ਮਾਪੇ ਔਲਾਦ ਲਈ ਜੋ ਕੁਝ ਕਰਦੇ ਹਨ, ਉਸ ਦਾ ਦੇਣਾ ਕੋਈ ਵੀ ਅਦਾ ਨਹੀਂ ਕਰ ਸਕਦਾ। ਜਿੰਨਾ ਪਿਆਰ ਮਾਂ-ਬਾਪ ਨੇ ਔਲਾਦ ਨੂੰ ਦਿੱਤਾ ਹੁੰਦਾ ਹੈ, ਓਨਾ ਕਿਸੇ ਰਿਸ਼ਤੇਦਾਰ ਕੋਲੋਂ ਨਹੀਂ ਮਿਲਦਾ। ਮਾਪਿਆਂ ਨੇ ਬੜੀਆਂ ਮੁਸੀਬਤਾਂ ਕੱਟ ਕੇ ਔਲਾਦ ਨੂੰ ਪਾਲਿਆ ਹੁੰਦਾ ਹੈ ਪਰ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਹੀ ਅੱਖਾਂ ਦਿਖਾਉਂਦੀ ਹੈ। ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਮਾਤਾ-ਪਿਤਾ ਦੀ ਬਦੌਲਤ ਹੀ ਦੁਨੀਆ 'ਤੇ ਆਏ ਹਾਂ। ਸਭ ਮਾਤਾ-ਪਿਤਾ ਪਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਨ ਕਿ ਸਾਡਾ ਬੱਚਾ ਵਧੀਆ ਮਾਰਗ ਉੱਤੇ ਚੱਲੇ। ਜੋ ਇਨਸਾਨ ਮਾਤਾ-ਪਿਤਾ ਦੀ ਸੇਵਾ ਕਰਦੇ ਹਨ, ਉਨ੍ਹਾਂ 'ਤੇ ਪਰਮਾਤਮਾ ਦੀ ਅਪਾਰ ਕਿਰਪਾ ਹੁੰਦੀ ਹੈ। ਜਿਹੜੇ ਇਨਸਾਨ ਕਹਿੰਦੇ ਹਨ ਕਿ ਧਾਰਮਿਕ ਅਸਥਾਨਾਂ 'ਤੇ ਰੋਜ਼ਾਨਾ ਜਾ ਕੇ ਬੰਦਗੀ ਕਰਨੀ ਹੈ ਪਰ ਮਾਤਾ-ਪਿਤਾ ਨੂੰ ਪੁੱਛਣਾ ਨਹੀਂ, ਉਨ੍ਹਾਂ ਦੀ ਸਭ ਭਜਨ-ਬੰਦਗੀ ਨਿਸਫਲ ਹੁੰਦੀ ਹੈ। ਜਿਹੜੀ ਔਲਾਦ ਮਾਪਿਆਂ ਦੀ ਆਤਮਾ ਨੂੰ ਦੁਖੀ ਕਰਦੀ ਹੈ, ਉਹ ਕਦੇ ਵੀ ਖ਼ੁਸ਼ ਨਹੀਂ ਰਹਿ ਸਕਦੀ। ਉਸ ਨੂੰ ਰੱਬ ਦੀ ਕਰੋਪੀ ਦਾ ਦੇਰ-ਸਵੇਰ ਸਾਹਮਣਾ ਕਰਨਾ ਹੀ ਪੈਂਦਾ ਹੈ। ਜੋ ਇਨਸਾਨ ਮਾਤਾ-ਪਿਤਾ ਦੀ ਸੇਵਾ ਕਰਦੇ ਹਨ, ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਪਰਮਾਤਮਾ ਉਨ੍ਹਾਂ ਨੂੰ ਮਾਪਿਆਂ ਦੀ ਸੇਵਾ ਦਾ ਫਲ ਜ਼ਰੂਰ ਦਿੰਦਾ ਹੈ। ਕਈ ਲੋਕ ਅਜਿਹੇ ਵੀ ਹਨ ਜੋ ਮਾਪਿਆਂ ਤੋਂ ਆਕੀ ਹੁੰਦੇ ਹਨ। ਮੈਂ ਇਕ ਵਿਅਕਤੀ ਨੂੰ ਜਾਣਦਾ ਹਾਂ ਜੋ ਪਿਛਲੇ ਦਸ ਸਾਲਾਂ ਤੋਂ ਆਪਣੇ ਪਿਤਾ ਨੂੰ ਨਹੀਂ ਬੁਲਾ ਰਿਹਾ। ਉਸ ਨੇ ਆਪਣੀਆਂ ਦੋ ਧੀਆਂ ਦੇ ਵਿਆਹ 'ਤੇ ਵੀ ਆਪਣੇ ਪਿਤਾ ਨੂੰ ਨਹੀਂ ਬੁਲਾਇਆ। ਤੁਸੀਂ ਹੀ ਦੱਸੋ ਕਿ ਉਸ ਪਿਤਾ ਦੀ ਆਤਮਾ ਕੀ ਕਹਿੰਦੀ ਹੋਊ। ਮਾਪਿਆਂ ਦੀ ਅਹਿਮੀਅਤ ਇਨਸਾਨ ਅਕਸਰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪਛਾਣਦਾ ਹੈ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਭਾਵੇਂ ਅੱਜਕੱਲ੍ਹ ਕਲਯੁੱਗ ਹੈ ਪਰ ਜੇ ਹਰ ਇਨਸਾਨ ਇਹ ਕੋਸ਼ਿਸ਼ ਕਰੇ ਕਿ ਉਸ ਨੇ ਸਰਵਣ ਪੁੱਤ ਵਾਂਗ ਆਪਣੇ ਮਾਪਿਆਂ ਦੀ ਨਿਰਸਵਾਰਥ ਸੇਵਾ ਕਰਨੀ ਹੈ ਤਾਂ ਕੋਈ ਕਾਰਨ ਨਹੀਂ ਕਿ ਮਾਪੇ ਆਪਣੀ ਔਲਾਦ 'ਤੇ ਮਾਣ ਨਾ ਕਰਨ। ਜੇ ਔਲਾਦ ਚੰਗੀ ਹੋਵੇ ਤਾਂ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਜੇ ਔਲਾਦ ਬਿਗੜ ਜਾਵੇ, ਮਾਪਿਆਂ ਦੇ ਕਹਿਣੇ ਵਿਚ ਨਾ ਹੋਵੇ ਤਾਂ ਉਸ ਵਰਗਾ ਦੁੱਖ ਕੋਈ ਨਹੀਂ ਹੁੰਦਾ। ਸਭ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਔਲਾਦ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਉਹ ਕੁਰਾਹੇ ਨਾ ਪੈ ਸਕੇ। ਕਿਹਾ ਵੀ ਗਿਆ ਹੈ ਕਿ ਜੇ ਔਲਾਦ ਖ਼ਰਾਬ ਨਿਕਲ ਜਾਵੇ ਤਾਂ ਸਾਰੀ ਜ਼ਿੰਦਗੀ ਦੀ ਕਮਾਈ ਧਨ-ਦੌਲਤ ਜਾਂ ਮਾਣ-ਸਨਮਾਨ ਸਭ ਕੁਝ ਬੇਕਾਰ ਹੋ ਜਾਂਦਾ ਹੈ। ਔਲਾਦ ਨੂੰ ਵੀ ਚਾਹੀਦਾ ਹੈ ਕਿ ਚੰਗੇ ਕਰਮਾਂ ਸਦਕਾ ਮਾਪਿਆਂ ਦਾ ਮਾਣ ਵਧਾਵੇ।

-ਸ਼ੰਟੀ ਗਰਗ। (81958-86787)

Posted By: Sukhdev Singh