- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਸ਼ੁੱਭ ਕਾਰਜ ਦੇ ਆਰੰਭ ਵਿਚ ਸਭ ਤੋਂ ਪਹਿਲਾਂ ਪ੍ਰਭੂ ਦਾ ਨਾਂ, ਮਨ ਵਿਚ ਧਾਰ ਕੇ, ਉਸ ਤੋਂ ਸ਼ਕਤੀ ਵਿੱਦਿਆ, ਗਿਆਨ ਤੇ ਧਿਆਨ ਦਾ ਵਰਦਾਨ ਮੰਗਣਾ, ਭਾਰਤੀ ਸੰਸਕ੍ਰਿਤੀ ਦੀ ਸਨਾਤਨ ਰਵਾਇਤ ਹੈ।

ਡਾ. ਅਮਰ ਕੋਮਲ - ਅਚਾਰਿਆ ਚਾਣਕਯ ਭਾਰਤ ਦੇ ਅਮੀਰ ਇਤਿਹਾਸਕ ਵਿਰਸੇ ਦੀ ਇਕ ਮਹਾਨ ਸ਼ਖ਼ਸੀਅਤ, ਵਿਦਵਾਨ ਸਿਆਸਤਦਾਨ, ਕੂਟ ਨੀਤੀਵਾਨ, ਨਿਪੁੰਨ ਪ੍ਰਬੰਧਕ ਅਤੇ ਸਰਲ ਸਾਦਾ ਜੀਵਨ ਜਿਊਂਣ ਵਾਲੇ ਪੰਡਿਤ ਸਨ। ਉਨ੍ਹਾਂ ਦੀ ਜੀਵਨ ਕਾਲ 350-283 ਪੂਰਵ ਈਸਵੀ ਸੀ। ਉਹ ਮੌਰੀਆ ਸਲਤਨਤ ਦੇ ਹੁਕਮਰਾਨ ਚੰਦਰ ਗੁਪਤ ਮੌਰੀਆ ਦੇ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਹੀ ਨਹੀਂ, ਅਸਲ ਵਿਚ ਮੌਰੀਆ ਸਲਤਨਤ ਦੇ ਉਸਰੱਈਏ ਸਨ। ਉਨ੍ਹਾਂ ਨੂੰ ਕੁਟੱਲਿਆ ਅਤੇ ਵਿਸ਼ਨੂੰ ਗੁਪਤ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੁਨੀਆ ਦੇ ਪੁਰਾਤਨ ਅਤੇ ਪ੍ਰਸਿੱਧ ਤਕਸ਼ਿਲਾ ਵਿਸ਼ਵ ਵਿਦਿਆਲੇ ਵਿਚ ਉਹ ਪ੍ਰਾਅਧਿਆਪਕ ਵੀ ਰਹੇ। 'ਅਰਥ ਸ਼ਾਸਤਰ' ਅਤੇ 'ਚਾਣਕਯ ਨੀਤੀ' ਆਦਿ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ। ਅਰਥ ਸ਼ਾਸਤਰ ਗ੍ਰੰਥ ਦੇ ਕੁੱਲ 21 ਅਧਿਆਏ ਹਨ ਅਤੇ ਇਸ ਦੇ ਸੂਤਰਾਂ ਦੀ ਕੁੱਲ ਗਿਣਤੀ 214 ਹੈ। ਇਨ੍ਹਾਂ ਵਿੱਚੋਂ ਬਹੁਤੇ ਸੂਤਰ ਦੌਲਤ ਦੇ ਪ੍ਰਬੰਧਕੀ ਢਾਂਚੇ ਦੀ ਨਿਯਮਾਵਲੀ ਕਹੇ ਜਾ ਸਕਦੇ ਹਨ ਅਤੇ ਬਾਕੀ ਸੂਤਰ ਆਮ ਆਦਮੀ ਦੇ ਜੀਵਨ, ਘਰ, ਪਰਿਵਾਰ, ਸਮਾਜ ਸਬੰਧੀ ਦੌਲਤ ਨਾਲ ਸਬੰਧਤ ਹਨ। ਚਾਣਕਯ ਨੀਤੀ ਉਨ੍ਹਾਂ ਦੀ ਵਡਮੁੱਲੀਆਂ ਸਿੱਖਿਆਵਾਂ ਵਾਲੀ ਪੁਸਤਕ ਹੈ। ਇਸ ਦੇ 17 ਅਧਿਆਏ ਅਤੇ ਕੁੱਲ 333 ਸਲੋਕ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਜ਼ਿੰਦਗੀ, ਘਰ, ਪਰਿਵਾਰ, ਸਮਾਜ ਤੇ ਸਮਾਜ ਲਈ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਅਟੱਲ ਸੱਚਾਈਆਂ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਦੇ ਇਸ ਨੀਤੀ ਸ਼ਾਸਤਰ ਵਿਚ ਅਜਿਹਾ ਕੋਈ ਵਿਸ਼ਾ ਨਹੀਂ, ਜਿਹੜਾ ਸਾਡੇ ਜੀਵਨ ਨਾਲ ਸਬੰਧਤ ਨਾ ਹੋਵੇ। ਸਭ ਤੋਂ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ ਚਾਣਕਯ ਨੀਤੀ ਦੇ ਇਨ੍ਹਾਂ ਸਲੋਕਾਂ ਦੀ ਰਚਨਾ ਪੰਜਾਬ ਦੀ ਧਰਤੀ ਉੱਪਰ ਹੋਈ।
ਸ਼ਲੋਕ
ਪ੍ਰਣਮ੍ਰਯ ਸ਼ਿਰਸਾ ਵਿਸ਼੍ਰਣਂ ਤ੍ਰੈਲੋਕ੍ਰਯਾਥਿਪਤਿਂ ਪ੍ਰਭੁਮ।
ਨਾਨਾ ਸ਼ਾਸ਼੍ਰਤੋਦ੍ਰਧਤਂ ਵਕਸ਼੍ਰਯੇ ਰਾਜਨੀਤੀ ਸਮੁਚ੍ਰਚ ਯਮ੍ਰ।।
ਸਲੋਕ ਦਾ ਅਰਥ
ਹੇ ਵਿਸ਼ਨੂੰ ਸੁਆਮੀ! ਆਪ ਤਿੰਨਾਂ ਲੋਕਾਂ ਦੇ ਸੁਆਮੀ ਹੋ। ਸਰਬ-ਸ਼ਕਤੀਮਾਨ ਹੋ। ਸਰਬ-ਵਿਆਪਕ ਹੋ। ਪਰਮ ਈਸ਼ਵਰ ਹੈਂ। ਮੈਂ ਆਪ ਨੂੰ ਸ਼ਰਧਾ ਪੂਰਵਕ ਪ੍ਰਣਾਮ ਕਰਦਾ ਹਾਂ। ਅਨੇਕਾਂ ਸ਼ਾਸਤਰਾਂ ਨੂੰ ਧਿਆਨ ਵਿਚ ਰੱਖਦਿਆਂ ਰਾਜਨੀਤੀ ਸਮੁੱਚਯ ਗ੍ਰੰਥ ਲਿਖਣ ਦਾ ਸ਼ੁੱਭ ਕਾਰਜ ਆਰੰਭ ਕਰਦਾ ਹਾਂ।
ਵਿਆਖਿਆ
ਕਿਸੇ ਸ਼ੁੱਭ ਕਾਰਜ ਦੇ ਆਰੰਭ ਵਿਚ ਸਭ ਤੋਂ ਪਹਿਲਾਂ ਪ੍ਰਭੂ ਦਾ ਨਾਂ, ਮਨ ਵਿਚ ਧਾਰ ਕੇ, ਉਸ ਤੋਂ ਸ਼ਕਤੀ ਵਿੱਦਿਆ, ਗਿਆਨ ਤੇ ਧਿਆਨ ਦਾ ਵਰਦਾਨ ਮੰਗਣਾ, ਭਾਰਤੀ ਸੰਸਕ੍ਰਿਤੀ ਦੀ ਸਨਾਤਨ ਰਵਾਇਤ ਹੈ। ਜਿਸ ਨੂੰ ਵਿਸ਼ਨੂੰ ਗੁਪਤ ਚਾਣਕਯ, ਆਪਣਾ ਨੀਤੀ ਸ਼ਾਸਤਰ ਗ੍ਰੰਥ ਲਿਖਣ ਤੋਂ ਪਹਿਲਾਂ ਨਿਭਾਉਂਦੇ ਹਨ। ਜ਼ਾਹਰ ਹੈ, ਗੁਪਤ ਕਾਲ ਵਿਚ ਤ੍ਰੈ ਦੇਵਤਿਆਂ ਦਾ ਅਭਿਨੰਦਨ ਕਰਨਾ, ਪ੍ਰਭੂ ਅਭਿਨੰਦਨ ਸਮਾਨ...ਯੋਗ ਮੰਨਿਆ ਜਾਂਦਾ ਹੋਵੇ। ਤ੍ਰੈ ਦੇਵਤਿਆਂ ਵਿਚ ਵਿਸ਼ਨੂੰ ਦਾ ਅਭਿਮਨੂੰ ਸਰੂਪ ਉਸ ਕਾਲ ਵਿਚ ਸਰਬੋਤਮ ਹੁੰਦਾ ਹੋਵੇਗਾ। ਸਭ ਤੋਂ ਪਹਿਲਾਂ ਸ਼ੁੱਭ ਕਰਮ, ਪ੍ਰਭੂ ਦਾ ਨਾਮ ਹੀ ਹੁੰਦਾ ਹੈ। ਜਿਸ ਦੇ ਲੈਣ 'ਤੇ ਸਾਰੇ ਕੰਮ ਸ਼ੁੱਭ ਬਣ ਜਾਂਦੇ ਹਨ।