ਮਾਪਿਆਂ ਦੀ ਜ਼ਿੰਮੇਵਾਰੀ
ਅੱਜ ਦੇ ਸਮਾਜ ਵਿਚ ਵਧਦੀ ਨਕਾਰਾਤਮਕਤਾ ਅਤੇ ਅਪਰਾਧਕ ਬਿਰਤੀ ਪਿੱਛੇ ਪਰਿਵਾਰਕ ਮਾਹੌਲ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਮਾਪੇ ਆਪਣੇ ਆਚਰਣ ਵਿਚ ਸੰਤੁਲਨ ਅਤੇ ਹਾਂ-ਪੱਖੀ ਸੋਚ ਨਹੀਂ ਰੱਖਣਗੇ ਤਾਂ ਉਹ ਅਣਜਾਣੇ ਵਿਚ ਅਜਿਹੀ ਸ਼ਖ਼ਸੀਅਤ ਤਿਆਰ ਕਰ ਦੇਣਗੇ ਜੋ ਸਮਾਜ ਵਿਚ ਤਣਾਅ ਨੂੰ ਹੱਲਾਸ਼ੇਰੀ ਦੇਵੇਗੀ। ਮਾਪੇ ਆਪਣੇ ਵਤੀਰੇ ਪ੍ਰਤੀ ਚੌਕਸ ਰਹਿਣ।
Publish Date: Mon, 20 Apr 2026 11:36 PM (IST)
Updated Date: Tue, 21 Apr 2026 06:45 AM (IST)

ਬਚਪਨ ਕਿਸੇ ਵੀ ਵਿਅਕਤੀ ਦੇ ਜੀਵਨ ਦਾ ਸਭ ਤੋਂ ਸੰਵੇਦਨਸ਼ੀਲ ਅਤੇ ਫ਼ੈਸਲਾਕੁੰਨ ਪੜਾਅ ਹੁੰਦਾ ਹੈ। ਇਸੇ ਅਵਸਥਾ ਵਿਚ ਉਸ ਦੀ ਸ਼ਖ਼ਸੀਅਤ ਦੀ ਨੀਂਹ ਰੱਖੀ ਜਾਂਦੀ ਹੈ। ਇਸ ਪ੍ਰਕਿਰਿਆ ਵਿਚ ਮਾਤਾ-ਪਿਤਾ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੁੰਦੀ ਹੈ। ਪਰਿਵਾਰ ਦੇ ਮੁੱਖ ਸਤੰਭ ਹੋਣ ਦੇ ਨਾਤੇ ਮਾਤਾ-ਪਿਤਾ ਆਪਣੇ ਵਿਵਹਾਰ, ਸੰਸਕਾਰਾਂ ਤੇ ਜੀਵਨ ਦ੍ਰਿਸ਼ਟੀ ਦੇ ਮਾਧਿਅਮ ਨਾਲ ਬੱਚਿਆਂ ਦੇ ਚਰਿੱਤਰ ਨੂੰ ਆਕਾਰ ਦਿੰਦੇ ਹਨ। ਉਨ੍ਹਾਂ ਦਾ ਸਨੇਹ, ਮਾਰਗਦਰਸ਼ਨ ਅਤੇ ਅਨੁਸ਼ਾਸਨ ਬੱਚਿਆਂ ਨੂੰ ਹਾਂ-ਪੱਖੀ ਦਿਸ਼ਾ ਪ੍ਰਦਾਨ ਕਰਦਾ ਹੈ। ਜੇ ਮਾਪੇ ਖ਼ੁਦ ਨਕਾਰਾਤਮਕ ਸੋਚ, ਤਣਾਅ ਜਾਂ ਆਪਸੀ ਮਤਭੇਦਾਂ ਤੋਂ ਗ੍ਰਸਤ ਰਹਿੰਦੇ ਹਨ ਤਾਂ ਇਸ ਦਾ ਸਿੱਧਾ ਅਸਰ ਬੱਚਿਆਂ ’ਤੇ ਪੈਂਦਾ ਹੈ। ਘਰ ਦਾ ਮਾਹੌਲ ਜੇ ਤਣਾਅਪੂਰਨ ਜਾਂ ਵਿਵਾਦਾਂ ਨਾਲ ਭਰਿਆ ਹੋਵੇ ਤਾਂ ਬੱਚੇ ਅਣਜਾਣੇ ਵਿਚ ਉਸੇ ਵਿਵਹਾਰ ਨੂੰ ਆਤਮਸਾਤ ਕਰਨ ਲੱਗਦੇ ਹਨ। ਅਜਿਹੇ ਮਾਹੌਲ ਵਿਚ ਵਧੇ-ਫੁੱਲੇ ਬੱਚੇ ਹੀਣ-ਭਾਵਨਾ, ਗੁੱਸੇ, ਈਰਖਾ ਤੇ ਮੰਦਭਾਵਨਾ ਵਰਗੇ ਔਗੁਣਾਂ ਨਾਲ ਘਿਰ ਸਕਦੇ ਹਨ। ਇਹੀ ਭਾਵਨਾਵਾਂ ਅੱਗੇ ਚੱਲ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਕਾਰਾਤਮਕ ਦਿਸ਼ਾ ਵਿਚ ਲੈ ਕੇ ਜਾਂਦੀਆਂ ਹਨ ਅਤੇ ਕਦੇ-ਕਦਾਈਂ ਅਪਰਾਧਕ ਪ੍ਰਵਿਰਤੀਆਂ ਨੂੰ ਜਨਮ ਦੇ ਸਕਦੀਆਂ ਹਨ। ਅੱਜ ਦੇ ਸਮਾਜ ਵਿਚ ਵਧਦੀ ਨਕਾਰਾਤਮਕਤਾ ਅਤੇ ਅਪਰਾਧਕ ਬਿਰਤੀ ਪਿੱਛੇ ਪਰਿਵਾਰਕ ਮਾਹੌਲ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਮਾਪੇ ਆਪਣੇ ਆਚਰਣ ਵਿਚ ਸੰਤੁਲਨ ਅਤੇ ਹਾਂ-ਪੱਖੀ ਸੋਚ ਨਹੀਂ ਰੱਖਣਗੇ ਤਾਂ ਉਹ ਅਣਜਾਣੇ ਵਿਚ ਅਜਿਹੀ ਸ਼ਖ਼ਸੀਅਤ ਤਿਆਰ ਕਰ ਦੇਣਗੇ ਜੋ ਸਮਾਜ ਵਿਚ ਤਣਾਅ ਨੂੰ ਹੱਲਾਸ਼ੇਰੀ ਦੇਵੇਗੀ। ਮਾਪੇ ਆਪਣੇ ਵਤੀਰੇ ਪ੍ਰਤੀ ਚੌਕਸ ਰਹਿਣ। ਉਨ੍ਹਾਂ ਨੂੰ ਆਪਣੇ ਘਰ ਦਾ ਮਾਹੌਲ ਪ੍ਰੇਮ, ਗੱਲਬਾਤ ਅਤੇ ਸਹਿਯੋਗ ’ਤੇ ਆਧਾਰਤ ਬਣਾਉਣਾ ਚਾਹੀਦਾ ਹੈ। ਬੱਚਿਆਂ ਸਾਹਮਣੇ ਆਪਸੀ ਮਤਭੇਦਾਂ ਨੂੰ ਸੰਜਮ ਭਰਪੂਰ ਤਰੀਕੇ ਨਾਲ ਸੁਲਝਾਉਣਾ, ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣਾ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਤ ਕਰਨਾ ਅਤਿਅੰਤ ਜ਼ਰੂਰੀ ਹੈ। ਬੱਚੇ ਉਹੀ ਸਿੱਖਦੇ ਹਨ ਜੋ ਉਹ ਦੇਖਦੇ ਹਨ। ਜੇ ਮਾਤਾ-ਪਿਤਾ ਆਪਣੇ ਜੀਵਨ ਵਿਚ ਸੰਜਮ, ਕਰੁਣਾ ਅਤੇ ਸਕਾਰਾਤਮਕਤਾ ਦੀ ਮਿਸਾਲ ਪੇਸ਼ ਕਰਨਗੇ ਤਾਂ ਬੱਚੇ ਵੀ ਉਸੇ ਦਿਸ਼ਾ ਵਿਚ ਅੱਗੇ ਵਧਣਗੇ ਤੇ ਇਕ ਸਿਹਤਮੰਦ, ਸੰਤੁਲਿਤ ਤੇ ਸਫਲ ਜੀਵਨ ਗੁਜ਼ਾਰ ਸਕਣਗੇ।