ਤਿਲਕ ਜੰਞੂ ਦਾ ਰਾਖਾ
Poem - Guru Teg Bahadur Ji : ਆਪਣੇ ਗੁਰੂ-ਪਿਤਾ ਨਾਲ ਉਨ੍ਹਾਂ, ਜੰਗ ਵਿਚ ਜੌਹਰ ਵਿਖਾਏ, ਮੱਖਣ ਸ਼ਾਹ ਦੇ ਡੁੱਬਦੇ ਬੇੜੇ, ਮੋਢਾ ਲਾਇ ਤਰਾਏ
Publish Date: Fri, 21 Dec 2018 05:05 PM (IST)
Updated Date: Fri, 21 Dec 2018 05:09 PM (IST)
ਸਿੱਖ ਧਰਮ ਦੇ ਨੌਵੇਂ ਸਤਿਗੁਰ, ਨਾਮ ਹੈ ਤੇਗ਼ ਬਹਾਦਰ।
ਦੀਨ ਦੁਖੀ ਨੂੰ ਦਿੱਤਾ ਆਸਰਾ, ਬਣੇ ਹਿੰਦ ਦੀ ਚਾਦਰ।
ਮੁੱਢ ਤੋਂ ਸਨ ਉਹ ਪਰਉਪਕਾਰੀ, ਦੁੱਖ ਨਾ ਕਿਸੇ ਦਾ ਸਹਿੰਦੇ,
ਦੂਜੇ ਦੀ ਬਿਪਤਾ ਨੂੰ ਜਰਦੇ, ਸਿਮਰਨ ਦੇ ਵਿਚ ਰਹਿੰਦੇ।
ਆਪਣੇ ਗੁਰੂ-ਪਿਤਾ ਨਾਲ ਉਨ੍ਹਾਂ, ਜੰਗ ਵਿਚ ਜੌਹਰ ਵਿਖਾਏ,
ਮੱਖਣ ਸ਼ਾਹ ਦੇ ਡੁੱਬਦੇ ਬੇੜੇ, ਮੋਢਾ ਲਾਇ ਤਰਾਏ।
ਗੁਰੂ ਤਪੱਸਿਆ ਕਰਦੇ ਭੋਰੇ, ਬਾਹਰ ਝੂਠ ਗੁਰ ਬਾਝੋਂ,
ਮੱਖਣ ਸ਼ਾਹ ਚੜ੍ਹ ਉੱਚੇ ਆਖਿਆ : ਗੁਰ ਸੱਚਾ ਮੈਂ ਲਾਧੋ।
ਗੁਰੂ ਨਾਨਕ ਤੋਂ ਪਿੱਛੋਂ, ਲੰਮੀ ਯਾਤਰਾ ਕੀਤੀ,
ਨਾ ਭੈਅ ਦੇਣਾ ਨਾ ਭੈਅ ਮੰਨਣਾ, ਇਹ ਸੀ ਆਪ ਦੀ ਨੀਤੀ।
ਨੌਂ ਸਾਲ ਦਾ ਪੁੱਤਰ ਛੱਡ ਕੇ, ਦਿੱਲੀ ਚੱਲ ਕੇ ਆਏ,
ਪੁੱਛ ਵੰਗਾਰ ਔਰੰਗੇ ਤਾਈਂ, ਇਹ ਕੀ ਜ਼ੁਲਮ ਕਮਾਏ।
ਚਾਂਦਨੀ ਚੌਕ 'ਚ ਬੈਠੇ ਸਤਿਗੁਰ, ਸ਼ਾਂਤ ਅਹਿਲ ਅਡੋਲ,
ਲਿਖਣ ਵੇਲੇ ਕਾਨੀ ਰੁਕ ਜਾਂਦੀ, ਜੀਭ ਨਾ ਸਕਦੀ ਬੋਲ।
ਜੱਲਾਦਾਂ ਨੇ ਹੁਕਮ ਵਜਾਇਆ, ਪਲ ਦੇਰੀ ਨਾ ਲਾਈ,
ਸੀਸ ਜੁਦਾ ਧੜ ਨਾਲੋਂ ਕੀਤਾ, ਰੋਵੇ ਕੁੱਲ ਲੋਕਾਈ।
ਤਿਲਕ ਜੰਞੂ ਦੀ ਰੱਖਿਆ ਖ਼ਾਤਰ, ਦਿੱਤਾ ਗੁਰ ਬਲੀਦਾਨ,
ਹਿੰਦੂ ਧਰਮ ਬਚਾਵਣ ਦੇ ਲਈ, ਕੀਤੀ ਜਿੰਦ ਕੁਰਬਾਨ।
ਗੁਰੂ ਸਾਹਿਬ ਦੇ ਸ਼ਬਦ ਉਨਾਹਟ ਅਤੇ ਸਲੋਕ ਸਤਵੰਜਾ,
ਭੈੜਿਓਂ ਚੰਗਾ ਬਣ ਜਾਵੇ, ਮਨ ਨਾਲ ਪੜ੍ਹੇ ਜੇ ਬੰਦਾ।
ਐਸੇ ਗੁਰੂ ਨੂੰ ਯਾਦ ਕਰਨ 'ਤੇ, ਮਿਲ ਜਾਵਣ ਨੌ ਨਿੱਧੀਆਂ,
'ਰੂਹੀ' ਆਖੇ ਬਰਕਤ ਮਿਲਦੀ, ਨਾਲੇ ਰਿੱਧੀਆਂ ਸਿੱਧੀਆਂ।
ਪ੍ਰੋ. ਨਵ ਸੰਗੀਤ ਸਿੰਘ
94176-92015