈ ਦੁੱਖ ਦੇਵੇ ਤਾਂ ਉਸ ਨੂੰ ਬਰਦਾਸ਼ਤ ਕਰੋ। ਵੱਡਿਆਂ ਦਾ ਸਤਿਕਾਰ, ਬਰਾਬਰ ਵਾਲਿਆਂ ਨੂੰ ਪਿਆਰ ਕਰੋ ਅਤੇ ਛੋਟਿਆਂ ਨੂੰ ਸਦ-ਉਪਦੇਸ਼ ਦਿੰਦੇ ਰਹੋ।’

ਹਜ਼ਰਤ ਮੀਆਂ ਮੀਰ ਸਮੇਂ

ਹਾਸਲ ਹੋਈ ਮਕਬੂਲੀਅਤ

ਕਾਦਿਰੀ ਸਿਲਸਿਲੇ ਨੂੰ ਹਜ਼ਰਤ ਮੀਆਂ ਮੀਰ (1531-1635 ਈ.) ਦੁਆਰਾ ਵਿਸ਼ੇਸ਼ ਲੋਕਪਿ੍ਰਯਤਾ ਹਾਸਲ ਹੋਈ। ਹਜ਼ਰਤ ਮੀਆਂ ਮੀਰ ਨੇ ਲਾਹੌਰ ਵਿਖੇ ਆਪਣੀ ਖ਼ਾਨਕਾਹ ਕਾਇਮ ਕੀਤੀ। ਦਾਰਾ ਸ਼ਿਕੋਹ ਆਪ ਜੀ ਦਾ ਅਤਿਅੰਤ ਸ਼ਰਧਾਲੂ ਸੀ। ਸਿੱਖ ਗੁਰੂ ਸਾਹਿਬਾਨ ਨਾਲ ਆਪ ਜੀ ਦੇ ਡੂੰਘੇ ਸਬੰਧ ਸਨ। ਪ੍ਰਸਿੱਧ ਪੰਜਾਬੀ ਕਵੀ ਬਾਬਾ ਬੁੱਲ੍ਹੇ ਸ਼ਾਹ ਅਤੇ ਹਜ਼ਰਤ ਸੁਲਤਾਨ ਬਾਹੂ ਦਾ ਸਬੰਧ ਵੀ ਕਾਦਿਰੀ ਸਿਲਸਿਲੇ ਨਾਲ ਹੈ। ਇਸ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸੰਤਾਂ ’ਚ ਹਜ਼ਰਤ ਅਬੁਲ ਹਸਨ ਸ਼ਾਜ਼ਲੀ, ਸ਼ੇਖ਼ ਦਾਊਦ, ਉਮਰ-ਉਸ਼-ਸ਼ੇਖ਼, ਸ਼ੇਖ਼ ਇਸਹਾਕ ਕਾਦਿਰੀ, ਸ਼ੇਖ਼ ਅਬੁਲ ਮੁਆਲੀ, ਸਈਅਦ ਇਸਮਾਈਲ ਜੀਲਾਨੀ, ਹਜ਼ਰਤ ਸ਼ਾਹ ਕਮਾਲ ਕੈਥਲੀ, ਹਜ਼ਰਤ ਇਨਾਇਤ ਸ਼ਾਹ ਕਾਦਿਰੀ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਸਿਲਸਿਲੇ ਤੋਂ ਰਿਫ਼ਾਈ ਕਾਦਿਰੀ ਅਤੇ ਸ਼ਾਜ਼ਲੀਆ ਸੂਫ਼ੀ ਸਿਲਸਿਲਿਆਂ ਦਾ ਨਿਕਾਸ ਹੋਇਆ। ਕਾਦਿਰੀ ਸਿਲਸਿਲਾ ਇਸਲਾਮੀ ਸ਼ਰੀਅਤ ਦੀ ਪੈਰਵੀ ਦਾ ਧਾਰਨੀ ਹੈ। ਕਾਦਿਰੀ ਬਜ਼ੁਰਗ ਆਮ ਤੌਰ ’ਤੇ ਹਰੇ ਰੰਗ ਦੀ ਪਗੜੀ ਬੰਨ੍ਹਦੇ ਹਨ ਅਤੇ ਉਨ੍ਹਾਂ ਦੇ ਲਿਬਾਸ ਦਾ ਕੋਈ ਨਾ ਕੋਈ ਭਾਗ ਹਲਕੇ ਬਦਾਮੀ ਰੰਗ ਦਾ ਹੁੰਦਾ ਹੈ। ਇਸ ਸਿਲਸਿਲੇ ’ਚ ਜ਼ਿਕਰ-ਏ-ਖ਼ਫੀ ਤੇ ਜਲੀ (ਧੀਮੀ ਅਤੇ ਉੱਚੀ ਆਵਾਜ਼ ’ਚ ਜ਼ਿਕਰ) ਦੋਵਾਂ ਦਾ ਪ੍ਰਚਲਨ ਹੈ।

- ਡਾ. ਅਨਵਰ ਚਿਰਾਗ਼

Posted By: Harjinder Sodhi